ਸੋਸ਼ਲ ਮੀਡੀਆ ਇਨਫਲੂਐਂਸਰ ਹਰਸ਼ਦੀਪ ਅਹੂਜਾ (ਖੱਬੇ) ਅਤੇ ਅਰੁਣ ਸਿੰਘ (ਸੱਜੇ)
ਕਿਸੇ ਵੀ ਉਤਪਾਦ ਦੀ ਮਸ਼ਹੂਰੀ ਕਰਨ ਬਾਬਤ ਮਸ਼ਹੂਰ ਹਸਤੀਆਂ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਭਾਵ ਪਾਉਣ ਵਾਲੇ ਇਨਫਲੂਐਂਸਰਜ਼ ਲਈ ਕੇਂਦਰ ਸਰਕਾਰ ਵੱਲੋਂ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਨ੍ਹਾਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਗੱਲ ਸਾਫ਼ ਤਰੀਕੇ ਨਾਲ ਨਸ਼ਰ ਹੋਣੀ ਚਾਹੀਦੀ ਹੈ ਕਿ ਕਿਸੇ ਚੀਜ਼ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ।
ਕੇਂਦਰ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਮੁਤਾਬਕ ਇਨ੍ਹਾਂ ਮਸ਼ਹੂਰੀਆਂ ਲਈ ਇਹ ਸ਼ਬਦ ਇਸਤੇਮਾਲ ਕੀਤੇ ਜਾਣੇ ਚਾਹੀਦੇ ਹਨ, ਜਿਵੇਂ ‘ਇਸ਼ਤਿਹਾਰ’, ‘ਸਪੌਂਸਰਡ’ ਜਾਂ ‘ਪੇਡ ਪ੍ਰਮੋਸ਼ਨ’
ਗਾਈਡਲਾਈਨਜ਼ ਵਿੱਚ ਕੀ ਕਿਹਾ ਗਿਆ
ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਰੋਹਿਤ ਕੁਮਾਰ (ਖੱਬੇ)
ਭਾਰਤ ਸਰਕਾਰ ਦੇ ਪ੍ਰੈੱਸ ਇਨਫੋਰਮੇਸ਼ਨ ਬਿਊਰੋ ਯਾਨੀ ਪੀਆਈਬੀ ਵੱਲੋਂ ਖ਼ਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਅਧੀਨ ਆਉਂਦੇ ਖ਼ਪਤਕਾਰ ਮਾਮਲਿਆਂ ਦੇ ਵਿਭਾਗ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਦਿਸ਼ਾ ਨਿਰਦੇਸ਼ 20 ਜਨਵਰੀ ਨੂੰ ਪੀਆਈਬੀ ਵੱਲੋਂ ਰਾਹੀਂ ਜਨਤਕ ਕੀਤੇ ਗਏ ਹਨ। ਪ੍ਰੈੱਸ ਰਿਲੀਜ਼ ਮੁਤਾਬਕ ਇਹ ਗਾਈਡਲਾਈਨਜ਼ ਮਸ਼ਹੂਰੀਆਂ ਬਾਰੇ ਹਨ ਜਿਸ ਤਹਿਤ ਸੈਲੇਬ੍ਰਿਟੀਜ਼, ਇਨਫਲੂਐਂਸਰਜ਼ ਅਤੇ ਸੋਸ਼ਲ ਮੀਡੀਆ ਉੱਤੇ ਆਉਣ ਵਾਲੇ ਵਰਚੂਅਲ ਇਨਫਲੂਐਂਸਰਜ਼ ਸ਼ਾਮਲ ਹਨ।
ਇਨ੍ਹਾਂ ਨਿਰਦੇਸ਼ਾਂ ਦਾ ਮਕਸਦ ਹੈ ਕਿ ਕੋਈ ਵੀ ਸ਼ਖ਼ਸ (ਇਨਫਲੂਐਂਸਰ ਜਾਂ ਸੈਲੇਬ੍ਰਿਟੀ) ਲੋਕਾਂ ਨੂੰ ਭੁਲੇਖੇ ਵਿੱਚ ਨਾ ਰੱਖੇ ਜਦੋਂ ਉਹ ਕੋਈ ਉਤਪਾਦ ਜਾਂ ਸੇਵਾ ਬਾਰੇ ਪ੍ਰਚਾਰ ਕਰਦਾ ਹੈ।
ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਰੋਹਿਤ ਕੁਮਾਰ ਨੇ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਮੁਤਾਬਕ ਡਿਜੀਟਲ ਪਲੇਟਫਾਰਮਾਂ ਅਤੇ ਇਨਫਲੂਐਂਸਰਜ਼ ਦੀ ਵਧਦੀ ਤਦਾਦ ਅਤੇ ਪਹੁੰਚ ਵਿਚਾਲੇ ਆਮ ਲੋਕਾਂ ਲਈ ਮਸ਼ਹੂਰੀਆਂ ਦੇ ਮਾਮਲੇ ਵਿੱਚ ਰਿਸਕ ਵਧਿਆ ਹੈ।
ਮੁੱਖ ਗੱਲਾਂ
- ਕਿਸੇ ਵੀ ਉਤਪਾਦ ਦੀ ਮਸ਼ਹੂਰੀ ਕਰਨ ਬਾਬਤ ਮਸ਼ਹੂਰ ਹਸਤੀਆਂ ਤੇ ਸੋਸ਼ਲ ਮੀਡੀਆ ਰਾਹੀਂ ਪ੍ਰਭਾਵ ਪਾਉਣ ਵਾਲੇ ਇਨਫਲੂਐਂਸਰਜ਼ ਲਈ ਕੇਂਦਰ ਸਰਕਾਰ ਵੱਲੋਂ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ
- ਇਨ੍ਹਾਂ ਨਿਰਦੇਸ਼ਾਂ ਦਾ ਮਕਸਦ ਹੈ ਕਿ ਕੋਈ ਵੀ ਸ਼ਖ਼ਸ (ਇਨਫਲੂਐਂਸਰ ਜਾਂ ਸੈਲੇਬ੍ਰਿਟੀ) ਲੋਕਾਂ ਨੂੰ ਭੁਲੇਖੇ ਵਿੱਚ ਨਾ ਰੱਖੇ ਜਦੋਂ ਉਹ ਕੋਈ ਉਤਪਾਦ ਜਾਂ ਸੇਵਾ ਬਾਰੇ ਪ੍ਰਚਾਰ ਕਰਦਾ ਹੈ
- ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਮੁਤਾਬਕ ਮਸ਼ਹੂਰੀਆਂ ਬਹੁਤ ਹੀ ਸਾਦੇ ਅਤੇ ਸਾਫ਼ ਸ਼ਬਦਾਂ ਵਿੱਚ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਲਈ ‘ਇਸ਼ਤਿਹਾਰ‘, ‘ਸਪੌਂਸਰਡ’ ਜਾਂ ‘ਪੇਡ ਪ੍ਰਮੋਸ਼ਨ’ ਵਰਗੇ ਸ਼ਬਦ ਵਰਤੇ ਜਾ ਸਕਦੇ ਹਨ
- ਇਨਫਲੂਐਂਸਰ ਮਾਰਕੀਟਿੰਗ ਨਾਲ ਜੁੜੇ ਇੱਕ ਅਫ਼ਸਰ ਨੇ ਦੱਸਿਆ, ''''ਇਨਫਲੂਐਂਸਰ ਦਾ ਮਤਲਬ ਹੁੰਦਾ ਹੈ ਇਨਫਲੂਐਂਸ ਕਰਨਾ ਯਾਨੀ ਅਸਰ ਪਾਉਣਾ’’
ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਕੋਈ ਵੀ ਸੈਲੇਬ੍ਰਿਟੀ, ਇਨਫਲੂਐਂਸਰਜ਼ ਜਾਂ ਵਰਚੂਅਲ ਇਨਫਲੂਐਂਸਰਜ਼ ਜਿਨ੍ਹਾਂ ਦੀ ਪਹੁੰਚ ਲੋਕਾਂ ਤੱਕ ਹੈ ਅਤੇ ਉਹ ਲੋਕਾਂ ਦੀ ਕਿਸੇ ਬ੍ਰਾਂਡ, ਸੇਵਾ, ਉਤਪਾਦ ਦੀ ਖਰੀਦਦਾਰੀ ਦੇ ਫ਼ੈਸਲੇ ਨੂੰ ਪ੍ਰਭਾਵਿਤ ਕਰ ਸਕਦੇ ਹਨ ਤਾਂ ਉਨ੍ਹਾਂ ਨੂੰ ਇਸ਼ਤਿਹਾਰ ਦੇਣ ਵਾਲੇ ਨਾਲ ਆਪਣਾ ਰਿਸ਼ਤਾ ਨਸ਼ਰ ਕਰਨਾ ਚਾਹੀਦਾ ਹੈ।
ਇਸ ਵਿੱਚ ਨਾ ਸਿਰਫ਼ ਮਿਲਣ ਵਾਲੇ ਲਾਭ ਸ਼ਾਮਲ ਹਨ ਸਗੋਂ ਕੋਈ ਛੋਟ, ਟੂਰ ਜਾਂ ਹੋਟਲ ਵਿੱਚ ਰੁਕਣਾ, ਮੀਡੀਆ ਕਵਰੇਜ ਅਤੇ ਐਵਾਰਡ ਤੋਂ ਇਲਾਵਾ ਮੁਫ਼ਤ ਵਿੱਚ ਮਿਲਣ ਵਾਲੇ ਉਤਪਾਦ, ਤੋਹਫ਼ੇ ਵੀ ਸ਼ਾਮਲ ਹਨ।
ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਮੁਤਾਬਕ ਮਸ਼ਹੂਰੀਆਂ ਬਹੁਤ ਹੀ ਸਾਦੇ ਅਤੇ ਸਾਫ਼ ਸ਼ਬਦਾਂ ਵਿੱਚ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਲਈ ‘ਇਸ਼ਤਿਹਾਰ‘, ‘ਸਪੌਂਸਰਡ’ ਜਾਂ ‘ਪੇਡ ਪ੍ਰਮੋਸ਼ਨ’ ਵਰਗੇ ਸ਼ਬਦ ਵਰਤੇ ਜਾ ਸਕਦੇ ਹਨ।
ਜਾਰੀ ਕੀਤੇ ਗਏ ਨਿਰਦੇਸ਼ਾਂ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਇਨਫਲੂਐਂਸਰਜ਼ ਜਾਂ ਸੈਲਿਬ੍ਰਿਟੀਜ਼ ਨੂੰ ਉਸ ਤਰ੍ਹਾਂ ਦੇ ਉਤਪਾਦ ਜਾਂ ਸੇਵਾ ਦੀ ਮਸ਼ਹੂਰੀ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਦੀ ਵਰਤੋਂ ਜਾਂ ਤਜਰਬਾ ਉਨ੍ਹਾਂ ਨੇ ਖ਼ੁਦ ਨਾ ਲਿਆ ਹੋਵੇ।
ਇਹ ਦਿਸ਼ਾ ਨਿਰਦੇਸ਼ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਦੇ ਹਿਸਾਬ ਨਾਲ ਸੈੱਟ ਕੀਤੇ ਗਏ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਸਖ਼ਤ ਕਾਰਵਾਈ ਹੋਵੇਗੀ ਅਤੇ ਇੰਡੋਰਸਮੈਂਟ ਉੱਤੇ ਪਾਬੰਦੀ ਵੀ ਲੱਗ ਸਕਦੀ ਹੈ।
-
ਪੇਡ ਪ੍ਰਮੋਸ਼ਨ ਕੀ ਤੇ ਕਿਵੇਂ ਹੁੰਦੀ ਹੈ
ਪੇਡ ਪ੍ਰਮੋਸ਼ਨ ਭਾਵ ਪੈਸੇ ਲੈ ਕੇ ਮਸ਼ਹੂਰੀ ਕਰਨਾ। ਪਰ ਅਸਲ ਵਿੱਚ ਇਸ ਨੂੰ ਹੋਰ ਤਫ਼ਸੀਲ ਵਿੱਚ ਕਿਵੇਂ ਪ੍ਰਭਾਸ਼ਿਤ ਕੀਤਾ ਜਾਂਦਾ ਹੈ ਅਤੇ ਇਹ ਹੁੰਦੀ ਕਿਵੇਂ ਹੈ, ਇਸ ਬਾਰੇ ਅਸੀਂ ਚੰਡੀਗੜ੍ਹ ਆਧਾਰਿਤ ਇੱਕ ਐਡਵਰਟਾਈਜ਼ਿੰਗ ਏਜੰਸੀ ‘ਸੌਲ ਡਿਜੀਟਲ‘ ਦੇ ਮਾਲਕ ਅਤੇ ਡਿਜੀਟਲ ਐਕਸਪਰਟ ਬਿਮਲ ਭਨੋਟ ਨਾਲ ਗੱਲ ਕੀਤੀ।
ਐਡਵਰਟਾਈਜ਼ਿੰਗ ਏਜੰਸੀ ‘ਸੌਲ ਡਿਜੀਟਲ‘ ਦੇ ਮਾਲਕ ਅਤੇ ਡਿਜੀਟਲ ਐਕਸਪਰਟ ਬਿਮਲ ਭਨੋਟ
ਬਿਮਲ ਚੰਡੀਗੜ੍ਹ ਵਿੱਚ ਮਨੋਰੰਜਨ ਇੰਡਸਟਰੀ ਨਾਲ ਜੁੜੀਆਂ ਡਿਜੀਟਲ ਐਡਜ਼, ਪੇਡ ਪ੍ਰਮੋਸ਼ਨ, ਇਸ਼ਤਿਹਾਰਾਂ ਆਦਿ ਉੱਤੇ ਕੰਮ ਕਰਦੇ ਹਨ।
ਉਹ ਦੱਸਦੇ ਹਨ ਕਿ ਪੇਡ ਪ੍ਰਮੋਸ਼ਨ ਕਈ ਕਿਸਮ ਦੀ ਹੁੰਦੀ ਹੈ ਪਰ ਲਗਭਗ ਹਰ ਕਿਸਮ ਦੀ ਪੇਡ ਪ੍ਰਮੋਸ਼ਨ ਤੋਂ ਭਾਵ ਕਿਸੇ ਉਤਪਾਦ ਜਾਂ ਸਰਵਿਸ ਬਾਰੇ ਪੈਸੇ ਲੈ ਕੇ ਮਸ਼ਹੂਰੀ ਕਰਨਾ ਹੀ ਹੈ।
