2014 ਪੰਜਾਬ 'ਚ ਅਜਨਾਲਾ ਦੇ ਪੁਰਾਣੇ ਖੂਹ ਵਿੱਚ ਮਿਲੇ ਮਨੁੱਖੀ ਪਿੰਜਰਾਂ ਬਾਰੇ ਅਹਿਮ ਖੁਲਾਸਾ ਕੀਤਾ ਗਿਆ ਹੈ।
ਅੰਗਰੇਜ਼ੀ ਅਖ਼ਬਾਰ 'ਹਿੰਦੁਸਤਾਨ ਟਾਈਮਜ਼' ਦੀ ਖ਼ਬਰ ਮੁਤਾਬਕ ਵਿਗਿਆਨਿਕਾਂ ਵੱਲੋਂ ਮਿਲ ਕੇ ਖੋਜ ਕੀਤੀ ਗਈ ਹੈ ਕਿ ਇਹ ਪਿੰਜਰ ਗੰਗਾ ਦੇ ਮੈਦਾਨ ਦੇ ਫ਼ੌਜੀਆਂ ਦੇ ਸਨ।
ਇਸ ਖੋਜ ਵਿੱਚ ਪੰਜਾਬ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ ਸਮੇਤ ਲਖਨਊ ਅਤੇ ਹੈਦਰਾਬਾਦ ਦੇ ਵਿਗਿਆਨਿਕ ਵੀ ਸ਼ਾਮਲ ਰਹੇ ਹਨ।
ਖ਼ਬਰ ਮੁਤਾਬਕ ਇਨ੍ਹਾਂ ਪਿੰਜਰਾਂ ਦੇ ਡੀਐੱਨਏ ਅਤੇ ਆਈਸੋਟੋਪਸ ਦੇ ਨਿਰੀਖਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਫੌਜੀ ਗੰਗਾ ਘੱਟ ਖੇਤਰ ਦੇ ਰਹਿਣ ਵਾਲੇ ਸਨ।
ਜਾਂਚ ਟੀਮ ਵੱਲੋਂ ਆਖਿਆ ਗਿਆ ਹੈ ਕਿ ਅਧਿਐਨ ਮੁਤਾਬਕ ਅੰਕੜਿਆਂ ਤੋਂ ਇਹ ਫ਼ੌਜੀ 1857 ਦੇ ਵਿਦਰੋਹ ਦੌਰਾਨ ਅੰਗਰੇਜ਼ਾਂ ਵੱਲੋਂ ਮਾਰੇ ਗਏ ਸਨ ਅਤੇ ਇਹ ਬੰਗਾਲ ਇਨਫੈਂਟਰੀ ਬਟਾਲੀਅਨ ਵਿੱਚ ਬੰਗਾਲ, ਉੜੀਸਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸਿਆਂ ਤੋਂ ਸ਼ਾਮਿਲ ਸਨ।
ਅੰਮ੍ਰਿਤਸਰ ਤੋਂ ਚੌਵੀ ਕਿਲੋਮੀਟਰ ਦੂਰ ਅਜਨਾਲਾ ਵਿੱਚ ਤਿੰਨ ਦਿਨਾਂ ਤੱਕ ਚੱਲੀ ਖੁਦਾਈ ਦੇ ਬਾਅਦ 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਦੇ ਇੱਕ ਮਹੱਤਵਪੂਰਨ ਅਧਿਆਏ ਦਾ ਖੁਲਾਸਾ ਹੋਇਆ ਸੀ।
ਇਸ ਅਧਿਐਨ ਵਿਚ ਪੰਜਾਬ ਯੂਨੀਵਰਸਿਟੀ,ਬਨਾਰਸ ਹਿੰਦੂ ਯੂਨੀਵਰਸਿਟੀ, ਸੀਐਸਆਈਆਰ ਹੈਦਰਾਬਾਦ,ਸੈਂਟਰ ਫ਼ਾਰ ਡੀਐਨਏ ਫਿੰਗਰਪ੍ਰਿੰਟਿੰਗ ਹੈਦਰਾਬਾਦ ਦੇ ਵਿਗਿਆਨਿਕ ਸ਼ਾਮਲ ਸਨ।
ਪੰਜਾਬ ਯੂਨੀਵਰਸਿਟੀ ਦੇ ਐਂਥਰੋਪਾਲੋਜੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਡਾ ਜਗਮਿੰਦਰ ਸਹਰਾਵਤ ਨੇ ਬੀਬੀਸੀ ਪੱਤਰਕਾਰ ਅਰਸ਼ਦੀਪ ਕੌਰ ਨੂੰ ਦੱਸਿਆ ਕਿ 2014 ਨੂੰ ਅਜਨਾਲਾ ਵਿਖੇ ਮਨੁੱਖੀ ਅਵਸ਼ੇਸ਼ ਮਿਲਣ ਤੋਂ ਬਾਅਦ ਇਸ ਬਾਰੇ ਵੱਖ ਵੱਖ ਦਾਅਵੇ ਕੀਤੇ ਜਾ ਰਹੇ ਸਨ।ਇਹ ਵੀ ਮੰਨਿਆ ਗਿਆ ਸੀ ਜਿੱਥੇ ਇਹ 1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਮਾਰੇ ਗਏ ਲੋਕਾਂ ਦੇ ਅਵਸ਼ੇਸ਼ ਹਨ।
