ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵੱਲੋਂ ‘ਖਾਲਸਾ ਵਹੀਰ’ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜਥੇਬੰਦੀ ਵੱਲੋਂ ਇਸ ਵਹੀਰ ਲਈ ਜਿੱਥੇ ਇੱਕ ਤੈਅ ਰੂਟ ਦੀ ਜਾਣਕਾਰੀ ਦਿੱਤੀ ਹੈ ਉੱਥੇ ਹੀ ਇਸ ਵਹੀਰ ਬਾਰੇ ਕੁਝ ਹਦਾਇਤਾਂ ਵੀ ਦਿੱਤੀਆਂ ਹਨ।
ਇਸ ਵਹੀਰ ਦੀ ਸ਼ਰੂਆਤ 23 ਨਵੰਬਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਹੋਵੇਗੀ। ਇਸ ਵਿੱਚ ਅੰਮ੍ਰਿਤਪਾਲ ਸਿੰਘ ਵੱਲੋਂ ਸਿੱਖ ਸੰਗਤਾਂ ਨੂੰ ਵੱਧ ਚੜ੍ਹਕੇ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਕੁਝ ਹਦਾਇਤਾਂ ਵੀ ਇਸ ਬਾਰੇ ਜਾਰੀ ਕੀਤੀਆਂ ਗਈਆਂ ਹਨ।
ਖਾਲਸਾ ਵਹੀਰ ਵਿੱਚ ਸ਼ਾਮਿਲ ਹੋਣ ਲਈ ਸ਼ਰਤਾਂ
- ਖਾਲਸਾ ਵਹੀਰ ਦੌਰਾਨ ਮੌਬਾਇਲ ਦੀ ਵਰਤੋਂ, ਫ਼ੋਟੋਗ੍ਰਾਫ਼ੀ, ਵੀਡੀਓਗ੍ਰਾਫ਼ੀ, ਲਾਇਵ ਆਦਿ ਦੀ ਪੂਰਨ ਮਨਾਹੀ ਹੋਵੇਗੀ।
- ਪੜਾਅ ਉੱਤੇ ਰਾਤ ਰਹਿਣ ਦਾ ਪ੍ਰਬੰਧ ਕੇਵਲ ਜਥੇਬੰਦੀ ਦੇ ਮਰਦ ਮੈਂਬਰਾਂ ਦਾ ਹੀ ਹੋਵੇਗਾ। ਪਰਿਵਾਰ ਸਮੇਤ ਖ਼ਾਸਕਰ ਔਰਤਾਂ ਤੇ ਬੱਚਿਆਂ ਨਾਲ ਸ਼ਾਮਲ ਹੋਣ ਵਾਲਿਆਂ ਲਈ ਰਿਹਾਇਸ਼ ਦਾ ਪ੍ਰਬੰਧ ਨੇੜਲੇ ਗੁਰਦੁਆਰਿਆਂ ਵਿੱਚ ਕੀਤਾ ਜਾਵੇਗਾ।
- ਠੰਢੇ ਮੌਸਮ ਦੇ ਚਲਦਿਆਂ ਤੇ ਮੀਂਹ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਗਰਮ ਕੱਪੜੇ, ਬਿਸਤਰੇ ਤੇ ਹੋਰ ਲੋੜੀਂਦੇ ਸਮਾਨ ਨਾਲ ਲਿਆਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ।
- ਰੌਲਾ ਪਾਉਣ ਤੇ ਇਸ਼ਤਿਹਾਰਬਾਜ਼ੀ ਦੀ ਮਨਾਹੀ ਹੋਵੇਗੀ। ਕਾਰਾਂ, ਮੋਟਰਸਾਈਕਲਾਂ ਤੇ ਟਰੈਕਟਰਾਂ ’ਤੇ ਕਿਸੇ ਵੀ ਕਿਸਮ ਦੀ ਇਸ਼ਤਿਹਾਰਬਾਜ਼ੀ ਤੋਂ ਗ਼ੁਰੇਜ਼ ਕਰਨ ਲਈ ਕਿਹਾ ਗਿਆ ਹੈ।
