ਕਾਰੋਬਾਰੀ ਗੌਤਮ ਅਡਾਨੀ
ਅਮਰੀਕੀ ਫ਼ਾਰੇਂਸਿਕ ਫ਼ਾਈਨੇਂਸ਼ੀਅਲ ਕੰਪਨੀ ਹਿੰਡਨਬਰਗ ਨੇ ਅਡਾਨੀ ਸਮੂਹ ਵਲੋਂ ਦਿੱਤੇ ਗਏ 413 ਪੰਨਿਆਂ ਦੇ ਜਵਾਬ ’ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ‘ਧੋਖਾਧੜੀ ਨੂੰ ਰਾਸ਼ਟਰਵਾਦ ਪਿੱਛੇ ਲੁਕੋਇਆ ਨਹੀਂ ਜਾ ਸਕਦਾ।’
ਜ਼ਿਕਰਯੋਗ ਹੈ ਕਿ ਹਿੰਡਨਬਰਗ ਨੇ ਪਿਛਲੇ ਦਿਨੀਂ ਅਡਾਨੀ ਸਮੂਹ ’ਤੇ ਵਿੱਤੀ ਬੇਨਿਯਮੀਆਂ ਨਾਲ ਜੁੜੇ ਗੰਭੀਰ ਇਲਜ਼ਾਮ ਲਗਾਏ ਸਨ।
ਇਸ ਤੋਂ ਬਾਅਦ ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।
ਅਡਾਨੀ ਸਮੂਹ ਨੇ ਐਤਵਾਰ ਦੇਰ ਸ਼ਾਮ ਇਸ ਮਾਮਲੇ ਵਿੱਚ ਆਪਣਾ ਪੱਖ 413 ਸਫ਼ਿਆਂ ਵਿੱਚ ਦਿੰਦਿਆਂ ਇਸ ਨੂੰ ''ਭਾਰਤ ’ਤੇ ਸੋਚ ਸਮਝ ਕੇ ਕੀਤਾ ਗਿਆ ਹਮਲਾ'' ਦੱਸਿਆ ਹੈ।
ਅਡਾਨੀ ਸਮੂਹ ਦੇ ਜਵਾਬ ਮੁਤਾਬਕ ਇਹ ਭਾਰਤ ਉੱਤੇ ਗਿਣਿਆ ਮਿੱਥਿਆ ਹਮਲਾ ਹੈ।
ਹਿੰਡਨਬਰਗ ਨੇ ਆਪਣੀ ਵੈਬਸਾਈਟ ’ਤੇ ਵਿੱਚ ਲਿਖਿਆ ਹੈ, “ਅਡਾਨੀ ਸਮੂਹ ਨੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰਦਿਆਂ ਇਸ ਮਾਮਲੇ ਨੂੰ ਰਾਸ਼ਟਰਵਾਦੀ ਰੰਗ ਦੇਣ ਦਾ ਯਤਨ ਕੀਤਾ ਹੈ। ਉਨ੍ਹਾਂ ਨੇ ਸਾਡੀ ਰਿਪੋਰਟ ਨੂੰ ‘ਭਾਰਤ ਉੱਤੇ ਇੱਕ ਸੋਚਿਆ ਸਮਝਿਆ ਹਮਲਾ’ ਦੱਸਿਆ ਹੈ।”
“ਸੰਖੇਪ ਵਿੱਚ ਕਹੀਏ ਤਾਂ ਅਡਾਨੀ ਸਮੂਹ ਨੇ ਆਪਣੇ ਤੇ ਆਪਣੇ ਮੁਖੀ ਗੌਤਮ ਅਡਾਨੀ ਦੀ ਜਾਇਦਾਦ ਵਿੱਚ ਭਾਰੀ ਵਾਧੇ ਨੂੰ ਭਾਰਤ ਦੀ ਸਫ਼ਲਤਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।”