"ਪਿਛਲੇ ਦੋ ਸਾਲਾਂ ਤੋਂ ਅਸੀਂ ਇਸ ਬਾਰੇ ਕੰਮ ਰਹੇ ਸੀ। ਬਹੁਤ ਸਾਰੇ ਅਵਸ਼ੇਸ਼ ਬੁਰੀ ਹਾਲਤ ਵਿੱਚ ਹੋਣ ਕਰਕੇ 50 ਦੰਦਾਂ ਦੇ ਸੈਂਪਲ ਲਏ।ਦੰਦਾਂ ਵਿਚ ਮੌਜੂਦ ਡੀਐੱਨਏ ਦੀ ਜਾਂਚ ਰਾਹੀਂ ਇਹ ਸਿੱਧ ਹੋਇਆ ਹੈ ਇਹ ਲੋਕ ਸਥਾਨਕ ਪੰਜਾਬੀ ਨਾ ਹੋ ਕੇ ਭਾਰਤ ਦੇ ਪੂਰਬੀ ਹਿੱਸੇ ਚੋਂ ਸਨ।"
ਡੀਐੱਨਏ ਦੇ ਸੈਂਪਲ ਦੰਦਾਂ ਵਿੱਚੋਂ ਹੀ ਲਏ ਜਾਣ ਦੀ ਵਜ੍ਹਾ ਵੀ ਡਾ਼ ਜਗਮਿੰਦਰ ਨੇ ਦੱਸੀ।
"ਮਨੁੱਖੀ ਦੰਦਾਂ ਉੱਪਰ ਮੌਜੂਦ ਇਨੈਮਲ ਦੀ ਪਰਤ ਬਹੁਤ ਸਖ਼ਤ ਹੁੰਦੀ ਹੈ ਅਤੇ ਇਸ ਕਾਰਨ ਦੰਦਾਂ ਵਿੱਚ ਮੌਜੂਦ ਡੀਐੱਨਏ ਸੁਰੱਖਿਅਤ ਰਹਿੰਦਾ ਹੈ। ਕਿਸੇ ਖਾਸ ਇਲਾਕੇ ਦੇ ਲੋਕਾਂ ਵੱਲੋਂ ਖਾਧੀ ਗਈ ਖੁਰਾਕ,ਪਾਣੀ ਡੀਐੱਨਏ ਨੂੰ ਪ੍ਰਭਾਵਿਤ ਕਰਦੇ ਹਨ। ਐਮਟੀਡੀਐਨਏ, ਕਾਰਬਨ ਅਤੇ ਆਕਸੀਜਨ ਆਈਸੋਟੋਪ ਤਕਨੀਕ ਰਾਹੀਂ ਇਨ੍ਹਾਂ ਅਵਸ਼ੇਸ਼ਾਂ ਦੇ ਸੈਂਪਲ ਦਾ ਮੁਆਇਨਾ ਕੀਤਾ ਗਿਆ।
ਡਾ ਜਗਵਿੰਦਰ ਅੱਗੇ ਦੱਸਦੇ ਹਨ ਕਿ ਹਰ ਇਲਾਕੇ ਵਿੱਚ ਰਹਿੰਦੇ ਸਨ ਲੋਕਾਂ ਬਾਰੇ ਜਾਣਕਾਰੀ ਜੀਨੋਮ ਸੀਕੁਐਂਸਿੰਗ ਰਾਹੀਂ ਹਾਸਲ ਕੀਤੀ ਜਾਂਦੀ ਹੈ।
'"ਜੀਨੌਮ ਸੀਕੁਏਂਸਿੰਗ ਰਾਹੀਂ ਪਤਾ ਲੱਗਿਆ ਕਿ ਇਨ੍ਹਾਂ ਅਵਸ਼ੇਸ਼ਾਂ ਦੇ ਡੀ ਐੱਨ ਏ ਪੰਜਾਬ ਦੇ ਸਥਾਨਕ ਲੋਕਾਂ ਨਾਲ ਨਹੀਂ ਮਿਲਦੇ ਸਨ ਸਗੋਂ ਮੌਜੂਦਾ ਭਾਰਤ ਦੇ ਪੂਰਬੀ ਹਿੱਸੇ ਦੇ ਲੋਕਾਂ ਦੇ ਜੀਨੋਮ ਸੀਕੁਐਂਸਿੰਗਨਾਲ ਮਿਲਦੇ ਹਨ। ਇਹ ਲੋਕ ਇੰਡੋ ਗੰਗੈਟਿਕ ਇਲਾਕੇ ਨਾਲ ਸਬੰਧਤ ਸਨ ਜੋ ਮੌਜੂਦਾ ਸਮੇਂ ਵਿਚ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਹੈ।"
ਇਨ੍ਹਾਂ ਅਵਸ਼ੇਸ਼ਾਂ ਨਾਲ ਮਿਲੇ ਸਿੱਕਿਆਂ ਤੋਂ ਇਹ ਸਿੱਧ ਹੁੰਦਾ ਸੀ ਕਿ ਇਹ ਬਰਤਾਨਵੀ ਭਾਰਤੀ ਫੌਜ ਨਾਲ ਸਬੰਧਿਤ ਹਨ।
ਡਾ ਜਗਵਿੰਦਰ ਆਖਦੇ ਹਨ ,"1857 ਵੇਲੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਆਪਣੀ ਕਿਤਾਬ ਵਿੱਚ ਕਿਹਾ ਗਿਆ ਸੀ ਕਿ 26ਵੀਂ ਨੇਟਿਵ ਬੰਗਾਲ ਇਨਫੈਂਟਰੀ ਰੈਜੀਮੈਂਟ ਦੇ 282 ਫ਼ੌਜੀਆਂ ਵੱਲੋਂ ਬਗਾਵਤ ਕੀਤੀ ਗਈ ਸੀ। ਕੁਝ ਬਰਤਾਨਵੀ ਅਫ਼ਸਰਾਂ ਦੇ ਕਤਲ ਤੋਂ ਬਾਅਦ ਉਹ ਫਰਾਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਅਜਨਾਲਾ ਕੋਲ ਫੜਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਉੱਥੇ ਹੀ ਇੱਕ ਖੂਹ ਵਿੱਚ ਦੱਬ ਦਿੱਤਾ ਗਿਆ ਸੀ। ਇਹ ਫ਼ੌਜੀ ਮੌਜੂਦਾ ਭਾਰਤ ਦੇ ਪੂਰਬੀ ਇਲਾਕੇ ਤੋਂ ਹੀ ਇਸ ਰੈਜੀਮੈਂਟ ਦਾ ਹਿੱਸਾ ਸਨ।"
ਡਾ ਜਗਵਿੰਦਰ ਮੁਤਾਬਕ ਇਹ ਜਾਣਕਾਰੀ ਇੱਕ ਰਿਸਰਚ ਪੇਪਰ ਵਿੱਚ ਵੀ ਛਪ ਚੁੱਕੀ ਹੈ।