- ਸੜਕ ’ਤੇ ਚਲਦਿਆਂ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਤੰਗੀ ਨਾ ਦਿੱਤੀ ਜਾਵੇਇਸ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ
- ਰਾਹ ਵਿੱਚ ਖਾਣ ਪੀਣ ਦੀਆਂ ਵਸਤਾਂ ਵੰਡਣ ਉੱਤੇ ਵੀ ਮਨਾਹੀ ਹੈ। ਲੰਗਰ ਨਿਰਧਾਰਿਤ ਥਾਵਾਂ ’ਤੇ ਛੱਕਣ ਲਈ ਕਿਹਾ ਗਿਆ ਹੈ।
- ਰਾਹ ਵਿੱਚ ਸਹਿਜ ਨਾਲ ਚੱਲਣ ਦੀ ਹਦਾਇਤ ਵੀ ਕੀਤੀ ਗਈ ਹੈ।
ਖਾਲਸਾ ਵਹੀਰ ਕਿੱਥੋਂ ਕਿੱਥੋਂ ਜਾਵੇਗਾ
ਅੰਮ੍ਰਿਤਪਾਲ ਦੀ ਅਗਵਾਈ ਵਿੱਚ ਚੱਲਣ ਵਾਲਾ ਇਹ ਮਾਰਚ ਜਿਸ ਨੂੰ ‘ਖਾਲਸਾ ਵਹੀਰ’ ਦਾ ਨਾਮ ਦਿੱਤਾ ਗਿਆ ਹੈ ਬੁੱਧਵਾਰ, 23 ਨਵੰਬਰ ਨੂੰ ਜੰਡਿਆਲਾ ਗੁਰੂ ਕਾ ਤੋਂ ਰਵਾਨਾ ਹੋਵੇਗੀ ਤੇ ਇਸ ਦਾ ਆਖ਼ਰੀ ਪੜ੍ਹਾਅ ਸ਼੍ਰੀ ਅੰਨਦਪਰ ਸਾਹਿਬ ਹੋਵੇਗਾ।
ਦਿੱਤੀ ਜਾਣਕਾਰੀ ਮੁਤਾਬਕ 1-2 ਦਸੰਬਰ ਤੱਕ ਚੱਲਣ ਵਾਲਾ ਮਾਰਚ ਅੱਠ ਪੜਾਵਾਂ ’ਤੇ ਠਹਿਰਾ ਕਰੇਗਾ।
ਜੰਡਿਆਲਾ ਤੋਂ ਸ਼ੁਰੂ ਹੋ ਕੇ ਡੱਡੂਆਣਾ, ਭੋਏਵਾਲ, ਮਹਿਤਾ ਚੌਕ, ਬਾਬਾ ਬਕਾਲਾ ਸਾਹਿਬ, ਮੀਆਂਵਿੰਡ, ਨਾਗੋਕੇ, ਖਡੂਰ ਸਾਹਿਬ ਧੂੰਦਾ ਗੋਇੰਦਵਾਲ ਸਾਹਿਬ, ਨਵਾਂ ਸ਼ਹਿਰ ਤੇ ਰੋਪੜ ਤੋਂ ਹੁੰਦਾ ਹੋਇਆ ਸ਼੍ਰੀ ਅੰਨਦਪਰ ਸਾਹਿਬ ਜਾ ਕੇ ਰੁਕੇਗਾ।
-
ਵਾਰਿਸ ਪੰਜਾਬ ਦੀ ਜਥੇਬੰਦੀ ਕਦੋਂ ਹੋਂਦ ’ਚ ਆਈ
ਮਰਹੂਮ ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ ਵੱਲੋਂ ਵਾਰਿਸ ਪੰਜਾਬ ਦੇ ਨਾਮ ਦੀ ਜਥੇਬੰਦੀ ਦਾ ਗਠਨ ਸਤੰਬਰ 2021 ਵਿੱਚ ਕੀਤਾ ਸੀ।
ਉਸ ਵੇਲੇ ਉਨਾਂ ਵਲੋਂ ਇਸ ਨੂੰ ਬਣਾਉਣ ਪਿੱਛੇ ਮਕਸਦ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਦੱਸਿਆ ਗਿਆ ਸੀ।
ਦੀਪ ਸਿਧੂ ਵਲੋਂ ‘ਵਾਰਿਸ ਪੰਜਾਬ ਦੀ’ ਜਥੇਬੰਦੀ ਨਾਲ ਨੌਜਵਾਨਾਂ ਨੂੰ ਜੋੜਨ ਦਾ ਕੰਮ ਕੀਤਾ ਗਿਆ।