ਅਸੀਂ ਇਸ ਸਭ ਨਾਲ ਅਸਹਿਮਤ ਹਾਂ। ਸਪਸ਼ਟ ਤੌਰ ’ਤੇ ਅਸੀਂ ਮੰਨਦੇ ਹਾਂ ਕਿ ਭਾਰਤ ਇੱਕ ਖੁਸ਼ਹਾਲ ਲੋਕਤੰਤਰ ਦੇ ਨਾਲ-ਨਾਲ ਇੱਕ ਸੁਨਿਹਰੇ ਭਵਿੱਖ ਵਾਲੀ ਉੱਭਰ ਰਹੀ ਮਹਾਂਸ਼ਕਤੀ ਹੈ। ਸਾਡਾ ਇਹ ਵੀ ਮੰਨਣਾ ਹੈ ਕਿ ਅਡਾਨੀ ਸਮੂਹ ਭਾਰਤੀ ਝੰਡੇ ਦੀ ਆੜ ਵਿੱਚ ਭਾਰਤ ਨੂੰ ਲੁੱਟ ਰਿਹਾ ਹੈ।"
ਅਡਾਨੀ ਸਮੂਹ ’ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ
ਗੌਤਮ ਅਡਾਨੀ ਭਾਰਤੇ ਦੇ ਇੱਕ ਵੱਡੇ ਕੰਪਨੀ ਸਮੂਹ ਦੇ ਮਾਲਕ ਹਨ। ਇਸ ਕੰਪਨੀ ਬਾਰੇ ਹਿੰਡਨਬਰਗ ਨੇ ਆਪਣੀ ਰਿਸਰਚ ਰਿਪੋਰਟ ਵਿੱਚ ਸਟਾਕ ਹੇਰਾਫ਼ੇਰੀ ਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਸਨ।
ਅਡਾਨੀ ਨੇ ਇਸ ਰਿਪੋਰਟ ਨੂੰ ‘ਦੋਸ਼ਪੂਰਨ ਤੇ ਚੋਣਵੀਂ ਗ਼ਲਤ ਸੂਚਨਾ’ ਨਾਲ ਤਿਆਰ ਕੀਤੀ ਦੱਸਿਆ ਹੈ।
ਬੁੱਧਵਾਰ ਨੂੰ ਜਦੋਂ ਇਹ ਸਰਵੇਖਣ ਜਨਤਕ ਕੀਤਾ ਗਿਆ ਤਾਂ ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਦੇਖੀ ਗਈ।
ਹੁਣ ਅਡਾਨੀ ਸਮੂਹ ਨੇ ਹਿੰਡਰਬਰਨ ਨੂੰ ਇੱਕ ਲੰਬਾ ਚੌੜਾ ਜਵਾਬ ਦਿੱਤਾ ਹੈ, ਜਿਸ ਵਿੱਚ ਇਸ ਰਿਪੋਰਟ ਨੂੰ ਭਾਰਤ ਵਿਰੋਧੀ ਦੱਸਿਆ ਗਿਆ ਹੈ।
ਅਡਾਨੀ ਸਮੂਹ ਵਪਾਰਕ ਟਰੇਡਿੰਗ, ਹਵਾਈ ਅੱਡਿਆ, ਉਪਭੋਗਤਾਵਾਂ ਤੇ ਨਵਿਆਉਣਯੋਗ ਊਰਜਾ ਸਮੇਤ ਕਈ ਉਦਯੋਗਾਂ ਦਾ ਸਮੂਹ ਹੈ।
ਇਸ ਵਪਾਰ ਦੀ ਅਗਵਾਈ ਫੋਰਬਸ ਮੈਗਜ਼ੀਨ ਮੁਤਾਬਕ ਦੁਨੀਆਂ ਦੇ ਚੌਥੇ ਸਭ ਤੋਂ ਅਮੀਰ ਅਰਬਪਤੀ ਗੌਤਮ ਅਡਾਨੀ ਵਲੋਂ ਕੀਤੀ ਜਾਂਦੀ ਹੈ। ਦੂਜੇ ਪਾਸੇ ਹਿੰਡਨਬਰਗ "ਸ਼ਾਰਟ ਸੈਲਿੰਗ" ਵਿੱਚ ਮਾਹਿਰ ਕੰਪਨੀ ਹੈ।