ਡਾ ਜਗਵਿੰਦਰ ਨੇ ਦੱਸਿਆ ਕਿ ਇਨ੍ਹਾਂ ਸੈਂਪਲਾਂ ਦੇ ਅੱਗੇ ਅਧਿਐਨ ਵਾਸਤੇ ਇਨ੍ਹਾਂ ਨੂੰ ਹੰਗਰੀ ਅਤੇ ਮੈਨਚੈਸਟਰ ਦੀਆਂ ਸੰਸਥਾਵਾਂ ਵਿੱਚ ਵੀ ਭੇਜਿਆ ਗਿਆ ਹੈ।
ਹੇਠਾਂ ਦਿੱਤੀ ਜਾਣਕਾਰੀ ਮਾਰਚ 2014 ਵਿੱਚ ਲਿਖੀ ਬੀਬੀਸੀ ਪੱਤਰਕਾਰ ਰੇਹਾਨ ਫ਼ਜ਼ਲ ਦੀ ਰਿਪੋਰਟ ਮੁਤਾਬਕ ਹੈ-
ਅੰਮ੍ਰਿਤਸਰ ਇੱਕ ਗੁਰਦੁਆਰੇ ਦੇ ਹੇਠ ਦੱਬੇ ਹੋਏ ਖੂਹ ਦੀ ਖੁਦਾਈ ਤੋਂ ਬਾਅਦ ਸਬੂਤ ਮਿਲੇ ਸਨ ਕਿ 1857 ਦੀ ਫ਼ੌਜੀ ਬਗਾਵਤ ਤੋਂ ਬਾਅਦ ਬ੍ਰਿਟਿਸ਼ ਹਾਕਮਾਂ ਨੇ 282 'ਭਾਰਤੀ ਫ਼ੌਜੀਆਂ' ਨੂੰ ਇਸ ਖੂਹ ਵਿੱਚ ਦੱਬ ਦਿੱਤਾ ਸੀ। ਪਿਛਲੇ ਕਈ ਸਾਲਾਂ ਤੋਂ ਇਸ ਅਭਿਆਨ ਵਿੱਚ ਲੱਗੇ ਹੋਏ ਸੁਰਿੰਦਰ ਕੋਛੜ ਨੇ ਉਸ ਸਮੇਂ ਦੱਸਿਆ ਸੀ ਕਿ ਖੁਦਾਈ ਤੋਂ ਬਾਅਦ ਲਗਭਗ 90 ਖੋਪੜੀਆਂ, 170 ਸਾਬਤ ਜਬਾੜੇ, 26 ਖੋਪੜੀਆਂ ਸਮੇਤ ਪਿੰਜਰ ਅਤੇ 5000 ਤੋਂ ਜ਼ਿਆਦਾ ਦੰਦ ਮਿਲੇ ਸਨ।
ਇਸ ਦੇ ਇਲਾਵਾ ਸਾਲ 1830-40 ਦੇ ਸਮੇਂ ਦੇ ਈਸਟ ਇੰਡੀਆ ਕੰਪਨੀ ਦੇ 70 ਸਿੱਕੇ, ਦੋ ਬ੍ਰਿਟਿਸ਼ ਸੈਨਾ ਮੈਡਲ, 3 ਸੋਨੇ ਦੇ ਬਾਜ਼ੂਬੰਦ, 4 ਅੰਗੂਠੀਆਂ ਅਤੇ ਕੁਝ ਗੋਲੀਆਂ ਵੀ ਖੁਦਾਈ ਵਿੱਚ ਮਿਲੀਆਂ ਸਨ। ਇਨ੍ਹਾਂ ਚੀਜ਼ਾਂ ਅਤੇ ਫ਼ੌਜੀਆਂ ਦੇ ਅਵਸ਼ੇਸ਼ਾਂ ਨੂੰ ਉਸ ਸਮੇਂ ਗੁਰਦੁਆਰੇ ਦੇ ਕੰਪਲੈਕਸ ਵਿੱਚ ਹੀ ਰੱਖਿਆ ਗਿਆ ਸੀ ਜਿਨ੍ਹਾਂ ਨੂੰ ਦੇਖਣ ਲਈ ਹਜ਼ਾਰਾਂ ਲੋਕ ਰੋਜ਼ਾਨਾ ਆਉਂਦੇ ਸਨ।
ਸੁਰਿੰਦਰ ਕੋਛੜ ਅਨੁਸਾਰ ਉਨ੍ਹਾਂ ਦੇ ਅਭਿਆਨ ਵਿੱਚ ਸਭ ਤੋਂ ਵੱਡੀ ਸਮੱਸਿਆ ਸੀ ਖੂਹ ਦੇ ਉੱਪਰ ਬਣੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਉੱਥੋਂ ਗੁਰਦੁਆਰਾ ਹਟਾ ਕੇ ਖੂਹ ਲੱਭਣ ਲਈ ਖੁਦਾਈ ਲਈ ਰਾਜ਼ੀ ਕਰਨਾ।
ਸੁਰਿੰਦਰ ਨੇ ਉਨ੍ਹਾਂ ਨੂੰ ਸਾਰੇ ਉਪਲੱਬਧ ਸਬੂਤ ਦਿਖਾਏ ਅਤੇ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ 10-12 ਫੁੱਟ ਖੁਦਾਈ ਕਰਕੇ ਇਹ ਦੇਖਿਆ ਜਾਵੇਗਾ ਕਿ ਖੂਹ ਦੀ ਦੀਵਾਰ ਦਿਖਾਈ ਦੇ ਰਹੀ ਹੈ ਜਾਂ ਨਹੀਂ, ਜਿਵੇਂ ਹੀ ਖੁਦਾਈ ਵਿੱਚ ਉਨ੍ਹਾਂ ਨੂੰ ਖੂਹ ਦੀ ਦੀਵਾਰ ਦਿਖੀ, ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਹੋ ਗਿਆ ਸੀ ਕਿ ਕੋਛੜ ਦੇ ਤਰਕਾਂ ਵਿੱਚ ਦਮ ਹੈ।
