ਅਰਸ਼ਦੀਪ ਸਿੰਘ ਤੇ ਸ਼ੁਭਮਨ ਗਿੱਲ
ਆਈਪੀਐਲ 2023 ਦਾ ਫਾਈਨਲ ਮੈਚ ਗੁਜਰਾਤ ਟਾਈਟਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਐਤਵਾਰ ਨੂੰ ਹੋਣ ਜਾ ਰਿਹਾ ਹੈ।
ਆਈਪੀਐੱਲ ਦਾ ਇਹ ਸੀਜ਼ਨ ਪੰਜਾਬ ਨਾਲ ਸਬੰਧਤ ਬੱਲੇਬਾਜ਼ ਸ਼ੁਭਮਨ ਗਿੱਲ ਲਈ ਯਾਦਗਾਰੀ ਸਫ਼ਰ ਰਿਹਾ ਪਰ ਗੇਂਦਬਾਜ਼ ਅਰਸ਼ਦੀਪ ਸਿੰਘ ਲਈ ਠੰਢਾ ਮੰਨਿਆ ਜਾ ਰਿਹਾ ਹੈ।
ਸ਼ੁਭਮਨ ਗਿੱਲ ਗੁਜਰਾਤ ਟਾਈਟਨਜ਼ ਲਈ ਖੇਡ ਰਹੇ ਹਨ ਜੋ ਕਿ ਫਾਇਨਲ ਵਿੱਚ ਪਹੁੰਚ ਗਈ ਹੈ।
ਅਰਸ਼ਦੀਪ ਸਿੰਘ ਪੰਜਾਬ ਕਿੰਗਜ਼ ਲਈ ਖੇਡ ਰਹੇ ਹਨ ਜਿਨ੍ਹਾਂ ਨੇ ਵਿਕਟਾਂ ਤੋੜਨ ਵਾਲੀ ਗੇਂਦਬਾਜੀ ਵੀ ਕੀਤੀ ਪਰ ਉਨ੍ਹਾਂ ਦੀ ਇਕੌਨਮੀ ਰੇਟ ਬਹੁਤ ਵੱਧ ਰਹੀ।
ਸ਼ੁਭਮਨ ਗਿੱਲ
ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਸ਼ੁਭਮਨ ਗਿੱਲ
ਆਈਪੀਐੱਲ ਸੀਜ਼ਨ 2023 ਵਿੱਚ ਗੁਜਰਾਤ ਟਾਈਟਨਜ਼ ਦੇ ਓਪਨਰ ਸ਼ੁਭਮਨ ਗਿੱਲ ਦੂਜੇ ਭਾਰਤੀ ਅਤੇ ਚੌਥੇ ਓਵਰਆਲ ਖਿਡਾਰੀ ਬਣੇ ਹਨ ਜਿਨ੍ਹਾਂ ਨੇ 800 ਤੋਂ ਵੱਧ ਦੌੜੀਆਂ ਬਣਾਈਆਂ ਹਨ।
ਸ਼ੁਭਮਨ ਗਿੱਲ ਨੇ 16 ਮੈਚਾਂ ਵਿੱਚ 851 ਰਨ ਬਣਾਏ ਹਨ। ਇਨ੍ਹਾਂ ਵਿੱਚ 3 ਸੈਂਕੜੇ, 5 ਅਰਧ ਸੈਂਕੜੇ ਸ਼ਾਮਿਲ ਹਨ। ਗਿੱਲ ਦੀ ਔਸਤ ਰਨ ਰੇਟ 60.78 ਰਹੀ ਹੈ।
ਇਸ ਤੋਂ ਪਹਿਲਾਂ ਸਾਲ 2016 ਵਿੱਚ ਵਿਰਾਟ ਕੋਹਲੀ ਨੇ 16 ਮੈਚਾਂ ਵਿੱਚ 973 ਰਨ 81.08 ਦੀ ਔਸਤ ਨਾਲ ਬਣਾਏ ਸਨ।
