ਅਸੀਂ ਰੋਜ਼ ਕਿੰਨੀ ਕੁ ਸਰੀਰਕ ਕਸਰਤ ਕਰਦੇ ਹਾਂ ਤੇ ਸਾਨੂੰ ਤੰਦਰੁਸਤ ਰਹਿਣ ਲਈ ਕਿੰਨੀ ਦੀ ਲੋੜ ਹੈ ਇਹ ਦੋ ਵੱਖਰੀਆਂ ਸਥਿਤੀਆਂ ਹਨ।
ਬੀਬੀਸੀ ਰੇਡੀਓ 4 ਦੇ ‘ਇਨਸਾਈਡ ਹੈਲਥ’ ਪ੍ਰੋਗਰਾਮ ਦੇ ਪੇਸ਼ਕਾਰ ਪੱਤਰਕਾਰ ਜੇਮਜ਼ ਗੈਲਾਘਰ ਨੇ ਇੱਕ ਸਵਾਲ ਪੁੱਛਿਆ ਸੀ।
ਉਨ੍ਹਾਂ ਸਾਰਿਆਂ ਨੂੰ ਕਿਹਾ ਆਪਣੇ ਆਪ ਨੂੰ ਪੁੱਛੇ,“ਮੈਂ ਅਸਲ ਵਿੱਚ ਰੋਜ਼ ਕਿੰਨੀ ਕੁ ਕਸਰਤ ਲਈ ਸਮਾਂ ਕੱਢ ਸਕਦਾ ਹਾਂ?”
ਤੇ ਇਸ ਦਾ ਢੁੱਕਵਾਂ ਜਵਾਬ ਲੱਭਣ ਲਈ, ਉਨ੍ਹਾਂ ਨੇ ਕਈ ਵਿਗਿਆਨਕ ਟੈਸਟ ਕੀਤੇ ਅਤੇ ਵੱਖ-ਵੱਖ ਮਾਹਰਾਂ ਨਾਲ ਗੱਲ ਕੀਤੀ।
ਉਨ੍ਹਾਂ ਦੇ ਪ੍ਰਯੋਗ ਦਾ ਨਤੀਜਾ ਉਤਸ਼ਾਹਜਨਕ ਸੀ, ਖਾਸ ਤੌਰ ''ਤੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਕੋਲ ਉਨ੍ਹਾਂ ਵਾਂਗ ਕਸਰਤ ਕਰਨ ਲਈ ਜ਼ਿਆਦਾ ਸਮਾਂ ਨਹੀਂ ਹੈ। ਤੇ ਨਾ ਹੀ ਉਨ੍ਹਾਂ ਦੀ ਹਰ ਹਫ਼ਤੇ ਰਸਮੀ ਤੌਰ ''ਤੇ ਕਸਰਤ ਕਰਨ ਦੀ ਬਹੁਤੀ ਇੱਛਾ ਹੁੰਦੀ ਹੈ।
ਪਹਿਲੇ ਵਿਅਕਤੀ ਨੇ ਕੀ ਕਿਹਾ?