ਬਿਮਲ ਮੁਤਾਬਕ ਇੱਕ ਹੋਰ ਤਰੀਕਾ ਜੋ ਅੱਜ ਕੱਲ ਰੁਝਾਨ ਵਿੱਚ ਹੈ, ਉਹ ਇਹ ਹੈ ਕਿ ਉਤਪਾਦ, ਟੂਰ ਜਾਂ ਹੋਰ ਲਾਭ ਦੇ ਕੇ ਸੋਸ਼ਲ ਮੀਡੀਆ ਉੱਤੇ ਇਨਫਲੂਐਂਸਰਜ਼ ਤੋਂ ਮਸ਼ਹੂਰੀ ਜਾਂ ਪ੍ਰਚਾਰ ਕਰਵਾਉਣਾ।
ਬਿਮਲ ਕਹਿੰਦੇ ਹਨ ਕਿ ਪੇਡ ਪ੍ਰਮੋਸ਼ਨ, ਸਪੌਂਸਰਡ ਐਡ ਜਾਂ ਪੇਡ ਪਾਰਟਨਰਸ਼ਿਪ, ਇਹ ਉਹ ਕੁਝ ਸ਼ਬਦ ਹਨ ਜੋ ਉਤਪਾਦ ਜਾਂ ਸਰਵਿਸ ਦੇ ਪ੍ਰਚਾਰ ਲਈ ਵਰਤੇ ਜਾਂਦੇ ਹਨ।
ਉਨ੍ਹਾਂ ਮੁਤਾਬਕ ਸਰਕਾਰ ਵੱਲੋਂ ਲਿਆ ਗਿਆ ਫ਼ੈਸਲਾ ਚੰਗਾ ਹੈ ਪਰ ਨਾਲ ਹੀ ਉਹ ਕਹਿੰਦੇ ਹਨ ਕਿ ਕਿਸੇ ਵੀ ਮਸ਼ਹੂਰੀ ਨੂੰ ਸੋਸ਼ਲ ਮੀਡੀਆ ਉੱਤੇ ਪਾਉਣ ਤੋਂ ਪਹਿਲਾਂ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹੀ ਇਸ ਬਾਬਤ ਫ਼ੈਸਲਾ ਲਿਆ ਜਾਂਦਾ ਹੈ।
ਇੱਕ ਵੱਡੀ ਟੈਕ ਕੰਪਨੀ ਵਿੱਚ ਇਨਫਲੂਐਂਸਰ ਮਾਰਕੀਟਿੰਗ ਨਾਲ ਜੁੜੇ ਇੱਕ ਅਫ਼ਸਰ ਨੇ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨੂੰ ਦੱਸਿਆ, ''''ਇਨਫਲੂਐਂਸਰ ਦਾ ਮਤਲਬ ਹੁੰਦਾ ਹੈ ਇਨਫਲੂਐਂਸ ਕਰਨਾ ਯਾਨੀ ਅਸਰ ਪਾਉਣਾ। ਜਦੋਂ ਜ਼ਿਆਦਾ ਲੋਕ ਤੁਹਾਨੂੰ ਤੇ ਤੁਹਾਡਾ ਕਟੈਂਟ ਵੇਖ ਰਹੇ ਹੁੰਦੇ ਹਨ ਤਾਂ ਇਸ ਦੀ ਬਹੁਤ ਉਮੀਦ ਹੈ ਕਿ ਉਹ ਤੁਹਾਡੇ ਤੋਂ ਪ੍ਰਭਾਵਿਤ ਹੋਣਗੇ।”
“ਜੋ ਤੁਸੀਂ ਕਹੋਗੇ ਲੋਕ ਉਸ ਨਾਲ ਪ੍ਰਭਾਵਿਤ ਵੀ ਹੋਣਗੇ, ਉਨ੍ਹਾਂ ਚੀਜ਼ਾਂ ਦਾ ਇਸਤੇਮਾਲ ਵੀ ਕਰਨਗੇ ਜਿਨ੍ਹਾਂ ਦੀ ਤੁਸੀਂ ਵਰਤੋਂ ਕਰ ਰਹੇ ਹੋ।”
“ਉਨੀ ਵੱਡੀ ਤੁਹਾਡੀ ਆਡੀਅੰਸ ਹੋਵੇਗੀ, ਜਿੰਨਾ ਤੁਸੀਂ ਲੋਕਾਂ ਨਾਲ ਇੰਟਰੈਕਟ ਕਰੋਗੇ, ਉਨਾ ਹੀ ਲੋਕਾਂ ਉੱਤੇ ਅਸਰ ਪਾਓਗੇ।”
ਇਨਫਲੂਐਂਸਰ ਕਿਵੇਂ ਪੇਡ ਪ੍ਰਮੋਸ਼ਨ ਕਰਦਾ ਹੈ - ਇਸ ਬਾਰੇ ਉਹ ਦੱਸਦੇ ਹਨ, “ਬ੍ਰਾਂਡਜ਼ ਆਪਣੇ ਪ੍ਰੋਡਕਟਸ ਨੂੰ ਵੇਚਣ ਲਈ ਇਨਫਲੂਐਂਸਰ ਕੋਲ ਪਹੁੰਚ ਕਰਦੇ ਹਨ ਕਿ ਉਹ ਉਨ੍ਹਾਂ ਪ੍ਰੋਡਕਟਸ ਬਾਰੇ ਆਪਣੇ ਫੌਲੋਅਰਜ਼ ਨਾਲ ਗੱਲ ਕਰਨ ਤਾਂ ਜੋ ਲੋਕ ਉਨ੍ਹਾਂ ਦੇ ਪ੍ਰੋਡਕਟ ਨਾਲ ਜਾਣੂ ਹੋ ਸਕਣ।”
ਸਰਕਾਰ ਨੇ ਹਦਾਇਤਾਂ ਵਿੱਚ ਕਿਹਾ ਹੈ ਕਿ ਇਨਫੂਲਐਂਸਰ ਕਿਸੇ ਵੀ ਪ੍ਰੋਡਕਟ ਦੀ ਮਸ਼ਹੂਰੀ ਕਰਨ ਤੋਂ ਪਹਿਲਾਂ ਉਸ ਨੂੰ ਖੁਦ ਇਸਤੇਮਾਲ ਕਰਨ। ਕੀ ਅਜਿਹਾ ਹੋ ਸਕਦਾ ਹੈ?
