ਮਹਾਰਾਸ਼ਟਰ ਦੇ ਦੋ ਸ਼ਹਿਰਾਂ ਅਹਿਮਦਨਗਰ ਅਤੇ ਬੀੜ ਨੂੰ ਜੋੜਦਾ ਹਾਈਵੇਅ ਇੱਕ ਛੋਟੇ ਜਿਹੇ ਕਸਬੇ ਜਾਮਖੇਡ ਵਿੱਚੋਂ ਹੋ ਕੇ ਗੁਜ਼ਰਦਾ ਹੈ।
ਇੱਥੇ ਦਿਨ ਤਾਂ ਆਮ ਨਾਲੋਂ ਸੁਸਤ ਰਫ਼ਾਤਰ ਨਾਲ ਬੀਤਦੇ ਹਨ ਤੇ ਪਰ ਰਾਤਾਂ ਕੁਝ ਵੱਖਰੀ ਹੀ ਕਹਾਣੀ ਬਿਆਨ ਕਰਦੀਆਂ ਹਨ।
ਨੇੜਲੇ ਕਸਬਿਆਂ ਅਤੇ ਸ਼ਹਿਰਾਂ ਦੇ ਆਦਮੀ ਇੱਥੇ ਔਰਤਾਂ ਦਾ ਨਾਚ ਦੇਖਣ ਲਈ ਇਕੱਠੇ ਹੁੰਦੇ ਹਨ।
ਇਹ ਹੈ ‘ਲਾਵਨੀ’ ਦੀ ਦੁਨੀਆਂ।
ਸਿਰਫ਼ ਜਾਮਖੇਡ ਵਿੱਚ ਹੀ 10 ਮਨੋਰੰਜਨ ਥੀਏਟਰ ਹਨ। ਜਿਨ੍ਹਾਂ ਵਿੱਚ ਧਮਾਕੇਦਾਰ ਪੇਸ਼ਕਾਰੀਆਂ ਹੁੰਦੀਆਂ ਹਨ ਤੇ ਪੈਸਿਆਂ ਦਾ ਮੀਂਹ ਵਰ੍ਹਦਾ ਹੈ। ਇਥੇ ਖ਼ਾਸ ਲੋਕਾਂ ਲਈ ‘ਨਿੱਜੀ ਸ਼ੋਅ’ ਵੀ ਆਯੋਜਿਤ ਹੁੰਦੇ ਹਨ।
ਪੀੜ੍ਹੀਆਂ ਤੋਂ, ਇਹ ਤੀਵੀਂਆਂ ਆਦਮੀਆਂ ਨੂੰ ਖੁਸ਼ ਕਰਨ ਲਈ ਇੱਥੇ ਨਾਚ ਪੇਸ਼ ਕਰਦੀਆਂ ਰਹੀਆਂ ਹਨ। ਇਹ ਅਕਸਰ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਕਈ ਵਾਰ ਗ਼ਰੀਬੀ ਇਨ੍ਹਾਂ ਨੂੰ ਦੇਹ ਵਪਾਰ ਵੱਲ ਧੱਕ ਦਿੰਦੀ ਹੈ।
ਦੇਹ ਵਪਾਰ ਤੋਂ ਔਰਤਾਂ ਨੂੰ ਚੇਤੰਨ ਰਹਿਣ ਲਈ ਕਿਹਾ ਜਾਂਦਾ ਹੈੈ। ਇੱਥੇ ਤੀਵੀਆਂ ‘ਸਿੰਗਲ ਪੇਰੇਂਟ’ ਹਨ। ਯਾਨੀ ਮਾਵਾਂ ਇਕੱਲਿਆਂ ਆਪਣੇ ਬੱਚਿਆਂ ਨੂੰ ਪਾਲਦੀਆਂ ਹਨ ਤੇ ਕਈਆਂ ਦੇ ਬਾਪ ਬਾਰੇ ਜਾਣਕਾਰੀ ਵੀ ਨਹੀਂ ਹੈ।
ਹੁਣ ਤੱਕ, ਇਨ੍ਹਾਂ ਔਰਤਾਂ ਦੀਆਂ ਧੀਆਂ ਵੀ ਇਸੇ ਕਿੱਤੇ ਵੱਲ ਜਾਂਦੀਆਂ ਰਹੀਆਂ ਹਨ। ਪਰ ਹੁਣ, ਉਹ ਆਪਣੇ ਬੱਚਿਆਂ ਨੂੰ ਬਿਹਤਰ ਭਵਿੱਖ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਨ ਨੂੰ ਤਿਆਰ ਹਨ।
