ਅਮਰੀਕਾ ਦੀ ਜਾਂਚ ਏਜੰਸੀ ਐੱਫ਼ਬੀਆਈ ਯੂਐੱਸ ਵਿੱਚ ਚੀਨ ਦੇ ‘ਗੁਪਤ ਪੁਲਿਸ ਸਟੇਸ਼ਨ’ ਦੀਆਂ ਰਿਪੋਰਟਾਂ ਮਿਲਣ ਕਾਰਨ ਚਿੰਤਾ ਵਿੱਚ ਆ ਗਈ ਹੈ।
ਸੇਫਗਾਰਡ ਡਿਫੈਂਡਰਜ਼ ਨਾਮ ਦੀ ਐਨਜੀਓ ਨੇ ਆਪਣੀ ਸਤੰਬਰ ਮਹੀਨੇ ਦੀ ਰਿਪੋਰਟ ਵਿੱਚ ਦਰਸਾਇਆ ਹੈ ਕਿ ਅਜਿਹੇ ਪੁਲਿਸ ਸਟੇਸ਼ਨ ਨਿਊਯਾਰਕ ਸਮੇਤ ਪੂਰੇ ਵਿਸ਼ਵ ਵਿੱਚ ਹਨ।
ਐੱਫ਼ਬੀਆਈ ਦੇ ਡਾਇਰੈਕਟਰ ਕਰਿਸਟੌਫ਼ਰ ਰੇਅ ਨੇ ਸੀਨੀਅਰ ਲੀਡਰਾਂ ਨੂੰ ਕਿਹਾ ਹੈ ਕਿ ਜਾਂਚ ਏਜੰਸੀ ਅਜਿਹੇ ਸੈਂਟਰਾਂ ਦੀਆਂ ਰਿਪੋਰਟਾਂ ਉੱਪਰ ਨਿਗਾ ਰੱਖ ਰਹੀ ਹੈ।
ਰੇਅ ਨੇ ਕਿਹਾ, “ਅਸੀਂ ਅਜਿਹੇ ਸਟੇਸ਼ਨਾਂ ਦੀ ਹੋਂਦ ਬਾਰੇ ਜਾਣੂ ਹਾਂ।”
ਉਹਨਾਂ ਕਿਹਾ, “ਮੇਰੇ ਲਈ ਇਹ ਸੋਚਣਾ ਝਟਕੇ ਵਾਲੀ ਗੱਲ ਹੈ ਕਿ ਚੀਨ ਦੀ ਪੁਲਿਸ ਅਜਿਹੇ ਅੱਡੇ ਸਥਾਪਿਤ ਕਰਨ ਦਾ ਯਤਨ ਕਰ ਸਕਦੀ ਹੈ। ਤੁਹਾਨੂੰ ਪਤਾ ਹੈ, ਬਿਨਾ ਕਿਸੇ ਤਾਲਮੇਲ ਦੇ ਨਿਊਯਾਰਕ ਵਿੱਚ ਅਜਿਹਾ ਹੋ ਰਿਹਾ ਹੈ।”
“ਇਹ ਪ੍ਰਭੂਸੱਤਾ ਦੀ ਉਲੰਘਣਾ ਹੈ ਅਤੇ ਗੱਲਬਾਤ ਦੇ ਰਸਤੇ ਵਿੱਚ ਅੜਿੱਕੇ ਪਾਉਣਾ ਹੈ।''''
ਇਹ ਪੁੱਛਣ ਉੱਤੇ ਕਿ ਕੀ ਇਹ ਸਟੇਸ਼ਨ ਅਮਰੀਕੀ ਕਾਨੂੰਨ ਦੀ ਉਲੰਘਣਾ ਕਰਦੇ ਹਨ ਤਾ ਉਨ੍ਹਾਂ ਕਿਹਾ ਕਿ ਐੱਫ਼ਬੀਆਈ ਇਸ ਦੇ ‘ਕਾਨੂੰਨੀ ਨਿਯਮਾਂ ਨੂੰ ਦੇਖ’ ਰਹੀ ਹੈ।
ਖੂਫ਼ੀਆ ਏਜੰਸੀ ਦੇ ਇਹ ਸੀਨੀਅਰ ਅਫ਼ਸਰ ਯੂਐੱਸ ਸੈਨੇਟ ਹੋਮਲੈਂਡ ਸੁਰੱਖਿਆ ਅਤੇ ਸਰਕਾਰੀ ਮਾਮਲਿਆਂ ਦੀ ਕਮੇਟੀ ਅੱਗੇ ਬੋਲ ਰਹੇ ਸਨ।
ਉਨ੍ਹਾਂ ਤੋਂ ਸੀਨੀਅਰ ਕਾਨੂੰਨਸਾਜਾਂ ਨੇ ਵੀ ਇਸ ਬਾਰੇ ਪੁੱਛਗਿੱਛ ਕੀਤੀ।
ਵਿਦੇਸ਼ੀ ਧਰਤੀ ਉੱਪਰ ਚੀਨ ਦੇ ਸਟੇਸ਼ਨ:
- ਚੀਨ ਵੱਲੋਂ ਅਮਰੀਕਾ ’ਚ ਪੁਲਿਸ ਸਟੇਸ਼ਨ ਖੋਲ੍ਹਣ ਦੀਆਂ ਰਿਪੋਰਟਾਂ।
- ਇਹਨਾਂ ਰਿਪੋਰਟਾਂ ਨੇ ਐੱਫ਼ਬੀਆਈ ਦੀਆਂ ਚਿੰਤਾਵਾਂ ਵਧਾਈਆਂ।
- ਸੇਫਗਾਰਡ ਡਿਫੈਂਡਰਜ਼ ਨਾਮ ਦੀ ਐਨਜੀਓ ਨੇ ਅਜਿਹੇ ਸਟੇਸ਼ਨ ਕਈ ਦੇਸ਼ਾਂ ਵਿੱਚ ਹੋਣ ਦੀ ਗੱਲ ਆਖੀ।
- ਚੀਨ ਨੇ ਅਜਿਹੇ ਸਟੇਸ਼ਨ ਚਲਾਏ ਜਾਣ ਤੋਂ ਇਨਕਾਰ ਕੀਤਾ ਹੈ।
‘ਕਈ ਦੇਸ਼ਾਂ ਵਿੱਚ ਠਿਕਾਣੇ ਸਥਾਪਤ ਕੀਤੇ’
ਸਪੇਨ ਦੀ ਸੇਫਗਾਰਡ ਡਿਫੈਂਡਰਜ਼ ਐਨਜੀਓ ਮੁਤਾਬਕ ਚੀਨ ਦੀ ਪਬਲਿਕ ਸਕਿਊਰਟੀ ਬਿਓਰੋ ਨੇ ਕਈ ਦੇਸ਼ਾਂ ਵਿੱਚ ਆਪਣੇ ਠਿਕਾਣੇ ਸਥਾਪਤ ਕੀਤੇ ਹਨ।
ਇਹਨਾਂ ਵਿੱਚ ਲੰਡਨ ਦੇ ਦੋ ਸਟੇਸ਼ਨ ਅਤੇ ਗਲਾਸਗੋ ਦਾ ਇੱਕ ਠਿਕਾਣਾ ਸ਼ਾਮਿਲ ਹੈ।
ਇੱਕ ਕੈਨਡਾ ਦੇ ਟੋਰਾਂਟੋ ਅਤੇ ਇੱਕ ਨਿਊਯਾਰਕ ਵਿੱਚ ਮਿਲਿਆ ਹੈ।
ਕੀ ਕੰਮ ਕਰਦੇ ਹਨ ਇਹ ਸਟੇਸ਼ਨ ?
ਇਹ ਯੁਨਿਟਾਂ ਕੌਮਾਂਤਰੀ ਅਪਰਾਧ ਨਾਲ ਨਜਿੱਠਣ ਅਤੇ ਵਿਦੇਸ਼ਾਂ ਵਿੱਚ ਚੀਨੀ ਨਾਗਰਿਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਲਈ ਬਣਾਈਆਂ ਗਈਆਂ ਸਨ।
ਇਹਨਾਂ ਵਿੱਚ ਵਿਦੇਸ਼ਾਂ ’ਚ ਡਰਾਇਵਰ ਲਾਇਸੈਂਸਾਂ ਦਾ ਨਵੀਨੀਕਰਨ ਅਤੇ ਹੋਰ ਕੌਂਸਲਰ ਸੇਵਾਵਾਂ ਸ਼ਾਮਿਲ ਹਨ।
ਪਰ ਫ਼ਿਰ ਵੀ ਸੇਫਗਾਰਡ ਡਿਫੈਂਡਰਜ਼ ਨੇ ਕਿਹਾ ਕਿ ਉਹ ਕਈ ਅਪਰਾਧਿਕ ਟੀਚਿਆਂ ਲਈ ਵੀ ਕੰਮ ਕਰਦੇ ਹਨ।
ਇਸ ਤਰ੍ਹਾਂ ਉਹ ਗੈਰ ਕਾਨੂੰਨੀ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਵਿਦੇਸ਼ਾਂ ’ਚ ਰਹਿ ਰਹੇ ਚੀਨੀ ਲੋਕਾਂ ਉੱਪਰ ਰੋਕ ਲਗਾਉਣ ਦਾ ਵੀ ਕੰਮ ਕਰਦੇ ਹਨ।
ਇਹ ਵੀ ਪੜ੍ਹੋ:
