"ਪਿਛਲੇ ਦਿਨੀਂ ਪਏ ਭਾਰੀ ਮੀਂਹ ਨੇ ਸਾਡੀ ਤਾਂ ਜ਼ਿੰਦਗੀ ਹੀ ਰੋਲ ਕੇ ਰੱਖ ਦਿੱਤੀ ਹੈ। ਪਾਣੀ ਇੰਨਾ ਆ ਗਿਆ ਕਿ ਜੇਕਰ ਪਿੰਡ ਨੂੰ ਬਚਾਉਂਦੇ ਸੀ ਤਾਂ ਫ਼ਸਲਾਂ ਤਬਾਹ ਹੁੰਦੀਆਂ ਸੀ ਅਤੇ ਜੇ ਫ਼ਸਲਾਂ ਬਚਾਉਂਦੇ ਸੀ ਤਾਂ ਪਿੰਡ ਤਬਾਹ ਹੁੰਦਾ ਸੀ। ਅਸੀਂ ਆਪਣੇ ਘਰ ਤਾਂ ਪਾਣੀ ਤੋਂ ਬਚਾ ਲਏ ਪਰ ਫਸਲਾਂ ਡੁੱਬ ਗਈਆਂ।"
ਇਹ ਭਾਵੁਕ ਬੋਲ ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੇ ਪਿੰਡ ਕੁਹਾੜਿਆਂ ਵਾਲੀ ਦੇ ਵਸਨੀਕ ਕਿਸਾਨ ਵਿਜੇ ਕੁਮਾਰ ਦੇ ਹਨ।
ਇਸ ਕਿਸਾਨ ਨੇ ਦੱਸਿਆ ਕਿ ਉਸ ਨੇ ਆਪਣੀ 18 ਏਕੜ ਜ਼ਮੀਨ ਵਿੱਚ ਬੀਜਿਆ ਨਰਮਾ ਅਤੇ ਝੋਨਾ ਵਾਹ ਦਿੱਤਾ ਹੈ।
ਅਸਲ ਵਿੱਚ ਅਜਿਹੀ ਸਥਿਤੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਹੋਰਨਾਂ ਕਿਸਾਨਾਂ ਦੀ ਵੀ ਹੈ।
ਪਿਛਲੇ ਦਿਨੀਂ ਲਗਾਤਾਰ ਹੋਈ ਬਰਸਾਤ ਕਾਰਨ ਇਨ੍ਹਾਂ ਜ਼ਿਲ੍ਹਿਆਂ ਦੇ ਕਈ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਸੀ, ਜਿਸ ਕਾਰਨ ਨਰਮਾ, ਝੋਨਾ, ਮੂੰਗੀ ਅਤੇ ਪਸ਼ੂਆਂ ਦਾ ਹਰਾ ਚਾਰਾ ਖੇਤਾਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਸੜ ਗਿਆ।
ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਅਨੁਮਾਨ ਮੁਤਾਬਕ ਸਮੁੱਚੇ ਖਿੱਤੇ ਵਿੱਚ ਇੱਕ ਹਜ਼ਾਰ ਏਕੜ ਤੋਂ ਵੱਧ ਫ਼ਸਲ ਮੀਂਹ ਦੇ ਪਾਣੀ ਦੀ ਮਾਰ ਹੇਠ ਆਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਕੀਤੇ ਗਏ ਦੌਰੇ ਸਮੇਂ ਮੁੱਖ ਮੰਤਰੀ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਇਸ ਖਿੱਤੇ ਵਿੱਚ ਕਿੰਨੀ ਫਸਲ ਪਾਣੀ ਦੀ ਮਾਰ ਹੇਠ ਆਈ ਹੈ। ਉਸ ਦਾ ਸਹੀ ਅੰਕੜਾ ਗਿਰਦਾਵਰੀ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ।