ਮੇਰੀ ਇੱਕ ਖਿਆਲੀ ਦੁਨੀਆ ਹੈ ਜਿਸ ਵਿੱਚ ਮੈਂ ਵਿਵਹਾਰਕ ਰੂਪ ਨਾਲ ਪੂਲ ਦੇ ਕੋਲ ਹੀ ਰਹਿੰਦਾ ਹਾਂ, ਹਰ ਜਗ੍ਹਾ ਬਾਈਕ ’ਤੇ ਜਾਂਦਾ ਹਾਂ ਅਤੇ ਮਹਿਜ਼ ਮਨਪ੍ਰਚਾਵੇ ਲਈ 10 ਕਿਲੋਮੀਟਰ ਦੌੜਦਾ ਹਾਂ। ਇਹ ਸਭ ਤਾਂ ਮੇਰੀ ਸੁਫ਼ਨਿਆ ਦੀ ਦੁਨੀਆ ਹੀ ਹੈ।
ਅਸਲ ਦੁਨੀਆ ਵਿੱਚ ਮੈਂ ਕੰਮ ਕਰਦਾ ਹਾਂ, ਮੇਰਾ ਪਰਿਵਾਰ ਹੈ ਅਤੇ ਮੈਂ ਉਨ੍ਹਾਂ ਦੀ ਦੇਖਭਾਲ ਕਰਦਾ ਹਾਂ, ਇਸ ਲਈ ਮੇਰਾ ਹਫ਼ਤੇ ਬਾਅਦ ਪੂਲ ਵਿੱਚ ਜਾਣਾ ਮੈਨੂੰ ਇੱਕ ਉਪਲੱਬਧੀ ਵਰਗਾ ਲੱਗਦਾ ਹੈ।
ਹਾਲਾਂਕਿ ਹਰ ਹਫ਼ਤੇ ਲਗਭਗ ਢਾਈ ਘੰਟੇ (150 ਮਿੰਟ) ਦਰਮਿਆਨੀ ਤੀਬਰਤਾ ਵਾਲੀ ਕਸਰਤ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਪਰ ਲਗਭਗ ਇੱਕ ਚੌਥਾਈ ਆਬਾਦੀ ਅੱਧੇ ਘੰਟੇ ਲਈ ਵੀ ਕਸਰਤ ਨਹੀਂ ਕਰਦੀ।
ਤਾਂ ਕੀ ਕੋਈ ਅਜਿਹਾ ਸੌਖਾ ਤਰੀਕਾ ਹੈ ਜਿਸ ਦੀ ਅਸੀਂ ਉਮੀਦ ਕਰ ਸਕਦੇ ਹਾਂ? ਕਸਰਤ ਦੀ ਸਭ ਤੋਂ ਘੱਟ ਮਾਤਰਾ ਕੀ ਹੈ ਜੋ ਸਾਡੀ ਸਿਹਤ ਨੂੰ ਤੰਦਰੁਸਤ ਰੱਖ ਸਕਦੀ ਹੈ?
ਕਿੰਨੀ ਕਸਰਤ ਦੀ ਲੋੜ ਹੈ?
ਜੇਕਰ ਤੁਸੀਂ ਕਸਰਤ ਲਈ ਘੱਟ ਡਰਾਉਣੀ ਸਲਾਹ ਸੁਣਨਾ ਚਾਹੁੰਦੇ ਹੋ ਤਾਂ ਉਹ ਪੋਰਟਸਮਾਊਥ ਯੂਨੀਵਰਸਿਟੀ ਵਿੱਚ ਕਲੀਨਿਕਲ ਐਕਸਰਸਾਈਜ਼ ਫਿਜਿਓਲੋਜੀ ਦੀ ਸਹਾਇਕ ਪ੍ਰੋਫੈਸਰ ਡਾ. ਜ਼ੋਏ ਸੈਨੋਰ ਦੀ ਸਲਾਹ ਹੈ। ਉਹ ਸੇਵਾਮੁਕਤ ਰਗਬੀ ਖਿਡਾਰੀ ਵੀ ਹੈ।
ਉਹ ਉੱਤਰ ਲੱਭਣ ਵਿੱਚ ਮੇਰੀ ਮਦਦ ਕਰਨ ਜਾ ਰਹੇ ਹਨ। ਇਸ ਨੂੰ ਪ੍ਰਾਪਤ ਕਰਨ ਲਈ ਮੈਂ ਇੱਕ ਹਫ਼ਤੇ ਲਈ ਇੱਕ ਐਕਟੀਵਿਟੀ ਟਰੈਕਰ ਪਹਿਨਣ ਲਈ ਸਹਿਮਤ ਹੋਇਆ ਹਾਂ।
ਇਸ ਦੇ ਨਤੀਜੇ ਭਿਆਨਕ ਸਨ। ਮੈਂ ਰੋਜ਼ਾਨਾ ਸਿਰਫ਼ ਇੱਕ ਮਿੰਟ ਦੀ ਜ਼ੋਰਦਾਰ ਕਸਰਤ (ਦੌੜਨ ਦੇ ਬਰਾਬਰ) ਅਤੇ 16 ਮਿੰਟ ਦੀ ਦਰਮਿਆਨੀ ਕਸਰਤ (ਤੇਜ਼ ਸੈਰ ਵਾਂਗ) ਹੀ ਕਰ ਸਕਿਆ।