ਯਾਨੀ ਇਹ ਅਜਿਹੀਆਂ ਕੰਪਨੀਆਂ ਦੇ ਸ਼ੇਅਰ ਵਿੱਚ ਸੱਟਾ ਲਗਾਉਂਦੀ ਹੈ, ਜਿਨਾਂ ਦੀ ਕੀਮਤ ਡਿੱਗਣ ਦੀ ਸੰਭਾਵਨਾ ਹੋਵੇ।
ਗੌਤਮ ਅਡਾਨੀ ਦਾ ਕਾਰੋਬਾਰੀ ਸਫ਼ਰ
- 1978 ਵਿੱਚ ਆਪਣੀ ਕਾਲਜ ਦੀ ਪੜ੍ਹਾਈ ਅਧੂਰੀ ਛੱਡ ਮੁੰਬਈ ਦੇ ਹੀਰਾ ਬਾਜ਼ਾਰ ਵਿੱਚ ਹੱਥ ਅਜ਼ਮਾਉਣ ਚਲੇ ਗਏ।
- 1981 ਵਿੱਚ ਆਪਣੇ ਵੱਡੇ ਭਰਾ ਕੋਲ ਅਹਿਮਦਾਬਾਦ ਰਹਿਣ ਚਲੇ ਗਏ।
- 1988 ਵਿੱਚ ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ ਬਣੀ, ਜਿਸ ਨੇ ਧਾਤੂ, ਖੇਤੀਬਾੜੀ ਉਤਪਾਦਾਂ ਅਤੇ ਕੱਪੜੇ ਵਰਗੇ ਉਤਪਾਦਾਂ ਦਾ ਵਪਾਰ ਸ਼ੁਰੂ ਕੀਤਾ।
- 1995 ਵਿੱਚ, ਅਡਾਨੀ ਸਮੂਹ ਨੇ ਮੁੰਦਰਾ ਬੰਦਰਗਾਹ ਦਾ ਸੰਚਾਲਨ ਸ਼ੁਰੂ ਕੀਤਾ। ਲਗਭਗ 8 ਹਜ਼ਾਰ ਹੈਕਟੇਅਰ ਵਿੱਚ ਫੈਲੀ ਅਡਾਨੀ ਦੀ ਮੁੰਦਰਾ ਬੰਦਰਗਾਹ ਅੱਜ ਭਾਰਤ ਦੀ ਸਭ ਤੋਂ ਵੱਡੀ ਨਿੱਜੀ ਬੰਦਰਗਾਹ ਹੈ।
- 1999 ਵਿੱਚ, ਅਡਾਨੀ ਸਮੂਹ ਨੇ ਵਿਲ ਐਗਰੀ ਬਿਜ਼ਨਸ ਗਰੁੱਪ ਵਿਲਮਰ ਨਾਲ ਹੱਥ ਮਿਲਾ ਕੇ ਖਾਣ ਵਾਲੇ ਤੇਲ ਦੇ ਕਾਰੋਬਾਰ ਵਿੱਚ ਪੈਰ ਧਰਿਆ।
- 2010 ''ਚ ਅਡਾਨੀ ਨੇ ਆਸਟ੍ਰੇਲੀਆ ਦੀ ਲਿੰਕ ਐਨਰਜੀ ਤੋਂ 12,147 ਕਰੋੜ ''ਚ ਕੋਲੇ ਦੀ ਖਾਨ ਖਰੀਦੀ ਸੀ।
- 2002 ਵਿੱਚ ਉਨ੍ਹਾਂ ਦਾ ਕਾਰੋਬਾਰ 76.5 ਕਰੋੜ ਡਾਲਰ ਸੀ, ਜੋ ਸਾਲ 2014 ਵਿੱਚ ਵੱਧ ਕੇ 10 ਅਰਬ ਡਾਲਰ ਹੋ ਗਿਆ ਸੀ।