ਚੀਨ ਦਾ ਇਨਕਾਰ
ਚੀਨ ਨੇ ਅਜਿਹੇ ਸਟੇਸ਼ਨ ਚਲਾਏ ਜਾਣ ਤੋਂ ਇਨਕਾਰ ਕੀਤਾ ਹੈ।
ਰੇਅ ਦਾ ਕਹਿਣਾ ਹੈ ਕਿ ਅਮਰੀਕਾ ਨੇ ਚੀਨੀ ਸਰਕਾਰ ਉੱਤੇ ਦੇਸ਼ ਵਿੱਚ ਲੋਕਾਂ ਨੂੰ ਪਰੇਸ਼ਾਨ ਕਰਨ, ਉਹਨਾਂ ਦਾ ਪਿੱਛਾ ਕਰਨ, ਨਿਗਰਾਨੀ ਰੱਖਣ ਅਤੇ ਬਲੈਕਮੇਲ ਕਰਨ ਨਾਲ ਸਬੰਧਤ ਕਈ ਚਾਰਜ ਲਗਾਏ ਹਨ।
ਇਹ ਉਹ ਲੋਕ ਸਨ ਜੋ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਆਲੋਚਕ ਸਨ।
ਉਸ ਨੇ ਕਿਹਾ, “ਇਹ ਅਸਲ ਸਮੱਸਿਆ ਹੈ। ਅਸੀਂ ਇਸ ਬਾਰੇ ਆਪਣੇ ਵਿਦੇਸ਼ੀ ਦੋਸਤਾਂ ਨਾਲ ਵੀ ਗੱਲ ਕਰ ਰਹੇ ਹਾਂ। ਸਾਡਾ ਦੇਸ਼ ਕੋਈ ਇਕੱਲਾ ਨਹੀਂ ਹੈ ਜਿੱਥੇ ਇਹ ਸਭ ਵਾਪਰ ਰਿਹਾ ਹੈ।”
ਅਕਤੂਬਰ ਵਿੱਚ ਅਮਰੀਕਾ ਨੇ ਸੱਤ ਚੀਨੀ ਨਾਗਰਿਕਾਂ ਦੇ ਵਿਰੁੱਧ ਅਪਰਾਧਿਕ ਦੋਸ਼ ਲਗਾਏ ਸਨ।
ਇਹਨਾਂ ਉੱਪਰ ਇੱਕ ਅਮਰੀਕਾ ਨਿਵਾਸੀ ਤੇ ਉਸਦੇ ਪਰਿਵਾਰ ਦੀ ਜਾਸੂਸੀ ਅਤੇ ਪਰੇਸ਼ਾਨ ਕਰਨ ਦਾ ਇਲਜ਼ਾਮ ਸੀ।
ਪਿਛਲੇ ਮਹੀਨੇ ਚੀਨ ਦਾ ਇੱਕ ਪੁਲਿਸ ਸਟੇਸ਼ਨ ਆਇਰਲੈਂਡ ਦੀ ਰਾਜਧਾਨੀ ਡਬਲਿਨ ਵਿੱਚ ਵੀ ਬੰਦ ਕਰਨ ਦਾ ਹੁਕਮ ਦਿੱਤਾ ਸੀ।
ਇਹ ਹੁਕਮ ਵੀ ਸੇਫਗਾਰਡ ਡਿਫੈਂਡਰਜ਼ ਸੰਸਥਾ ਦੇ ਕੰਮਾਂ ਦਾ ਹੀ ਨਤੀਜਾ ਸੀ।
ਕੈਨੇਡਾ ਦੇ ਖ਼ੂਫ਼ੀਆ ਅਫ਼ਸਰਾਂ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਕਰ ਰਹੇ ਹਨ ਕਿ ਚੀਨ ਨੇ ਉਨ੍ਹਾਂ ਦੀ ਧਰਤੀ ਉੱਪਰ ਅਣ-ਅਧਿਕਾਰਿਤ ਪੁਲਿਸ ਸਟੇਸ਼ਨ ਖੋਲੇ ਹਨ।

ਫੀਫਾ ਵਰਲਡ ਕੱਪ 2022: ਕਤਰ ਵਿੱਚ ਹੋ ਰਹੇ ਇਸ ਟੂਰਨਾਮੈਂਟ ਬਾਰੇ ਅਹਿਮ ਗੱਲਾਂ ਤੇ ਵਿਵਾਦ
NEXT STORY