ਉੱਥੇ ਸਾਡੀ ਮੁਲਾਕਾਤ ਗੀਤਾ ਬਾਰਡੇ ਨਾਲ ਹੋਈ। ਇਹ 18 ਸਾਲਾ ਕੁੜੀ ਇੱਕ ਨਰਸ ਬਣਨਾ ਚਾਹੁੰਦੀ ਹੈ। ਉਹ ਆਪਣੀ ਮਾਂ ਨੂੰ ਉਸ ਕਿੱਤੇ ਦੀਆਂ ਬੇੜੀਆਂ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹੈ ਅਤੇ ਦੋਹਾਂ ਲਈ ਇੱਕ ਇੱਜ਼ਤਦਾਰ ਜ਼ਿੰਦਗੀ ਹਾਸਲ ਕਰਨਾ ਚਾਹੁੰਦੀ ਹੈ। ਪਰ ਇਹ ਸੌਖਾ ਨਹੀਂ ਹੈ।
ਜਿੱਥੇ ਨਾਚ ਕਰਦੇ ਹੋ, ਉੱਥੇ ਹੀ ਰਹਿੰਦੇ ਹੋ
ਗੀਤਾ ਇੱਕ ਸ਼ਾਮ ਬਾਰੇ ਯਾਦ ਕਰਦੀ ਹੈ, “ਇੱਕ ਪ੍ਰਾਈਵੇਟ ਡਾਂਸ ਸੀ ਅਤੇ ਮਾਂ ਦੀ ਨਾਚ ਦੀ ਪੇਸ਼ਕਸ਼ ਸੀ। ਮੀਂਹ ਪੈ ਰਿਹਾ ਸੀ ਅਤੇ ਉਹ ਕਮਰੇ ਵਿੱਚ ਉਡੀਕ ਕਰ ਰਹੀ ਸੀ। ਕਿਸੇ ਨੇ ਮੈਨੂੰ ਦੇਖਿਆ ਅਤੇ ਪੁੱਛਿਆ ਕਿ ਮੈਂ ਕੌਣ ਹਾਂ, ਉਸ ਨੇ ਕਿਹਾ-ਮੇਰੀ ਧੀ।”
ਜਵਾਬ ਮਿਲਿਆ,“ ਫ਼ਿਰ ਤੂੰ ਕਿਉਂ ਜਾ ਰਹੀ ਹੈਂ, ਆਪਣੀ ਧੀ ਨੂੰ ਨੱਚਣ ਕਰਨ ਲਈ ਭੇਜ। ਉਡੀਕ ਕਿਸ ਗੱਲ ਦੀ ਹੈ ?”
ਧੀਆਂ ਦਾ ਆਪਣੀਆਂ ਮਾਂਵਾਂ ਕੋਲ ਰਹਿਣਾ ਸੌਖਾ ਨਹੀਂ ਹੈ।
ਕੰਮ ਦੀ ਥਾਂ ਵੀ ਘਰ ਹੀ ਹੈ ਅਤੇ ਇਸ ਲਈ ਧੀਆਂ ਦਾ ਇਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਆਉਣਾ ਅਤੇ ਉਨ੍ਹਾਂ ਨੂੰ ਨਾਚ ਪੇਸ਼ ਕਰਨ ਅਤੇ ਸੈਕਸ ਵਰਕ ਲਈ ਕਿਹਾ ਜਾਣਾ ਸੌਖਾ ਹੋ ਜਾਂਦਾ ਹੈ।
ਸੰਗੀਤ ਬਾੜੀ ਇੱਕ ਪਰਮਾਨੈਂਟ ਥੀਏਟਰ ਹੈ। ਨਾਚ ਕਰਨ ਵਾਲੇ ਇੱਥੇ ਲੰਬਾ ਸਮਾਂ ਰਹਿੰਦੇ ਹਨ।
ਇਹ ਇੱਕ ਹੋਸਟਲ ਹੈ, ਖਾਣਾ ਖਾਣ ਅਤੇ ਸੌਣ ਦੀ ਥਾਂ ਹੈ ਅਤੇ ਇਹ ਇੱਕ ਨਾਚ ਪੇਸ਼ ਕਰਨ ਕਰਨ ਵਾਲੀ ਥਾਂ ਵੀ ਹੈ।
ਹਰ ਥੀਏਟਰ ਕੋਲ 8-10 ਨ੍ਰਿਤ ਗਰੁੱਪ ਹਨ ਅਤੇ ਹਰ ਗਰੁੱਪ ਵਿੱਚ 4-5 ਡਾਂਸਰ, ਗਾਇਕ ਅਤੇ ਸੰਗੀਤਕਾਰ ਹਨ। ਇੱਕ ਸੰਗੀਤ ਬਾੜੀ ਤਕਰੀਬਨ 70-80 ਲੋਕਾਂ ਦਾ ਘਰ ਹੁੰਦਾ ਹੈ।