ਸੈਨੋਰ ਕਹਿੰਦੇ ਹਨ, ‘‘ਇਹ ਕੁਝ ਅਜਿਹਾ ਹੈ ਜਿਸ ਨੂੰ ਅਸੀਂ ਆਧੁਨਿਕ ਸਮਾਜ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਵਿੱਚ ਵਾਰ ਵਾਰ ਦੇਖਦੇ ਹਾਂ।’’
ਇਸ ਲਈ ਮੇਰਾ ਸਰੀਰ ਜਿਸ ਵੀ ਸਥਿਤੀ ਵਿੱਚ ਹੈ, ਉਹ ਕਾਫ਼ੀ ਹੱਦ ਤੱਕ ਇੱਕ ਘੰਟੇ ਦੀ ਤੈਰਾਕੀ ''ਤੇ ਨਿਰਭਰ ਕਰਦਾ ਹੈ ਜੋ ਮੈਂ ਜ਼ਿਆਦਾਤਰ ਹਫ਼ਤੇ ਦੇ ਅੰਤ ਵਿੱਚ ਕਰਦਾ ਹਾਂ।
ਤੇਜ਼ ਕਸਰਤ ਕਰੋ ਜਾਂ ਵੱਧ ਸਮੇਂ ਲਈ ਕਰੋ
ਜੇਕਰ ਮੈਂ ਕਸਰਤ ਕਰਨ ਲਈ ਘੱਟ ਸਮਾਂ ਦੇਣਾ ਚਾਹੁੰਦਾ ਹਾਂ, ਪਰ ਫ਼ਿਰ ਵੀ ਚੰਗੇ ਨਤੀਜੇ ਪ੍ਰਾਪਤ ਕਰਨਾ ਚਾਹੁੰਦਾ ਹਾਂ, ਤਾਂ ਇੱਕੋ ਇੱਕ ਵਿਕਲਪ ਹੈ ਸਖ਼ਤ ਮਿਹਨਤ ਕਰਨਾ।
ਸੈਨੋਰ ਦਾ ਕਹਿਣਾ ਹੈ, ‘‘ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਜੇ ਤੁਸੀਂ ਘੱਟ ਕਸਰਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉੱਚ ਤੀਬਰਤਾ ਨਾਲ ਕਸਰਤ ਕਰਨ ਦੀ ਲੋੜ ਹੈ।’’
ਅਧਿਕਾਰਤ ਤੌਰ ’ਤੇ 150 ਮਿੰਟ ਦੀ ਮੱਧਮ ਕਸਰਤ ਕਰਨ ਦਾ ਵਿਕਲਪ 75 ਮਿੰਟ ਦੀ ਤੀਬਰ ਕਸਰਤ ਕਰਨਾ ਹੈ।
ਹਾਈ-ਇੰਟੈਸਿਟੀ ਇੰਟਰਵਲ ਟਰੇਨਿੰਗ (ਐੱਚਆਈਆਈਟੀ) ਜਿਸ ਵਿੱਚ ਕਸਰਤ ਦੀਆਂ ਛੋਟੀਆਂ, ਪਰ ਉੱਚ-ਤੀਬਰਤਾ ਵਾਲੀਆਂ ਕਿਰਿਆਵਾਂ ਸ਼ਾਮਲ ਹੁੰਦੀਆਂ ਹਨ। ਇਸ ਵਿੱਚ ਉਨ੍ਹਾਂ ’ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ।
ਹਾਲਾਂਕਿ, ਡਾ. ਸੈਨੋਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਇਸ ਨਾਲ ਜੁੜੇ ਨਹੀਂ ਰਹਿ ਸਕਦੇ ਕਿਉਂਕਿ ਐੱਚਆਈਆਈਟੀ ਵਿੱਚ ਬਹੁਤ ਜ਼ੋਰਦਾਰ ਪੱਧਰ ''ਤੇ ਕਸਰਤ ਦੀ ਲੋੜ ਹੁੰਦੀ ਹੈ।
ਕਸਰਤ ਦਾ ਘੱਟੋ-ਘੱਟ ਸਵੀਕਾਰਯੋਗ ਮਾਪ ਕੀ ਹੈ?