ਇਹ ਵੀ ਪੜ੍ਹੋ:
''ਪਾਣੀ ਸਾਰੀਆਂ ਆਸਾਂ ਰੋੜ੍ਹ ਕੇ ਲੈ ਗਿਆ''
ਕਿਸਾਨ ਵਿਜੇ ਕੁਮਾਰ ਪਿੰਡ ਦੇ ਬਾਹਰਵਾਰ ਆਪਣੇ ਖੇਤਾਂ ਵਿੱਚ ਟਰੈਕਟਰ ਨਾਲ ਨਰਮੇ ਦੀ ਫ਼ਸਲ ਨੂੰ ਵਾਹ ਰਹੇ ਸਨ।
ਦੂਜੇ ਪਾਸੇ ਕਈ ਕਿਸਾਨ ਆਪਣੇ ਖੇਤਾਂ ਵਿੱਚੋਂ ਮੋਟਰਾਂ ਲਗਾ ਕੇ ਪਾਈਪਾਂ ਰਾਹੀਂ ਪਾਣੀ ਕੱਢਣ ਵਿੱਚ ਮਸ਼ਰੂਫ ਸਨ।
ਵਿਜੇ ਕੁਮਾਰ ਕਹਿੰਦੇ ਹਨ, "ਝੋਨਾ ਲਗਾਉਣ ਉੱਪਰ ਪ੍ਰਤੀ ਏਕੜ ਹੁਣ ਤੱਕ 8 ਹਜ਼ਾਰ ਰੁਪਏ ਲਾਗਤ ਆਈ ਸੀ ਅਤੇ ਇਸੇ ਤਰ੍ਹਾਂ ਮੈਂ ਨਰਮੇ ਦੀ ਫ਼ਸਲ ਉੱਪਰ ਪ੍ਰਤੀ ਏਕੜ 6 ਹਜ਼ਾਰ ਰੁਪਏ ਖ਼ਰਚ ਕੀਤੇ ਸਨ।"
"ਮਹਿੰਗੇ ਭਾਅ ਦੇ ਨਦੀਨਨਾਸ਼ਕ, ਕੀਟਨਾਸ਼ਕ ਅਤੇ ਖਾਦਾਂ ਪਾਉਣ ਤੋਂ ਬਾਅਦ ਇਕ-ਦੋ ਸਪਰੇਅ ਹੀ ਬਾਕੀ ਸਨ ਕਿ ਘਰ ਵਿੱਚ ਨਰਮੇ ਦੀ ਫ਼ਸਲ ਆ ਜਾਣੀ ਸੀ, ਪਰ ਪਾਣੀ ਸਾਰੀਆਂ ਆਸਾਂ ਰੋੜ੍ਹ ਕੇ ਲੈ ਗਿਆ।"
"ਹੁਣ ਦੁਬਾਰਾ ਝੋਨਾ ਲਾਉਣ ਦੀ ਸੋਚ ਰਿਹਾ ਹਾਂ। ਜਿਹੜੀ ਪਨੀਰੀ 200 ਰੁਪਏ ਪ੍ਰਤੀ ਮਰਲਾ ਮਿਲਦੀ ਸੀ, ਹੁਣ 2000 ਰੁਪਏ ਪ੍ਰਤੀ ਮਰਲਾ ਮਿਲ ਰਹੀ ਹੈ।"
"ਝੋਨੇ ਦੀ ਲਵਾਈ 3 ਹਜ਼ਾਰ ਰੁਪਏ ਪ੍ਰਤੀ ਏਕੜ ਸੀ, ਜੋ ਹੁਣ 5 ਹਜ਼ਾਰ ਰੁਪਏ ਪ੍ਰਤੀ ਏਕੜ ਹੋ ਗਈ ਹੈ। ਕਰਜ਼ਾ ਹੋਰ ਭਟਕਣਾ ''ਚ ਪਾਵੇਗਾ ਤਾਂ ਹੀ ਅਗਲੀ ਫ਼ਸਲ ਘਰ ਦੇ ਵਿਹੜੇ ਵਿੱਚ ਆਵੇਗੀ।"
ਪਾਣੀ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਸਭ ਤੋਂ ਵੱਡੀ ਦਿੱਕਤ ਇਹ ਵੀ ਹੈ ਕਿ ਜਦੋਂ ਕੋਈ ਕਿਸਾਨ ਆਪਣੇ ਖੇਤ ਵਿੱਚ ਮੋਟਰ ਰਾਹੀਂ ਪਾਣੀ ਕੱਢ ਕੇ ਅੱਗੇ ਭੇਜਦਾ ਹੈ ਤਾਂ ਅਗਲੇ ਖੇਤਾਂ ਵਾਲੇ ਕਿਸਾਨ ਉਸ ਪਾਣੀ ਨੂੰ ਰੋਕਦੇ ਹਨ। ਇਹ ਕਈ ਵਾਰ ''ਤੂੰ ਤੂੰ-ਮੈਂ ਮੈਂ'' ਦਾ ਕਾਰਨ ਵੀ ਬਣ ਜਾਂਦਾ ਹੈ।
