ਸੰਕੇਤਕ ਤਸਵੀਰ
ਕਿਸੇ ਰਿਸ਼ਤੇ ਵਿੱਚ ਪਿਆਰ ਦੀ ਥਾਂ ਹਿੰਸਾ ਲੈ ਲਵੇ ਤਾਂ ਉਸ ਤੋਂ ਬਾਹਰ ਨਿਕਲਣ ਵਿੱਚ ਔਰਤ ਕਿਉਂ ਝਿਜਕਦੀ ਹੈ? ਉਹ ਬਰਦਾਸ਼ਤ ਕਿਉਂ ਕਰਦੀ ਹੈ?
ਲਗਾਤਾਰ ਨਜ਼ਰ-ਅੰਦਾਜ਼ ਕਰਦੀ ਹੈ, ਮਾਫ਼ ਕਰਦੀ ਹੈ ਅਤੇ ਉਸੇ ਚੱਕਰਵਿਊ ਵਿੱਚ ਫ਼ਸੀ ਕਿਉਂ ਰਹਿੰਦੀ ਹੈ ?
ਦਿੱਲੀ ਵਿੱਚ ਰਹਿ ਰਹੀ ਮਹਾਰਾਸ਼ਟਰ ਦੀ ਸ਼ਰਧਾ ਵਾਲਕਰ ਦੇ ਮਾਮਲੇ ਵਿੱਚ ਅਜਿਹੇ ਕਈ ਸਵਾਲ ਉੱਠੇ।
ਪੁਲਿਸ ਮੁਤਾਬਕ ਸ਼ਰਧਾ ਘਰੇਲੂ ਹਿੰਸਾ ਝੱਲਦੀ ਰਹੀ ਅਤੇ ਆਖਿਰ ਵਿੱਚ ਉਸ ਦੇ ਲਿਵ-ਇਨ ਪਾਰਟਨਰ ਨੇ ਉਸ ਦਾ ਕਤਲ ਕਰ ਦਿੱਤਾ।
ਇੰਨਾਂ ਹੀ ਨਹੀਂ ਲਾਸ਼ ਦੇ 35 ਟੁਕੜੇ ਕੀਤੇ ਤੇ ਵੱਖ-ਵੱਖ ਥਾਂਵਾਂ ਉੱਤੇ ਸੁੱਟ ਦਿੱਤੇ।
ਪੜ੍ਹੀ-ਲਿਖੀ, ਮਜਬੂਤ, ਆਜ਼ਾਦ ਖਿਆਲਾਂ ਵਾਲੀ ਔਰਤ ਵੀ ਅਜਿਹੇ ਰਿਸ਼ਤੇ ਵਿੱਚ ਕਿਉਂ ਫਸੀ ਰਹਿੰਦੀ ਹੈ ਜਿਸ ਵਿੱਚ ਉਸ ਦੀ ਇੱਜ਼ਤ ਨਾ ਹੋਵੇ ਅਤੇ ਉਸ ਨਾਲ ਮਾਰਕੁੱਟ ਵੀ ਹੋਵੇ?
ਦੀਪਿਕਾ(ਬਦਲਿਆ ਹੋਇਆ ਨਾਮ) ਨੂੰ ਆਪਣੇ ਪਤੀ ਤੋਂ ਅਲੱਗ ਹੋਣ ਵਿੱਚ ਸੱਤ ਸਾਲ ਲੱਗ ਗਏ।
ਉਸ ਪਹਿਲੇ ਥੱਪੜ ਤੋਂ ਲੈ ਕੇ ਹੱਡੀ ਟੁੱਟਣ ਤੱਕ ਅਤੇ ਆਖਿਰਕਾਰ ਉਸ ਰਿਸ਼ਤੇ ਤੋਂ ਬਾਹਰ ਨਿਕਲਣ ਵਿੱਚ ਇੰਨਾਂ ਸਮਾਂ ਕਿਉਂ ਲੱਗਾ?
ਆਖ਼ਰ ਕਿਸ ਨੇ ਮਦਦ ਕੀਤੀ ? ਬਾਹਰ ਨਿਕਲਣ ਤੋਂ ਬਾਅਦ ਕੀ ਹੋਇਆ ? ਇਹ ਸਾਰੇ ਸਵਾਲ ਮੈਂ ਉਨ੍ਹਾਂ ਨੂੰ ਪੁੱਛੇ ਅਤੇ ਉਨ੍ਹਾਂ ਨੇ ਦਿਲ ਖੋਲ੍ਹ ਕੇ ਆਪਣੀ ਕਹਾਣੀ ਸਾਂਝੀ ਵੀ ਕੀਤੀ।
(ਚੇਤਾਵਨੀ- ਇਸ ਆਪਬੀਤੀ ਵਿੱਚ ਮਾਨਸਿਕ ਅਤੇ ਸਰੀਰਕ ਹਿੰਸਾ ਦਾ ਵਰਨਣ ਹੈ ਜੋ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ।)
ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼
ਸੰਕੇਤਕ ਤਸਵੀਰ
ਉਹ ਮੈਨੂੰ ਜਾਨੋਂ ਮਾਰ ਸਕਦੇ ਸੀ। ਇਹ ਤਾਂ ਮੇਰੀ ਕਿਸਮਤ ਸੀ ਕਿ ਮੈਂ ਅਜਿਹਾ ਹੋਣ ਤੋਂ ਪਹਿਲਾਂ ਉਸ ਰਿਸ਼ਤੇ ਤੋਂ ਬਾਹਰ ਨਿਕਲ ਸਕੀ।
ਸਾਨੂੰ ਪਾਲਿਆ ਹੀ ਇਸ ਤਰ੍ਹਾਂ ਜਾਂਦਾ ਹੈ ਕਿ ਅਸੀਂ ਵਿਆਹੁਤਾ ਰਿਸ਼ਤੇ ਵਿੱਚ, ਪਿਆਰ ਵਿੱਚ, ਉਸ ਬੰਧਨ ਵਿੱਚ ਯਕੀਨ ਕਰਦੇ ਹਾਂ। ਮੰਨਦੇ ਹਾਂ ਕਿ ਸਭ ਠੀਕ ਹੋ ਜਾਵੇਗਾ, ਅਤੇ ਇਸੇ ਆਸ ਨਾਲ ਤੁਸੀਂ ਬਰਦਾਸ਼ਤ ਕਰ ਸਕਦੇ ਹੋ।
ਮੇਰੇ ਲਈ ਵੀ ਸ਼ੁਰੂਆਤ ਇਸੇ ਤਰ੍ਹਾਂ ਹੀ ਹੋਈ ਸੀ।