ਜਦੋਂ ਲੋਕਾਂ ਨੂੰ ਕਸਰਤ ਦੀ ਘੱਟੋ-ਘੱਟ ਮਾਤਰਾ ਕਰਨ ਦੀ ਗੱਲ ਆਉਂਦੀ ਹੈ, ਤਾਂ ਡਾ. ਸੈਨੋਰ ਪ੍ਰਤੀ ਦਿਨ 5,000 ਤੋਂ 6,000 ਕਦਮ ਚੱਲਣ ਵਿੱਚ ਦ੍ਰਿੜ ਵਿਸ਼ਵਾਸ ਰੱਖਦੇ ਹਨ।
ਜਦੋਂ ਕਿ ਬੱਸ ਦੇ ਸਟਾਪ ਤੋਂ ਇੱਕ ਸਟਾਪ ਪਹਿਲਾਂ ਉਤਰਨਾ ਜਾਂ ਦੁਪਹਿਰ ਦੇ ਖਾਣੇ ਦੇ ਸਮੇਂ ਦੌਰਾਨ ਟਹਿਲਣਾ ਵਰਗੇ ਸੁਝਾਵਾਂ ਦਾ ਮਜ਼ਾਕ ਉਡਾਉਣਾ ਸੌਖਾ ਹੈ, ਪਰ ਅਜਿਹਾ ਕਰਨਾ ਤੁਹਾਡੀ ਸਿਹਤ ਸੁਧਾਰਨ ਵਿੱਚ ਯੋਗਦਾਨ ਪਾ ਸਕਦਾ ਹੈ।
ਜਾਮਾ, ਇੰਟਰਨਲ ਮੈਡੀਸਿਨ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਜੋ ਤਕਰੀਬਨ 80,000 ਲੋਕਾਂ ’ਤੇ ਕੀਤੇ ਗਏ ਅਧਿਐਨ ਉੱਤੇ ਅਧਾਰਿਤ ਹੈ ਤੋਂ ਪਤਾ ਲੱਗਿਆ ਹੈ ਕਿ ਹਰ ਰੋਜ਼ ਥੋੜ੍ਹਾ ਜਿਹਾ ਵੱਧ ਤੁਰਨ ਨਾਲ ਕੈਂਸਰ, ਦਿਲ ਦੇ ਰੋਗ ਜਾਂ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਇਹ ਪੈਟਰਨ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਤੁਸੀਂ ਇੱਕ ਦਿਨ ਵਿੱਚ ਲਗਭਗ 10,000 ਕਦਮ ਨਹੀਂ ਤੁਰਨ ਲੱਗ ਜਾਂਦੇ। ਤੇ ਨਾਲ ਹੀ ਹੌਲੀ ਕਦਮਾਂ ਦੇ ਮੁਕਾਬਲੇ ਤੇਜ਼ ਕਦਮ ਜ਼ਿਆਦਾ ਅਹਿਮੀਅਤ ਰੱਖਦੇ ਹਨ।
"ਜੇਕਰ ਤੁਹਾਡੇ ਕੋਲ ਇੱਕ ਦਿਨ ਵਿੱਚ 10,000 ਕਦਮ ਚੱਲਣ ਦਾ ਸਮਾਂ ਨਹੀਂ ਹੈ, ਤਾਂ ਕੀ ਤੁਸੀਂ 5,000 ਕਦਮ ਤੇਜ਼ੀ ਨਾਲ ਚੱਲ ਸਕਦੇ ਹੋ?