ਵਿਕਟਾਂ ਤੋੜਨ ਵਾਲੇ ਅਰਸ਼ਦੀਪ ‘ਟੁੱਟੇ’ ਰਹੇ
ਅਰਸ਼ਦੀਪ ਸਿੰਘ
ਆਈਪੀਐੱਲ ਦੇ ਸ਼ੁਰੂਆਤੀ ਮੈਚਾਂ ਵਿੱਚ ਪੰਜਾਬ ਕਿੰਗਜ਼ ਵੱਲੋਂ ਮੁੰਬਈ ਇੰਡੀਅਨਜ਼ ਖਿਲਾਫ਼ ਗੇਂਜਬਾਜੀ ਕਰਦਿਆਂ ਅਰਸ਼ਦੀਪ ਸਿੰਘ ਨੇ ਦੋ ਵਾਰ ਵਿਕਟਾਂ ਤੋੜ ਦਿੱਤੀਆਂ ਸਨ।
ਸ਼ੁਰੂਆਤ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਅਰਸ਼ਦੀਪ ਸਿੰਘ ਮੱਧ ਵਿੱਚ ਇੰਝ ਲੱਗ ਰਹੇ ਸਨ ਜਿਵੇਂ ਉਨ੍ਹਾਂ ਨੇ ਆਪਣਾ ਹੌਸਲਾ ਗੁਆ ਲਿਆ ਹੋਵੇ।
ਅਰਸ਼ਦੀਪ ਸਿੰਘ ਨੇ ਕੁੱਲ 14 ਮੈਚ ਖੇਡੇ ਹਨ ਅਤੇ ਉਨ੍ਹਾਂ ਨੇ 303 ਗੇਂਦਾਂ ਵਿੱਚ 493 ਰਨ ਦੇ ਕੇ 17 ਵਿਕਟਾਂ ਲਈਆਂ ਹਨ।
ਆਈਪੀਐੱਲ ਦੇ ਇਸ ਸੀਜ਼ਨ ਵਿੱਚ ਅਰਸ਼ਦੀਪ ਦੀ ਇਕੌਨਮੀ ਰੇਟ 9.69 ਰਹੀ।
ਸਾਲ 2022 ਵਿੱਚ ਉਨ੍ਹਾਂ ਨੇ 14 ਮੈਚਾਂ ਵਿੱਚ 300 ਗੇਂਦਾਂ ’ਤੇ 385 ਰਨ ਦਿੱਤੇ ਸਨ ਅਤੇ 10 ਵਿਕਟਾਂ ਲਈਆਂ ਸਨ। ਉਸ ਸਮੇਂ ਉਨ੍ਹਾਂ ਦਾ ਇਕਾਨਮੀ ਰੇਟ 7.70 ਸੀ।
ਆਸਟ੍ਰੇਲੀਆਂ ਦੇ ਸਾਬਕਾ ਕ੍ਰਿਕਟਰ ਟੌਮ ਮੂਡੀ ਨੇ ਈਐੱਸਪੀਐੱਨ ਕਰਿਕ ਇਨਫੋ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਅਰਸ਼ਦੀਪ ਸਿੰਘ ਨੇ ਆਪਣਾ ‘ਹੌਸਲਾ ਗੁਆ’ ਲਿਆ ਹੈ।
ਸ਼ੁਭਮਨ ਗਿੱਲ
ਸ਼ੁਭਮਨ ਗਿੱਲ: ‘ਤੇਂਦੂਲਕਰ ਤੇ ਕੋਹਲੀ ਦਾ ਬਦਲ’