ਹਰ ਰਾਤ, ਔਰਤਾਂ ਤਿਆਰ ਹੁੰਦੀਆਂ ਹਨ। ਇਮਾਰਤ ਦੇ ਵੱਡੇ ਲੋਹੇ ਦੇ ਦਰਵਾਜ਼ੇ ਖੋਲ੍ਹੇ ਜਾਂਦੇ ਹਨ ਅਤੇ ਗਾਹਕਾਂ ਦੀ ਉਡੀਕ ਸ਼ੁਰੂ ਹੋ ਜਾਂਦੀ ਹੈ।
ਇਸ ਲਈ ਧੀਆਂ ਦੀ ਸੁਰੱਖਿਆ, ਉਨ੍ਹਾਂ ਦੇ ਮਾਂਵਾਂ ਨਾਲ ਨਾ ਰਹਿਣ ਦੀ ਕੀਮਤ ’ਤੇ ਆਉਂਦੀ ਹੈ।
ਗੀਤਾ ਦੀ ਮਾਂ ਊਮਾ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਨਾਚ ਸ਼ੁਰੂ ਕੀਤਾ ਸੀ।
ਪਤੀ ਦੀ ਮੌਤ ਤੋਂ ਬਾਅਦ ਉਸ ’ਤੇ ਦੋ ਬੱਚੇ ਪਾਲਣ ਦੀ ਜ਼ਿੰਮੇਵਾਰੀ ਸੀ।
ਊਮਾ ਨੂੰ ਲਗਾਤਾਰ ਤਾਨੇ ਸੁਣਨੇ ਪੈਂਦੇ ਹਨ ਤੇ ਉਸ ਨੂੰ ਮਜ਼ਾਕ ਦਾ ਸਾਹਮਣਾ ਵੀ ਕਰਨਾ ਪੈੈਂਦਾ ਹੈ। ਲੋਕਾਂ ਉਸ ਦੀ ਵਧਦੀ ਉਮਰ ਦਾ ਹਵਾਲਾ ਦਿੰਦਿਆਂ ਉਸ ਨੂੰ ਖ਼ੁਦ ਦੀ ਬਜਾਇ ਧੀ ਗੀਤਾ ਨੂੰ ਨਾਚ ਲਈ ਭੇਜਣ ਦੀ ਸਲਾਹ ਦਿੰਦੇ ਹਨ।
“ਮੈਂ ਬਸ ਸਾਡੇ ’ਤੇ ਹੱਸਣ ਵਾਲਿਆਂ ਦੇ ਦੰਦ ਤੋੜ ਦੇਣਾ ਚਾਹੁੰਦੀ ਹਾਂ, ਹੋਰ ਕੁਝ ਨਹੀਂ। ਲੋਕ ਕਹਿੰਦੇ ਹਨ ਕਿ ਇਹ ਕਮਜ਼ੋਰ ਔਰਤ ਹੈ ਜੋ ਇਕੱਲੀ ਦੋ ਬੱਚਿਆਂ ਨੂੰ ਪਾਲ ਰਹੀ ਹੈ। ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਕੀ ਕਰ ਸਕਦੀ ਹੈ, ਪਰ ਮੈਂ ਉਨ੍ਹਾਂ ਨੂੰ ਖੁਦ ਤੱਕ ਨਹੀਂ ਪਹੁੰਚਣ ਦੇਵਾਂਗੀ।”
ਊਮਾ ਕਹਿੰਦੇ ਹਨ, “ਮੈਂ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਜ਼ਮੀਨ-ਅਸਮਾਨ ਹਿਲਾ ਦੇਵਾਂਗੀ। ਮੈਂ ਠਰਕੀਆਂ ਅਤੇ ਸ਼ਰਾਬੀਆਂ ਦੇ ਸਾਹਮਣੇ ਨੱਚੀ ਹਾਂ। ਮੈਂ ਆਪਣੀ ਧੀ ਨੂੰ ਇਸ ਕਿੱਤੇ ਵੱਲ ਨਹੀਂ ਲਿਆਵਾਂਗੀ।”
ਇਹ ਇੱਕ ਔਖਾ ਫ਼ੈਸਲਾ ਸੀ, ਪਰ ਇਨ੍ਹਾਂ ਮਾਂਵਾਂ ਨੂੰ ਅਹਿਸਾਸ ਹੋਇਆ ਕਿ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਨੂੰ ਖ਼ੁਦ ਤੋਂ ਦੂਰ ਰੱਖਣਾ ਪਵੇਗਾ।