ਉਹ ਕਿਸਾਨ ਅੰਦੋਲਨ ਦੌਰਾਨ ਸਰਗ਼ਰਮ ਰਹੇ ਤੇ 26 ਜਨਵਰੀ 2021 ਨੂੰ ਲਾਲ ਕਿਲ੍ਹੇ ਵੱਲ ਗਈ ਭੀੜ ਦਾ ਹਿੱਸਾ ਰਹਿਣ ਕਾਰਨ ਵਿਵਾਦਾਂ ਵਿੱਚ ਰਹੇ।
ਮਰਹੂਮ ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ
ਕੌਣ ਹਨ ਅੰਮ੍ਰਿਤਪਾਲ ਸਿੰਘ
ਅੰਮ੍ਰਿਤਪਾਲ ਸਿੰਘ ਹੁਣ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਹਨ।
ਅੰਮ੍ਰਿਤਪਾਲ ਸਿੰਘ ਦਾ ਦਾਅਵਾ ਹੈ ਕਿ ਉਹ ਪੰਜਾਬ ਦੇ ਮੁੱਦਿਆਂ ਪ੍ਰਤੀ ਦੀਪ ਸਿੱਧੂ ਦੀ ਸੰਵੇਦਨਾ ਦੇਖਦਿਆਂ ਉਨ੍ਹਾਂ ਤੋਂ ਪ੍ਰਭਾਵਿਤ ਹੋਏ ਤੇ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੇ ਕਰੀਬੀਆਂ ਵਿੱਚ ਸ਼ੁਮਾਰ ਹੋਏ।
ਅੰਮ੍ਰਿਤਪਾਲ ਨਵੰਬਰ 2020 ਤੋਂ ਸ਼ੁਰੂ ਹੋਏ ਤੇ ਕਰੀਬ ਇੱਕ ਸਾਲ ਲੰਬਾ ਚੱਲੇ ਕਿਸਾਨੀ ਅੰਦੋਨਲ ਦੌਰਾਨ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹੇ ਇਸ ਦੌਰਾਨ ਉਹ ਦੀਪ ਸਿੱਧੂ ਦਾ ਵੀ ਖੁੱਲ੍ਹ ਕੇ ਸਮਰਥਨ ਕਰਦੇ ਨਜ਼ਰ ਆਏ। ਇੱਥੋਂ ਹੀ ਉਹ ਕੁਝ ਚਰਚਾ ਵਿਚ ਆਏ ਸਨ।
ਅੰਮ੍ਰਿਤਪਾਲ ਸਿੰਘ ਦੀ ਪਹਿਲਾਂ ਦੀ ਤੇ ਹੁਣ ਦੀ ਤਸਵੀਰ
15 ਫਰਵਰੀ 2022 ਵਿੱਚ ਸੜਕ ਹਾਦਸੇ ਵਿੱਚ ਦੀਪ ਸਿੱਧੂ ਦੀ ਮੌਤ ਹੋ ਗਈ ਸੀ।
ਜਿਸ ਤੋਂ ਬਾਅਦ ਅੰਮ੍ਰਿਤਪਾਲ ‘ਵਾਰਿਸ ਪੰਜਾਬ ਦੇ’ ਜਥਬੰਦੀ ਦੇ ਪ੍ਰਧਾਨ ਬਣੇ।
ਅੰਮ੍ਰਿਤਪਾਲ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਤੇ ਪੰਜਾਬੀਅਤ ਦੇ ਮਸਲਿਆਂ ’ਤੇ ਨੌਜਵਾਨਾਂ ਨੂੰ ਇਕੱਠਿਆਂ ਕਰਨਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਹਨ ਕਿ ਸਿੱਖਾਂ ਨਸਲਵਾਦ ਦਾ ਸ਼ਿਕਾਰ ਹੋ ਰਹੇ ਹਨ।
ਅੰਮ੍ਰਿਤਪਾਲ ਨਸਲਵਾਦ ਨੂੰ ਪ੍ਰਭਾਸ਼ਿਤ ਕਰਦਿਆਂ ਕਹਿੰਦੇ ਹਨ ਕਿ ਸਿੱਖ ਆਪਣੇ ਪਹਿਰਾਵੇ ਤੇ ਬੋਲੀ ਨੂੰ ਲੈ ਕੇ ਹੀਣਾ ਮਹਿਸੂਸ ਕਰਨ ਲੱਗੇ ਹਨ ਜੋ ਕਿ ਨਸਲਵਾਦ ਦਾ ਹੀ ਰੂਪ ਹੈ।