ਖੇਡ ਪੱਤਰਕਾਰ ਸ਼ੇਖਰ ਲੂਥਰਾ ਕਹਿੰਦੇ ਹਨ ਕਿ ਇਸ ਸਮੇਂ ਸ਼ੁਭਮਨ ਗਿੱਲ ਭਾਰਤ ਦੀ ਉਮੀਦ ਹਨ।
ਸ਼ੇਖਰ ਲੂਥਰਾ ਮੁਤਾਬਕ, “ਸ਼ੁਭਮਨ ਗਿੱਲ ਨੂੰ ਤੁਸੀਂ ਮੌਜੂਦਾ ਸਮੇਂ ਸਚਿਨ ਤੇਂਦੂਲਕਰ ਜਾਂ ਵਿਰਾਟ ਕੋਹਲੀ ਦਾ ਬਦਲ ਕਹਿ ਸਕਦੇ ਹੋ। ਉਹ ਤਕਨੀਕੀ ਤੌਰ ’ਤੇ ਬਹੁਤ ਮਜ਼ਬੂਤ ਹਨ।''''
''''ਉਨ੍ਹਾਂ ਦੇ ਮੌਢਿਆਂ ਉੱਪਰ ਇੱਕ ਸਮਝਦਾਰ ਦਿਮਾਗ ਹੈ, ਜਿਸ ਕਾਰਨ ਉਹ ਆਪਣੀ ਖੇਡ ਨੂੰ ਯੋਜਨਬੱਧ ਕਰ ਪਾਉਂਦਾ ਹੈ।”
ਪੱਤਰਕਾਰ ਲੂਥਰਾ ਕਹਿੰਦੇ ਹਨ, “ਸ਼ੁਭਮਨ ਗਿੱਲ ਨੂੰ ਕੋਈ ਸੌਖਾ ਰਸਤਾ ਨਹੀਂ ਮਿਲਿਆ ਹੈ। ਉਸ ਨੇ 17 ਜਾਂ 19 ਸਾਲ ਦੀਆਂ ਟੀਮਾਂ ਵਿੱਚ ਖੇਡਿਆ ਹੈ ਅਤੇ ਹਰ ਥਾਂ ’ਤੇ ਆਪਣੀ ਖੇਡ ਦਿਖਾਈ ਹੈ। ਗਿੱਲ ਨੇ ਆਪਣੇ ਆਪ ਨੂੰ ਸਾਬਿਤ ਕੀਤਾ ਹੈ, ਤਾਂ ਜਾ ਕੇ ਇਸ ਮੁਕਾਮ ਨੂੰ ਹਾਸਿਲ ਕੀਤਾ।”
ਉਨ੍ਹਾਂ ਕਿਹਾ, “ਜੇਕਰ ਤੁਸੀਂ ਇੱਕ ਸਾਲ ਪਹਿਲਾਂ ਪੁੱਛਦੇ ਤਾਂ ਮੈਂ ਕਹਿੰਦਾ ਪ੍ਰਿਥਵੀ ਸ਼ਾਹ ਇੱਕ ਵੱਡਾ ਖਿਡਾਰੀ ਹੈ ਪਰ ਅੱਜ ਪ੍ਰਿਥਵੀ ਕਿਤੇ ਹੋਰ ਰਹਿ ਗਏ, ਉਨ੍ਹਾਂ ਨੂੰ ਸੱਟ ਲੱਗੀ ਅਤੇ ਅਨੁਸ਼ਾਸਨ ਦਾ ਮੁੱਦਾ ਵੀ ਹੋਇਆ।''''
''''ਪਰ ਵੱਡਾ ਖਿਡਾਰੀ ਕੌਣ ਹੁੰਦਾ ਹੈ? ਸਚਿਨ ਜਾਂ ਕੋਹਲੀ ਨੂੰ ਦੇਖੋ। ਉਨ੍ਹਾਂ ਦਾ ਕਰੀਅਰ ਲੰਮਾ ਵੀ ਹੋਇਆ ਅਤੇ ਸਨਮਾਨ ਵੀ ਮਿਲੇ। ਭਾਵੇਂ ਤੁਹਾਡੇ ਵਿੱਚ ਕਿੰਨੀ ਵੀ ਕਾਬਲੀਅਤ ਹੋਵੇ, ਤੁਹਾਨੂੰ ਆਫ਼ ਦਾ ਫੀਲਡ ਕੰਮ ਵੀ ਕਰਨੇ ਹੁੰਦੇ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਹੁੰਦਾ ਹੈ। ਸ਼ੁਭਮਨ ਨੇ ਇਹ ਦਿਖਾਇਆ ਕਿ ਉਹ ਸਮਝਦਾਰ ਹਨ। ਭਾਵੇਂ ਹੋਰ ਵੀ ਕਈ ਚੰਗੇ ਖਿਡਾਰੀ ਹਨ ਪਰ ਉਹ ਸਭ ਤੋਂ ਅੱਗੇ ਹੈ।”
ਖੇਡ ਪੱਤਰਕਾਰ ਆਦੇਸ਼ ਕੁਮਾਰ ਗੁਪਤ ਕਹਿੰਦੇ ਹਨ, “ਸ਼ੁਭਮਨ ਗਿੱਲ ਦੀ ਕਾਮਯਾਬੀ ਦਾ ਇੱਕ ਕਾਰਨ ਉਨ੍ਹਾਂ ਦਾ ਓਪਨਰ ਹੋਣਾ ਹੈ ਜਿੱਥੇ ਬੱਲੇਬਾਜ਼ ਨੂੰ ਜ਼ਿਆਦਾ ਗੇਂਦਾਂ ਖੇਡਣ ਦਾ ਮੌਕਾ ਮਿਲ ਜਾਂਦਾ ਹੈ। ਉਨ੍ਹਾਂ ਦਾ ਕੱਦ ਵੀ ਜ਼ਿਆਦਾ ਹੈ ਅਤੇ ਤਕਨੀਕ ਵੀ ਚੰਗੀ ਹੈ। ਉਹ ਗੇਂਦ ਦੀ ਮੈਰਿਟ ਦੇ ਅਧਾਰ ’ਤੇ ਖੇਡਦੇ ਹਨ।”
ਆਦੇਸ਼ ਕੁਮਾਰ ਗੁਪਤ ਮੁਤਾਬਕ, “ਸ਼ੁਭਮਨ ਨੇ ਸਪਿੰਨਰ ਅਤੇ ਤੇਜ਼ ਗੇਂਦਬਾਜ਼ਾਂ ਦਾ ਬਾਖੂਬੀ ਸਾਹਮਣਾ ਕੀਤਾ। ਉਹ ਕਵਰਸ ਵਿੱਚ ਵੀ ਚੰਗਾ ਖੇਡਦੇ ਰਹੇ। ਉਨ੍ਹਾਂ ਨੇ ਇਹੋਂ ਜਿਹੇ ਸ਼ਾਟ ਖੇਡੇ, ਜਿੱਥੇ ਕੋਈ ਵੀ ਫੀਲਡ ਨਹੀਂ ਸੀ।”
ਅਰਸ਼ਦੀਪ ਸਿੰਘ
ਅਰਸ਼ਦੀਪ ਸਿੰਘ: ‘ਸਮਰੱਥਾ ਤੋਂ ਵੱਧ ਜ਼ੋਰ ਲਗਾਉਣ ਦੀ ਕੋਸ਼ਿਸ਼ ਕੀਤੀ’
ਖੇਡ ਪੱਤਰਕਾਰ ਸ਼ੇਖਰ ਲੂਥਰਾ ਅਨੁਸਾਰ, “ਮੈਂ ਕਹਾਂਗਾ ਕਿ ਆਈਪੀਐੱਲ ਗੇਂਦਬਾਜ਼ਾਂ ਲਈ ਤਾਂ ਬਣਿਆ ਹੀ ਨਹੀਂ। ਹਾਲਾਂਕਿ, ਸ਼ੁਰੂਆਤ ਵਿੱਚ ਜਦੋਂ ਮੈਂ ਅਰਸ਼ਦੀਪ ਨੂੰ ਖੇਡਦੇ ਦੇਖਿਆ ਤਾਂ ਲੱਗਾ ਕਿ ਉਹ ਜ਼ਹੀਰ ਖਾਨ ਜਾਂ ਅਸ਼ੀਸ਼ ਨਹਿਰਾ ਦਾ ਬਦਲ ਬਣਦੇ ਦਿਖ ਰਹੇ ਸਨ ਕਿਉਂਕਿ ਉਹ ਚੰਗੀ ਤਰ੍ਹਾਂ ਗੇਂਦ ਨੂੰ ਘੁੰਮਾ ਵੀ ਲੈਂਦੇ ਹਨ ਪਰ ਲੱਗਦਾ ਸੀ ਕਿ ਥੋੜ੍ਹਾ ਸਰੀਰ ’ਤੇ ਹੋਰ ਕੰਮ ਕਰਨ ਦੀ ਲੋੜ ਹੈ।”