ਜਦੋਂ ਖੁਦਾਈ ਸ਼ੁਰੂ ਹੋਈ ਤਾਂ ਪਹਿਲੇ ਦਿਨ ਹੱਡੀਆਂ ਦੇ ਇਲਾਵਾ ਕੁਝ ਨਹੀਂ ਮਿਲਿਆ, ਅਗਲੇ ਦਿਨ ਜਦੋਂ ਇੱਕ ਕੰਕਾਲ ਦੀ ਮੁੱਠੀ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ 11 ਸਿੱਕੇ ਮਿਲੇ, ਜਦੋਂ ਉਨ੍ਹਾਂ ਨੇ ਪੌਣੇ ਚੌਦਾਂ ਫੁੱਟ ਖੁਦਾਈ ਕਰ ਲਈ ਤਾਂ ਉਨ੍ਹਾਂ ਨੂੰ ਅੰਦਾਜ਼ਾ ਹੋ ਗਿਆ ਕਿ ਖੂਹ 17 ਫੁੱਟ ਡੂੰਘਾ ਹੈ।
ਕੋਛੜ ਅਨੁਸਾਰ ਅੰਤ ਵਿੱਚ 22 ਖੋਪੜੀਆਂ ਇਕੱਠੀ ਮਿਲੀਆਂ ਜੋ ਬੁਰੀ ਤਰ੍ਹਾਂ ਗਲੀਆਂ ਹੋਈਆਂ ਸਨ। ਇਸ ਤੋ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਜਦੋਂ ਇਨ੍ਹਾਂ ਨੂੰ ਖੂਹ ਵਿੱਚ ਸੁੱਟਿਆ ਗਿਆ ਤਾਂ ਉਸ ਵਿੱਚ ਥੋੜ੍ਹਾ ਬਹੁਤ ਪਾਣੀ ਜ਼ਰੂਰ ਹੋਵੇਗਾ। ਉੱਪਰ ਮਿਲਣ ਵਾਲੇ ਪਿੰਜਰ ਸਾਬਤ ਸਨ।
10 ਮਈ 1857 ਨੂੰ ਮੇਰਠ ਛਾਉਣੀ ਤੋਂ ਈਸਟ ਇੰਡੀਆ ਕੰਪਨੀ ਦੇ ਖਿਲਾਫ਼ ਸ਼ੁਰੂ ਹੋਈ ਭਾਰਤੀ ਫ਼ੌਜੀਆਂ ਦੀ ਬਗਾਵਤ ਦੀ ਖ਼ਬਰ ਪੰਜਾਬ ਪਹੁੰਚ ਗਈ ਸੀ। 13 ਮਈ, 1857 ਦੀ ਸਵੇਰ ਦੀ ਪਰੇਡ ਦੌਰਾਨ, ਬੰਗਾਲ ਨੇਟਿਵ ਇਨਫੈਂਟਰੀ ਦੀ 26 ਰੈਜੀਮੈਂਟ ਦੇ ਫ਼ੌਜੀਆਂ ਤੋਂ ਇਹਤਿਆਤ ਵਜੋਂ ਹਥਿਆਰ ਲੈ ਕੇ ਉਨ੍ਹਾਂ ਨੂੰ ਬੈਰਕਾਂ ਵਿੱਚ ਬੰਦ ਕਰ ਦਿੱਤਾ ਹਾਲਾਂਕਿ ਉਦੋਂ ਤੱਕ ਉਨ੍ਹਾਂ ਨੇ ਕਿਸੇ ਬਗਾਵਤ ਵਿੱਚ ਹਿੱਸਾ ਨਹੀਂ ਲਿਆ ਸੀ।
ਤਿੰਨ ਅਫ਼ਸਰਾਂ ਦਾ ਕਤਲ
ਲਾਹੌਰ ਦੀ ਮੀਆਂਵਾਲੀ ਛਾਉਣੀ ਦੀ ਇੱਕ ਨਿਹੱਥੀ ਪਲਟਨ ਨੇ 30 ਜੁਲਾਈ 1857 ਨੂੰ ਬਗਾਵਤ ਕਰ ਦਿੱਤੀ। ਪਲਟਨ ਦਾ ਇੱਕ ਫ਼ੌਜੀਆਂ ਪ੍ਰਕਾਸ਼ ਪਾਂਡੇ, ਮੇਜਰ ਸਪੈਂਸਰ ਨੂੰ ਉਸ ਦੀ ਹੀ ਤਲਵਾਰ ਨਾਲ ਮਾਰ ਕੇ ਆਪਣੀ ਪਲਟਨ ਦੇ ਫ਼ੌਜੀਆਂ ਸਮੇਤ ਉੱਥੋਂ ਭੱਜ ਨਿਕਲਿਆ। ਭੱਜਣ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਹੋਰ ਅੰਗਰੇਜ਼ ਅਤੇ ਦੋ ਭਾਰਤੀ ਅਫ਼ਸਰਾਂ ਨੂੰ ਵੀ ਮਾਰ ਦਿੱਤਾ।
30 ਜੁਲਾਈ 1857 ਨੂੰ ਲਾਹੌਰ ਤੋਂ ਭੱਜੇ ਨਿਹੱਥੇ ਹਿੰਦੋਸਤਾਨੀ ਫ਼ੌਜੀਆਂ ਦਾ ਜੱਥਾ 31 ਜੁਲਾਈ ਨੂੰ ਸਵੇਰੇ ਅੱਠ ਵਜੇ ਅਜਨਾਲਾ ਤੋਂ 6-7 ਮੀਲ ਪਿੱਛੇ ਰਾਵੀ ਨਦੀ ਦੇ ਕੰਢੇ ਵਸੇ ਪਿੰਡ ਡੱਡੀਆਂ ਕੋਲ ਬਾਲਘਾਟ ਆ ਪਹੁੰਚਿਆ। ਉਨ੍ਹਾਂ ਨੇ ਪਿੰਡ ਦੇ ਜ਼ਿਮੀਂਦਾਰਾਂ ਤੋਂ ਪੈਦਲ ਨਦੀ ਪਾਰ ਕਰਨ ਦਾ ਰਸਤਾ ਪੁੱਛਿਆ।
ਜ਼ਿਮੀਦਾਰਾਂ ਨੇ ਉਨ੍ਹਾਂ ਭੁੱਖੇ-ਪਿਆਸੇ ਫ਼ੌਜੀਆਂ ਨੂੰ ਰੋਟੀ-ਪਾਣੀ ਦਾ ਲਾਲਚ ਦੇ ਕੇ ਉੱਥੇ ਰੋਕ ਲਿਆ ਅਤੇ ਪਿੰਡ ਦੇ ਇੱਕ ਚੌਕੀਦਾਰ ਸੁਲਤਾਨ ਖਾਂ ਦੇ ਹੱਥ ਇਹ ਸੂਚਨਾ ਸੋਢੀਆਂ ਦੇ ਤਹਿਸੀਲਦਾਰ ਪ੍ਰਾਣਨਾਥ ਨੂੰ ਭੇਜ ਦਿੱਤੀ।