ਇਸ ਬਾਰੇ ਉਹ ਕਹਿੰਦੇ ਹਨ ਕਿ ਜਦੋਂ ਹੁਣ ਸਰਕਾਰ ਦੀਆਂ ਹਦਾਇਤਾਂ ਹਨ ਤਾਂ ਹੁਣ ਇਨਫਲੂਐਂਸਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਦੀ ਪਾਲਣਾ ਕਰਨ ਤੇ ਪ੍ਰੋਡਕਟ ਬਾਰੇ ਲੋਕਾਂ ਨੂੰ ਦੱਸਣ ਤੋਂ ਪਹਿਲਾਂ ਉਸ ਦਾ ਖੁਦ ਇਸਤੇਮਾਲ ਕਰਨ।
ਕਮਾਈ ਦਾ ਜ਼ਰੀਆ
ਬਿਮਲ ਦੱਸਦੇ ਹਨ ਕਿ ਮਸ਼ਹੂਰੀਆਂ ਤੋਂ ਕਮਾਈ ਦਾ ਜ਼ਰੀਆ ਪ੍ਰਤੀ ਐਡ ਵੀ ਹੈ ਅਤੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਇਨਫਲੂਸੈਂਰਜ਼ ਨਾਲ ਮਹੀਨੇ ਦੇ ਹਿਸਾਬ ਨਾਲ ਏਜੰਸੀ ਵੱਲੋਂ ਕਰਾਰ ਕੀਤਾ ਜਾਂਦਾ ਹੈ ਅਤੇ ਇੱਕ ਤੈਅ ਰਕਮ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ।
ਏਜੰਸੀ ਕਰਾਰ ਦੇ ਹਿਸਾਬ ਨਾਲ ਕੁਝ ਇਸ਼ਤਿਹਾਰ ਉਨ੍ਹਾਂ ਤੋਂ ਹਰ ਮਹੀਨੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਵਾਉਂਦੀ ਹੈ।
ਇਸ ਕਰਾਰ ਵਿੱਚ ਇਸ਼ਤਿਹਾਰ ਦੇਣ ਵਾਲਿਆਂ ਵੱਲੋਂ ਮਿਲਣ ਵਾਲੀ ਰਕਮ ਦੇ ਹਿਸਾਬ ਨਾਲ ਉਸ ਦੀ ਵੰਡ ਕੀਤੀ ਜਾਂਦੀ ਹੈ, ਜਿਸ ਵਿੱਚ ਕੁਝ ਹਿੱਸਾ ਏਜੰਸੀ ਰੱਖਦੀ ਹੈ ਅਤੇ ਬਾਕੀ ਹਿੱਸਾ ਇਨਫਲੂਐਂਸਰਜ਼ ਨੂੰ ਦਿੱਤਾ ਜਾਂਦਾ ਹੈ।
ਉਹ ਇਸ ਬਾਰੇ ਇਹ ਵੀ ਦੱਸਦੇ ਹਨ ਕਿ ਕਮਾਈ ਉਤਪਾਦ ਜਾਂ ਸਰਵਿਸ ਅਤੇ ਉਨ੍ਹਾਂ ਦੀ ਕੀਮਤ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਹੈ।
ਇਸ ਬਾਰੇ ਸਭ ਤੋਂ ਅਹਿਮ ਪਹਿਲੂ ਬਾਰੇ ਗੱਲ ਕਰਦੇ ਹੋਏ ਉਹ ਕਹਿੰਦੇ ਹਨ ਕਿ ਕੋਈ ਵੀ ਕੰਪਨੀ ਆਪਣੇ ਉਤਪਾਦ ਦੀ ਸੋਸ਼ਲ ਮੀਡੀਆ ਉੱਤੇ ਮਸ਼ਹੂਰੀ ਦੇਣ ਤੋਂ ਪਹਿਲਾਂ ਕਿਸੇ ਵੀ ਖ਼ੇਤਰ ਜਿਵੇਂ ਬਿਊਟੀ, ਮਨੋਰੰਜਨ ਜਾਂ ਗੱਡੀਆਂ ਬਾਰੇ ਗੱਲ ਕਰਨ ਵਾਲੇ ਇਨਫਲੂਐਂਸਰਜ਼ ਬਾਰੇ ਪਤਾ ਲਗਾਉਂਦੀ ਹੈ।
ਇਨਫਲੂਐਂਸਰਜ਼ ਬਾਰੇ ਪਤਾ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਪਹੁੰਚ (ਰੀਚ), ਫੌਲੋਅਰਜ਼, ਐਕਟੀਵਿਟੀ ਆਦਿ ਨੂੰ ਚੰਗੀ ਤਰ੍ਹਾਂ ਕੋਖਿਆ ਜਾਂਦਾ ਹੈ।