ਪੈਸੇ ਦਾ ਲਾਲਚ
ਸੰਗੀਤ ਬਾੜੀ ਇੱਕ ਗੁੰਝਲਦਾਰ ਦੁਨੀਆਂ ਹੈ।
ਨਾਚ ਕਰਨ ਵਾਲੇ ਲੋਕ ਮੁੱਖ ਤੌਰ ’ਤੇ ਕੋਲਹਾਟੀ ਕਬੀਲੇ ਦੇ ਹਨ ਅਤੇ ਮਾਤਵਾਦ ਨੂੰ ਮੰਨਦੇ ਹਨ।
ਇਹ ਭਾਈਚਾਰਾ ਕਹਿੰਦਾ ਹੈ ਕਿ ਔਰਤਾਂ ਹੀ ਇੱਥੇ ਘਰਾਂ ਦੇ ਸਾਰੇ ਫ਼ੈਸਲੇ ਲੈਂਦੀਆਂ ਹਨ ਅਤੇ ਪੈਸੇ ਦਾ ਹਿਸਾਬ-ਕਿਤਾਬ ਕਰਦੀਆਂ ਹਨ।
ਪਰ ਅਸਲ ਵਿੱਚ, ਔਰਤਾਂ ਪੈਸਾ ਕਮਾਉਂਦੀਆਂ ਹਨ, ਨਾਚ ਕਰਕੇ ਹਰ ਕਿਸੇ ਦੀਆਂ ਲੋੜਾਂ ਪੂਰੀਆਂ ਕਰਦੀਆਂ ਹਨ, ਆਪਣੇ ਭਰਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀਆਂ ਵੀ। ਪਰ ਉਨ੍ਹਾਂ ਨੂੰ ਸਨਮਾਨ, ਇੱਜ਼ਤ ਅਤੇ ਅਧਿਕਾਰਾਂ ਤੋਂ ਵਾਂਝੇ ਰਹਿਣਾ ਪੈਂਦਾ ਹੈ।
ਉਹ ਰੋਟੀ ਕਮਾਉਣ ਵਾਲੀਆਂ ਹੋ ਸਕਦੀਆਂ ਹਨ ਪਰ ਸਸ਼ਕਤ ਨਹੀਂ ਹਨ। ਅਤੇ ਉਨ੍ਹਾਂ ਦੀ ਮਿਹਨਤ ਨੂੰ ‘ਗਰਾਂਟਿਡ’ ਲਿਆ ਜਾਂਦਾ ਹੈ, ਉਨ੍ਹਾਂ ਦੇ ਪਰਿਵਾਰਾਂ ਵਿੱਚ ਗੁਜ਼ਾਰਾ ਚਲਾਉਣ ਲਈ ਹੋਰ ਕੋਈ ਕੰਮ ਨਹੀਂ ਕਰਦਾ। ਉਹ ਦਹਾਕਿਆਂ ਤੱਕ ਨੱਚਦੀਆਂ ਹਨ।
ਇੱਕ ਅੱਧ-ਖੜ ਉਮਰ ਦੀ ਡਾਂਸਰ ਅਤੇ ਡਾਂਸ ਗਰੁੱਪ ਦੀ ਮਾਲਿਕ ਬਬੀਤਾ ਅੱਕਾਲਕੋਟਕਰ ਕਹਿੰਦੀ ਹੈ, “ਮੈਂ ਮਹਿਸੂਸ ਕਰਦੀ ਹਾਂ ਕਿ ਕਿਸੇ ਨੂੰ ਤਾਂ ਕੰਮ ਕਰਨਾ ਚਾਹੀਦਾ ਹੈ, ਪੈਸੇ ਕਮਾਉਣੇ ਚਾਹੀਦੇ ਹਨ। ਮੇਰੇ ਭਰਾਵਾਂ ਨੂੰ ਉਨ੍ਹਾਂ ਦੀ ਕਮਾਈ ਨਾਲ ਘੱਟੋ-ਘੱਟ ਇੱਕ ਲੂਣ ਦਾ ਪੈਕਟ ਤਾਂ ਖ਼ਰੀਦਣਾ ਚਾਹੀਦਾ ਹੈ।”