ਉਨ੍ਹਾਂ ਨੇ ਇਹ ਖ਼ਬਰ ਤੁਰੰਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਫਰੈਡਰਿਕ ਹੈਨਰੀ ਕੂਪਰ ਨੂੰ ਭਿਜਵਾ ਦਿੱਤੀ। ਨਾਲ ਹੀ ਥਾਣੇ ਅਤੇ ਤਹਿਸੀਲ ਵਿੱਚ ਮੌਜੂਦ ਸਾਰੇ ਫ਼ੌਜੀਆਂ ਨੂੰ ਇਕੱਠੇ ਕਰਕੇ ਦੋ ਕਿਸ਼ਤੀਆਂ ਵਿੱਚ ਇਨ੍ਹਾਂ ਬਾਗੀ ਸਿਪਾਹੀਆਂ ਦੇ ਖਾਤਮੇ ਲਈ ਭੇਜ ਦਿੱਤਾ।
ਸੈਂਕੜੇ ਸੈਨਿਕ ਰੁੜ੍ਹੇ
ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਨਾਲ ਸੁਰਿੰਦਰ ਕੋਛੜ। ਉਨ੍ਹਾਂ ਦੀ ਪਹਿਲ ਤੇ ਹੀ ਪੁਟਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ
ਇਨ੍ਹਾਂ ਫ਼ੌਜੀਆਂ ਨੇ ਪਹੁੰਚਦੇ ਹੀ ਨਿਹੱਥੇ, ਥੱਕੇ ਹੋਏ ਫ਼ੌਜੀਆਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ। ਕਰੀਬ 150 ਸੈਨਿਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਰਾਵੀ ਨਦੀ ਦੇ ਤੇਜ ਵਹਾਅ ਵਿੱਚ ਵਹਿ ਗਏ ਅਤੇ 50 ਸੈਨਿਕਾਂ ਨੇ ਗੋਲੀਆਂ ਤੋਂ ਬਚਣ ਲਈ ਖੁਦ ਹੀ ਰਾਵੀ ਨਦੀ ਵਿੱਚ ਛਾਲਾਂ ਮਾਰ ਦਿੱਤੀਆਂ। (ਫਰੈਡਰਿਕ ਹੈਨਰੀ ਕੂਪਰ, ਕ੍ਰਾਈਸਿਸ ਇਨ ਦਿ ਪੰਜਾਬ, ਪੇਜ 155)
ਸ਼ਾਮ ਚਾਰ ਵਜੇ ਤੱਕ ਫਰੈਡਰਿਕ ਕੂਪਰ ਵੀ ਆਪਣੇ 80 ਘੋੜਸਵਾਰਾਂ ਦੇ ਦਸਤੇ ਨਾਲ ਮੌਕੇ 'ਤੇ ਪਹੁੰਚ ਗਿਆ। ਨਾਲ ਹੀ ਕਰਨਲ ਬਾਇਡ, ਰਿਸਾਲਦਾਰ ਸਾਹਿਬ ਖਾਂ ਟਿਵਾਣਾ, ਰਿਸਾਲਦਾਰ ਬਰਕਤ ਅਲੀ, ਜਨਰਲ ਹਰਸੁਖ ਰਾਏ ਅਤੇ ਰਾਜਾਸਾਂਸੀ ਤੋਂ ਸ਼ਮਸ਼ੇਰ ਸਿੰਘ ਸੰਘਾਵਾਲੀਆ ਵੀ ਆਪਣੇ ਆਪਣੇ ਸੈਨਿਕ ਲੈ ਕੇ ਉੱਥੇ ਪਹੁੰਚੇ।
ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਜਿਉਂਦੇ ਫੜੇ ਗਏ ਇਨ੍ਹਾਂ ਹਿੰਦੋਸਤਾਨੀ ਫ਼ੌਜੀਆਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਅੱਧੀ ਰਾਤ ਦੇ ਸਮੇਂ ਅਜਨਾਲਾ ਲਿਆਂਦਾ ਗਿਆ। ਇਨ੍ਹਾਂ ਵਿੱਚੋਂ 237 ਸਿਪਾਹੀਆਂ ਨੂੰ ਜੇਲ੍ਹ ਵਿੱਚ ਬੰਦ ਕਰਨ ਤੋਂ ਬਾਅਦ ਬਾਕੀ ਬਚੇ 45 ਫ਼ੌਜੀਆਂ ਨੂੰ ਅਜਨਾਲਾ ਦੇ ਇੱਕ ਛੋਟੇ ਜਿਹੇ ਬੁਰਜ ਵਿੱਚ ਤੂੜ ਦਿੱਤਾ ਗਿਆ।
ਇਨ੍ਹਾਂ ਸਾਰਿਆਂ ਨੂੰ ਪਹਿਲਾਂ 31 ਜੁਲਾਈ ਨੂੰ ਹੀ ਫਾਂਸੀ ਦਿੱਤੀ ਜਾਣੀ ਸੀ, ਪਰ ਤੇਜ਼ ਮੀਂਹ ਦੇ ਕਾਰਨ ਫ਼ਾਂਸੀ ਅਗਲੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। 1 ਅਗਸਤ, 1857 ਨੂੰ ਬਕਰੀਦ ਸੀ। ਅਗਲੇ ਦਿਨ ਪਹੁ ਫੁੱਟਦੇ ਹੀ 237 ਸੈਨਿਕਾਂ ਨੂੰ 10-10 ਦੇ ਸਮੂਹ ਵਿੱਚ ਥਾਣੇ ਦੇ ਸਾਹਮਣੇ ਵਾਲੇ ਮੈਦਾਨ ਵਿੱਚ ਲਿਆਂਦਾ ਗਿਆ।