ਮੁੱਖ ਮੰਤਰੀ ਨੇ ਕੀ ਕਿਹਾ
ਵਿਜੇ ਕੁਮਾਰ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਬਹੁਤ ਹੀ ਕੌੜਾ ਹੈ, ਜੋ ਝੋਨੇ ਦੀ ਫ਼ਸਲ ਨੂੰ ਵੀ ਕਈ ਵਾਰ ਨਸ਼ਟ ਕਰ ਦਿੰਦਾ ਹੈ।
"ਸਰਕਾਰ ਨੇ ਨੀਵੇਂ ਇਲਾਕਿਆਂ ਵਿੱਚੋਂ ਪਾਣੀ ਕੱਢਣ ਲਈ ਸੇਮ ਨਾਲੇ ਤਾਂ ਬਣਾਏ ਸਨ ਪਰ ਉਹ ਸਾਡੇ ਕਿਸੇ ਕੰਮ ਨਹੀਂ ਆ ਰਹੇ। ਪਾਣੀ ਖੇਤਾਂ ਵਿੱਚੋਂ ਕੱਢਣ ਨੂੰ ਲੈ ਕੇ ਕਈ ਵਾਰ ਸਾਡੀ ਤਾਂ ਲੜਾਈ ਵੀ ਹੋਈ ਹੈ।"
"ਹੁਣ ਸਾਡੀ ਆਸ ਤਾਂ ਪਾਣੀ ਘਟਣ ਉਪਰ ਹੀ ਹੈ ਜਦੋਂ ਪਾਣੀ ਉਤਰੇਗਾ ਤਾਂ ਫਿਰ ਅਗਲੀ ਫਸਲ ਲਾਉਣ ਬਾਰੇ ਸੋਚਾਂਗੇ।"
ਪੀੜਤ ਕਿਸਾਨਾਂ ਦਾ ਹਾਲ ਜਾਣਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਪੰਨੀਵਾਲਾ ਫੱਤਾ, ਮਿੱਡਾ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਮੂਲਿਆਂਵਾਲੀ ਦਾ ਦੌਰਾ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਕਾਸ਼ਤਕਾਰਾਂ ਨੂੰ ਯੋਗ ਮੁਆਵਜ਼ਾ ਦੇਣ ਲਈ ਸਰਕਾਰ ਵਚਨਬੱਧ ਹੈ।
ਜ਼ਿਲ੍ਹਾ ਫ਼ਾਜ਼ਿਲਕਾ ਦੀ ਹੀ ਪਿੰਡ ਬੁਰਜ ਹਨੂੰਮਾਨਗੜ੍ਹ ਦੇ ਕਿਸਾਨ ਕੁਲਵਿੰਦਰ ਸਿੰਘ ਦੀ ਕਹਾਣੀ ਵੀ ਮੀਂਹ ਦੇ ਪਾਣੀ ਦੀ ਮਾਰ ਨਾਲ ਜੁੜੀ ਹੋਈ ਹੈ।
ਆਪਣੇ ਖੇਤਾਂ ਵਿੱਚ ਪਾਣੀ ਨਾਲ ਤਬਾਹ ਹੋਈ ਨਰਮੇ ਦੀ 10 ਏਕੜ ਫਸਲ ਦਿਖਾਉਂਦੇ ਹੋਏ ਇਸ ਕਿਸਾਨ ਨੇ ਆਪਣੇ ਦਰਦ ਨੂੰ ਸਾਂਝਾ ਕੀਤਾ।
"ਮੇਰਾ ਦੱਸ ਕਿੱਲੇ ਨਰਮਾ ਪਾਣੀ ਵਿੱਚ ਡੁੱਬ ਕੇ ਸੜ ਗਿਆ ਹੈ। ਪਹਿਲਾਂ ਹੀ ਕਰਜ਼ਾ ਚੁੱਕ ਕੇ ਨਰਮੇ ਦੀ ਫਸਲ ਬੀਜੀ ਸੀ ਅਤੇ ਇਸ ਵਾਰ ਆਸ ਸੀ ਕਿ ਚੋਖੀ ਕਮਾਈ ਹੋਵੇਗੀ।"