ਜਦੋਂ ਮੇਰੇ ਪਤੀ ਨੇ ਮੈਨੂੰ ਪਹਿਲੀ ਵਾਰ ਥੱਪੜ ਮਾਰਿਆ, ਮੈਂ ਖ਼ੁਦ ਨੂੰ ਸਮਝਾਇਆ ਕਿ ਉਹ ਤਣਾਅ ਵਿੱਚ ਹਨ। ਇਹ ਸਿਰਫ਼ ਗ਼ੁੱਸਾ ਹੈ ਕੁਝ ਦਿਨ ਬਾਅਦ ਠੀਕ ਹੋ ਜਾਵੇਗਾ।
ਸਾਡੇ ਵਿਆਹ ਨੂੰ ਦੋ ਹੀ ਸਾਲ ਹੋਏ ਸਨ। ਇਸ ਦੌਰਾਨ ਇੱਕ ਗਰਭਪਾਤ ਹੋਇਆ ਤੇ ਫ਼ਿਰ ਮੇਰੀ ਧੀ ਦਾ ਜਨਮ ਹੋਇਆ ਸੀ।
ਗਰਭਵਤੀ ਹੋਣ ਦੌਰਾਨ ਕੁਝ ਸਮੱਸਿਆਵਾਂ ਸਨ ਜਿਸ ਕਾਰਨ ਮੈਨੂੰ ਡਾਕਟਰਾਂ ਨੇ ਚਾਰ ਮਹੀਨੇ ਤੱਕ ਅਰਾਮ ਕਰਨ ਦੀ ਸਲਾਹ ਦਿੱਤੀ।
ਮੈਂ ਆਪਣੀ ਸਿਹਤ ਕਾਰਨ ਮਾਂ ਦੇ ਘਰ ਚਲੀ ਗਈ, ਜੋ ਉਨ੍ਹਾਂ ਨੂੰ ਪਸੰਦ ਨਹੀਂ ਆਇਆ।
ਜਦੋਂ ਸਾਡੀ ਧੀ ਸਮੇਂ ਤੋਂ ਪਹਿਲਾਂ ਹੀ ਸਾਢੇ ਸੱਤ ਮਹੀਨਿਆਂ ’ਚ ਹੀ ਪੈਦਾ ਹੋ ਗਈ ਤਾਂ ਤਣਾਅ ਹੋਰ ਵਧਿਆ। ਉਸ ਦਾ ਭਾਰ ਸਿਰਫ਼ ਡੇਢ ਕਿੱਲੋ ਸੀ।
ਹਸਪਤਾਲ ਵਿੱਚ ਹਾਲੇ ਹੋਸ਼ ਵਿੱਚ ਆਈ ਹੀ ਸੀ ਕਿ ਉਹ ਚੀਕਣ ਲੱਗੇ, ਸਮਾਨ ਸੁੱਟਣ ਲੱਗੇ ਅਤੇ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਨਰਸਾਂ ਨੂੰ ਬੁਲਾਉਣਾ ਪਿਆ।
ਉਹ ਮੇਰੇ ਮਾਂ-ਬਾਪ ਤੋਂ ਖਿੱਝਣ ਲੱਗੇ ਸੀ। ਉਨ੍ਹਾਂ ਨੇ ਮੈਨੂੰ ਮਾਪਿਆਂ ਤੋਂ ਦੂਰ ਕਰ ਦਿੱਤਾ। ਕਿਹਾ ਕਿ ਮੇਰੀ ਜ਼ਿੰਦਗੀ ਵਿੱਚ ਜਾਂ ਤਾਂ ਮਾਂ-ਬਾਪ ਰਹਿ ਸਕਦੇ ਹਨ ਜਾਂ ਉਹ।
ਗ਼ੁੱਸੇ ਵਿੱਚ ਉਨ੍ਹਾਂ ਨੇ ਘਰ ਛੱਡ ਦਿੱਤਾ। ਮੈਂ ਮਿਣਤਾਂ ਕੀਤੀਆਂ ਕਿ ਉਹ ਵਾਪਸ ਆ ਜਾਣ ਕਿਉਂਕਿ ਸਾਡੀ ਛੋਟੀ ਜਿਹੀ ਬੱਚੀ ਨੂੰ ਪਿਤਾ ਦੀ ਲੋੜ ਸੀ।
ਉਹ ਪਰਤੇ ਪਰ ਇਸ ਸ਼ਰਤ ਉੱਤੇ ਕਿ ਜਦੋਂ ਉਹ ਘਰ ਵਿੱਚ ਹੋਣਗੇ ਤਾਂ ਮੇਰੇ ਪਰਿਵਾਰ ਦਾ ਕੋਈ ਜੀਅ ਉੱਥੇ ਨਹੀਂ ਰਹਿ ਸਕੇਗਾ। ਉਹ ਮੈਨੂੰ ਕਾਬੂ ਕਰਨਾ ਚਾਹੁੰਦੇ ਸੀ।
ਪਹਿਲਾ ਥੱਪੜ
ਅਜਿਹਾ ਲਗਦਾ ਸੀ ਜਿਵੇਂ ਉਹ ਸ਼ੈਤਾਨ ਬਣ ਗਏ ਹੋਣ। ਮੇਰੇ ਪਰਿਵਾਰ ਨੂੰ ਬਹੁਤ ਮਾੜਾ-ਚੰਗਾ ਬੋਲਦੇ ਸਨ। ਬੇਇੱਜ਼ਤੀ ਕਰਦੇ ਸੀ।
ਇਸ ਨੂੰ ‘ਮੌਖਿਕ ਹਿੰਸਾ’ ਕਹਿੰਦੇ ਹਨ ਪਰ ਇਸ ਬਾਰੇ ਮੈਨੂੰ ਕੋਈ ਸਮਝ ਨਹੀਂ ਸੀ।
ਇਹ ਸਾਲ 2005 ਸੀ। ਇਨ੍ਹਾਂ ਮੁੱਦਿਆਂ ’ਤੇ ਖੁੱਲ੍ਹ ਕੇ ਗੱਲ ਵੀ ਨਹੀਂ ਹੁੰਦੀ ਸੀ।
ਆਖ਼ਿਰਕਾਰ ਇੱਕ ਦਿਨ ਇਸ ਹਿੰਸਾ ਨੇ ਸਰੀਰਕ ਹਿੰਸਾ ਦਾ ਰੂਪ ਲੈ ਲਿਆ ਅਤੇ ਗ਼ੁੱਸੇ ਵਿੱਚ ਉਨ੍ਹਾਂ ਨੇ ਮੈਨੂੰ ਪਹਿਲੀ ਵਾਰ ਥੱਪੜ ਮਾਰਿਆ।
ਫਿਰ ਫ਼ੌਰਨ ਮੇਰੇ ਪੈਰਾਂ ’ਤੇ ਡਿੱਗ ਗਏ, ਮਾਫ਼ੀ ਮੰਗਣ ਲੱਗੇ। ਕਿਹਾ ਆਪਣਾ ਹੱਥ ਕੱਟ ਲੈਣਗੇ। ਮੇਰੇ ਲਈ ਫੁੱਲ ਲੈ ਕੇ ਆਏ।