ਉੱਥੇ 10 ਸਿਪਾਹੀਆਂ ਨੇ ਪਹਿਲਾਂ ਹੀ ਉਨ੍ਹਾਂ 'ਤੇ ਨਿਸ਼ਾਨਾ ਲਗਾਉਣ ਲਈ ਪੋਜ਼ੀਸ਼ਨ ਲੈ ਰੱਖੀ ਸੀ। ਉਨ੍ਹਾਂ ਨੇ ਕੂਪਰ ਦਾ ਇਸ਼ਾਰਾ ਮਿਲਦੇ ਹੀ ਹਿੰਦੋਸਤਾਨੀ ਸਿਪਾਹੀਆਂ 'ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਦਸ ਵਜੇ ਤੱਕ ਉੱਥੇ 237 ਸੈਨਿਕਾਂ ਦੀਆਂ ਲਾਸ਼ਾਂ ਵਿਛ ਚੁੱਕੀਆਂ ਸਨ।
ਇਸ ਤੋਂ ਬਾਅਦ ਜਦੋਂ ਬੁਰਜ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਸ ਦੇ ਅੰਦਰ ਤੂੜ-ਤੂੜ ਕੇ ਭਰੇ 45 ਫ਼ੌਜੀਆਂ ਵਿੱਚੋਂ ਕੁਝ ਸਾਹ ਘੁੱਟਣ ਕਾਰਨ ਪਹਿਲਾਂ ਹੀ ਦਮ ਤੋੜ ਚੁੱਕੇ ਸਨ ਅਤੇ ਬਾਕੀ ਬਚੇ ਲੋਕ ਅਧਮੋਈ ਹਾਲਤ ਵਿੱਚ ਸਨ।
ਕੂਪਰ ਨੇ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਗੋਲੀਆਂ ਨਾਲ ਮਾਰੇ ਗਏ ਸੈਨਿਕਾਂ ਦੇ ਨਾਲ-ਨਾਲ ਇਨ੍ਹਾਂ ਅਧਮਰੇ ਸੈਨਿਕਾਂ ਨੂੰ ਵੀ ਥਾਣੇ ਦੇ ਮੈਦਾਨ ਕੋਲ ਮੌਜੂਦ ਪਾਣੀ ਰਹਿਤ ਖੂਹ ਵਿੱਚ ਸੁੱਟ ਕੇ ਖੂਹ ਦਾ ਮੂੰਹ ਮਿੱਟੀ ਨਾਲ ਬੰਦ ਕਰ ਦਿੱਤਾ ਜਾਵੇ।
ਇਸ ਤਰ੍ਹਾਂ ਪਿਛਲੇ 48 ਘੰਟਿਆਂ ਵਿੱਚ ਬੰਗਾਲ ਨੇਟਿਵ ਇਨਫੈਂਟਰੀ ਦੀ 26 ਰੈਜੀਮੈਂਟ ਦੇ 500 ਸੈਨਿਕ ਮਾਰੇ ਜਾ ਚੁੱਕੇ ਸਨ। ਅੰਮ੍ਰਿਤਸਰ ਡਿਸਟ੍ਰਿਕਟ ਗਜ਼ੇਟੀਅਰ 1892-93 ਦੇ ਅਨੁਸਾਰ ਇਸ ਤੋਂ ਬਾਅਦ ਖੂਹ 'ਤੇ ਇੱਕ ਉੱਚਾ ਟਿੱਲਾ ਬਣਾ ਦਿੱਤਾ ਗਿਆ।
ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਕੂਪਰ ਨੇ ਆਪਣੀ ਕਿਤਾਬ 'ਕ੍ਰਾਈਸਿਸ ਇਨ ਦਿ ਪੰਜਾਬ' ਵਿੱਚ ਲਿਖਿਆ ਹੈ, ''ਸਾਡੇ ਸੈਨਿਕਾਂ ਨੇ ਥੱਕੇ ਹੋਏ ਬਾਗੀ ਸੈਨਿਕਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਉਨ੍ਹਾਂ ਦੀ ਗਿਣਤੀ 500 ਦੇ ਕਰੀਬ ਸੀ, ਜੋ ਭੁੱਖ ਅਤੇ ਪਿਆਸ ਨਾਲ ਇੰਨੇ ਕਮਜ਼ੋਰ ਹੋ ਚੁੱਕੇ ਸਨ ਕਿ ਨਦੀ ਦੀਆਂ ਤੇਜ਼ ਲਹਿਰਾਂ ਦੇ ਅੱਗੇ ਠਹਿਰ ਨਾ ਸਕੇ। ਉਸ ਸਮੇਂ ਬਹੁਤ ਤੇਜ਼ ਮੀਂਹ ਪੈ ਰਿਹਾ ਸੀ।
ਫੜੇ ਗਏ ਫ਼ੌਜੀਆਂ ਨੂੰ ਦਰਦਨਾਕ ਮੌਤ ਦੇਣ ਲਈ ਮੈਂ ਉਨ੍ਹਾਂ ਨੂੰ ਫ਼ਾਂਸੀ 'ਤੇ ਲਟਕਾਉਣਾ ਚਾਹੁੰਦਾ ਸੀ। ਇਸ ਲਈ ਮੈਂ ਸੋਢੀਆਂ ਤੋਂ ਇੱਕ ਲੰਬਾ ਰੱਸਾ ਵੀ ਮੰਗਵਾ ਲਿਆ ਸੀ, ਪਰ ਆਸ ਪਾਸ ਕੋਈ ਮਜ਼ਬੂਤ ਦਰੱਖਤ ਨਾ ਹੋਣ ਕਾਰਨ ਮੈਨੂੰ ਆਪਣਾ ਵਿਚਾਰ ਬਦਲਣਾ ਪਿਆ।''