ਉਨ੍ਹਾਂ ਵਲੋਂ ਇਨ੍ਹਾਂ ਮਸਲਿਆਂ ਨਾਲ ਨਜਿੱਠਣ ਦਾ ਇੱਕ ਹੱਲ ਦੱਸਿਆ ਜਾਂਦਾ ਹੈ ਸਿੱਖ ਰਿਵਾਇਤਾਂ ਮੁਤਾਬਕ ਅੰਮ੍ਰਿਤ ਛੱਕਣਾ।
ਅੰਮ੍ਰਿਤਪਾਲ ਵਲੋਂ ਪੰਜਾਬ ਵਿੱਚ ਲਗਾਤਾਰ ਅਜਿਹੇ ਸਮਾਗਮ ਕਰਵਾਏ ਗਏ ਜਿਨ੍ਹਾਂ ਵਿੱਚ ਆਮ ਲੋਕਾਂ ਨੂੰ ਅੰਮ੍ਰਿਤ ਛਕਾਇਆ ਗਿਆ।
ਹਾਲਾਂਕਿ ਉਹ ਇਹ ਵੀ ਦਾਅਵਾ ਕਰਦੇ ਹਨ ਕਿ ''ਵਾਰਿਸ ਪੰਜਾਬ ਦੇ'' ਜਥੇਬੰਦੀ ਦੇ ਗਠਨ ਵੇਲੇ ਉਹ ਪਿੱਛੇ ਰਹਿ ਕੇ ਕੰਮ ਕਰਦੇ ਸਨ।
ਪਰ ਉਹ ਦੀਪ ਸਿੱਧੂ ਦੀ ਮੌਤ ਮੌਕੇ ਅੰਤਿਮ ਸਸਕਾਰ ਅਤੇ ਭੋਗ ਸਮਾਗਮ ਵਿੱਚ ਹਾਜ਼ਰ ਨਹੀਂ ਸਨ।
ਦੂਜੇ ਪਾਸੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਇਹ ਵੀ ਦਾਅਵਾ ਕਰਦੇ ਹਨ,''''ਅੰਮ੍ਰਿਤਪਾਲ ਦਾ ਮੋਬਾਇਲ ਨੰਬਰ ਦੀਪ ਸਿੱਧੂ ਨੇ ਬਲੌਕ ਕੀਤਾ ਹੋਇਆ ਸੀ। ਉਸ ਦੀ ਦੀਪ ਦੇ ਪਰਿਵਾਰ ਨਾਲ ਕਦੇ ਕੋਈ ਗੱਲਬਾਤ ਨਹੀਂ ਹੋਈ।''''
ਅੰਮ੍ਰਿਤਪਾਲ ਸਿੰਘ ਇੱਕ ਮੀਡੀਆ ਇੰਟਰਵਿਊ ਵਿੱਚ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਦੂਖੇੜ੍ਹਾ ਪਿੰਡ ਵਿੱਚ ਹੋਇਆ ਹੈ।
ਉੱਥੇ ਹੀ ਸਕੂਲੀ ਪੜ੍ਹਾਈ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਉਹ ਰੁਜ਼ਗਾਰ ਦੀ ਭਾਲ ਵਿੱਚ ਅਰਬ ਚਲੇ ਗਏ।
ਉਨ੍ਹਾਂ ਦੇ ਪਿਤਾ ਦਾ ਨਾਂ ਤਰਸੇਮ ਸਿੰਘ ਅਤੇ ਮਾਤਾ ਨਾਂ ਬਲਵਿੰਦਰ ਕੌਰ ਹੈ। ਤਰਸੇਮ ਸਿੰਘ ਦੁਬਈ ਵਿੱਚ ਟਰਾਂਸਪੋਰਟ ਦਾ ਕੰਮ ਕਰਦੇ ਹਨ।
ਤਿੰਨ ਭੈਣ ਭਰਾਵਾਂ ਵਿਚੋਂ ਅੰਮ੍ਰਿਤਪਾਲ ਸਭ ਤੋਂ ਛੋਟੇ ਹਨ ਅਤੇ ਉਹ ਬਾਰਵੀਂ ਤੱਕ ਪਿੰਡ ਵਿੱਚ ਹੀ ਪੜ੍ਹੇ ਤੇ ਉਸ ਤੋਂ ਬਾਅਦ ਪਰਿਵਾਰਕ ਕਾਰੋਬਾਰ ਲਈ ਦੁਬਈ ਚਲੇ ਗਏ।