ਸੈਨੋਰ ਕਹਿੰਦੇ ਹਨ, ‘‘ਇਹ ਤੁਹਾਡੀ ਸਿਹਤ ਵਿੱਚ ਸੁਧਾਰ ਲਿਆਏਗਾ।’’
ਰੋਜ਼ ਦੀਆਂ ਗਤੀਵਿਧੀਆਂ ਹੀ ਕਸਰਤ ਹਨ
ਧਿਆਨ ਦੇਣਯੋਗ ਸਿਹਤ ਲਾਭ ਦੇਖਣ ਲਈ ਤੁਹਾਨੂੰ ਰਸਮੀ ਕਸਰਤ ਕਰਨ ਦੀ ਵੀ ਲੋੜ ਨਹੀਂ ਹੈ ਜਿਵੇਂ ਕਿ ਦੌੜਨਾ, ਜਿੰਮ ਜਾਣਾ ਜਾਂ ਤੈਰਾਕੀ ਕਰਨਾ।
ਨੇਚਰ ਮੈਡੀਸਿਨ (ਨੈਚੂਰਲ ਮੈਡੀਸਿਨ) ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ 25,000 ਲੋਕਾਂ ਦੀ ਨਿਗਰਾਨੀ ਕੀਤੀ ਗਈ ਜੋ ਰਸਮੀ ਤੌਰ ''ਤੇ ‘ਕਸਰਤ’ ਨਹੀਂ ਕਰਦੇ ਸਨ, ਪਰ ਉਹ ਰੋਜ਼ਾਨਾ ਜੀਵਨ ਵਿੱਚ ਛੋਟੀਆਂ, ਤੀਬਰ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਸਨ।
ਇਹ ਅਜਿਹੀਆਂ ਗਤੀਵਿਧੀਆਂ ਹਨ ਜੋ ਸਾਧਾਰਨ ਜਾਪਦੀਆਂ ਹਨ: ਜਿਵੇਂ ਰੇਲਗੱਡੀ ਵੱਲ ਦੌੜਨਾ, ਵੈਕਿਊਮ ਕਲੀਨਰ ਨੂੰ ਧੱਕਣਾ, ਬੱਚਿਆਂ ਜਾਂ ਕੁੱਤਿਆਂ ਨਾਲ ਖੇਡਣਾ, ਭਾਰੀ ਕਰਿਆਨੇ ਦਾ ਸਾਮਾਨ ਚੁੱਕ ਕੇ ਲੈ ਜਾਣਾ, ਜਾਂ ਪੌੜੀਆਂ ਚੜ੍ਹਨਾ।
ਖੋਜ ਦਰਸਾਉਂਦੀ ਹੈ ਕਿ ਦਿਨ ਭਰ ਤਿੰਨ ਤੋਂ ਚਾਰ ਮਿੰਟ ਦੀ ਜ਼ੋਰਦਾਰ ਗਤੀਵਿਧੀ ਕਰਨ ਨਾਲ ਸਿਹਤ ’ਤੇ ਗਹਿਰਾ ਲਾਭ ਹੁੰਦਾ ਹੈ।
ਯੂਨੀਵਰਸਿਟੀ ਕਾਲਜ ਲੰਡਨ ਦੇ ਸਪੋਰਟਸ ਐਂਡ ਐਕਸਰਸਾਈਜ਼ ਮੈਡੀਸਿਨ ਦੇ ਪ੍ਰੋਫ਼ੈਸਰ ਮਾਰਕ ਹੈਮਰ ਨੇ ਕਿਹਾ, ‘‘ਜੋ ਲੋਕ ਅਜਿਹੀਆਂ ਅਨਿਯਮਤ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ, ਉਹ ਦਿਲ ਦੇ ਫੇਲ੍ਹ ਹੋਣ ਅਤੇ ਕੈਂਸਰ ਵਰਗੀਆਂ ਵੱਡੀਆਂ ਬਿਮਾਰੀਆਂ ਦੇ ਜੋਖ਼ਮ ਨੂੰ 50 ਫ਼ੀਸਦ ਤੱਕ ਘਟਾ ਸਕਦੇ ਹਨ।’’
ਉਹ ਅੱਗੇ ਕਹਿੰਦੇ ਹਨ, ‘‘ਪਿਛਲੇ ਇੱਕ ਦਹਾਕੇ ਵਿੱਚ ਦਿਸ਼ਾ-ਨਿਰਦੇਸ਼ ਹੌਲੀ-ਹੌਲੀ ‘30-ਪਲੱਸ-ਮਿੰਟ-ਏ-ਡੇ’ ਦੇ ਸੰਦੇਸ਼ ਤੋਂ ''ਕੁਝ ਵੀ ਮਾਅਨੇ ਰੱਖਦਾ ਹੈ'' ਸੰਦੇਸ਼ ਵਿੱਚ ਬਦਲ ਰਹੇ ਹਨ। ਮੈਨੂੰ ਲੱਗਦਾ ਹੈ ਕਿ ਇਹ ਨਤੀਜੇ ਉਸ ਸੰਦੇਸ਼ ਦਾ ਸਮਰਥਨ ਕਰਦੇ ਹਨ।’’
ਤੰਦਰੁਸਤ ਰਹਿਣ ਲਈ ਰੋਜ਼ ਕਿੰਨੀ ਕਸਰਤ ਦੀ ਲੋੜ ਹੈ?