ਮੈਂ ਵੀ ਸੋਚਿਆ ਕਿ ਬੱਸ ਇੱਕ ਥੱਪੜ ਹੀ ਤਾਂ ਸੀ। ਸਿਰਫ਼ ਗ਼ੁੱਸਾ ਹੀ। ਫ਼ਿਰ ਦੁਬਾਰਾ ਕਦੇ ਨਹੀਂ ਹੋਵੇਗਾ।
ਮਾਂ ਭਾਵੁਕਤਾ ਵਿੱਚ ਮਾਫ਼ ਕਰ ਦਿੱਤਾ ਅਤੇ ਅਸੀਂ ਇੱਕ ਮਨੋਵਿਗਿਆਨੀ ਕੋਲ ਗਏ।
ਪਹਿਲੇ ਮਨੋਵਿਗਿਆਨੀ ਨੇ ਗ਼ੁੱਸਾ ਘੱਟ ਕਰਨ ਦੀ ਦਵਾਈ ਦਿੱਤੀ ਪਰ ਮੇਰੇ ਪਤੀ ਨੇ ਉਹ ਸਿਰਫ ਤਿੰਨ ਦਿਨ ਦਵਾਈ ਖਾਦੀ।
ਇੱਕ ਹੋਰ ਮਨੋਵਿਗਿਆਨੀ ਕੋਲ ਗਏ ਤਾਂ ਉਨ੍ਹਾਂ ਨੇ ਸਲਾਹ ਦਿੱਤੀ, “ਤੁਸੀਂ ਆਪਣੇ ਪਤੀ ਦੀ ਹਰ ਗੱਲ ਵਿੱਚ ਹਾਂ ਮਿਲਾਓ ਤਾਂ ਹੀ ਤਣਾਅ ਘੱਟ ਹੋ ਸਕੇਗਾ।”
ਪਰ ਇਹ ਕੋਈ ਸਹੀ ਢੰਗ ਨਹੀਂ ਸੀ ਕਿਉਂਕਿ ਜਿਸ ਦਿਨ ਮੈਂ ਆਪਣੇ ਪਤੀ ਦੀ ਗੱਲ ਨਹੀਂ ਮੰਨੀ ਉਸੇ ਦਿਨ ਉਨ੍ਹਾਂ ਨੇ ਫ਼ਿਰ ਮੈਨੂੰ ਥੱਪੜ ਮਾਰਿਆ।
ਜਦੋਂ ਥੱਪੜ ਨਿਸ਼ਾਨ ਛੱਡਣ ਲੱਗੇ
ਸੰਕੇਤਕ ਤਸਵੀਰ
ਮੈਂ ਦੁਬਾਰਾ ਗਰਭਵਤੀ ਹੋਈ ਅਤੇ ਹੁਣ ਬੇਟਾ ਪੈਦਾ ਹੋਇਆ ਪਰ ਲੜਾਈ ਜਾਰੀ ਰਹੀ। ਇਸ ਵਾਰ ਮੇਰੇ ਪਤੀ ਨੇ ਜਦੋਂ ਥੱਪੜ ਮਾਰਿਆ ਤਾਂ ਨਿਸ਼ਾਨ ਰਹਿ ਗਿਆ।
ਮੈਂ ਉਸ ਨਿਸ਼ਾਨ ਨੂੰ ਮਾਂ-ਬਾਪ ਤੋਂ ਲੁਕੋਇਆ ਅਤੇ ਜਿੱਥੇ ਮੈਂ ਪੜ੍ਹਾਉਂਦੀ ਸੀ ਉਸ ਸਕੂਲ ਵਿੱਚ ਕੋਈ ਬਹਾਨਾ ਬਣਾਇਆ।
ਦੋ ਬੱਚਿਆਂ ਦੇ ਨਾਲ ਘਰ ਛੱਡਣਾ ਮੁਮਕਿਨ ਹੈ, ਮੈਂ ਇਸ ਗੱਲ ਉੱਤੇ ਵਿਸ਼ਵਾਸ ਹੀ ਨਾ ਕਰ ਸਕੀ, ਮੈਨੂੰ ਭਰੋਸਾ ਹੀ ਨਹੀਂ ਸੀ।
ਉਹੀ ਸਿਲਸਲਾ ਫ਼ਿਰ ਤੋਂ ਸ਼ੁਰੂ ਹੋ ਗਿਆ।
ਉਹ ਮੈਨੂੰ ਮਾਰਦੇ, ਮਾਫ਼ੀ ਮੰਗਦੇ, ਤਣਾਅ ਸਿਰ ਇਲਜ਼ਾਮ ਦੇਣ ਲੱਗਦੇ, ਮੈਨੂੰ ਕਾਰਨ ਦੱਸਦੇ, ਕਹਿੰਦੇ ਆਪਣੀ ਜਾਨ ਲੈ ਲਵਾਂਗਾ, ਖ਼ੁਦ ਨੂੰ ਕਮਰੇ ਵਿੱਚ ਬੰਦ ਕਰ ਲੈਂਦੇ।
ਮਨੋਵਿਗਿਆਨੀਆਂ ਦੀ ਗ਼ਲਤ ਸਲਾਹ
ਸੰਕੇਤਕ ਤਸਵੀਰ
ਅਸੀਂ ਇੱਕ ਹੋਰ ਕਾਊਂਸਲਰ ਦੇ ਕੋਲ ਗਏ।
ਉਨ੍ਹਾਂ ਨੇ ਕਿਹਾ, “ਇਹ ਹਰ ਵਿਆਹੁਤਾ ਰਿਸ਼ਤੇ ਵਿੱਚ ਹੁੰਦਾ ਹੈ। ਇਹ ਘਰੇਲੂ ਹਿੰਸਾ ਨਹੀਂ ਹੈ ਕਿਉਂਕਿ ਉਹ ਰੋਜ਼ ਤੁਹਾਨੂੰ ਨਹੀਂ ਮਾਰਦੇ। ਘਰ ਜਾਓ ਅਤੇ ਆਪਣੇ ਰਿਸ਼ਤੇ ’ਤੇ ਕੰਮ ਕਰੋ।”
ਯਾਨੀ ਮੈਂ ਤਿੰਨ ਵਾਰ ਕਾਊਂਸਲਰਾਂ ਦਾ ਰੁਖ਼ ਕੀਤਾ ਪਰ ਮਾੜੀ ਕਿਸਮਤ ਕਿ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਸਹੀ ਰਾਹ ਨਾ ਦਿਖਾਇਆ। ਮੈਂ ਉਨ੍ਹਾਂ ਦੀ ਦੱਸੀ ਗ਼ਲਤ ਸਲਾਹ ਮੰਨਦੀ ਰਹੀ।
ਕੁੱਟ-ਮਾਰ ਨਾ ਰੁਕੀ। ਅਗਲੀ ਵਾਰ ਜਦੋਂ ਮੇਰੇ ਪਤੀ ਨੇ ਮੈਨੂੰ ਮਾਰਿਆ, ਮੇਰੀ ਗੋਦੀ ਵਿੱਚ ਮੇਰਾ ਦੋ ਸਾਲ ਦਾ ਬੇਟਾ ਸੀ।
ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮੈਂ ਡਿਗ ਗਈ ਅਤੇ ਸਿਰ ’ਤੇ ਸੱਟ ਲੱਗ ਗਈ।
ਆਖ਼ਿਰ ਮੈਂ ਘਰ ਛੱਡ ਦਿੱਤਾ। ਬੱਚਿਆਂ ਦੇ ਨਾਲ ਇੱਕ ਬੈੱਡਰੂਮ ਦੇ ਫ਼ਲੈਟ ਵਿੱਚ ਰਹਿਣ ਲੱਗੀ।
ਆਰਥਿਕ ਰੂਪ ਵਿੱਚ ਸਮਰੱਥ ਸੀ ਤਾਂ ਹੀ ਇਹ ਕਰ ਸਕੀ। ਪਰ ਇਸ ਜ਼ਿੰਦਗੀ ਦੀ ਸ਼ੁਰੂਆਤ ਪੂਰੇ ਮਨ ਨਾਲ ਨਹੀਂ ਸੀ ਹੋਈ।
ਹਿੰਸਾ ਬਾਰੇ ਗੱਲ ਕਰਨਾ
ਇਹ ਉਹ ਸਮਾਂ ਸੀ ਜਦੋਂ ਮੈਨੂੰ ਘਰ ਵਿੱਚ ਜੋ ਵਾਪਰ ਰਿਹਾ ਸੀ ਉਸ ਬਾਰੇ ਗੱਲ ਕਰਨ ਦੀ ਲੋੜ ਸੀ। ਪਰ ਮੈਂ ਆਪਣੇ ਪਤੀ ਦੇ ਸੰਭਾਵਿਤ ਰਵੱਈਏ ਤੋਂ ਡਰ ਰਹੀ ਸੀ।
ਮੈਂ ਆਪਣੇ ਮਾਂ-ਬਾਪ ਨੂੰ ਉਸ ਸਰੀਰਕ ਹਿੰਸਾ ਬਾਰੇ ਨਾ ਦੱਸਿਆ ਜੋ ਮੈਂ ਇੰਨੇ ਸਾਲ ਸਹੀ ਸੀ, ਮਹਿਜ਼ ਬਹਿਸ ਅਤੇ ਲੜਾਈਆਂ ਬਾਰੇ ਦੱਸਿਆ।
ਮੈਨੂੰ ਲਗਦਾ ਸੀ ਕਿ ਮੇਰੇ ਪਤੀ ਨੂੰ ਜੇ ਪਤਾ ਲੱਗਿਆ ਕਿ ਮੇਰੇ ਮਾਂ-ਬਾਪ ਜਾਣਦੇ ਹਨ ਤਾਂ ਹੋਰ ਨਰਾਜ਼ ਹੋ ਜਾਣਗੇ।
ਵਿਆਹ ਦੀ ਤਾਕਤ ਵਿੱਚ ਬਹੁਤ ਯਕੀਨ ਸੀ ਮੈਨੂੰ, ਇਹ ਨਹੀਂ ਸਮਝ ਰਹੀ ਸੀ ਕਿ ਮੇਰੇ ਰਿਸ਼ਤੇ ਵਿੱਚ ਹੁਣ ਪਿਆਰ ਨਹੀਂ, ਸਿਰਫ਼ ਡਰ ਹੈ।
ਕਿਸੇ ਰਿਸ਼ਤੇ ਵਿੱਚ ਜਦੋਂ ਇੱਕ ਇਨਸਾਨ ਦਾ ਹੱਥ ਉੱਠ ਜਾਂਦਾ ਹੈ, ਯਾਨੀ ਉਹ ਤੁਹਾਡੀ ਇੱਜ਼ਤ ਕਰਨਾ ਬੰਦ ਕਰ ਦਿੰਦਾ ਹੈ। ਉਹ ਪਹਿਲਾ ਥੱਪੜ ਹੀ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਪਰ ਅਸੀਂ ਨਿਭਾਉਂਦੇ ਰਹਿੰਦੇ ਹਾਂ ਕਿਉਂਕਿ ਇਹ ਹੀ ਸਿੱਖਿਆ ਹੁੰਦਾ ਹੈ।
ਮੈਂ ਹੁਣ ਖ਼ੁਦ ਨੂੰ ਵੀ ਦੋਸ਼ ਦਿੰਦੀ ਹਾਂ। ਆਪਣੇ ਫ਼ੈਸਲਿਆਂ ’ਤੇ ਸਵਾਲ ਚੁੱਕਦੀ ਹਾਂ।
ਮੇਰੇ ਪਤੀ ਦਾ ਫ਼ਿਰ ਉਹੀ ਰੋਣਾ ਸ਼ੁਰੂ ਹੋ ਗਿਆ।
ਮਾਫ਼ੀ ਮੰਗਣਾ, ਸੁਧਰ ਜਾਣ ਦੇ ਵਾਅਦੇ ਕਰਨਾ ਵੀ ਵਾਰ-ਵਾਰ ਵਿਆਹ ਬਚਾਉਣ ਦੀ ਉਮੀਦ ਪੈਦਾ ਕਰਦਾ ਸੀ।
ਇਹ ਸਭ ਸਹੀ ਮੁਲਾਂਕਣ ਕਰਨ ਤੇ ਠੀਕ ਫ਼ੈਸਲੇ ਲੈਣ ਤੋਂ ਰੋਕਦਾ ਸੀ। ਉਸੇ ਉਮੀਦ ਵਿੱਚ ਤਿੰਨ ਮਹੀਨੇ ਬਾਅਦ ਮੈਂ ਘਰ ਪਰਤ ਆਈ।
ਘਰ ਮੁੜਨਾ
ਮੈਂ ਘਰ ਮੁੜ ਆਈ ਇਸ ਸੋਚ ਨਾਲ ਕਿ ਜ਼ਿੰਦਗੀ ਲੀਹ ’ਤੇ ਆ ਜਾਵੇਗੀ ਤੇ ਬੱਚਿਆਂ ਲਈ ਇਹ ਫ਼ੈਸਲਾ ਸਹੀ ਲਗਦਾ ਸੀ।
ਪਰ ਫ਼ਿਰ ਇੱਕ ਦਿਨ ਆਇਆ ਮੇਰਾ ਬੇਟਾ ਤਿੰਨ ਸਾਲ ਦਾ ਸੀ, ਫ਼ਿਰ ਲੜਾਈ ਹੋਈ ਅਤੇ ਇਸ ਵਾਰ ਮੇਰੇ ਪਤੀ ਨੇ ਮੇਰਾ ਸਿਰ ਕੰਧ ਨਾਲ ਮਾਰਿਆ ਅਤੇ ਕੁੱਟ-ਮਾਰ ਕੀਤੀ।