ਉਨ੍ਹਾਂ ਦੀਆਂ ਸੋਸ਼ਲ ਮੀਡੀਆ ਉੱਤੇ ਉਪਲੱਬਧ ਤਸਵੀਰਾਂ ਵਿੱਚ ਉਹ ਸਿਰੋਂ ਮੋਨੇ ਅਤੇ ਜੀਨ ਟੀ-ਸ਼ਰਟ ਪਹਿਨਣ ਵਾਲੇ ਆਮ ਨੌਜਵਾਨ ਨਜ਼ਰ ਆਉਂਦੇ ਹਨ।
ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਉਹ ਜਲਦੀ ਕਿਤੇ ਲੋਕਾਂ ਵਿੱਚ ਘੁਲਦੇ ਮਿਲਦੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਬਹੁਤ ਜ਼ਿਆਦਾ ਦੋਸਤ ਹਨ।
ਇੱਕ ਇੰਟਰਵਿਊ ਮੁਤਾਬਕ ਉਨ੍ਹਾਂ ਨੇ ਦਾਅਵਾ ਕੀਤਾ ਕਿ ਦੁਬਈ ਰਹਿਣ ਦੌਰਾਨ ਉਨ੍ਹਾਂ ਨੇ ਉੱਥੋਂ ਦੀਆਂ ਮਸ਼ਹੂਰ ਇਮਾਰਤਾਂ, ਜਿਨ੍ਹਾਂ ਨੂੰ ਦੇਖਣ ਦੂਰੋਂ-ਦੂਰੋਂ ਲੋਕ ਆਉਂਦੇ ਹਨ, ਉਹ ਵੀ ਨਹੀਂ ਦੇਖੀਆਂ।
ਪੜ੍ਹਨ ਬਾਰੇ ਉਹ ਦੱਸਦੇ ਹਨ ਕਿ ਸਕੂਲ ਦੌਰਾਨ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਸੀ ਅਤੇ ਉਸ ਤੋਂ ਬਾਅਦ ਦੁਬਈ ਚਲੇ ਗਏ ਅਤੇ ਫਿਰ ਸਮਾਂ ਨਹੀਂ ਮਿਲਿਆ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਉਹ ਜਾਣਕਾਰੀ ਤੇ ਮਸਲਿਆਂ ’ਤੇ ਸਮਝ ਬਣਾਉਣ ਲਈ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰਾ ਕਰਦੇ ਹਨ।
ਸੰਕੇਤਕ ਤਸਵੀਰ
ਅੰਮ੍ਰਿਤਪਾਲ ਸਿੰਘ ਬਾਰੇ ਸਿਆਸੀ ਪਾਰਟੀਆਂ ਕੀ ਕਹਿੰਦੀਆਂ ਹਨ
ਅੰਮ੍ਰਿਤਪਾਲ ਸਿੰਘ ਵਲੋਂ ਪੰਜਾਬ ਵਿੱਚ ਅੰਮ੍ਰਿਤ ਛੁਕਾਉਣ ਦੀ ਮੁਹਿੰਮ ਦੇ ਨਾਲ ਨਾਲ ਨੌਜਵਾਨਾਂ ਨੂੰ ਹਥਿਆਰਬੰਦ ਹੋਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਉਹ ਦਾਅਵਾ ਕਰਦੇ ਹਨ ਕਿ ਸਿੱਖ ਕੌਮ ਨੂੰ ਆਜ਼ਾਦੀ ਹਥਿਆਰਬੰਦ ਤਰੀਕੇ ਨਾਲ ਹੀ ਮਿਲ ਸਕਦੀ ਹੈ।
ਆਪਣੀ ਤਿੱਖ਼ੀ ਸੁਰ ਤੇ ਹਥਿਆਰ ਰੱਖਣ ਲਈ ਨੌਜਵਾਨਾਂ ਨੂੰ ਲਗਾਤਾਰ ਪ੍ਰੇਰਿਤ ਕਰਨ ਬਦਲੇ ਅੰਮ੍ਰਿਤਪਾਲ ਦੀ ਵੱਡੇ ਪੱਧਰ ’ਤੇ ਅਲੋਚਣਾ ਹੋਈ।