- 8 ਫਰਵਰੀ, 2022 ਨੂੰ ਗੌਤਮ ਅਡਾਨੀ ਦੀ ਕੁੱਲ ਜਾਇਦਾਦ 88.5 ਅਰਬ ਡਾਲਰ ਤੱਕ ਪਹੁੰਚ ਗਈ ਸੀ।
ਹਿੰਡਨਬਗ ਕੋਲ ਕੋਈ ਸਬੂਤ ਨਹੀਂ
ਐਤਵਾਰ ਨੂੰ ਹਿੰਡਨਬਰਗ ਨੇ ਕਿਹਾ ਸੀ ਕਿ ਅਡਾਨੀ ਪੁੱਛੇ ਗਏ 88 ਸਵਾਲਾਂ ਵਿੱਚ 62 ਦਾ ਤਸੱਲੀਬਖ਼ਸ਼ ਜਵਾਬ ਦੇਣ ਵਿੱਚ ਨਾਕਾਮਯਾਬ ਰਿਹਾ ਸੀ।
ਐਤਵਾਰ ਨੂੰ ਹੀ ਅਡਾਨੀ ਸਮੂਹ ਨੇ 413 ਸਫ਼ਿਆ ਦਾ ਇੱਕ ਦਸਤਾਵੇਜ਼ ਜਾਰੀ ਕੀਤਾ।
ਜਿਸ ਵਿੱਚ ਕਿਹਾ ਗਿਆ, "ਸਾਡੇ ਵਲੋਂ ਭਾਰਤੀ ਕਾਨੂੰਨਾਂ ਅਤੇ ਮਿੱਥੇ ਮਾਪਦੰਡਾਂ ਤਹਿਤ ''ਸਬੰਧਿਤ ਧਿਰਾਂ'' ਵਜੋਂ ਯੋਗਤਾ ਪੂਰੀ ਕਰਨ ਵਾਲੀਆਂ ਸੰਸਥਾਵਾਂ ਦੇ ਨਾਲ ਲੈਣ-ਦੇਣ ਕੀਤਾ ਗਿਆ ਤੇ ਇਹ ਸਭ ਸਹੀ ਢੰਗ ਤਰੀਕੇ ਨਾਲ ਕੀਤਾ ਗਿਆ।”
ਇਸ ਵਿੱਚ ਹਿੰਡਨਬਰਗ ਦੀ ਰਿਪੋਰਟ ਨੂੰ ਸਬੂਤਾਂ ਤੋਂ ਬਗ਼ੈਰ ਫ਼ਾਇਦਾ ਲੈਣ ਦੀ ਕੋਸ਼ਿਸ਼ ਇਰਾਦਾ ਰੱਖਦੀ ਦੱਸਿਆ ਗਿਆ।
"ਇਹ ਵਿਰੋਧੀ ਹਿੱਤਾਂ ਤੋਂ ਪ੍ਰੇਰਿਤ ਹੈ ਅਤੇ ਇਸਦਾ ਮੰਤਵ ਮਹਿਜ਼ ਪ੍ਰਤੀਭੂਤੀਆਂ ਵਿੱਚ ਇੱਕ ਝੂਠਾ ਬਾਜ਼ਾਰ ਬਣਾਉਣਾ ਹੈ, ਤਾਂ ਜੋ ਇੱਕ ਪ੍ਰਵਾਨਿਤ ਸ਼ਾਰਟ ਸੈਲਰ, ਹਿੰਡਨਬਰਗ, ਅਣਗਿਣਤ ਨਿਵੇਸ਼ਕਾਂ ਦੀ ਕੀਮਤ ''ਤੇ ਗ਼ਲਤ ਤਰੀਕਿਆਂ ਨਾਲ ਵੱਡੇ ਵਿੱਤੀ ਲਾਭ ਹਾਸਲ ਕਰ ਸਕੇ।"
‘ਸ਼ਾਰਟ ਸੈਲਿੰਗ’ ਹੁੰਦੀ ਹੈ,ਜਦੋਂ ਕੋਈ ਵਿਅਕਤੀ ਕਿਸੇ ਕੰਪਨੀ ਦੇ ਸ਼ੇਅਰ ਮੁੱਲ ਦੀ ਗਿਰਾਵਟ ਬਾਰੇ ਸੱਟਾ ਲਗਾਉਂਦਾ ਹੈ ਕਿ ਇਹ ਡਿੱਗ ਜਾਵੇਗਾ।
-
ਕੀ ਅਡਾਨੀ ਸਮੂਹ ਭਾਰਤ ਦੀ ਤਰੱਕੀ ਰੋਕ ਰਿਹਾ ਹੈ