ਇਸ ਤੋਂ ਬਾਅਦ ਹੀ ਕੋਈ ਵੀ ਕੰਪਨੀ ਵੱਲੋਂ ਆਪਣੇ ਉਤਪਾਦ ਬਾਰੇ ਮਸ਼ਹੂਰੀ ਭਾਵ ਪੇਡ ਪ੍ਰਮੋਸ਼ਨ, ਸਪੌਂਸਰਡ ਆਦਿ ਦਾ ਫ਼ੈਸਲਾ ਲਿਆ ਜਾਂਦਾ ਹੈ ਅਤੇ ਬਜਟ ਤੈਅ ਕੀਤਾ ਜਾਂਦਾ ਹੈ।
ਇਨਫਲੂਐਂਸਰ ਕੀ ਕਹਿੰਦੇ ਹਨ
ਹਰਸ਼ਦੀਪ ਅਹੁੂਜਾ, ਕਾਮੇਡੀ ਇਨਫਲੂਐਂਸਰ
ਹਰਸ਼ਦੀਪ ਅਹੂਜਾ ਪੇਸ਼ੇ ਵਜੋਂ ਇੱਕ ਇੰਜੀਨੀਅਰ ਹਨ ਅਤੇ ਜਨੂੰਨ ਤੇ ਸ਼ੌਂਕ ਵਜੋਂ ਇੱਕ ਇਨਫਲੂਐਂਸਰ ਹਨ।
ਦਿੱਲੀ ਦੇ ਹਰਸ਼ਦੀਪ ਅਹੂਜਾ ਮ਼ਜ਼ਾਹੀਆ ਵੀਡੀਓਜ਼ ਬਣਾਉਂਦੇ ਹਨ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਇਨ੍ਹਾਂ ਵੀਡੀਓਜ਼ ਕਰਕੇ ਵੱਖਰੀ ਪਛਾਣ ਰੱਖਦੇ ਹਨ।
ਆਪਣੀਆਂ ਵੀਡੀਓਜ਼ ਵਿੱਚ ਉਹ ਆਪਣੇ ਪਰਿਵਾਰ ਨੂੰ ਵੀ ਕਈ ਵਾਰ ਸ਼ਾਮਲ ਕਰਦੇ ਹਨ।
ਹਰਸ਼ਦੀਪ ਦੇ ਯੂ-ਟਿਊਬ ਉੱਤੇ 9 ਲੱਖ ਤੋਂ ਵੀ ਵੱਧ ਸਬਸਕ੍ਰਾਈਬਰ ਹਨ
ਹਰਸ਼ਦੀਪ ਦੇ ਯੂ-ਟਿਊਬ ਉੱਤੇ 9 ਲੱਖ ਤੋਂ ਵੀ ਵੱਧ ਸਬਸਕ੍ਰਾਈਬਰ ਹਨ ਅਤੇ ਇਸੇ ਤਰ੍ਹਾਂ ਇੰਸਟਾਗ੍ਰਾਮ ਉੱਤੇ ਉਨ੍ਹਾਂ ਦੇ 2 ਲੱਖ ਤੋਂ ਵੱਧ ਫੌਲੋਅਰਜ਼ ਹਨ।
ਭਾਰਤ ਸਰਕਾਰ ਦੇ ਇਨਫਲੂਐਂਸਰਜ਼ ਬਾਰੇ ਫ਼ੈਸਲੇ ਉੱਤੇ ਉਹ ਆਪਣੇ ਵਿਚਾਰ ਰੱਖਦੇ ਹਨ।
ਉਹ ਕਹਿੰਦੇ ਹਨ, ‘’ਅਸੀਂ ਹਰ ਉਸ ਵੀਡੀਓ ਵਿੱਚ ਦਿਸ਼ਾ ਨਿਰਦੇਸ਼ਾਂ ਬਾਰੇ ਪਹਿਲਾਂ ਹੀ ਧਿਆਨ ਰੱਖਦੇ ਹਾਂ ਜਿਸ ਵਿੱਚ ਕਿਸੇ ਉਤਪਾਦ ਦਾ ਪ੍ਰਚਾਰ ਸ਼ਾਮਲ ਹੋਵੇ।‘’
‘’ਉਦਾਹਰਣ ਦੇ ਤੌਰ ’ਤੇ ਯੂ-ਟਿਊਬ ਉੱਤੇ ਕੋਈ ਵੀ ਮਸ਼ਹੂਰੀ ਵਾਲੀ ਵੀਡੀਓ ਪਾਉਣ ਵੇਲੇ ਅਸੀਂ ਪੇਡ ਪ੍ਰਮੋਸ਼ਨ ਵਾਲਾ ਬਦਲ ਚੁਣਦੇ ਹਾਂ ਅਤੇ ਇਹ ਅਭਿਆਸ ਪਹਿਲਾਂ ਤੋਂ ਹੀ ਜਾਰੀ ਹੈ।‘’
ਇੰਸਟਾਗ੍ਰਾਮ ਉੱਤੇ ਮਸ਼ਹੂਰੀ ਵਾਲਾ ਕੰਟੈਂਟ ਪਾਉਣ ਬਾਰੇ ਹਰਸ਼ਦੀਪ ਕਹਿੰਦੇ ਹਨ, ‘‘ਇਸੇ ਤਰ੍ਹਾਂ ਅਸੀਂ ਇੰਸਟਾਗ੍ਰਾਮ ਉੱਤੇ ਅਜਿਹਾ ਪੇਡ ਕੰਟੇਟ ਪਾਉਣ ਵੇਲੇ ਹੈਸ਼ਟੇਗ #ad ਜ਼ਰੂਰ ਪਾਉਂਦੇ ਹਾਂ ਜੋ ਕਿ ਇੰਸਟਾਗ੍ਰਾਮ ਵੱਲੋਂ ਲਾਜ਼ਮੀ ਕੀਤਾ ਗਿਆ ਹੈ। ਅਜਿਹਾ ਅਸੀਂ ਸਟੋਰੀ, ਪੋਸਟ, ਰੀਲ, ਵੀਡੀਓ ਹਰ ਮਾਧਿਅਮ ਵਿੱਚ ਕਰਦੇ ਹਾਂ।’’