"ਮੇਰਾ ਨਰਮਾ ਵਧ ਫੁੱਲ ਰਿਹਾ ਸੀ ਅਤੇ ਇਸ ਵਾਰ ਸੁੰਡੀ ਤੋਂ ਵੀ ਬਚਾਅ ਸੀ ਪਰ ਮੈਨੂੰ ਲੱਗਦਾ ਹੈ ਕਿ ਮੇਰੇ ਲੇਖਾਂ ਵਿੱਚ ਆਉਣ ਵਾਲੀ ਖੁਸ਼ੀ ਪਾਣੀ ਦੇ ਵਹਾਅ ਵਿੱਚ ਵਹਿ ਗਈ ਹੈ।"
ਉਨ੍ਹਾਂ ਦੱਸਿਆ, "ਮੈਂ ਇਕੱਲਾ ਨਹੀਂ ਹਾਂ। ਮੇਰੇ ਪਿੰਡ ਦੀ 600 ਏਕੜ ਦੇ ਕਰੀਬ ਜ਼ਮੀਨ ਵਿੱਚ ਬੀਜੀ ਫ਼ਸਲ ਮੀਂਹ ਦੇ ਪਾਣੀ ਕਾਰਨ ਤਬਾਹ ਹੋ ਗਈ ਹੈ।"
"ਹੁਣ ਦਿਮਾਗ਼ ਵਿੱਚ 24 ਘੰਟੇ ਇਹੀ ਗੱਲ ਘੁੰਮਦੀ ਹੈ ਕਿ ਪਹਿਲਾਂ ਕਰਜ਼ਾ ਕਿਵੇਂ ਉਤਰੇਗਾ ਅਤੇ ਹੁਣ ਨਵਾਂ ਕਰਜ਼ਾ ਲੈਣ ਦੀ ਫਿਰ ਲੋੜ ਪੈ ਗਈ ਹੈ। ਸਾਡੇ ਕੋਲ ਤਾਂ ਆਪਣੇ ਪਰਿਵਾਰ ਪਾਲਣ ਲਈ ਕੋਈ ਹੋਰ ਜੁਗਤ ਨਹੀਂ ਹੈ। ਬੱਸ ਹੁਣ ਤਾਂ ਪੂਰੀ ਡੋਰੀ ਪ੍ਰਮਾਤਮਾ ਉੱਪਰ ਹੀ ਹੈ।"
"ਸਾਡੇ ਹੱਥ ਖਾਲੀ ਦੇ ਖਾਲੀ ਰਹਿੰਦੇ ਹਨ। ਜੇਕਰ ਕਣਕ ਹੋ ਜਾਵੇ ਤਾਂ ਨਰਮਾ ਨਹੀਂ ਹੁੰਦਾ। ਜੇ ਨਰਮਾ ਹੋ ਜਾਵੇ ਤਾਂ ਮੂੰਗੀ ਖ਼ਰਾਬ ਹੋ ਜਾਂਦੀ ਹੈ। ਪਾਣੀ ਨੇ ਤਾਂ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਵੀ ਨਸ਼ਟ ਕਰ ਦਿੱਤਾ ਹੈ।"
"ਅਸੀਂ ਆਪਣੇ ਪੱਲਿਓਂ ਪੈਸੇ ਖਰਚ ਕਰਕੇ ਮੋਟਰਾਂ ਰਾਹੀਂ ਆਪਣੇ ਖੇਤਾਂ ਵਿੱਚੋਂ ਪਾਣੀ ਕੱਢਣ ਲਈ ਮਜਬੂਰ ਹਾਂ। ਸਰਕਾਰ ਜਦੋਂ ਆਊਗੀ ਦੇਖੀ ਜਾਊਗੀ ਫਿਲਹਾਲ ਅਸੀਂ ਕਸੂਤੇ ਫਸੇ ਹੋਏ ਹਾਂ।"
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਵੱਲੋਂ ਪਿੰਡਾਂ ਵਿੱਚ ਜਾ ਕੇ ਕਈ ਥਾਵਾਂ ਉੱਪਰ ਕਿਸਾਨਾਂ ਨੂੰ ਖੇਤਾਂ ਵਿੱਚੋਂ ਪਾਣੀ ਕੱਢਣ ਲਈ ਪੌਲੀਥੀਨ ਦੀਆਂ ਪਾਈਪਾਂ ਦਿੱਤੀਆਂ ਗਈਆਂ ਹਨ।
