ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਪੰਜਾਬ ਦਾ ਆਪਣਾ ਪੈਂਡਾ ਪੂਰਾ ਕਰਕੇ ਜੰਮੂ ਕਸ਼ਮੀਰ ਵੱਲ ਰਵਾਨਾ ਹੋ ਗਈ ਹੈ
ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਪੰਜਾਬ ਦਾ ਆਪਣਾ ਪੈਂਡਾ ਪੂਰਾ ਕਰਕੇ ਜੰਮੂ ਕਸ਼ਮੀਰ ਵੱਲ ਰਵਾਨਾ ਹੋ ਗਈ ਹੈ।
ਪੰਜਾਬ ਵਿੱਚ ਯਾਤਰਾ ਕਰੀਬ ਅੱਠ ਦਿਨ ਰਹੀ। ਯਾਤਰਾ ਉੱਤੇ ਸਿਆਸਤ ਵੀ ਖ਼ੂਬ ਹੋਈ ਪਰ ਇਸ ਸਭ ਦੇ ਬਾਵਜੂਦ ਪੰਜਾਬ ਕਾਂਗਰਸ ਨੂੰ ਇਸ ਦਾ ਕੀ ਫ਼ਾਇਦਾ ਹੋਇਆ ਇਹ ਦੇਖਣਾ ਦਿਲਚਸਪ ਹੈ।
ਪੰਜਾਬ ਕਾਂਗਰਸ ਦੇ ਆਗੂ ਆਪਸੀ ਮਤਭੇਦ ਭੁਲਾ ਕੇ ਰਾਹੁਲ ਗਾਂਧੀ ਦੀ ਯਾਤਰਾ ਵਿੱਚ ਸ਼ਾਮਲ ਹੋਏ।
ਯਾਤਰਾ ਦੇ ਅੰਤਿਮ ਦਿਨ ਕਾਂਗਰਸ ਪਾਰਟੀ ਵੱਲੋਂ ਪਠਾਨਕੋਟ ਦੇ ਸਰਨਾ ਪਿੰਡ ਵਿੱਚ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਿਆ।
ਰਾਹੁਲ ਗਾਂਧੀ ਨੇ 11 ਜਨਵਰੀ ਨੂੰ ਫ਼ਤਿਹਗੜ੍ਹ ਸਾਹਿਬ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ
‘ਭਾਰਤ ਜੋੜੋ ਯਾਤਰਾ’ 10 ਜਨਵਰੀ ਨੂੰ ਪੰਜਾਬ ਵਿੱਚ ਦਾਖਲ ਹੋਈ ਸੀ। ਰਾਹੁਲ ਗਾਂਧੀ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ 11 ਜਨਵਰੀ ਨੂੰ ਫ਼ਤਿਹਗੜ੍ਹ ਸਾਹਿਬ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ।
ਇਸ ਤੋਂ ਬਾਅਦ ਯਾਤਰਾ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਤੋਂ ਹੁੰਦੀ ਹੋਈ ਪਠਾਨਕੋਟ ਵਿੱਚੋਂ ਲੰਘਦੀ ਹੋਈ ਜੰਮੂ ਵਿੱਚ ਦਾਖਲ ਹੋਈ।
ਇਸੇ ਦੌਰਾਨ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਅਚਾਨਕ ਹੋਈ ਮੌਤ ਨੇ ਪੰਜਾਬ ਕਾਂਗਰਸ ਨੂੰ ਕੁਝ ਸਮੇਂ ਲਈ ਸਦਮੇ ਵਿੱਚ ਜ਼ਰੂਰ ਰੱਖਿਆ।
ਯਾਤਰਾ ਦਾ ਪੰਜਾਬ ਕਾਂਗਰਸ ਨੂੰ ਕੀ ਹੋਇਆ ਫ਼ਾਇਦਾ
‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਵੱਡਾ ਸਵਾਲ ਇਹ ਹੈ ਕਿ ਇਸ ਦਾ ਪੰਜਾਬ ਕਾਂਗਰਸ ਨੂੰ ਕੀ ਫ਼ਾਇਦਾ ਹੋਇਆ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਾਂਗਰਸ ਦੀ ਧੜੇਬੰਦੀ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਸੀ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਰਾਹੁਲ ਗਾਂਧੀ ਯਾਤਰਾ ਦੌਰਾਨ
ਇੱਥੋਂ ਤੱਕ ਮਨਪ੍ਰੀਤ ਬਾਦਲ ਨੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਤੋਂ ਦੂਰੀ ਬਣਾ ਕੇ ਰੱਖੀ ਅਤੇ ਯਾਤਰਾ ਦੇ ਅੰਤਿਮ ਪੜਾਅ ਦੇ ਦੌਰਾਨ ਉਹ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ।
ਯਾਤਰਾ ਦੇ ਸ਼ੁਰੂ ਤੋਂ ਲੈ ਕੇ ਪੰਜਾਬ ਤੋਂ ਰਵਾਨਾ ਹੋਣ ਤੱਕ ਕਾਂਗਰਸ ਦੇ ਛੋਟੇ ਵੱਡੇ ਆਗੂ ਪੂਰੀ ਤਰਾਂ ਇਸ ਵਿੱਚ ਸਰਗਰਮ ਰਹੇ।
ਸਰਹਿੰਦ ਵਿਖੇ ਜਿਸ ਦਿਨ ਯਾਤਰਾ ਦਾ ਪਹਿਲਾਂ ਦਿਨ ਸੀ, ਉਸ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਸਿੰਘ, ਐਮਪੀ ਮੁਹੰਮਦ ਸਦੀਕ, ਐਮ ਪੀ ਅਮਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਪਾਰਟੀ ਪ੍ਰਧਾਨ ਰਾਜਾ ਵੜਿੰਗ ਤੋਂ ਲੈ ਕੇ ਸਾਰੇ ਆਗੂ ਯਾਤਰਾ ਦੇ ਪ੍ਰਬੰਧਾਂ ਦੀ ਖ਼ੁਦ ਦੇਖ ਰੇਖ ਕਰਦੇ ਦਿਖੇ।
ਪੰਜਾਬ ਵਿੱਚ ਯਾਤਰਾ ਦੇ ਅੰਤਿਮ ਦਿਨ ਪਠਾਨਕੋਟ ਵਿਖੇ ਰੱਖੀ ਗਈ ਰੈਲੀ ਵਿੱਚ ਵੀ ਲੋਕਾਂ ਦਾ ਭਰਵਾਂ ਇਕੱਠ ਦੇਖਣ ਨੂੰ ਮਿਲਿਆ। ਕਾਂਗਰਸੀ ਇਸ ਇਕੱਠ ਤੋਂ ਕਾਫ਼ੀ ਬਾਗੋ ਬਾਗ਼ ਵੀ ਦਿਖੇ।
-
ਲੋਕਾਂ ਦਾ ਇਕੱਠ ‘ਆਪ ਸਰਕਾਰ’ ਲਈ ਕਿੰਨੀ ਵੱਡੀ ਚੁਣੌਤੀ
ਭਗਵੰਤ ਮਾਨ ਨੇ ਰਾਹੁਲ ਗਾਂਧੀ ਨੂੰ ਟਵਿੱਟਰ ਰਾਹੀਂ ਸਵਾਲ ਪੁੱਛੇ
ਪੰਜਾਬ ਵਿੱਚ ਯਾਤਰਾ ਦੇ ਮੁੱਦੇ ਉੱਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਆਖਦੇ ਹਨ ਕਿ ਕਾਂਗਰਸੀਆਂ ਦੀ ਇਕਜੁੱਟਤਾ ਅਤੇ ਪਠਾਨਕੋਟ ਵਿੱਚ ਲੋਕਾਂ ਦਾ ਇਕੱਠ ਸਰਕਾਰ ਲਈ ਕਿੰਨੀ ਵੱਡੀ ਚੁਣੌਤੀ ਬਣਦਾ ਹੈ ਇਹ ਸਮਾਂ ਦੱਸੇਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਇਸ ਨਾਲ ਪੰਜਾਬ ਕਾਂਗਰਸ ਨੂੰ ਜ਼ਰੂਰ ਫ਼ਾਇਦਾ ਹੋਇਆ ਹੈ।