48 ਘੰਟੇ, 500 ਸੈਨਿਕਾਂ ਦੇ ਕਤਲ
'ਫੁਲਵਾੜੀ' ਰਸਾਲੇ ਦੇ ਸੰਪਾਦਕ ਗਿਆਨੀ ਹੀਰਾ ਸਿੰਘ ਦਰਦ ਨੇ 1928 ਵਿੱਚ ਇਸੇ ਪਿੰਡ ਦੇ ਇੱਕ ਬਜ਼ੁਰਗ, ਇਸ ਕਾਂਡ ਦੇ ਚਸ਼ਮਦੀਦ ਗਵਾਹ ਰਹੇ ਬਾਬਾ ਜਗਤ ਸਿੰਘ ਤੋਂ ਬਹੁਤ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਇਲਾਹਾਬਾਦ ਤੋਂ ਪ੍ਰਕਾਸ਼ਿਤ ਹੋਣ ਵਾਲੀ ਪੱਤ੍ਰਿਕਾ 'ਫੁਲਵਾੜੀ' ਅਤੇ 'ਚਾਂਦ' ਦੇ ਨਵੰਬਰ 1928 ਦੇ ਅੰਕ ਵਿੱਚ ਇਸ ਘਟਨਾ ਦਾ ਪੂਰਾ ਵਿਵਰਣ ਛਪਵਾਇਆ ਸੀ।
ਹੀਰਾ ਸਿੰਘ ਦਰਦ ਲਿਖਦੇ ਹਨ, ''ਉਸ ਤੇਜ਼ ਮੀਂਹ ਵਿੱਚ ਹੀ ਜ਼ਬਰਦਸਤੀ ਉਨ੍ਹਾਂ ਸਿਪਾਹੀਆਂ ਦੇ ਧਾਰਮਿਕ ਚਿੰਨ੍ਹ ਮਾਲਾ ਅਤੇ ਜਨੇਊ ਵਗੈਰਾ ਤੋੜ ਕੇ ਪਾਣੀ ਵਿੱਚ ਸੁੱਟ ਦਿੱਤੇ ਗਏੇ। ਅਗਲੇ ਦਿਨ ਉਨ੍ਹਾਂ ਵਿੱਚੋਂ ਜੋ ਫ਼ੌਜੀਆਂ ਅਜੇ ਜਿਉਂਦੇ ਸਨ, ਉਨ੍ਹਾਂ ਨੂੰ ਮਾਰੇ ਗਏ ਸੈਨਿਕਾਂ ਦੇ ਨਾਲ ਹੀ ਖੂਹ ਵਿੱਚ ਸੁੱਟ ਕੇ ਦਬਾ ਦਿੱਤਾ ਗਿਆ।''
ਇਸ ਘਟਨਾ ਬਾਰੇ ਦਰਦ ਅਤੇ ਫਰੈਡਰਿਕ ਕੂਪਰ ਦੇ ਵਿਵਰਣ ਵਿੱਚ ਕਾਫ਼ੀ ਸਮਾਨਤਾ ਹੈ ਜਦੋਂ ਕਿ ਇਸ ਗੱਲ ਦੀ ਸੰਭਾਵਨਾ ਨਹੀਂ ਦੇ ਬਰਾਬਰ ਹੈ ਕਿ ਗਿਆਨੀ ਹੀਰਾ ਸਿੰਘ ਦਰਦ ਨੂੰ ਕੂਪਰ ਦੀ ਪੁਸਤਕ ਪੜ੍ਹਨ ਦਾ ਮੌਕਾ ਮਿਲ ਸਕਿਆ ਹੋਵੇਗਾ। ਬਾਬਾ ਜਗਤ ਸਿੰਘ ਵੀ ਉਸ ਪੁਸਤਕ ਨੂੰ ਨਹੀਂ ਪੜ੍ਹ ਸਕਦੇ ਸਨ ਕਿਉਂਕਿ ਉਹ ਅਨਪੜ੍ਹ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰੋਫੈਸਰ ਸੁਖਦੇਵ ਸਿੰਘ ਸੋਹਲ ਨੇ ਕਿਹਾ ਸੀ ਕਿ ਇਸ ਘਟਨਾ ਦਾ ਜ਼ਿਕਰ 1857 ਦੀ ਬਗਾਵਤ ਨੂੰ ਕੁਚਲਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਚੀਫ ਕਮਿਸ਼ਨਰ ਸਰ ਜੌਨ ਲਾਰੇਂਸ ਦੇ ਫਰੈਡਰਿਕ ਕੂਪਰ ਨੂੰ ਲਿਖੇ ਗਏ ਪੱਤਰਾਂ ਵਿੱਚ ਵੀ ਮਿਲਦਾ ਹੈ। ਜਿਸ ਵਿੱਚ ਉਨ੍ਹਾਂ ਨੇ ਕੂਪਰ ਵੱਲੋਂ ਚੁੱਕੇ ਗਏ ਕਦਮਾਂ ਦੀ ਕਾਫ਼ੀ ਤਾਰੀਫ਼ ਕੀਤੀ ਸੀ।
ਇਸ ਦਾ ਜ਼ਿਕਰ 1911 ਵਿੱਚ ਪ੍ਰਕਾਸ਼ਿਤ ਮਿਊਟਿਨੀ ਰਿਕਾਰਡਜ਼ ਵਿੱਚ ਵੀ ਹੈ।
ਜਵਾਹਰਲਾਲ ਨਹਿਰੂ ਨੇ ਵੀ ਆਪਣੀ ਪੁਸਤਕ 'ਵਿਸ਼ਵ ਇਤਿਹਾਸ' ਦੀ ਝਲਕ ਵਿੱਚ ਲਿਖਿਆ ਹੈ ਕਿ 1857 ਵਿੱਚ ਬ੍ਰਿਟੇਨ ਵੱਲੋਂ ਕੀਤੀ ਕਰੂਰਤਾ ਦੇ ਕਿਧਰੇ ਜ਼ਿਆਦਾ ਉਦਾਹਰਨ ਮਿਲਦੇ ਹਨ, ਜਿਨ੍ਹਾਂ ਨੂੰ ਬਿਆਨ ਤੱਕ ਨਹੀਂ ਕੀਤਾ ਗਿਆ। ਬ੍ਰਿਟੇਨ ਵੱਲੋਂ ਹੋਣ ਵਾਲੀ ਕਰੂਰਤਾ ਸੰਗਠਿਤ ਬ੍ਰਿਟਿਸ਼ ਅਫ਼ਸਰਾਂ ਵੱਲੋਂ ਹੁੰਦੀ ਸੀ ਜਦੋਂਕਿ ਇਸੀ ਦੌਰਾਨ ਅਸੰਗਠਿਤ ਲੋਕਾਂ ਵੱਲੋਂ ਕੀਤੀ ਗਈ ਕਰੂਰਤਾ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ।