- ਮਾਹਰ ਹਫ਼ਤੇ ਵਿੱਚ ਕਰੀਬ 150 ਮਿੰਟਾਂ ਦੀ ਕਸਰਤ ਦੀ ਸਿਫ਼ਾਰਿਸ਼ ਕਰਦੇ ਹਨ
- ਜੇ 150 ਮਿੰਟ ਦੀ ਮੱਧਮ ਕਸਰਤ ਨਹੀਂ ਤਾਂ 75 ਮਿੰਟ ਦੀ ਤੀਬਰ ਕਸਰਤ ਕਰਨੀ ਚਾਹੀਦੀ ਹੈ
- ਪ੍ਰਤੀ ਦਿਨ ਘੱਟੋ-ਘੱਟ 5,000 ਤੋਂ 6,000 ਕਦਮ ਚੱਲਣ ਤੁਰਨੇ ਚਾਹੀਦੇ ਹਨ
- ਘਰੇਲੂ ਕੰਮਕਾਜ ਹੱਥੀਂ ਕਰਨਾ ਵੀ ਕਸਰਤ ਦਾ ਹਿੱਸਾ ਹੋ ਸਕਦਾ ਹੈ
- ਪਰ ਲਗਭਗ ਇੱਕ ਚੌਥਾਈ ਆਬਾਦੀ ਅੱਧੇ ਘੰਟੇ ਲਈ ਵੀ ਕਸਰਤ ਨਹੀਂ ਕਰਦੀ।
ਪਾਣੀ ਤੇ ਕਸਰਤ
‘ਪਾਣੀ ਵਿੱਚ ਡੁਬਕੀ ਲਗਾਓ ਅਤੇ ਫਿੱਟ ਹੋ ਜਾਓ’, ਇਹ ਮੁਹਾਵਰਾ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ।
ਜੇ ਇਸ ਨੂੰ ਹਾਸਲ ਕਰਨ ਲਈ ਸਮਾਂ ਅਜੇ ਵੀ ਘੱਟ ਹੈ, ਤਾਂ ਇੱਕ ਹੋਰ ਤਰੀਕਾ ਹੋ ਸਕਦਾ ਹੈ ਜੋ ਜ਼ਿਆਦਾ ਚੰਗਾ ਲੱਗੇ।
ਇਸ਼ਨਾਨ, ਜਕੂਜ਼ੀ ਜਾਂ ਸੌਨਾ ਬਾਰੇ ਤੁਹਾਡਾ ਕੀ ਖਿਆਲ ਹੈ?
ਮੈਂ ਆਪਣੇ ਮਨਪਸੰਦ ਨਹਾਉਣ ਵਾਲੇ ਕੱਪੜੇ ਪਹਿਨੇ ਅਤੇ ਬਹੁਤ ਗਰਮ ਪਾਣੀ ਦੇ ਪੂਲ ਵਿੱਚ ਕੁੱਦ ਪਿਆ।
ਇਹ ਸਟੀਕ ਰੂਪ ਨਾਲ ਨਿਯੰਤਰਿਤ ਪ੍ਰਯੋਗ ਹੈ, ਇਸ ਲਈ ਮੈਂ ਪਾਣੀ ਵਿੱਚ ਐਵੇਂ ਹੀ ਛਾਲ ਨਹੀਂ ਮਾਰ ਸਕਦਾ ਸੀ।
ਖੋਜਕਰਤਾ ਥਾਮਸ ਜੇਮਜ਼ ਨੂੰ ਮੈਨੂੰ 40 ਡਿਗਰੀ ਸੈਲਸੀਅਸ ਪਾਣੀ ਦੇ ਪੂਲ ਵਿੱਚ ਖਿੱਚਣਾ ਪਿਆ ਤਾਂ ਕਿ ਸਿਰਫ਼ ਮੇਰਾ ਸਿਰ ਅਤੇ ਗਰਦਨ ਪਾਣੀ ਦੇ ਉੱਪਰ ਰਹਿਣ।
ਮੁੱਖ ਗੱਲ ਇਹ ਹੈ ਕਿ ਇਹ ਮੇਰੇ ਸਰੀਰ ਦੇ ਮੁੱਖ ਤਾਪਮਾਨ (37 ਡਿਗਰੀ ਸੈਲਸੀਅਸ) ਨਾਲੋਂ ਵੱਧ 40 ਡਿਗਰੀ ਸੈਲਸੀਅਸ ਹੈ। ਇਸ ਲਈ ਜਦੋਂ ਤੱਕ ਮੈਂ ਉਸ ਵਿੱਚ ਸੀ ਮੇਰਾ ਸਰੀਰ ਗਰਮੀ ਨੂੰ ਘੱਟ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਸੀ।