ਅਰੁਣ ਸਿੰਘ, ਕਾਮੇਡੀ ਇਨਫਲੂਐਂਸਰ
ਅਰੁਣ ਸਿੰਘ ਮਜ਼ਾਹੀਆ ਵੀਡੀਓਜ਼ ਬਣਾਉਂਦੇ ਹਨ ਅਤੇ ਅੱਜ ਕੱਲ ਦਿੱਲੀ-ਐਨਸੀਆਰ ਵਿੱਚ ਰਹਿ ਰਹੇ ਹਨ।
ਜਲੰਧਰ ਦੇ ਅਰੁਣ ਸਿੰਘ ਇੱਕ ਐਂਕਰ ਹਨ ਅਤੇ ਖ਼ਾਸ ਤੌਰ ਉੱਤੇ ਇੰਸਟਾਗ੍ਰਾਮ ਉੱਤੇ ਆਪਣੀਆਂ ਮਜ਼ਾਹੀਆ ਵੀਡੀਓਜ਼ ਕਰਕੇ ਵਾਇਰਲ ਹਨ।
ਅਰੁਣ ਦੇ ਇੰਸਟਾਗ੍ਰਾਮ ਉੱਤੇ ਲਗਭਗ ਢਾਈ ਲੱਖ ਫੌਲੋਅਰਜ਼ ਹਨ
ਅਰੁਣ ਦੇ ਇੰਸਟਾਗ੍ਰਾਮ ਉੱਤੇ ਲਗਭਗ ਢਾਈ ਲੱਖ ਫੌਲੋਅਰਜ਼ ਹਨ।
ਉਹ ਭਾਰਤ ਸਰਕਾਰ ਦੇ ਫ਼ੈਸਲੇ ਨੂੰ ਸ਼ਲਾਘਾਯੋਗ ਕਦਮ ਦੱਸਦੇ ਹਨ।
ਉਨ੍ਹਾਂ ਮੁਤਾਬਕ ਪੇਡ ਪ੍ਰੋਮਸ਼ਨ ਦੇ ਹਵਾਲੇ ਨਾਲ ਤਾਂ ਖ਼ਾਸ ਤੌਰ ਉੱਤੇ ਪਹਿਲਾਂ ਹੀ ਸੋਸ਼ਲ ਮੀਡੀਆ ਕੰਪਨੀਆਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਆ ਰਹੇ ਹਨ।
ਅਰੁਣ ਸਿੰਘ ਕਹਿੰਦੇ ਹਨ, ‘‘ਕਿਸੇ ਵੀ ਪੇਡ ਪ੍ਰਮੋਸ਼ਨ ਦੀ ਚੋਣ ਤੋਂ ਪਹਿਲਾਂ ਹਰ ਤਰ੍ਹਾਂ ਦੇ ਪਹਿਲੂ ਬਾਰੇ ਧਿਆਨ ਵਿੱਚ ਰੱਖ ਕੇ ਫ਼ੈਸਲਾ ਲਿਆ ਜਾਂਦਾ ਹੈ। ਇਹ ਖ਼ਾਸ ਧਿਆਨ ਰੱਖਿਆ ਜਾਂਦਾ ਹੈ ਕਿ ਕੰਟੈਂਟ ਲੋਕਾਂ ਨਾਲ ਸ਼ੇਅਰ ਕਰਨ ਵੇਲੇ ਬਤੌਰ ਇਨਫਲੂਐਂਸਰ ਉਨ੍ਹਾਂ ਦੇ ਅਕਸ ਉੱਤੇ ਵੀ ਕੋਈ ਕਿੰਤੂ ਪਰੰਤੂ ਨਾ ਹੋਵੇ।‘’
‘’ਅਸੀਂ ਆਪਣੇ ਸਮਾਜ ਲਈ, ਭਾਈਚਾਰੇ ਲਈ ਜ਼ਿੰਮੇਵਾਰ ਹਾਂ, ਤੁਸੀਂ ਇੰਸਟਾਗ੍ਰਾਮ ਉੱਤੇ ਰੀਲ ਪਾਉਂਦੇ ਹੋ ਅਤੇ ਤੁਹਾਨੂੰ ਤੁਹਾਡੇ ਭਾਈਚਾਰੇ ਵੱਲੋਂ ਉਸੇ ਵੇਲੇ ਹੱਲਾਸ਼ੇਰੀ ਮਿਲਦੀ ਹੈ। ਲੋਕਾਂ ਵਿਚਾਲੇ ਭਰੋਸਾ ਕਾਇਮ ਰੱਖਣਾ ਜ਼ਰੂਰੀ ਹੈ। ਜਦੋਂ ਕੋਈ ਇਨਫਲੂਐਂਸਰ ਵਾਰ-ਵਾਰ ਕਿਸੇ ਉਤਪਾਦ ਦੀ ਗੱਲ ਕਰਦਾ ਹੈ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਪੇਡ ਪ੍ਰਮੋਸ਼ਨ ਹੈ।‘’
ਸੋਸ਼ਲ ਮੀਡੀਆ ਕੰਪਨੀਆਂ ਦੀਆਂ ਐਡ ਪੌਲਿਸੀ ’ਚ ਕੀ