ਸੰਗੀਤ ਬਾੜੀਆਂ ਜਾਂ ਇਹ ਥੀਏਟਰ, ਤਮਾਸ਼ਾ ਪਾਰਟੀਆਂ ਤੋਂ ਵੱਖਰੇ ਹੁੰਦੇ ਹਨ ਭਾਵੇਂ ਦੋਹਾਂ ਹੀ ਥਾਂਵਾਂ ’ਤੇ ‘ਲਾਵਨੀ’ ਨਾਚ ਦੀ ਪੇਸ਼ਕਾਰੀ ਹੁੰਦੀ ਹੈ। ਤਮਾਸ਼ਾ ਪਾਰਟੀਆਂ ਆਪਣੇ ਕਲਾਕਾਰ ਅਤੇ ਔਜ਼ਾਰ ਲੈ ਕੇ ਇੱਕ ਪਿੰਡ ਤੋਂ ਦੂਜੇ ਪਿੰਡ ਘੁੰਮਦੇ ਰਹਿੰਦੇ ਹਨ ਅਤੇ ਹਰ ਸ਼ਾਮ ਪ੍ਰਸਤੁਤੀ ਦਿੰਦੇ ਹਨ।
ਪਹਿਲਾਂ ਲਾਵਨੀ ਨੂੰ ਵੱਡੀ ਗਿਣਤੀ ਲੋਕਾਂ ਦਾ ਮਨੋਰੰਜਨ ਮੰਨਿਆ ਜਾਂਦਾ ਸੀ। ਦਰਸ਼ਕ ਆਉਂਦੇ ਸਨ, ਮਾਮੂਲੀ ਜਿਹੀ ਫ਼ੀਸ ਦੇ ਕੇ ਟਿਕਟ ਖ਼ਰੀਦਦੇ ਸਨ, ਔਰਤਾਂ ਦਾ ਨਾਚ ਵੇਖਦੇ ਅਤੇ ਚਲੇ ਜਾਂਦੇ ਸਨ।
ਹੁਣ, ਇਹ ਕਾਫ਼ੀ ਮਹਿੰਗਾ ਹੋ ਗਿਆ ਹੈ, ਖ਼ਾਸ ਕਰਕੇ ਅਜਿਹੇ ਥੀਏਟਰਾਂ ਵਿੱਚ।
ਪੈਸਾ ਪ੍ਰਾਈਵੇਟ ਸ਼ੋਆਂ ਤੋਂ ਆਉਂਦਾ ਹੈ ਜਿੱਥੇ ਔਰਤਾਂ ਬੰਦ ਦਰਵਾਜ਼ਿਆਂ ਪਿੱਛੇ ਛੋਟੇ ਕਮਰਿਆਂ ਵਿੱਚ ਡਾਂਸ ਕਰਦੀਆਂ ਹਨ।ਇਨ੍ਹਾਂ ਸ਼ੋਆਂ ਦੇ ਰੇਟ ਕਮਰੇ ਦੀ ਸ਼ਾਨ, ਸ਼ੋਅ ਦਾ ਸਮਾਂ ਅਤੇ ਸਭ ਤੋਂ ਜ਼ਰੂਰੀ ਡਾਂਸਰ ਦੀ ਉਮਰ ’ਤੇ ਨਿਰਭਰ ਕਰਦਾ ਹੈ।
ਉਹ ਜਿੰਨੀਆਂ ਜਵਾਨ ਹੁੰਦੀਆਂ ਹਨ, ਓਨੇ ਵੱਧ ਪੈਸੇ ਕਮਾਉਂਦੀਆਂ ਹਨ। ਅਤੇ ਇਹੀ ਡਰ ਉਨ੍ਹਾਂ ਡਾਂਸਰਾਂ ਦਾ ਆਪਣੀਆਂ ਬੇਟੀਆਂ ਲਈ ਹੁੰਦਾ ਹੈ।
ਊਮਾ ਕਹਿੰਦੀ ਹੈ,“ਜੇ ਮੈਂ ਆਪਣੀ ਧੀ ਨੂੰ ਆਪਣੇ ਨਾਲ ਰਹਿਣ ਦਿੱਤਾ, ਉਹ ਇੱਥੋਂ ਦੇ ਤਰੀਕਿਆਂ ਤੋਂ ਪ੍ਰਭਾਵਿਤ ਹੋ ਜਾਏਗੀ। ਕੁੜੀਆਂ ਪ੍ਰਭਾਵਸ਼ਾਲੀ ਹੁੰਦੀਆਂ ਹਨ। ਉਹ ਸਾਨੂੰ ਗਾਹਕਾਂ ਨਾਲ ਮਿਲਦਿਆਂ, ਮੇਕਅੱਪ ਕਰਦਿਆਂ ਦੇਖਦੀਆਂ ਹਨ। ਕਈ ਮਾਂਵਾਂ ਨੇ ਆਪਣੀਆਂ ਧੀਆਂ ਨੂੰ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੁੰਦਿਆਂ ਵੇਖਿਆ ਹੈ। ਮੈਂ ਨਹੀਂ ਚਾਹੁੰਦੀ ਕਿ ਮੇਰੀ ਧੀ ਨਾਲ ਵੀ ਅਜਿਹਾ ਹੋਵੇ। ਮੈਂ ਉਸ ਨੂੰ ਖੁਦ ਤੋਂ ਦੂਰ ਰੱਖਿਆ ਹੈ, ਹਮੇਸ਼ਾ।”
ਬਾਹਰ ਨਿਕਲਣ ਦਾ ਰਸਤਾ ਕੀ ਹੈ?