ਜਗਤਾਰ ਸਿੰਘ ਆਖਦੇ ਹਨ ਕਿ ਰਾਹੁਲ ਗਾਂਧੀ ਦੀ ਯਾਤਰਾ ਨੇ ਪੰਜਾਬ ਕਾਂਗਰਸ ਨੂੰ ਵੱਡਾ ਫ਼ਾਇਦਾ ਇਹ ਕੀਤਾ ਹੈ ਕਿ ਆਗੂ ਆਪਸੀ ਮਤਭੇਦ ਭੁਲਾ ਕੇ ਇੱਕ ਮੰਚ ਉੱਤੇ ਜ਼ਰੂਰ ਨਜ਼ਰ ਆਏ।
ਉਨ੍ਹਾਂ ਆਖਿਆ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਇਸ ਯਾਤਰਾ ਨੂੰ ਲੋਕਾਂ ਦਾ ਹੁੰਗਾਰਾ ਵੀ ਚੰਗਾ ਮਿਲਿਆ ਹੈ। ਇਸ ਦੇ ਨਾਲ ਹੀ ਕਾਂਗਰਸ ਵਰਕਰਾਂ ਨੂੰ ਵੀ ਯਾਤਰਾ ਨਾਲ ਉਤਸ਼ਾਹ ਮਿਲਿਆ ਹੈ।
ਇਸੇਕਰ ਕੇ ਮਨਪ੍ਰੀਤ ਬਾਦਲ ਦਾ ਪਾਰਟੀ ਤੋਂ ਵੱਖਰੇ ਹੋਣਾ ਵੀ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਾ ਸਕਿਆ।
ਉਨ੍ਹਾਂ ਆਖਿਆ ਕਿ ਕਾਂਗਰਸ ਦਾ ਇਕੱਠ ਅਤੇ ਵਰਕਰਾਂ ਵਿੱਚ ਉਤਸ਼ਾਹ ਮੌਜੂਦਾ ਸਰਕਾਰ ਲਈ ਕੋਈ ਵੱਡੀ ਚੁਣੌਤੀ ਇਸ ਕਰਕੇ ਨਹੀਂ ਹੈ ਕਿਉਂਕਿ ਚੋਣਾਂ ਫ਼ਿਲਹਾਲ ਦੂਰ ਹਨ।
ਪੰਜਾਬ ਵਿੱਚ ਯਾਤਰਾ ਦੌਰਾਨ ਆਮ ਲੋਕਾਂ ਨਾਲ ਗੱਲ ਕਰਦੇ ਰਾਹੁਲ
ਇਸ ਮੁੱਦੇ ਉੱਤੇ ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਖ਼ਾਲਿਦ ਮੁਹੰਮਦ ਆਖਦੇ ਹਨ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਹੀ ਹਨ, ਕਿਉਂਕਿ ਦੋਵਾਂ ਦਾ ਆਪੋ ਆਪਣਾ ਕੈਡਰ ਹੈ।
ਪ੍ਰੋਫੈਸਰ ਖ਼ਾਲਿਦ ਆਖਦੇ ਹਨ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਯਾਤਰਾ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਜੋ ਇਹ ਸਪੱਸ਼ਟ ਕਰਦਾ ਹੈ ਕਿ ਲੋਕ ਬਦਲ ਦੇ ਰੂਪ ਵਿੱਚ ਕਾਂਗਰਸ ਨੂੰ ਦੇਖਦੇ ਹਨ।
ਦੂਜੇ ਪਾਸੇ ਜੇਕਰ ਕੌਮੀ ਪੱਧਰ ਉੱਤੇ ਯਾਤਰਾ ਦੇ ਪ੍ਰਭਾਵ ਦੀ ਗੱਲ ਕੀਤੀ ਜਾਵੇ ਤਾਂ ਰਾਹੁਲ ਗਾਂਧੀ ਇਹ ਦਰਸਾਉਣਾ ਚਾਹੁੰਦੇ ਹਨ ਕਿ ਮੁੱਖ ਵਿਰੋਧੀ ਪਾਰਟੀ ਦੇਸ਼ ਵਿੱਚ ਕਾਂਗਰਸ ਹੀ ਹੈ, ਜਿਸਦਾ ਪੂਰੇ ਦੇਸ਼ ਵਿੱਚ ਆਧਾਰ ਹੈ।