ਆਓ ਹੁਣ ਜਾਣਦੇ ਹਾਂ ਕਿ ਕੁਝ ਸੋਸ਼ਲ ਮੀਡੀਆ ਕੰਪਨੀਆਂ ਦੇ ਪਲੇਟਫਾਰਮ ਉੱਤੇ ਐਡ ਜਾਂ ਇਸ਼ਤਿਹਾਰ ਲਗਾਉਣ ਲਈ ਕਿਹੜੀਆਂ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ। ਭਾਵ ਇਹ ਕਿ ਇਨ੍ਹਾਂ ਕੰਪਨੀਆਂ ਦੀਆਂ ਆਪਣੀਆਂ ਗਾਈਡਲਾਈਨਜ਼ ਜਾਂ ਦਿਸ਼ਾ ਨਿਰਦੇਸ਼ ਕੀ ਕਹਿੰਦੇ ਹਨ।
- ਮਸ਼ਹੂਰੀ ਜਾਂ ਇਸ਼ਤਿਹਾਰ ਲਈ ਕੰਟੈਂਟ ਮੈਟਾ ਦੀ ਪੌਲਿਸੀ ਮੁਤਾਬਕ ਯੋਗ ਹੋਵੇ
- ਜਿਹੜੇ ਮੁਲਕ ’ਚ ਐਡ ਲਗਾ ਰਹੇ ਹੋ ਉੱਥੇ ਰਹਿੰਦੇ ਹੋਵੋ ਤੇ ਉਤਪਾਦ ਜਾਂ ਸੇਵਾ ਉਪਲਬਧ ਹੋਵੇ
- ਮੈਟਾ ਦੇ ਕਮਿਊਨਿਟੀ ਸਟੈਂਡਰਡਜ਼ ਨੂੰ ਫੌਲੋ ਕਰੋ – ਇਸ ਵਿੱਚ ਨਫ਼ਰਤੀ ਭਾਸ਼ਣ, ਹਿੰਸਾ, ਅਸ਼ਲੀਲ ਕੰਟੈਂਟ ਆਦਿ ਆਉਂਦਾ ਹੈ। ਜੇ ਕੰਟੈਂਟ ਮੈਟਾ ਦੀ ਪੌਲਿਸੀ ਨਾਲ ਮੇਚ ਨਹੀਂ ਖਾਂਦਾ ਤਾਂ ਐਡ ਨਹੀਂ ਲੱਗੇਗੀ।
- ਸਹੀ, ਪੁਖ਼ਤਾ ਅਤੇ ਅਸਲੀ ਕੰਟੈਂਟ ਹੀ ਸ਼ੇਅਰ ਕਰੋ
- ਤੁਹਾਡੇ ਵੱਲੋਂ ਸਾਂਝੇ ਕੀਤੇ ਕੰਟੈਂਟ ਦੇ ਕਮਰੀਅਸ਼ਲ ਪੱਖ ਬਾਰੇ ਤੁਸੀਂ ਦੱਸੋਗੇ
- ਕੰਟੈਂਟ ਕਮਿਊਨਿਟੀ ਸਟੈਂਡਰਡ ਦੇ ਹਿਸਾਬ ਨਾਲ ਹੋਵੇ
- ਗ਼ੈਰ ਕਾਨੂੰਨੀ ਉਤਪਾਤ ਦਾਂ ਸਰਵਿਸ ਬਾਬਤ ਕੰਟੈਂਟ ਨਾ ਹੋਵੇ, ਇਸ਼ ਤੋਂ ਇਲਾਵਾ ਤੰਬਾਕੂ, ਨਸ਼ਾ, ਸਿਗਰਟ, ਸ਼ਰਾਬ, ਹਥਿਆਰ, ਲਾਟਰੀ ਬਾਬਤ ਕੰਟੈਂਟ ਨਾ ਹੋਵੇ
- ਫੈਮਿਲੀ ਪਲਾਨਿੰਗ, ਭਾਰ ਘਟਾਉਣ, ਕੌਸਮੈਟਿਕ ਸਰਜਰੀ ਆਦਿ ਬਾਰੇ ਵੀ ਕੰਟੈਂਟ ਪਾਉਣ ਦੀ ਮਨਾਹੀ ਹੈ
- ਯੂ-ਟਿਊਬ ਦੀ ਐਡਵਰਟਾਈਜ਼ਿੰਗ ਪੌਲਿਸੀ ਨਾਲ ਮੇੈਚ ਖਾਂਦਾ ਕੰਟੈਂਟ ਹੋਵੇ
- ਰਾਤੋ ਰਾਤ ਅਮੀਰ ਹੋਣ ਜਾਂ ਪੈਸਿਆਂ ਬਾਰੇ ਝੂਠੇ ਦਾਅਵੇ ਵਾਲੇ ਕੰਟੈਂਟ ਦੀ ਮਨਾਹੀ
- ਮਾੜੀ ਸ਼ਬਦਾਵਲੀ ਵਾਲਾ ਕੰਟੈਂਟ, ਨਕਾਰਾਤਮਕ ਤਸਵੀਰਾਂ, ਖ਼ਤਰੇ ਨਾਲ ਜੁੜੇ ਕੰਟੈਂਟ ਦੀ ਵੀ ਮਨਾਹੀ
- ਮੈਡੀਕਲ ਸਰਜਰੀ, ਸ਼ਰਾਬ, ਨਸ਼ਾ, ਤੰਬਾਕੂ, ਸੈਕਸ ਨਾਲ ਜੁੜੇ ਕੰਟੈਂਟ ਉੱਤੇ ਮਨਾਹੀ
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਜਨਮ ਵੇਲੇ 500 ਗ੍ਰਾਮ ਭਾਰ ਵਾਲੀਆਂ ਬੱਚੀਆਂ ਦੇ ਹਵਾਲੇ ਨਾਲ ਸਮਝੋ ਕਿਵੇਂ ਅਜਿਹੀਆਂ ਜਾਨਾਂ ਬਚਦੀਆਂ ਹਨ
NEXT STORY