ਬਹੁਤ ਜਲਦੀ ਹੀ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਮੱਥੇ ਤੋਂ ਪਸੀਨਾ ਵਗ੍ਹ ਰਿਹਾ ਹੈ, ਪਰ ਮੇਰਾ ਬਾਕੀ ਸਾਰਾ ਸਰੀਰ ਗਿੱਲਾ ਸੀ ਅਤੇ ਇਸ ਵਿੱਚ ਤਾਜ਼ਗੀ ਨਹੀਂ ਸੀ।
ਜੇਮਜ਼ ਦੱਸਦੇ ਹਨ, ‘‘ਇਸ ਸਬੰਧ ਵਿੱਚ ਗਰਮ ਪਾਣੀ ਵਿਸ਼ੇਸ਼ ਤੌਰ ''ਤੇ ਜਾਨਲੇਵਾ ਹੈ।’’
ਜੇ ਮੈਂ ਉੱਥੇ ਜ਼ਿਆਦਾ ਸਮਾਂ ਬਿਤਾਉਂਦਾ ਤਾਂ ਮੈਂ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਅਤੇ ਹੀਟ ਸਟ੍ਰੋਕ ਨਾਲ ਮਰ ਜਾਂਦਾ। ਮੇਰਾ ਦਿਲ ਜ਼ੋਰ ਨਾਲ ਅਤੇ ਤੇਜ਼ੀ ਨਾਲ ਪੰਪ ਕਰ ਰਿਹਾ ਸੀ ਕਿਉਂਕਿ ਮੇਰਾ ਖੂਨ ਚਮੜੀ ਦੀ ਸਤਹ ਦੇ ਨੇੜੇ ਆ ਕੇ ਗਰਮੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਉਹ ਕਹਿੰਦੇ ਹਨ, ‘‘ਤੁਹਾਡਾ ਦਿਲ ਸਖ਼ਤ ਮਿਹਨਤ ਕਰੇਗਾ, ਜਿਵੇਂ ਤੁਸੀਂ ਹਲਕੀ-ਤੀਬਰਤਾ ਵਾਲੀ ਕਸਰਤ ਕਰਦੇ ਹੋ।’’
‘‘ਅਸੀਂ ਸਿਹਤਮੰਦ ਲੋਕਾਂ ਵਿੱਚ ਵੀ ਬਲੱਡ ਪ੍ਰੈੱਸ਼ਰ ਦਾ ਘਟਣਾ ਦੇਖ ਰਹੇ ਹਾਂ।’’
ਪ੍ਰਤੀ ਦਿਨ ਘੱਟੋ-ਘੱਟ 5,000 ਤੋਂ 6,000 ਕਦਮ ਚੱਲਣ ਤੁਰਨੇ ਚਾਹੀਦੇ ਹਨ
ਲੋੜ ਕਸਰਤ ਕਰਨ ਦੀ ਹੈ
ਜੇਮਜ਼ ਕਹਿੰਦੇ ਹਨ, ‘‘ਕਸਰਤ ਤੋਂ ਤੁਹਾਨੂੰ ਪ੍ਰਾਪਤ ਹੋਣ ਵਾਲੇ ਕੁਝ ਲਾਭਾਂ ਦੀ ਕਾਪੀ ਕਰਨ ਦਾ ਇਹ ਇੱਕ ਬਹੁਤ ਵਧੀਆ ਤਰੀਕਾ ਹੈ, ਪਰ ਸਬੂਤ ਬਿਲਕੁਲ ਸਪੱਸ਼ਟ ਹਨ ਕਿ ਕਸਰਤ ਸਭ ਤੋਂ ਵਧੀਆ ਹੈ ਅਤੇ ਦੋਵਾਂ ਨੂੰ ਇਕੱਠੇ ਕਰਨ ਨਾਲ ਵਧੇਰੇ ਸਿਹਤ ਲਾਭ ਪ੍ਰਾਪਤ ਹੁੰਦੇ ਹਨ।’’