ਉਹ ਕਹਿੰਦੇ ਹਨ ਕਿ ਇਸ ਯਾਤਰਾ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਵੀ ਉਤਸ਼ਾਹ ਭਰਿਆ ਹੈ।
ਉਨ੍ਹਾਂ ਆਖਿਆ ਕਿ ‘ਭਾਰਤ ਜੋੜੋ ਯਾਤਰਾ’ ਅਸਲ ਵਿੱਚ ‘ਕਾਂਗਰਸ ਜੋੜੋ’ ਯਾਤਰਾ ਵੀ ਹੈ ਕਿਉਂਕਿ ਜਿੱਥੋਂ - ਜਿੱਥੋਂ ਯਾਤਰਾ ਲੰਘੀ ਹੈ ਉੱਥੇ ਉੱਥੇ ਲੀਡਰਸ਼ਿਪ ਮਤਭੇਦ ਭੁਲਾ ਕੇ ਇੱਕ ਮੰਚ ਉੱਤੇ ਦਿਖੀ।
ਪ੍ਰੋਫੈਸਰ ਖ਼ਾਲਿਦ ਆਖਦੇ ਹਨ ਕਿ ਮਨਪ੍ਰੀਤ ਬਾਦਲ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਉੱਤੇ ਜਿਸ ਤਰੀਕੇ ਨਾਲ ਪੰਜਾਬ ਕਾਂਗਰਸ ਦੇ ਆਗੂਆਂ ਨੇ ਬਿਆਨਬਾਜ਼ੀ ਕੀਤੀ ਹੈ ਇਹ ਉਨ੍ਹਾਂ ਦੇ ਹੌਸਲੇ ਨੂੰ ਦਰਸਾਉਂਦਾ ਹੈ।
ਇਹ ਹੌਸਲਾ ਉਨ੍ਹਾਂ ਨੂੰ ਯਾਤਰਾ ਦੇ ਨਾਲ ਹੀ ਮਿਲਿਆ ਹੈ। ਪ੍ਰੋਫੈਸਰ ਖਾਲਿਦ ਮੰਨਦੇ ਹਨ ਕਿ ਕਾਂਗਰਸ ਨੂੰ ਭਰਵਾਂ ਹੁੰਗਾਰਾ ਮਿਲਣਾ ਕਿਸੇ ਵੀ ਸੂਬੇ ਦੀ ਮੌਜੂਦਾ ਸਰਕਾਰ ਨੂੰ ਚੁਣੌਤੀ ਜ਼ਰੂਰ ਹੈ।
ਯਾਤਰਾ ਦੌਰਾਨ ਸਿਆਸਤ
ਰਾਹੁਲ ਗਾਂਧੀ ਨੇ ਪੰਜਾਬ ਵਿੱਚ ਯਾਤਰਾ ਦੇ ਅੰਤਿਮ ਪੜਾਅ ਦੌਰਾਨ ਪੰਜਾਬ ਦੀ ਮੌਜੂਦਾ ਸਰਕਾਰ ਉੱਤੇ ਵੀ ਹਮਲਾ ਕੀਤਾ।
ਰਾਹੁਲ ਗਾਂਧੀ ਨੇ ਸਪਸ਼ਟ ਆਖਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਲਈ ਠੀਕ ਨਹੀਂ ਹੈ।
ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਹੈ ਇਸ ਕਰਕੇ ਇਹ ਸਰਕਾਰ ਪੰਜਾਬ ਤੋਂ ਹੀ ਚੱਲਣੀ ਚਾਹੀਦੀ ਹੈ।
ਰਾਹੁਲ ਗਾਂਧੀ ਨੇ ਆਖਿਆ ਕਿ ''ਆਪ'' ਸਰਕਾਰ ਨੂੰ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਨਹੀਂ ਚਲਾਇਆ ਜਾ ਸਕਦਾ।
ਇਸ ਮੁੱਦੇ ਉੱਤੇ ਆਮ ਆਦਮੀ ਪਾਰਟੀ ਨੇ ਵੀ ਰਾਹੁਲ ਗਾਂਧੀ ਉੱਤੇ ਪਲਟ ਵਾਰ ਕੀਤਾ। ਜਵਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਹੁਲ ਗਾਂਧੀ ਨੂੰ ਆਪਣੀ ਪਾਰਟੀ ਦਾ ਇਤਿਹਾਸ ਚੇਤੇ ਕਰਨ ਲਈ ਕਿਹਾ।