ਸ਼ੇਖਰ ਲੂਥਰਾ ਮੁਤਾਬਕ, “ਅਰਸ਼ਦੀਪ ਨੇ ਆਪਣੀ ਸਮਰੱਥਾ ਤੋਂ ਵੱਧ ਜ਼ੋਰ ਲਗਾਉਣ ਦੀ ਕੋਸਿਸ਼ ਕੀਤੀ। ਉਨ੍ਹਾਂ ਨੇ ਗੇਂਦ ਨੂੰ ਜ਼ਿਆਦਾ ਜ਼ੋਰ ਲਗਾਉਣ ਦੇ ਚੱਕਰ ਵਿੱਚ ਵਾਈਡ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਬਾਹਾਂ ਜ਼ਿਆਦਾ ਖੋਲਣੀਆਂ ਸ਼ੁਰੂ ਕਰ ਦਿੱਤੀਆਂ।”
ਲੂਥਰਾ ਕਹਿੰਦੇ ਹਨ, “ਅੱਜ ਕੱਲ੍ਹ ਸਮੱਸਿਆ ਹੈ ਕਿ ਖਿਡਾਰੀ ਨੂੰ ਵੱਖ-ਵੱਖ ਮੈਚ ਖੇਡਣੇ ਪੈਂਦੇ ਹਨ। ਇੱਕ ਖਿਡਾਰੀ ਨੂੰ ਟੈਸਟ ਮੈਚ ਖੇਡਣੇ ਪੈਂਦੇ ਹਨ, ਫਿਰ ਵਨ ਡੇ ਮੈਚ ਖੇਡਣਾ ਪੈਂਦਾ ਹੈ ਅਤੇ ਨਾਲ ਹੀ ਟੀ-20 ਖੇਡਣਾ ਹੁੰਦਾ ਹੈ।''''
ਇਹ ਟੂਰਨਾਮੈਂਟ ਗੇਂਦਬਾਜ਼ਾਂ ਲਈ ਬਣਿਆ ਹੀ ਨਹੀਂ ਪਰ ਉਨ੍ਹਾਂ ਨੂੰ ਖੇਡਣਾ ਪੈਂਦਾ ਹੈ। ਕਿਉਂਕਿ ਨਵੇਂ ਖਿਡਾਰੀ ਹਨ ਅਤੇ ਪੈਸਾ ਵੀ ਕਮਾਉਣਾ ਹੈ। ਮੁਕਾਬਲੇ ਦਾ ਸਮਾਂ ਹੈ ਪਰ ਅਰਸ਼ਦੀਪ ਵਿੱਚ ਕੋਈ ਕਮੀ ਨਹੀਂ ਹੈ। ਉਸ ਨੂੰ ਆਪਣੇ ਉੱਪਰ ਕੰਮ ਕਰਨ ਦੀ ਲੋੜ ਹੈ।”
ਅਰਸ਼ਦੀਪ ਸਿੰਘ
ਉਹ ਕਹਿੰਦੇ ਹਨ, “ਹਾਲਾਂਕਿ ਅੱਜ ਕੱਲ੍ਹ ਖਿਡਾਰੀਆਂ ਕੋਲ ਸਮਾਂ ਨਹੀਂ ਹੈ। ਮੈਂ ਕਹਾਂਗਾਂ ਕਿ ਗੇਂਦਬਾਜ਼ਾਂ ਲਈ ਬੁਰਾ ਸਮਾਂ ਹੈ ਪਰ ਬੈਟਸਮੈਨ ਨੇ ਤਾਂ ਬੱਲੇਬਾਜ਼ੀ ਹੀ ਕਰਨੀ ਹੁੰਦੀ ਹੈ। ਹਾਲਾਂਕਿ, ਉਨ੍ਹਾਂ ਨੂੰ ਵੀ ਮਿਹਨਤ ਕਰਨੀ ਪੈਂਦੀ ਹੈ। ਜੇਕਰ ਅਰਸ਼ਦੀਪ ਨਿਰਾਸ਼ ਨਹੀਂ ਹੋਣਗੇ ਅਤੇ ਕੰਮ ਕਰਨਗੇ ਤਾਂ ਉਹ ਸੱਚੀ ਵੱਡੇ ਖਿਡਾਰੀ ਹਨ।”