ਮੇਰੇ ਗੋਡੇ ’ਤੇ ਗੰਭੀਰ ਸੱਟ ਲੱਗੀ, ਡਾਕਟਰ ਕੋਲ ਗਈ ਅਤੇ ਪਲਸਤਰ ਲਗਵਾਉਣ ਪਿਆ। ਵਾਪਸ ਘਰ ਆਈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਡਰਾਮਾ ਕਰ ਰਹੀ ਹਾਂ ਅਤੇ ਫਿਰ ਕੁੱਟ-ਮਾਰ ਕੀਤੀ।
ਮੈਂ ਬਹੁਤ ਡਰ ਗਈ ਸੀ। ਹਿੰਮਤ ਨਾਲ ਆਖਿਰਕਾਰ ਮਾਂ-ਬਾਪ ਨੂੰ ਸਭ ਸੱਚ ਦੱਸਿਆ ਅਤੇ ਪੁਲਿਸ ਕੋਲ ਗਈ।
ਮੈਂ ਇੱਕ ਵਾਰ ਫ਼ਿਰ ਅਲੱਗ ਰਹਿਣ ਲੱਗੀ। ਮੇਰੇ ਬੱਚਿਆਂ ਲਈ ਉਹ ਮੁਸ਼ਕਲ ਵੇਲਾ ਸੀ।
ਉਹ ਦੋ ਪਾਸਿਆਂ ’ਚ ਵੰਡੇ ਜਾ ਰਹੇ ਸੀ। ਮੇਰੇ ਪਤੀ ਦੀ ਭੈਣ ਅਤੇ ਪਿਤਾ ਵਾਰ-ਵਾਰ ਫ਼ੋਨ ਕਰ ਕੇ ਕਹਿੰਦੇ ਹਨ ਕਿ ਮੈਂ ਵਾਪਸ ਆ ਜਾਵਾਂ ਅਤੇ ਉਹ ਬਦਲ ਜਾਣਗੇ।
ਦੂਜਾ ਵਿਆਹ
ਇਹ ਮੇਰਾ ਦੂਜਾ ਵਿਆਹ ਸੀ। ਮੈਂ ਉਸ ਨੂੰ ਠੀਕ ਕਰਨਾ ਚਾਹੁੰਦੀ ਸੀ।
ਮੇਰਾ ਪਹਿਲਾ ਵਿਆਹ ਮੇਰੀ ਮਰਜ਼ੀ ਨਾਲ ਹੋਇਆ ਸੀ। ਉਦੋਂ ਮੈਂ ਸਿਰਫ਼ ਵੀਹ ਸਾਲ ਦੀ ਸੀ। ਸਹੀ ਸਾਥੀ ਦੀ ਚੋਣ ਕਰਨ ਦੀ ਸਮਝ ਨਹੀਂ ਸੀ। ਇੱਕ ਸਾਲ ਵਿੱਚ ਹੀ ਮੈਂ ਤਲਾਕ ਲੈ ਲਿਆ।
ਉਸ ਦੇ ਬਾਅਦ 16 ਸਾਲ ਮੈਂ ਵਿਆਹ ਬਾਰੇ ਨਹੀਂ ਸੋਚਿਆ। ਮੈਂ ਬਹੁਤ ਖੁਸ਼ ਸੀ, ਆਪਣੇ ਪੈਰਾਂ ’ਤੇ ਖੜ੍ਹੀ ਸੀ। ਅਧਿਆਪਕ ਦੀ ਆਪਣੀ ਨੌਕਰੀ ਵਿੱਚ ਮੈਨੂੰ ਅਨੰਦ ਮਿਲਦਾ ਸੀ ਅਤੇ ਇੱਕ ਅਜ਼ਾਦ ਜ਼ਿੰਦਗੀ ਜਿਉਂ ਰਹੀ ਸੀ।
ਮਾਂ-ਬਾਪ ਨੇ ਦਬਾਅ ਪਾਇਆ, ਡੇਟਿੰਗ ਸਾਈਟ ’ਤੇ ਪ੍ਰੋਫਾਈਲ ਬਣਾਈ। ਇਹ ਮੈਨੂੰ ਮਿਲੇ, ਮੇਰਾ ਬਹੁਤ ਖਿਆਲ ਰੱਖਦੇ ਸੀ। ਮੇਰੇ ਲਈ ਆਪਣਾ ਸ਼ਹਿਰ ਛੱਡ ਕੇ ਆਉਣ ਨੂੰ ਤਿਆਰ ਸੀ। ਵਿਆਹ ਦੇ ਬਹੁਤ ਇੱਛੁਕ ਸੀ।
-
ਮਿਲਣ ਤੋਂ ਸੱਤ ਮਹੀਨੇ ਬਾਅਦ ਸਾਡਾ ਵਿਆਹ ਹੋ ਗਿਆ। ਸਾਡੀ ਦੋਹਾਂ ਦੀ ਉਮਰ ਜ਼ਿਆਦਾ ਸੀ ਤਾਂ ਬੱਚਾ ਚਾਹੁੰਦੇ ਸੀ। ਮੈਂ ਗਰਭਵਤੀ ਹੋਈ ਪਰ ਦੋ ਮਹੀਨੇ ਬਾਅਦ ਹੀ ਗਰਭਪਾਤ ਹੋ ਗਿਆ।
ਯਾਦ ਕਰਦੀ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਸਭ ਕੁਝ ਉਦੋਂ ਤੋਂ ਹੀ ਬਦਲਣ ਲੱਗਿਆ ਸੀ। ਉਹ ਨਰਾਜ਼ ਰਹਿਣ ਲੱਗੇ। ਕਿਸੇ ਨੂੰ ਮੇਰੇ ਕੋਲ ਨਾ ਆਉਣ ਦਿੰਦੇ। ਮੇਰੀ ਮਾਂ ਨੂੰ ਵੀ ਨਹੀਂ। ਤਾਂ ਸਭ ਨੇ ਕਿਹਾ, “ਨਵਾਂ ਵਿਆਹ ਹੈ, ਹੁੰਦਾ ਹੈ।”
ਉਦੋਂ ਉਹ ਮੈਨੂੰ ਮਾਰਦੇ ਨਹੀਂ ਸਨ। ਸਮਾਨ ਸੁੱਟਦੇ ਸੀ। ਕੱਪ ਤੋੜ ਦਿੱਤਾ, ਪਲੇਟ ਸੁੱਟ ਦਿੱਤੀ। ਘਰ ਵਿੱਚ ਹਰ ਵੇਲੇ ਤਣਾਅ ਰਹਿੰਦਾ ਸੀ। ਇਹ ਵੀ ਇੱਕ ਤਰ੍ਹਾਂ ਦੀ ਹਿੰਸਾ ਹੀ ਸੀ ਬੱਸ ਮੈਂ ਉਦੋਂ ਹੀ ਸਮਝੀ ਜਦੋਂ ਉਨ੍ਹਾਂ ਨੇ ਮੈਨੂੰ ਥੱਪੜ ਮਾਰਿਆ।