ਉਹ ਅੱਗੇ ਕਹਿੰਦੇ ਹਨ, ‘‘ਮੈਨੂੰ ਲੱਗਦਾ ਹੈ ਕਿ ਇਹ ਅਸਲ ਵਿੱਚ ਭਵਿੱਖ ਵਿੱਚ ਇੱਕ ਵੱਡੀ ਭੂਮਿਕਾ ਨਿਭਾਏਗਾ।’’
ਇਸ ਲਈ ਜੇਕਰ ਤੁਸੀਂ ਜਿਮ ਜਾਂਦੇ ਹੋ ਅਤੇ ਫਿਰ ਸੌਨਾ ਜਾਂ ਜਕੂਜ਼ੀ ਜਾਂਦੇ ਹੋ, ਤਾਂ ਤੁਹਾਨੂੰ ਵਧੀਆ ਨਤੀਜਾ ਮਿਲ ਸਕਦਾ ਹੈ।
ਹਾਲਾਂਕਿ, ਪੋਰਟਸਮਾਊਥ ਟੀਮ ਲੋਕਾਂ ਨੂੰ ਸਿਫ਼ਾਰਸ਼ਾਂ ਦੀ ਪਾਲਣਾ ਕਰਨ ਲਈ ਸਾਵਧਾਨ ਕਰਦੀ ਹੈ।
ਜੇਮਜ਼ ਕਹਿੰਦੇ ਹਨ, ‘‘ਇਹ ਨਾ ਕਹੋ, ‘ਜਦੋਂ ਤੱਕ ਮੈਂ ਕਰ ਸਕਦਾ ਹਾਂ, ਮੈਂ ਕਰਦਾ ਰਹਾਂਗਾ। ਬਲਕਿ ਇਸ ਦਾ ਆਨੰਦ ਲੈਣ ਲਈ ਅਜਿਹਾ ਕਰੋ।’’
ਕਸਰਤ ਕਰਨ ਦਾ ਸਿਫਾਰਸ਼ ਆਮ ਤੌਰ ''ਤੇ ਸੁਵਿਧਾ ਦੀ ਕਿਸਮ ਦੇ ਆਧਾਰ ’ਤੇ 10 ਅਤੇ 20 ਮਿੰਟਾਂ ਦੇ ਵਿਚਕਾਰ ਹੁੰਦੀ ਹੈ, ਇਸ ਲਈ ਪਹਿਲਾਂ ਤੋਂ ਜਾਂਚ ਕਰਨਾ ਬਹੁਤ ਮਹੱਤਵਪੂਰਨ ਹੈ।
ਸਪੱਸ਼ਟ ਹੈ, ਸਾਨੂੰ ਸਾਰਿਆਂ ਨੂੰ ਕਸਰਤ ਦੀ ਸਿਫਾਰਸ਼ ਕੀਤੀ ਮਾਤਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਕਿਉਂਕਿ ਇਹ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਲਈ ਅਸੰਭਵ ਹੈ।
ਇਸ ਲਈ ਇਹ ਜਾਣ ਕੇ ਬਹੁਤ ਸਕੂਨ ਮਿਲਦਾ ਹੈ ਕਿ ਅਸੀਂ ਪਹਿਲਾਂ ਹੀ ਥੋੜ੍ਹਾ ਜ਼ਿਆਦਾ ਕਰਕੇ ਮਹੱਤਵਪੂਰਨ ਲਾਭ ਪ੍ਰਾਪਤ ਕਰ ਸਕਦੇ ਹਾਂ।
‘ਇਨਸਾਈਡ ਹੈਲਥ’ ਸ਼ੋਅ ਏਰਿਕਾ ਰਾਈਟ ਦੁਆਰਾ ਨਿਰਮਤ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
![](https://static.jagbani.com/jb2017/images/bbc-footer.png)
ਹਥਿਆਰ ਲਾਈਸੈਂਸ ਮਾਮਲਾ : ਸਿੱਖਾਂ ਨੂੰ ਨਿਹੱਥਾਂ ਕਰਨਾ ਚਾਹੁੰਦੀ ਹੈ ਸਰਕਾਰ- ਅਮ੍ਰਿਤਪਾਲ ਸਿੰਘ
NEXT STORY