ਭਗਵੰਤ ਮਾਨ ਨੇ ਆਪਣੇ ਟਵਿੱਟਰ ਉੱਪਰ ਲਿਖਿਆ, “ਮੈਨੂੰ ਸੀਐੱਮ ਪੰਜਾਬ ਦੀ ਜਨਤਾ ਨੇ ਬਣਾਇਆ ਹੈ ਅਤੇ ਚੰਨੀ ਜੀ ਨੂੰ ਰਾਹੁਲ ਗਾਂਧੀ ਨੇ।”
ਮਾਨ ਨੇ ਅੱਗੇ ਕਿਹਾ, “ਤੁਸੀਂ ਦੋ ਮਿੰਟ ਵਿੱਚ ਚੁਣੇ ਹੋਏ ਸੀਐੱਮ ਕੈਪਟਨ ਸਾਹਿਬ ਨੂੰ ਦਿੱਲੀ ਤੋਂ ਬੇਇੱਜ਼ਤ ਕਰ ਕੇ ਹਟਾ ਦਿੱਤਾ ਸੀ....ਤੁਸੀਂ ਬੋਲਦੇ ਚੰਗੇ ਨਹੀਂ ਲੱਗਦੇ।”
ਇਸ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਮੁੱਦਿਆਂ ਖ਼ਾਸ ਤੌਰ ਉੱਤੇ ਦਰਬਾਰ ਸਾਹਿਬ ਉੱਤੇ ਹਮਲੇ ਅਤੇ 1984 ਦੇ ਸਿੱਖ ਕਤਲੇਆਮ ਦੇ ਮੁੱਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਰਾਹੁਲ ਗਾਂਧੀ ਨੂੰ ਘੇਰਿਆ।
ਅਕਾਲੀ ਦਲ ਨੇ ਯਾਤਰਾ ਦੇ ਪਹਿਲੇ ਦਿਨ ਹੀ ਰਾਹੁਲ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ। ਪੰਜਾਬ ਵਿੱਚ ਦਾਖਲ ਹੁੰਦੇ ਸਾਰ ਹੀ ਰਾਹੁਲ ਗਾਂਧੀ ਨੇ ਦਸਤਾਰ ਸਜਾ ਕੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।
ਦਸਤਾਰ ਸਜਾਉਣ ਉੱਤੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਰਾਹੁਲ ਗਾਂਧੀ ਉੱਤੇ ਸਵਾਲ ਖੜ੍ਹੇ ਕੀਤੇ।
ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਆਖਦੇ ਹਨ ਕਿ “ਰਾਹੁਲ ਗਾਂਧੀ ਸਿਆਸੀ ਲਾਹਾ ਲੈਣ ਲਈ ਦਸਤਾਰ ਸਜਾਉਣ ਦਾ ਢੋਂਗ ਰਚ ਕੇ ਜਨਤਾ ਨੂੰ ਗੁਮਰਾਹ ਕਰਨ ਦੀ ਥਾਂ ਸਪਸ਼ਟ ਕਰਨ ਕਿ ਸਿੱਖਾਂ ਅਤੇ ਉਨ੍ਹਾਂ ਦੇ ਪਾਵਨ ਧਾਰਮਿਕ ਸਥਾਨਾਂ ਉੱਤੇ ਕੀਤੇ ਹਮਲੇ ਲਈ ਕਦੋਂ ਅਤੇ ਕਿਹੜੇ ਸ਼ਬਦਾਂ ''ਚ ਉਸ ਦੇ ਮਾਪਿਆਂ ਨੇ ਇਕਬਾਲ ਕਰ ਕੇ ਸਿੱਖ ਸਮੁਦਾਇ ਤੋਂ ਮੁਆਫ਼ੀ ਮੰਗੀ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮੋਦੀ ਬਾਰੇ ਬੀਬੀਸੀ ਦੀ ਦਸਤਾਵੇਜ਼ੀ ਫ਼ਿਲਮ ਉੱਤੇ ਭਾਰਤੀ ਵਿਦੇਸ਼ ਮੰਤਰਾਲੇ ਤੇ ਬਰਤਾਨਵੀਂ ਪ੍ਰਧਾਨ ਮੰਤਰੀ ਨੇ...
NEXT STORY