ਹੁਣ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਸੋਚਦੀ ਹਾਂ ਕਿ ਸਮਾਜ ਦੀਆਂ ਨਜ਼ਰਾਂ ਵਿੱਚ ਇੱਜ਼ਤ ਅਤੇ ਵਿਆਹ ਬਚਾਉਣ ਦੀ ਚਾਹਤ ਜਿਹੇ ਕਿੰਨੇ ਕਾਰਨ ਮੈਨੂੰ ਰੋਕਦੇ ਰਹੇ। ਮੈਂ ਆਪਣਾ ਖਿਆਲ ਰੱਖਣ ਦੀ ਬਜਾਏ, ਉਨ੍ਹਾਂ ਦੇ ਬਦਲਣ ਦਾ ਇੰਤਜ਼ਾਰ ਕਰਦੀ ਰਹੀ।
ਹੱਡੀ ਟੁੱਟਣ ਤੋਂ ਬਾਅਦ, ਦੂਜੀ ਵਾਰ ਘਰ ਛੱਡਣ ਤੋਂ ਬਾਅਦ ਵੀ ਮੈਂ ਇਸੇ ਉਮੀਦ ਦੇ ਚਲਦਿਆਂ ਪਰਤ ਆਈ। ਇਹ ਤੈਅ ਕੀਤਾ ਕਿ ਮੈਂ ਆਪਣੇ ਵਿਆਹ ਨੂੰ ਇੱਕ ਆਖ਼ਰੀ ਮੌਕਾ ਦੇਵਾਂਗੀ।
ਜਦੋਂ ਉਨ੍ਹਾਂ ਨੇ ਮੇਰੇ ਪਿਤਾ ਨੂੰ ਮਾਰਿਆ
ਕਰੀਬ ਇੱਕ ਸਾਲ ਤੱਕ ਸਭ ਠੀਕ ਰਿਹਾ। ਪਰ ਫਿਰ ਮੇਰੇ ਪਤੀ ਦੀ ਨੌਕਰੀ ਚਲੀ ਗਈ ਅਤੇ ਉਨ੍ਹਾਂ ਦੇ ਪਿਤਾ ਗੁਜ਼ਰ ਗਏ। ਜ਼ਿੰਦਗੀ ਵਿੱਚ ਤਣਾਅ ਵਧਿਆ ਤਾਂ ਮੇਰੇ ਨਾਲ ਕੁੱਟ-ਮਾਰ ਫਿਰ ਸ਼ੁਰੂ ਹੋ ਗਈ ਅਤੇ ਬਹੁਤ ਵਧ ਗਈ। ਹੁਣ ਉਹ ਹਰ ਹਫ਼ਤੇ ਇੱਕ ਜਾਂ ਦੋ ਵਾਰ ਮੈਨੂੰ ਮਾਰਦੇ।
ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਇੰਨਾਂ ਨਾਜ਼ੁਕ ਵੇਲਾ ਸੀ ਕਿ ਮੈਂ ਨਾ ਉਨ੍ਹਾਂ ਨੂੰ ਛੱਡ ਪਾ ਰਹੀ ਸੀ ਅਤੇ ਨਾ ਕਿਸੇ ਨੂੰ ਦੱਸ ਪਾ ਰਹੀ ਸੀ ਕਿ ਕੁੱਟ-ਮਾਰ ਫਿਰ ਸ਼ੁਰੂ ਹੋ ਗਈ ਹੈ।
ਇੱਕ ਰਾਤ ਨਰਾਜ਼ਗੀ ਵਿੱਚ ਉਨ੍ਹਾਂ ਨੇ ਘਰ ਦੀਆਂ ਚੀਜ਼ਾਂ ਮੇਰੇ ‘ਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜੋ ਹੱਥ ਵਿੱਚ ਆਇਆ-ਬੋਤਲਾਂ, ਕੁਰਸੀਆਂ…ਫਿਰ ਮੇਰਾ ਗਲਾ ਦਬਾ ਕੇ ਜਾਨ ਲੈਣ ਦੀ ਧਮਕੀ ਦਿੱਤੀ।
ਇਹ ਸਭ ਮੇਰੇ ਪੰਜ ਅਤੇ ਸੱਤ ਸਾਲ ਦੇ ਬੱਚੇ ਦੇ ਸਾਹਮਣੇ ਹੋ ਰਿਹਾ ਸੀ। ਘਰ ਦਾ ਦਰਵਾਜ਼ਾ ਵੀ ਖੁੱਲ੍ਹਾ ਸੀ। ਗੁਆਂਢੀਆਂ ਨੇ ਵੀ ਦੇਖਿਆ, ਘਰ ਆਏ ਮੇਰੇ ਭਰਾ ਨੇ ਵੀ।
ਪਰ ਉਸ ਰਾਤ ਮੈਂ ਪੁਲਿਸ ਥਾਣੇ ਜਾਣ ਦੀ ਹਿੰਮਤ ਨਹੀਂ ਜੁਟਾ ਸਕੀ। ਮੈਂ ਬਹੁਤ ਡਰ ਗਈ ਸੀ। ਮੇਰੇ ਛੋਟੇ ਬੱਚਿਆਂ ਲਈ ਇਹ ਸਭ ਬਹੁਤ ਘਬਰਾਉਣ ਵਾਲਾ ਸੀ।
ਦੋ ਦਿਨ ਬਾਅਦ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਿਤਾ ਦੇ ਨਾਲ ਕਾਰ ਵਿੱਚ ਬੈਠੀ ਤਾਂ ਮੇਰੇ ਪਤੀ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਅਤੇ ਫਿਰ ਜੋ ਹੋਇਆ ਉਹ ਬਰਦਾਸ਼ਤ ਦੇ ਕਾਬਿਲ ਨਹੀਂ ਸੀ। ਉਨ੍ਹਾਂ ਨੇ ਮੇਰੇ 78 ਸਾਲ ਦੇ ਪਿਤਾ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਪਾਪਾ ਦੇ ਨੱਕ ਅਤੇ ਕੰਨ ਤੋਂ ਖੂਨ ਨਿਕਲਣ ਲੱਗਿਆ।