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਉਹ ਅੰਮ੍ਰਿਤਪਾਲ ਦੇ ਅੰਮ੍ਰਿਤ ਛੁਕਾਉਣ ਦਾ ਸਵਾਗਤ ਕਰਦੇ ਹਨ।
ਪਰ ਉਨ੍ਹਾਂ ਹਥਿਆਰਾਂ ਬਾਰੇ ਕਿਹਾ, “ਗੁਰੂ ਦੇ ਵਾਸਤੇ ਹਥਿਆਰਾਂ ਨੂੰ ਵਧਾਵਾ ਨਾ ਦਿਓ। ਇਹ ਹਿੰਸਾ ਵਿੱਚ ਲੈ ਕੇ ਜਾਂਦੇ ਹਨ। ਅਸੀਂ ਪਹਿਲਾਂ ਹੀ ਵੱਡੀ ਕੀਮਤ ਅਦਾ ਕਰ ਚੁੱਕੇ ਹਾਂ।”
ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ
ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਉਨ੍ਹਾਂ ਵਲੋਂ ਅੰਮ੍ਰਿਤ ਛਕਵਾਏ ਜਾਣ ਦੀ ਸ਼ਲਾਘਾ ਕੀਤੀ ਗਈ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਅਜਿਹਾ ਕੰਮ ਕਰ ਰਹੇ ਹਨ ਤਾਂ ਇਸ ਦੀ ਸ਼ਲਾਘਾ ਹੀ ਕਰਨੀ ਚਾਹੀਦੀ ਹੈ ਨਾ ਕਿ ਸਰਕਾਰਾਂ ਨੂੰ ਦਖ਼ਲ ਅੰਦਾਜ਼ੀ ਕਰਨੀ ਚਾਹੀਦੀ ਹੈ।
ਇਸ ਮੁੱਦੇ ’ਤੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ, “ਨਾਮ ਚਾਹੇ ਕੋਈ ਵੀ ਹੋਵੇ ਜੋ ਵੀ ਬੰਦਾ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਅੰਮ੍ਰਿਤਪਾਲ ਵਲੋਂ ਖ਼ਾਲਿਸਤਾਨ ਦੀ ਮੰਗ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਮੀਤ ਹੇਅਰ ਨੇ ਕਿਹਾ ਕਿ ਅਜਿਹੇ ਬਿਆਨ ਪੰਜਾਬ ਦਾ ਮਾਹੌਲ ਖ਼ਰਾਬ ਕਰਦੇ ਹਨ।
ਉਨ੍ਹਾਂ ਮਾਵਾਂ ਨੂੰ ਪੁੱਛਿਆ ਜਾਵੇ ਜਿਨ੍ਹਾਂ ਨੇ ਆਪਣੇ ਪੁੱਤ ਇਸ ਸਭ ਦੇ ਚਲਦਿਆਂ ਗਵਾਏ ਹਨ। ਪੰਜਾਬ ਸਰਕਾਰ ਇਸ ਮਸਲੇ ਨੂੰ ਲੈ ਕੇ ਬਹੁਤ ਗੰਭੀਰ ਹੈ।” ਵਿਰੋਧ ਵੀ ਜਾਰੀ ਹੈ ਤੇ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਵੀ।
-
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

''ਪੌਰਨ ਵੀਡੀਓ ਵਿੱਚ ਮੇਰਾ ਚਿਹਰਾ ਲਗਾ ਦਿੱਤਾ ਗਿਆ''
NEXT STORY