ਹੁਣ ਇਨ੍ਹਾਂ ਵਿੱਚੋਂ ਕੁਝ ਔਰਤਾਂ ਇਕੱਠੀਆਂ ਹੋਈਆਂ ਹਨ, ਉਨ੍ਹਾਂ ਨੇ ਆਪਣੀ ਕਮਾਈ ਵਿੱਚੋਂ ਕੁਝ ਬਚਤ ਕਰਕੇ ਰਿਹਾਇਸ਼ੀ ਹੋਸਟਲ ਲਈ ਪੈਸਾ ਇਕੱਠਾ ਕੀਤਾ ਹੈ ਜਿੱਥੇ ਉਨ੍ਹਾਂ ਦੇ ਬੱਚੇ, ਖਾਸ ਕਰਕੇ ਉਨ੍ਹਾਂ ਦੀਆਂ ਧੀਆਂ ਰਹਿ ਸਕਣ, ਖਾ ਸਕਣ ਅਤੇ ਸੁਰੱਖਿਅਤ ਵਾਤਾਵਰਨ ਵਿੱਚ ਸਕੂਲ ਜਾ ਸਕਣ।
ਇਹ ਔਰਤਾਂ ਬੱਚਿਆਂ ਲਈ ਨਵੇਂ ਕੱਪੜੇ ਅਤੇ ਸਕੂਲ ਦਾ ਸਮਾਨ ਮੁਹੱਈਆ ਕਰਵਾਉਣ ਦੀ ਵੀ ਕੋਸ਼ਿਸ਼ ਕਰਦੀਆਂ ਹਨ। ਅਸੀਂ ਹੋਸਟਲ ਦੇ ਡਾਇਰੈਕਟਰ ਤਰੁਣ ਜਾਧਵ ਨੂੰ ਮਿਲੇ।
ਉਨ੍ਹਾਂ ਨੇ ਕਿਹਾ, “ਜਿਨ੍ਹਾਂ ਔਰਤਾਂ ਨੇ ਇਹ ਹੋਸਟਲ ਬਣਾਇਆ, ਸਿੰਧੂ ਗੁਲਾਬ ਜਾਧਵ, ਕਾਂਤਾ ਜਾਧਵ, ਅਲਕਾ ਜਾਧਵ, ਉਹ ਸਭ ਡਾਂਸਰਜ਼ ਹਨ।”
“ਉਹ ਆਪਣੇ ਗਾਹਕਾਂ ਨੂੰ ਇਹ ਹੋਸਟਲ ਬਣਾਉਣ ਲਈ ਵਿੱਤੀ ਸਹਾਇਤਾ ਵਾਸਤੇ ਬੇਨਤੀ ਕਰਦੀਆਂ ਸੀ। ਪੂਣੇ ਵਿੱਚ ਇੱਕ ਕਲਾ ਕੇਂਦਰ ਹੈ-ਆਰਿਆ ਭੂਸ਼ਣ। ਇੱਥੋਂ ਇੱਕ ਭੈਣ ਸਵਿਤਾ ਆਪਣੇ ਪ੍ਰਾਈਵੇਟ ਡਾਂਸ ਸੈਸ਼ਨਾਂ ਲਈ ਪੈਸੇ ਲਿਆ ਕਰਦੀ ਸੀ। ਉਹ ਹਰ ਗਾਹਕ ਤੋਂ 500 ਰੁਪਏ ਲੈਂਦੀ ਸੀ। ਉਸ ਨੇ ਇਕੱਲੀ ਨੇ 50-60 ਹਜ਼ਾਰ ਰੁਪਏ ਇਕੱਠੇ ਕੀਤੇ ਸੀ।”
ਇਹ ਹੋਸਟਲ ਡਾਂਸਰਾਂ ਦੇ ਰਿਹਾਇਸ਼ੀ ਇਲਾਕੇ ਤੋਂ ਬਹੁਤ ਦੂਰ ਹੈ।
ਡਾਂਸਰਾਂ ਦੇ ਕੁਆਰਟਰ ਬਹੁਤ ਭੀੜੇ ਹਨ। ਹਰ ਗਰੁੱਪ ਨੂੰ ਇੱਕ ਜਾਂ ਦੋ ਕਮਰੇ ਮਿਲਦੇ ਹਨ। ਔਰਤਾਂ ਆਮ ਤੌਰ ’ਤੇ ਇਨ੍ਹਾਂ ਕੁਆਰਟਰਾਂ ਵਿੱਚ ਸੌਂਦੀਆਂ ਹਨ। ਮਰਦ ਤੇ ਸੰਗੀਤਕਾਰ ਵੱਖਰੇ ਕੁਆਰਟਰਾਂ ਵਿਚ ਹੁੰਦੇ ਹਨ।