ਖੇਡ ਪੱਤਰਕਾਰ ਆਦੇਸ਼ ਕੁਮਾਰ ਗੁਪਤ ਕਹਿੰਦੇ ਹਨ, “ਸ਼ੁਰੂਆਤ ਦੇ ਮੈਚਾਂ ਵਿੱਚ ਅਰਸ਼ਦੀਪ ਨੇ ਚੰਗੀ ਗੇਂਦਬਾਜ਼ੀ ਕੀਤੀ ਸੀ ਪਰ ਉਨ੍ਹਾਂ ਦੀ ਟੀਮ ਦੇ ਬੱਲੇਬਾਜ਼ ਚੱਲ ਨਹੀਂ ਪਾ ਰਹੇ ਸਨ ਅਤੇ ਟੀਮ ਲਗਾਤਾਰ ਹਾਰ ਰਹੀ ਸੀ। ਦੂਜੇ ਗੇਂਦਬਾਜ਼ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਸਨ।”
ਆਦੇਸ਼ ਕੁਮਾਰ ਗੁਪਤ ਮੁਤਾਬਕ, “ਆਈਪੀਐੱਲ ਵਿੱਚ ਗੇਂਦਬਾਜ਼ ਨੂੰ ਸਿਰਫ਼ 4 ਓਵਰ ਮਿਲਦੇ ਹਨ। ਇੱਕ ਗੇਂਦਬਾਜ਼ ਨੇ ਦੋ ਓਵਰ ਸ਼ੁਰੂ ਵਿੱਚ ਅਤੇ ਦੋ ਬਾਅਦ ਵਿੱਚ ਕਰਨੇ ਹੁੰਦੇ ਹਨ। ਇਸ ਵਾਰ ਆਈਪੀਐੱਲ ਵਿੱਚ ਜੋ ਚੌਕੇ ਜਾਂ ਛੱਕੇ ਲੱਗੇ ਹਨ, ਉਸ ਮੁਤਾਬਕ ਆਖਰੀ ਓਵਰ ਸਾਰੇ ਹੀ ਗੇਂਦਬਾਜ਼ਾਂ ਲਈ ਮਹਿੰਗੇ ਸਨ।''''
''''ਅਰਸ਼ਦੀਪ ਹਾਲੇ ਥੋੜ੍ਹੇ ਨਵੇਂ ਵੀ ਹਨ ਅਤੇ ਸਮੇਂ ਨਾਲ ਉਨ੍ਹਾਂ ਦੀ ਇਕੌਨਮੀ ਰੇਟ ਚੰਗੀ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਹੈ।”
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

ਖਾੜੀ ਮੁਲਕਾਂ ’ਚ ਔਰਤਾਂ ਦੀ ਤਸਕਰੀ ਦੀ ਜਾਂਚ ਲਈ ਐੱਸਆਈਟੀ ਦਾ ਗਠਨ, ਵਿਕਰਮਜੀਤ ਸਾਹਨੀ ਨੇ ਕੀਤੀ ਲੋਕਾਂ ਨੂੰ...
NEXT STORY