ਜਵਾਬ ਵਿੱਚ ਹਿੰਡਨਬਰਗ ਨੇ ਕਿਹਾ, "ਸਪੱਸ਼ਟ ਤੌਰ ’ਤੇ ਸਾਡਾ ਮੰਨਣਾ ਹੈ ਕਿ ਭਾਰਤ ਇੱਕ ਵਿਭਿੰਨਤਾ ਭਰਿਆ ਲੋਕਤੰਤਰ ਹੈ,ਜੋ ਕਿ ਭਵਿੱਖ ਵਿੱਚ ਇੱਕ ਮਹਾਂਸ਼ਕਤੀ ਵਜੋਂ ਉੱਭਰ ਰਿਹਾ ਹੈ।"
"ਸਾਡਾ ਇਹ ਵੀ ਮੰਨਣਾ ਹੈ ਕਿ ਅਡਾਨੀ ਸਮੂਹ ਭਾਰਤ ਦੇ ਭਵਿੱਖ ਨੂੰ ਪਛਾੜ ਰਿਹਾ ਹੈ, ਜਿਸ ਨੇ ਦੇਸ਼ ਨੂੰ ਯੋਜਨਾਬੱਧ ਢੰਗ ਨਾਲ ਲੁੱਟਦਿਆਂ ਆਪਣੇ ਆਪ ਨੂੰ ਭਾਰਤੀ ਝੰਡੇ ਹੇਠ ਲੁਕੋਇਆ ਹੋਇਆ ਹੈ।"
ਅਜਿਹਾ ਹੁੰਦਾ ਹੈ ਜਦੋਂ ਅਡਾਨੀ ਸਮੂਹ ਦੀ ਪ੍ਰਮੁੱਖ ਫ਼ਰਮ, ਅਡਾਨੀ ਐਂਟਰਪ੍ਰਾਈਜ਼ ਦੇ 2.5 ਕਰੋੜ ਸ਼ੇਅਰਾਂ ਦੀ ਵਿਕਰੀ ਇੱਕ ਹਫ਼ਤੇ ਵਿੱਚ ਹੀ ਹੋ ਜਾਂਦੀ ਹੈ।
ਪਿਛਲੇ ਹਫ਼ਤੇ, ਹਿੰਡਨਬਰਗ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਅਡਾਨੀ ਸਮੂਹ ਦੀਆਂ ਅਜਿਹੀਆਂ ਕੰਪਨੀਆਂ ਜੋ ਮਾਰੀਸ਼ਸ ਅਤੇ ਕੈਰੇਬੀਅਨ ਵਿੱਚ ਹਨ ''ਤੇ ਸਵਾਲ ਚੁੱਕੇ ਗਏ ਸਨ।
ਇਸ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਅਡਾਨੀ ਕੰਪਨੀਆਂ ਸਿਰ ਵੱਡਾ ਕਰਜ਼ਾ ਵੀ ਹੈ।
ਪਰ ਵੀਰਵਾਰ ਨੂੰ, ਅਡਾਨੀ ਸਮੂਹ ਨੇ ਕਿਹਾ ਕਿ ਉਹ ਅਮਰੀਕਾ ਅਤੇ ਭਾਰਤ ਵਿੱਚ ਹਿੰਡਨਬਰਗ ਰਿਸਰਚ ਖ਼ਿਲਾਫ਼ ‘ਉਪਚਾਰੀ ਅਤੇ ਦੰਡਕਾਰੀ ਕਾਰਵਾਈ’ ਕਰਨ ਦਾ ਵਿਚਾਰ ਕਰ ਰਿਹਾ ਹੈ।
ਅਡਾਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਹਮੇਸ਼ਾ ਕਾਨੂੰਨਾਂ ਦੀ ਪਾਲਣਾ ਕੀਤੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਕੀ ਮੋਦੀ ਦੇ ''ਕਾਂਗਰਸ-ਮੁਕਤ ਭਾਰਤ ਮਿਸ਼ਨ'' ਨੂੰ ਬਰੇਕ ਲਾ ਦਿੱਤੀ
NEXT STORY