ਮੈਂ ਉਨ੍ਹਾਂ ਨੂੰ ਲੈ ਕੇ ਹਸਪਤਾਲ ਭੱਜੀ ਅਤੇ ਫਿਰ ਪੁਲਿਸ ਥਾਣੇ। ਹੁਣ ਹਰ ਹੱਦ ਪਾਰ ਹੋ ਗਈ ਸੀ ਅਤੇ ਹਰ ਉਮੀਦ ਟੁੱਟ ਗਈ ਸੀ।
ਸਾਲ 2012 ਵਿੱਚ, ਉਸ ਪਹਿਲੇ ਥੱਪੜ ਦੇ ਸੱਤ ਸਾਲ ਬਾਅਦ ਅਸੀਂ ਵੱਖ ਹੋ ਗਏ।
ਤਲਾਕ ਮਿਲਣ ਵਿੱਚ ਚਾਰ ਸਾਲ ਲੱਗ ਗਏ ਅਤੇ ਮੈਨੂੰ ਸਾਡੇ ਫ਼ਲੈਟ ਵਿੱਚ ਮੇਰਾ ਹਿੱਸਾ ਉਨ੍ਹਾਂ ਨੂੰ ਦੇਣ ਲਈ ਰਾਜ਼ੀ ਹੋਣਾ ਪਿਆ।
ਸਾਡਾ ਰਿਸ਼ਤਾ ਖ਼ਤਮ ਹੋ ਗਿਆ ਪਰ ਹਿੰਸਾ ਨਹੀਂ।
ਤਲਾਕ ਤੋਂ ਬਾਅਦ ਹਿੰਸਾ
ਮੇਰੀ ਵਕੀਲ ਦੇ ਗਲਤ ਸੁਝਾਅ ਨੂੰ ਮੰਨਦਿਆਂ ਮੈਂ ਆਪਣੇ ਪਤੀ ’ਤੇ ਘਰੇਲੂ ਹਿੰਸਾ ਦਾ ਕੇਸ ਨਹੀਂ ਕੀਤਾ ਅਤੇ ਇਸ ਕਾਰਨ ਤਲਾਕ ਦੇ ਬਾਵਜੂਦ ਉਨ੍ਹਾਂ ਨੂੰ ਹਫ਼ਤੇ ਵਿੱਚ ਦੋ ਵਾਰ ਆਪਣੇ ਬੱਚਿਆਂ ਨੂੰ ਮਿਲਣ ਦਾ ਹੱਕ ਮਿਲਿਆ।
ਮੈਂ ਪੁਲਿਸ ਥਾਣੇ ਗਈ ਅਤੇ ਕਿਹਾ ਕਿ ਮੈਂ ਆਪਣੇ ਲਈ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਡਰਦੀ ਹਾਂ ਪਰ ਮੈਨੂੰ ਜਵਾਬ ਮਿਲਿਆ- ਉਹ ਤੁਹਾਡੇ ਪਤੀ ਦੇ ਵੀ ਬੱਚੇ ਹਨ, ਡਰ ਕਿਸ ਤਰ੍ਹਾਂ ਦਾ ?
ਪਰ ਮੇਰਾ ਡਰ ਗ਼ਲਤ ਨਹੀਂ ਸੀ।
ਕੁਝ ਸਮੇਂ ਬਾਅਦ ਮੇਰੀ ਬੇਟੀ ਨੇ ਮੈਨੂੰ ਦੱਸਿਆ ਕਿ ਜਦੋਂ ਪਾਪਾ ਉਸ ਨੂੰ ਮਿਲਦੇ ਹਨ ਤਾਂ ਗ਼ਲਤ ਤਰੀਕੇ ਨਾਲ ਛੂਹੰਦੇ ਹਨ। ਬਾਥਰੂਮ ਵਿੱਚ ਆ ਜਾਂਦੇ ਹਨ ਅਤੇ ਕੱਪੜਿਆਂ ਵਿੱਚ ਹੱਥ ਪਾਉਂਦੇ ਹਨ। ਉਹ ਉਦੋਂ ਸੱਤ ਸਾਲ ਦੀ ਸੀ।
ਮੈਂ ਟੁੱਟ ਗਈ। ਆਪਣੀ ਬੱਚੀ ਨੂੰ ਹੀ ਉਸ ਦੇ ਪਿਤਾ ਤੋਂ ਸੁਰੱਖਿਅਤ ਰੱਖਣ ਦੀ ਨੌਬਤ ਆ ਗਈ ਸੀ।
ਮੈਂ ਹਿੰਮਤ ਕਰਕੇ ਪੌਕਸੋ ਕਾਨੂੰਨ ਵਿੱਚ ਸ਼ਿਕਾਇਤ ਕੀਤੀ। ਮੇਰੇ ਪਤੀ ਨੇ ਉਲਟਾ ਮੇਰੇ ’ਤੇ ਹੀ ਲਾਪਰਵਾਹ ਮਾਂ ਹੋਣ ਦੇ ਤਿੰਨ ਕੇਸ ਦਾਇਰ ਕਰ ਦਿੱਤੇ।
ਸਬੂਤਾਂ ਦੀ ਕਮੀ ਦੇ ਚਲਦਿਆਂ ਕੋਰਟ ਨੇ ਮੇਰੇ ਪਤੀ ਨੂੰ ਮੇਰੀ ਬੇਟੀ ਦੀ ਸ਼ਿਕਾਇਤ ਲਈ ਦੋਸ਼ੀ ਨਹੀਂ ਮੰਨਿਆ। ਉਹ ਬਰੀ ਹੋ ਗਏ। ਪਰ ਆਪਣੀ ਬੇਟੀ ਨਾਲ ਉਨ੍ਹਾਂ ਦਾ ਰਿਸ਼ਤਾ ਉਸ ਦਿਨ ਤੋਂ ਖ਼ਤਮ ਹੋ ਗਿਆ।
ਮੇਰੇ ਖ਼ਿਲਾਫ਼ ਕੀਤੇ ਤਿੰਨੋਂ ਕੇਸ ਉਹ ਸਾਬਿਤ ਨਹੀਂ ਕਰ ਸਕੇ, ਹਾਰ ਗਏ।
ਹੁਣ ਮੈਂ ਵਕੀਲ ਬਦਲ ਲਏ ਸੀ ਅਤੇ ਉਨ੍ਹਾਂ ਨੇ ਸਲਾਹ ਦਿੱਤੀ ਕਿ ਘਰੇਲੂ ਹਿੰਸਾ ਦਾ ਕੇਸ ਦਾਇਰ ਕਰਨ ਦਾ ਸੋਚ ਰਹੀ ਸੀ।