ਫਿਰ ਕੁਝ ਲਗਜ਼ਰੀ ਕਮਰੇ ਵੀ ਹਨ। ਕਈਆਂ ਵਿੱਚ ਏਅਰ ਕੰਡੀਸ਼ਨਰ ਹਨ, ਕਈਆਂ ਵਿੱਚ ਕੂਲਰ ਹਨ, ਅਰਾਮਦਾਇਕ ਗੱਦੇ ਅਤੇ ਚਮਕਦਾਰ ਟਾਈਲਾਂ ਹਨ। ਇਹ ਪ੍ਰਾਈਵੇਟ ਪੇਸ਼ਕਾਰੀਆਂ ਵਾਲੇ ਕਮਰੇ ਹਨ।
ਔਰਤਾਂ ਦਾ ਦਿਨ ਦੇਰੀ ਨਾਲ ਸ਼ੁਰੂ ਹੁੰਦਾ ਹੈ, ਕਦੇ-ਕਦਾਈਂ ਦੁਪਹਿਰ ਨੂੰ ਹੀ। ਹਰ ਗਰੁੱਪ ਕੋਲ ਇੱਕ ਖ਼ਾਨਸਾਮਾ ਅਤੇ ਸਾਫ਼-ਸਫ਼ਾਈ ਮਦਦ ਕਰਨ ਇੱਕ ਔਰਤ ਹੈ।
ਬਾਅਦ ਦੁਪਹਿਰ ਚਾਰ ਵਜੇ, ਉਹ ਤਿਆਰ ਹੋਣਾ ਸ਼ੁਰੂ ਹੋ ਜਾਂਦੀਆਂ ਹਨ। ਫਿਰ ਉਹ ਸਾਹਮਣੇ ਵਾਲੇ ਵਿਹੜੇ ਵਿੱਚ ਬੈਠ ਜਾਂਦੀਆਂ ਹਨ ਅਤੇ ਗਾਹਕਾਂ ਦਾ ਇੰਤਜ਼ਾਰ ਕਰਦੀਆਂ ਹਨ।
ਕਈ ਵਾਰ, ਕੋਈ ਔਰਤ ਗਾਹਕਾਂ ਨਾਲ ਬਾਹਰ ਜਾਂਦੀ ਹੈ, ਮਤਬਲ ਗਾਹਕ ਨਾਲ ਰਾਤ ਗੁਜ਼ਾਰਦੀ ਹੈ। ਇਸ ਨਾਲ ਉਨ੍ਹਾਂ ਨੂੰ ਹੋਰ ਪੈਸਾ ਮਿਲਦਾ ਹੈ ਅਤੇ ਉਹ ਪੈਸਾ ਉਨ੍ਹਾਂ ਨੂੰ ਥੀਏਟਰ ਮਾਲਕ ਜਾਂ ਸੰਗੀਤਕਾਰਾਂ ਨਾਲ ਸਾਂਝਾ ਨਹੀਂ ਕਰਨਾ ਪੈਂਦਾ।
ਫਿੱਕੀ ਪੈ ਰਹੀ ਕਲਾ
ਲਾਵਨੀ ਮਹਾਰਾਸ਼ਟਰ ਦਾ ਲੋਕ ਨਾਚ ਮੰਨਿਆ ਜਾਂਦਾ ਹੈ। ਇਸ ਦੀਆਂ ਕੱਥਕ ਨਾਲ ਕਾਫ਼ੀ ਸਮਾਨਤਾਵਾਂ ਹੁੰਦੀਆਂ ਹਨ। ਇਹ ਇੱਕ ਔਖਾ ਨਾਚ ਹੈ ਕਿਉਂਕਿ ਚਿਹਰੇ ਦੇ ਹਾਵ-ਭਾਵ ’ਤੇ ਬਹੁਤ ਧਿਆਨ ਦੇਣਾ ਪੈਂਦਾ ਹੈ, ਅਦਾਕਰੀ ਅਤੇ ਹੱਥਾਂ ਦੀ ਹਿਲ-ਜੁਲ ਨਾਲ ਨਵੀਂ ਦੁਨੀਆ ਸਿਰਜਣੀ ਹੁੰਦੀ ਹੈ।
ਲਾਵਨੀ ਇੱਕ ਕਾਮੁਕ ਨਾਚ ਹੈ, ਇਸ ਲਈ ਸਾਲਾਂ ਤੋਂ ਇਸ ਨੂੰ ਨੀਚੇ ਦਰਜੇ ਦਾ ਸਮਝਿਆ ਜਾਂਦਾ ਰਿਹਾ ਸੀ। ਫਿਰ ਵੀ ਕਈ ਡਾਂਸਰਾਂ ਨੇ ਇਸ ਦੀ ਮੁਹਾਰਤ ਹਾਸਲ ਕੀਤੀ ਅਤੇ ਅੱਜ ਵੀ ਆਪਣੀ ਪੇਸ਼ਕਾਰੀ ਦੀ ਸੁੰਦਰਤਾ ਕਾਰਨ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।