ਸਰਕਾਰੀ ਸਨਮਾਨ ਦੇਣ ਦੀ ਮੰਗ
ਪ੍ਰੋਫੈਸਰ ਸੋਹਲ ਨੇ ਕਿਹਾ ਸੀ ਕਿ 1857 ਵਿੱਚ ਵਿਦਰੋਹੀਆਂ ਵੱਲੋਂ ਕੀਤੇ ਗਏ ਕਾਹਨਪੁਰ ਹੱਤਿਆਕਾਂਡ 'ਤੇ ਤਾਂ ਕੈਂਬਰਿਜ ਯੂਨੀਵਰਸਿਟੀ ਵਿੱਚ ਕਾਫ਼ੀ ਅਧਿਐਨ ਹੋਇਆ ਹੈ ਜਦੋਂ ਕਿ ਅਜਨਾਲਾ ਹੱਤਿਆ ਕਾਂਡ 'ਤੇ ਵਿਦੇਸ਼ੀ ਜਾਂ ਭਾਰਤੀ ਕਿਸੇ ਵੀ ਅਧਿਐਨਕਰਤਾ ਦੀ ਨਜ਼ਰ ਬਹੁਤ ਘੱਟ ਗਈ ਹੈ।
ਸ਼ਹੀਦਗੰਜ ਗੁਰਦੁਆਰਾ ਕੰਪਲੈਕਸ, ਜਿੱਥੋਂ ਦੇ ਖੂਹ ਵਿੱਚੋਂ ਇਹ ਹੱਡੀਆਂ ਮਿਲੀਆਂ ਸਨ। ਉਸ ਦੀ ਉਸ ਸਮੇਂ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਅਮਰਜੀਤ ਸਿੰਘ ਸਰਕਾਰੀਆ ਨੇ ਮੰਗ ਕੀਤੀ ਸੀ ਕਿ ਇਨ੍ਹਾਂ ਅਵਸ਼ੇਸ਼ਾਂ ਦਾ ਡੀਐੱਨਏ ਟੈਸਟ ਕਰਾਇਆ ਜਾਵੇ ਅਤੇ ਇਨ੍ਹਾਂ ਦਾ ਪੂਰੇ ਸੈਨਿਕ ਸਨਮਾਨ ਨਾਲ ਵਿਧੀ ਪੂਰਵਕ ਅੰਤਿਮ ਸੰਸਕਾਰ ਕੀਤਾ ਜਾਵੇ।
ਸਰਕਾਰੀਆ ਦੀ ਇਹ ਵੀ ਮੰਗ ਸੀ ਕਿ ਉਨ੍ਹਾਂ ਦੀ ਯਾਦ ਵਿੱਚ ਇੱਕ ਸਮਾਰਕ ਵੀ ਬਣਾਇਆ ਜਾਵੇ। ਜਲ੍ਹਿਆਂਵਾਲਾ ਖੂਹ ਦੇ ਨਾਂ ਨਾਲ ਮਸ਼ਹੂਰ ਇਸ ਖੂਹ ਦਾ ਨਾਂ ਬਦਲ ਕੇ ਸ਼ਹੀਦਾਂ ਦਾ ਖੂਹ ਰੱਖ ਦਿੱਤਾ ਗਿਆ ਸੀ।
ਜਿਸ ਜੇਲ੍ਹ ਵਿੱਚ ਇਨ੍ਹਾਂ ਸੈਨਿਕਾਂ ਨੂੰ ਰੱਖਿਆ ਗਿਆ ਸੀ, ਉਹ ਹੁਣ ਵੀ ਮੌਜੂਦ ਹੈ, ਪਰ ਹੁਣ ਉਸ ਦੇ ਖੰਡਰ ਹੀ ਬਚੇ ਹਨ।
ਇਹ ਵੀ ਪੜ੍ਹੋ:
https://www.youtube.com/watch?v=61I3rDR9eqg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'd5e23284-f9f3-4c8a-a073-b8519bfa454b','assetType': 'STY','pageCounter': 'punjabi.india.story.61276658.page','title': 'ਕਤਲ ਕੀਤੇ ਗਏ 500 ਫੌਜੀ ਜਿਨ੍ਹਾਂ ਦੇ ਪਿੰਜਰ ਅਜਨਾਲਾ ਵਿਚ ਮਿਲੇ ਸਨ, ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ','published': '2022-05-01T12:28:07Z','updated': '2022-05-01T12:28:07Z'});s_bbcws('track','pageView');

ਪਟਿਆਲਾ ਹਿੰਸਾ: ਕੌਣ ਹੈ ਬਰਜਿੰਦਰ ਪਰਵਾਨਾ, ਪੁਲਿਸ ਜਿਸ ਨੂੰ ਮੁੱਖ ਮੁਲਜ਼ਮ ਦੱਸ ਰਹੀ ਹੈ
NEXT STORY