ਸ਼ਾਇਦ ਮੈਂ ਕਰਦੀ ਵੀ, ਪਰ ਮੇਰੀ ਜ਼ਿੰਦਗੀ ਨੇ ਮੈਨੂੰ ਸਭ ਤੋਂ ਵੱਡਾ ਝਟਕਾ ਦਿੱਤਾ। ਮੇਰਾ ਬੇਟਾ ਸਕੂਲ ਵਿੱਚ ਡਿੱਗਿਆ ਅਤੇ ਉਸ ਦੀ ਮੌਤ ਹੋ ਗਈ। ਉਹ ਸਿਰਫ਼ ਦਸ ਸਾਲ ਦਾ ਸੀ।
ਅਜਿਹਾ ਲੱਗਿਆ ਜਿਵੇਂ ਸਰੀਰ ਦੀ ਸਾਰੀ ਤਾਕਤ ਚਲੀ ਗਈ ਹੈ। ਮੈਂ ਬਹੁਤ ਲੜੀ ਸੀ, ਹੁਣ ਰੁਕ ਜਾਣਾ ਚਾਹੁੰਦੀ ਸੀ।
ਇਸ ਦੌਰਾਨ ਮੈਂ ਇੱਕ ਨਵੀਂ ਕਾਊਂਸਲਰ ਨੂੰ ਵੀ ਮਿਲੀ ਜਿਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਸਭ ਤੋਂ ਪਹਿਲਾਂ ਆਪਣਾ ਖਿਆਲ ਰੱਖਾਂ ਅਤੇ ਉਸੇ ਨੂੰ ਹੀ ਧਿਆਨ ਵਿੱਚ ਰੱਖਦਿਆਂ ਆਪਣੇ ਸਾਰੇ ਫ਼ੈਸਲੇ ਲਵਾਂ। ਕੋਈ ਕਦਮ ਚੁੱਕਣ ਦਾ ਸਹੀ ਵੇਲਾ ਮੈਂ ਤੈਅ ਕਰਾਂ, ਜਦੋਂ ਖੁਦ ਨੂੰ ਤਿਆਰ ਮਹਿਸੂਸ ਕਰਾਂ।
ਮੇਰੀ ਬੇਟੀ ਹੁਣ ਵੱਡੀ ਹੋ ਗਈ ਹੈ, ਕਹਿੰਦੀ ਹੈ ਹੁਣ ਉਹ ਲੜੇਗੀ। ਜਦੋਂ ਬਾਲਿਗ ਹੋ ਜਾਏਗੀ ਉਦੋਂ ਆਪਣੇ ਖ਼ਿਲਾਫ਼ ਕੀਤੀ ਗਈ ਜਿਣਸੀ ਹਿੰਸਾ ਲਈ ਪਿਤਾ ਦੇ ਖ਼ਿਲਾਫ਼ ਲੜੇਗੀ, ਇਨਸਾਫ਼ ਹਾਸਿਲ ਕਰੇਗੀ।
ਜਿੱਥੋਂ ਤੱਕ ਮੇਰੀ ਗੱਲ ਹੈ, ਮੈਂ ਸਭ ਨੂੰ ਮਾਫ਼ ਕਰ ਦਿੱਤਾ ਹੈ। ਜਿੰਨਾਂ ਮੈਂ ਲੜ ਸਕਦੀ ਸੀ, ਮੈਂ ਲੜੀ ਅਤੇ ਹੁਣ ਮੈਨੂੰ ਸਕੂਨ ਹੈ। ਜ਼ਿੰਦਗੀ ਬਹੁਤ ਛੋਟੀ ਹੈ ਅਤੇ ਮੈਂ ਉਸ ਨੂੰ ਗ਼ੁੱਸੇ ਅਤੇ ਨਫ਼ਰਤ ਵਿੱਚ ਨਹੀਂ ਜ਼ਾਇਆ ਕਰਨਾ ਚਾਹੁੰਦੀ।
ਸਭ ਤੋਂ ਜ਼ਰੂਰੀ ਇਹ ਹੈ ਕਿ ਮੈਂ ਖ਼ੁਦ ਨੂੰ ਮਾਫ਼ ਕਰ ਦਿੱਤਾ ਹੈ। ਆਪਣੇ ਹਿੰਸਕ ਰਿਸ਼ਤੇ ਤੋਂ ਨਿਕਲਣ ਅਤੇ ਆਪਣੇ ਬੱਚਿਆਂ ਨੂੰ ਉਸ ਮਾਹੌਲ ਵਿੱਚੋਂ ਕੱਢਣ ਵਿੱਚ ਜੋ ਸਮਾਂ ਮੈਂ ਲਿਆ, ਉਸ ਲਈ ਸ਼ਰਮਿੰਦਗੀ ਤੋਂ ਬਾਹਰ ਨਿਕਲ ਆਈ ਹਾਂ।
ਸ਼ੁਕਰਗੁਜ਼ਾਰ ਹਾਂ ਕਿ ਮੇਰੀ ਜਾਨ ਨਹੀਂ ਗਈ, ਸਮਾਂ ਲੱਗਿਆ, ਝਰੀਟਾਂ ਲੱਗੀਆਂ, ਪਰ ਹੁਣ ਮੈਂ ਅਤੇ ਮੇਰੀ ਬੇਟੀ ਅਜ਼ਾਦ ਹਾਂ।
ਜੇ ਤੁਸੀਂ ਕਿਸੇ ਵੀ ਕਿਸਮ ਦੀ ਹਿੰਸਾ ਝੱਲ ਰਹੇ ਹੋ, ਤਾਂ ਕੌਮੀ ਮਹਿਲਾ ਕਮਿਸ਼ਨ ਦੀ ਹੈਲਪਲਾਈਨ +917827170170 ’ਤੇ ਕਾਲ ਕਰੋ।
ਹਿੰਸਾ ਦੇ ਮਾਮਲਿਆਂ ਵਿੱਚ ਮਦਦ ਲਈ ਤੁਸੀਂ +91 8793088814 ’ਤੇ ਕਾਲ ਕਰਕੇ ਕ੍ਰਾਈਸਿਸ ਲਾਈਨ ਤੋਂ ਵੀ ਮਦਦ ਲੈ ਸਕਦੇ ਹੋ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕੈਨੇਡਾ ਵੱਲੋਂ ਉੱਡ ਕੇ ਆਏ ''ਚੀਨੀ ਗੁਬਾਰੇ'' ਤੋਂ ਅਮਰੀਕਾ ਡਰਿਆ, ਲੜਾਕੂ ਜਹਾਜ਼ ਤਿਆਰ
NEXT STORY