ਪਹਿਲਾਂ ਵੀ ਹੋਈ ਸੀ ਤਬਾਹੀ
ਸੁਖਦੇਵ ਸਿੰਘ ਪਿੰਡ ਡੱਬਵਾਲਾ ਕਲਾਂ ਦੇ ਵਸਨੀਕ ਹਨ। ਉਨ੍ਹਾਂ ਦੀ ਵੱਖ-ਵੱਖ ਥਾਵਾਂ ਉਪਰ 26 ਏਕੜ ਵਿੱਚ ਬੀਜੀ ਮੂੰਗੀ ਦੀ ਫ਼ਸਲ, ਝੋਨਾ ਅਤੇ ਨਰਮਾ ਪਾਣੀ ਵਿੱਚ ਡੁੱਬ ਗਿਆ ਹੈ।
ਇਸ ਖਿੱਤੇ ਦੇ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਸਾਲ 2014 ਵਿੱਚ ਫਸਲਾਂ ਦੀ ਇਸੇ ਤਰ੍ਹਾਂ ਮੀਂਹ ਦੇ ਪਾਣੀ ਨਾਲ ਤਬਾਹੀ ਹੋਈ ਸੀ।
ਫਿਰ ਸਾਲ 2020 ਵਿਚ ਅਤੇ ਹੁਣ 2022 ਵਿੱਚ ਫ਼ਸਲਾਂ ਦੀ ਤਬਾਹੀ ਦਾ ਉਹੀ ਮੰਜ਼ਰ ਫਿਰ ਦੇਖਣ ਨੂੰ ਮਿਲ ਰਿਹਾ ਹੈ।
ਸੁਖਦੇਵ ਸਿੰਘ ਨੇ ਦੱਸਿਆ, "ਮੈਂ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਆਪਣੇ ਸਾਥੀ ਕਿਸਾਨਾਂ ਨਾਲ ਰਲ ਕੇ ਮੋਟਰਾਂ ਰਾਹੀਂ ਖੇਤਾਂ ਵਿੱਚੋਂ ਪਾਣੀ ਕੱਢਣ ਵਿੱਚ ਰੁੱਝਿਆ ਹੋਇਆ ਹਾਂ। ਪਾਣੀ ਤਾਂ ਆਉਣ ਵਾਲੇ 10 ਦਿਨਾਂ ਵਿੱਚ ਨਿਕਲ ਜਾਵੇਗਾ ਪਰ ਫਿਕਰ ਇਸ ਗੱਲ ਦੀ ਹੈ ਕਿ ਅਗਲੀ ਫਸਲ ਬੀਜਣ ਲਈ ਪੈਸੇ ਕਿਥੋਂ ਲਿਆਂਦੇ ਜਾਣ।"
"ਮੈਂ ਅਤੇ ਮੇਰਾ ਪਰਿਵਾਰ ਨਿਰਾਸ਼ਤਾ ਦੇ ਆਲਮ ਵਿੱਚ ਹਾਂ। ਕੁਝ ਨਹੀਂ ਸੁੱਝ ਰਿਹਾ ਕਿ ਸਾਡਾ ਭਵਿੱਖ ਕੀ ਹੋਵੇਗਾ। ਮੈਨੂੰ ਤਾਂ ਲੱਗਦਾ ਹੈ ਕਿ ਸਰਕਾਰ ਵੀ ਸਾਡੇ ਲਈ ਇੰਨੀ ਜਲਦੀ ਕੁਝ ਨਹੀਂ ਕਰ ਸਕਦੀ।"
"ਅਗਲੀ ਫ਼ਸਲ ਤਾਂ ਕਿਸੇ ਨਾ ਕਿਸੇ ਢੰਗ ਨਾਲ ਮੈਂ ਬੀਜ ਦੇਵਾਂਗਾ ਪਰ ਉਹ ਫ਼ਸਲ ਕਿੰਨਾ ਝਾੜ ਦਿੰਦੀ ਹੈ ਇਹ ਤਾਂ ਰੱਬ ਨੂੰ ਹੀ ਪਤਾ ਹੈ। ਹਿੰਮਤ ਕਰਨਾ ਸਾਡਾ ਫਰਜ਼ ਹੈ, ਪਰ ਡੋਰੀ ਪ੍ਰਮਾਤਮਾ ਉੱਪਰ ਹੀ ਹੈ।"
ਗੁਰਜੀਤ ਸਿੰਘ ਪਿੰਡ ਬੁਰਜ ਦੇ ਸਾਬਕਾ ਸਰਪੰਚ ਹਨ। ਉਹ ਆਪਣੇ ਭਰਾ ਨਾਲ ਬੈਠੇ ਆਪਣੇ ਖੇਤ ਵਿੱਚ ਪਾਣੀ ਨਾਲ ਡੁੱਬੇ ਝੋਨੇ ਨੂੰ ਭਰੇ ਮਨ ਨਾਲ ਵੇਖ ਰਹੇ ਸਨ।
ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਖੇਤਰ ਵਿੱਚ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਾਰਨ ਅਤੇ ਵਾਰ-ਵਾਰ ਪਾਣੀ ਦੀ ਮਾਰ ਨਾਲ ਫਸਲਾਂ ਤਬਾਹ ਹੋਣ ਤੋਂ ਬਚਣ ਲਈ ਕਈ ਲੋਕਾਂ ਨੇ ਆਪਣੇ ਖੇਤਾਂ ਵਿੱਚ ਮੱਛੀ ਪਾਲਣ ਪਲਾਂਟ ਲਗਾਏ ਸਨ, ਪਰ ਉਹ ਵੀ ਪਾਣੀ ਦੀ ਗੁਣਵੱਤਾ ਮਾੜੀ ਹੋਣ ਕਾਰਨ ਚੱਲ ਨਹੀਂ ਸਕੇ ਸਨ।
ਉਹ ਕਹਿੰਦੇ ਹਨ, "ਮੈਂ ਆਪਣੀ 13 ਏਕੜ ਜ਼ਮੀਨ ਵਿੱਚ ਝੋਨੇ ਦੀ ਫਸਲ ਬੀਜੀ ਸੀ, ਜੋ ਹੁਣ ਡੁੱਬ ਕੇ ਤਬਾਹ ਹੋ ਗਈ ਹੈ। ਸਾਡੀ ਤਾਂ ਸਰਕਾਰ ਤੋਂ ਇਹੀ ਮੰਗ ਹੈ ਕਿ ਹੋਰ ਨੀਵੇਂ ਖੇਤਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਸੇਮ ਨਾਲਿਆਂ ਦਾ ਯੋਗ ਪ੍ਰਬੰਧ ਕਰੇ।"
"ਠੀਕ ਹੈ, ਸਰਕਾਰ ਗਰਦਾਵਰੀ ਕਰਵਾ ਲਵੇਗੀ ਪਰ ਜਿੰਨਾ ਚਿਰ ਪੀਡ਼ਤ ਕਿਸਾਨਾਂ ਨੂੰ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਨਹੀਂ ਮਿਲਦਾ ਓਨਾ ਚਿਰ ਘਾਟਾ ਪੂਰਾ ਨਹੀਂ ਹੋ ਸਕਦਾ।"
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਤੇ ਉਹ ਪਾਣੀ ਨਾਲ ਨੁਕਸਾਨ ਨੁਕਸਾਨੀ ਗਈ ਫ਼ਸਲ ਦਾ ਇਕ ਇਕ ਮਰਲੇ ਦਾ ਲੇਖਾ ਜੋਖਾ ਕਰਕੇ ਰਿਪੋਰਟ ਸਰਕਾਰ ਨੂੰ ਭੇਜਣ।
ਇਹ ਵੀ ਪੜ੍ਹੋ-
https://www.youtube.com/watch?v=jLWUygGh4SE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਹਰ ਘਰ ਤਿਰੰਗਾ: ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਇਸ ਮੁਹਿੰਮ ਲਈ ਸਰਕਾਰ ਕਿੰਨਾ ਖਰਚ ਕਰ ਰਹੀ ਹੈ ਤੇ...
NEXT STORY