ਪਰ ਹੁਣ ਇਹ ਕਲਾ ਫਿੱਕੀ ਪੈ ਰਹੀ ਹੈ। ਸੰਗੀਤਕਾਰ, ਤਾਲ ਭੁੱਲ ਰਹੇ ਹਨ ਅਤੇ ਡਾਂਸਰ ਸੰਮ ਭੁੱਲ ਰਹੇ ਹਨ।
ਇੱਕ ਸੀਨੀਅਰ ਡਾਂਸਰ ਅਤੇ ਗਾਇਕ ਲਤਾ ਪ੍ਰਭਾਨਿਕਰ ਕਹਿੰਦੇ ਹਨ, “ਇੱਕ ਸਮਾਂ ਸੀ ਜਦੋਂ ਦਰਸ਼ਕ ਸਾਡੀ ਕਲਾ ਦਾ ਆਦਰ ਕਰਦੇ ਸੀ। ਹੁਣ ਉਹ ਸਿਰਫ਼ ਦੇਹ ਦੇਖਣਾ ਚਾਹੁੰਦੇ ਹਨ,ਇਸ ਲਈ ਕੋਈ ਇਸ ਕਲਾ ਨੂੰ ਸਿੱਖਣ ਦੀ ਮਿਹਨਤ ਨਹੀਂ ਕਰਦਾ। ਹੁਣ ਇਹ ਪੂਰੀ ਤਰ੍ਹਾਂ ਧੰਦਾ ਬਣ ਗਿਆ ਹੈ।”
ਔਰਤਾਂ ਇਸ ਵਿੱਚੋਂ ਨਿਕਲਣਾ ਚਾਹੁੰਦੀਆਂ ਹਨ, ਪਰ ਹਰ ਕੋਈ ਇੱਥੋਂ ਬਾਹਰ ਨਹੀਂ ਨਿਕਲ ਸਕਦਾ, ਹਰ ਕਿਸੇ ਕੋਲ ਸਾਥ ਦੇਣ ਵਾਲੀ ਅਜਿਹੀ ਮਾਂ ਨਹੀਂ ਹੁੰਦੀ।
ਇੱਥੇ ਬਹੁਤ ਸਾਰੀਆਂ ਕੁੜੀਆਂ ਪੈਸੇ ਕਮਾਉਣ ਲਈ ਕੰਮ ਕਰਦੀਆਂ ਹਨ ਤਾਂ ਕਿ ਘਰਾਂ ਵਿੱਚ ਗਰੀਬੀ, ਸ਼ੋਸ਼ਣ ਅਤੇ ਭੇਦ-ਭਾਵ ਦੇ ਚੱਕਰਵਿਊ ਵਿੱਚੋਂ ਨਿਕਲਣ। ਅਜਿਹੀਆਂ ਕੁੜੀਆਂ ਲਈ, ਸੰਗੀਤ ਬਾੜੀ ਇੱਕ ਘਰ ਹੈ।
ਜੈ ਅੰਬਿਕਾ ਕਲਾ ਕੇਂਦਰ ਵਿੱਚ ਇੱਕ ਹੋਰ ਸ਼ਾਮ ਹੈ। ਤੁਸੀਂ ਰੰਗ, ਚਹਿਲ-ਪਹਿਲ, ਮਹਿਲਾਵਾਂ ਨੂੰ ਸੰਵਰਦੇ ਅਤੇ ਗਾਹਕਾਂ ਦਾ ਇੰਤਜ਼ਾਰ ਕਰਦੇ ਦੇਖ ਸਕਦੇ ਹੋ। ਦਰਵਾਜ਼ੇ ਖੁੱਲ ਚੁੱਕੇ ਹਨ।
ਇਸ ਤੋਂ ਦੂਰ, ਹੋਸਟਲ ਵਿੱਚ ਉਨ੍ਹਾਂ ਦੇ ਬੱਚੇ ਸ਼ਾਮ ਦੀ ਪ੍ਰਾਰਥਨਾ ਕਰ ਰਹੇ ਹੋਣਗੇ। ਅਤੇ ਮਾਂਵਾਂ ਖੁਦ ਨਾਲ ਵਾਅਦਾ ਕਰਦੀਆਂ ਹਨ ਕਿ ਆਪਣੀਆਂ ਧੀਆਂ ਨੂੰ ਇਸ ਵਿੱਚੋਂ ਨਹੀਂ ਗੁਜ਼ਰਨ ਦੇਣਗੀਆਂ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
ਪੰਜਾਬ ਵਿੱਚ 813 ਹਥਿਆਰਾਂ ਦੇ ਲਾਈਸੈਂਸ ਰੱਦ, ਜਾਣੋ ਕਿਸ ਜ਼ਿਲ੍ਹੇ ''ਚ ਕਿੰਨੇ ਲਾਈਸੈਂਸੀ ਹਥਿਆਰ ਹਨ
NEXT STORY