ਪਿਛਲੇ 15 ਸਾਲਾਂ ''ਚ ਭਾਰਤੀ ਰੇਲਵੇ ''ਚ 10 ਰੇਲ ਮੰਤਰੀ ਬਦਲ ਗਏ ਪਰ ਰੇਲਵੇ ''ਚ ਹਾਦਸਿਆਂ ਦੀ ਤਸਵੀਰ ਨਹੀਂ ਬਦਲੀ ਹੈ।
ਰੇਲ ਮੰਤਰੀ ਤੋਂ ਲੈ ਕੇ ਅਫ਼ਸਰ ਤੱਕ ਅਕਸਰ ਹਾਦਸਿਆਂ ਨੂੰ ਲੈ ਕੇ ''ਜ਼ੀਰੋ ਟਾਲਰੈਂਸ'' ਦੀ ਗੱਲ ਕਰਦੇ ਹਨ।
ਪਿਛਲੇ ਦੋ ਦਹਾਕਿਆਂ ਤੋਂ ਰੇਲਵੇ ''ਚ ਹਾਦਸਿਆਂ ਨੂੰ ਰੋਕਣ ਲਈ ਕਈ ਤਕਨੀਕਾਂ ''ਤੇ ਵਿਚਾਰ ਜ਼ਰੂਰ ਹੋਇਆ ਪਰ ਅੱਜ ਵੀ ਅਜਿਹੀ ਤਕਨੀਕ ਦਾ ਇੰਤਜ਼ਾਰ ਹੈ, ਜੋ ਰੇਲਵੇ ਦੀ ਤਸਵੀਰ ਬਦਲ ਸਕਦੀ ਹੈ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਖ਼ੁਦ ਮਾਰਚ 2022 ਵਿੱਚ ਸਿਕੰਦਰਾਬਾਦ ਨੇੜੇ ''ਕਵਚ'' ਦੇ ਟਰਾਇਲ ਵਿੱਚ ਹਿੱਸਾ ਲਿਆ ਸੀ।
ਉਸ ਵੇਲੇ ਇਹ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਰੇਲਵੇ ਵਿੱਚ ਹਾਦਸਿਆਂ ਨੂੰ ਰੋਕਣ ਲਈ ''ਕਵਚ'' ਇੱਕ ਸਸਤੀ ਅਤੇ ਬਿਹਤਰੀਨ ਤਕਨੀਕ ਹੈ।
ਰੇਲ ਮੰਤਰੀ ਨੇ ਖੁਦ ਟਰੇਨ ਦੇ ਇੰਜਣ ''ਚ ਸਵਾਰ ਹੋ ਕੇ ਇਸ ਦੇ ਟਰਾਇਲ ਦੀਆਂ ਵੀਡੀਓ ਬਣਵਾਈਆਂ ਸਨ।
ਰੇਲ ਹਾਦਸੇ ਬਾਰੇ ਮੁੱਖ ਗੱਲਾਂ:-
ਹਾਦਸਾ ਕਦੋਂ ਹੋਇਆ - 2 ਜੂਨ, 2023 ਸਮਾਂ ਸ਼ਾਮ 7 ਵਜੇ ਦੇ ਕਰੀਬ
ਗੱਡੀਆਂ ਦਾ ਵੇਰਵਾ - ਗੱਡੀ ਨੰਬਰ 12841 (ਸ਼ਾਲੀਮਾਰ-ਚੇਨੰਈ ਕੋਰੋਮੰਡਲ ਸੁਪਰ ਫਾਸਟ ਐਕਸਪ੍ਰੈੱਸ), ਗੱਡੀ ਨੰਬਰ 12864 (ਸਰ ਐੱਮ ਵਿਸਵਸਵਰਿਆ ਟਰਮਿਨਲ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ) ਅਤੇ ਬਹਾਨਗਾ ਬਜ਼ਾਰ ਸਟੇਸ਼ਨ ਉੱਤੇ ਖੜ੍ਹੀ ਮਾਲ ਗੱਡੀ
ਹੁਣ ਤੱਕ ਮੌਤਾਂ - 288
ਕੁੱਲ ਜ਼ਖ਼ਮੀਂ - ਲਗਭਗ 900
ਹਾਦਸੇ ਵਾਲੀ ਥਾਂ ਉੱਤੇ 9 ਐੱਨਡੀਆਰਐੱਫ਼ ਟੀਮਾਂ, 4 ਓਡੀਆਰਏਐੱਫ਼ ਯੂਨਿਟਾਂ ਅਤੇ 24 ਫਾਇਰ ਅਤੇ ਐਮਰਜੈਂਸੀ ਯੂਨਿਟਾਂ ਬਚਾਅ ਕਾਰਜ ਵਿੱਚ ਲੱਗੀਆਂ ਹਨ।
100 ਤੋਂ ਵੱਧ ਮੈਡੀਕਲ ਟੀਮਾਂ ਪੈਰਾਮੈਡੀਕਲ ਸਟਾਫ਼ ਨਾਲ ਹਾਦਸੇ ਵਾਲੀ ਥਾਂ ਉੱਤੇ ਮੌਜੂਦ।
200 ਤੋਂ ਵੱਧ ਐਂਬੂਲੈਂਸ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਹਨ।
ਵੱਖ-ਵੱਖ ਸਟੇਸ਼ਨਾਂ ਉੱਤੇ ਫਸੇ ਹੋਏ ਮੁਸਾਫ਼ਰਾਂ ਲਈ ਖਾਣੇ ਅਤੇ ਪਾਣੀ ਦਾ ਇੰਤਜ਼ਾਮ।
ਫਸੇ ਹੋਏ ਮੁਸਾਫ਼ਰਾਂ ਦੀ ਆਵਾਜਾਈ ਲਈ 30 ਬੱਸਾਂ ਦਾ ਇੰਤਜ਼ਾਮ।
ਲਗਭਗ 900 ਜ਼ਖ਼ਮੀਆਂ ਨੂੰ ਸੋਰੋ, ਬਾਲਾਸੋਰ, ਭਦਰਕ ਅਤੇ ਕਟਕ ਦੇ ਹਸਪਤਾਲਾਂ ਵਿੱਚ ਸ਼ਿਫ਼ਟ ਕੀਤਾ ਗਿਆ।
ਜ਼ਖ਼ਮੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ।
ਕੀ ਹੈ ''ਕਵਚ''
''ਕਵਚ'' ਸਵਦੇਸ਼ੀ ਤਕਨੀਕ ਹੈ ਅਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਤਕਨੀਕ ਭਾਰਤੀ ਰੇਲਵੇ ਦੇ ਸਾਰੇ ਮਸਰੂਫ਼ ਰੂਟਾਂ ''ਤੇ ਲਗਾਇਆ ਜਾਵੇਗਾ, ਤਾਂ ਜੋ ਰੇਲ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਪਰ ਇਨ੍ਹਾਂ ਸਾਰੇ ਦਾਅਵਿਆਂ ਤੋਂ ਬਾਅਦ ਵੀ ਰੇਲ ਹਾਦਸੇ ਰੁਕ ਨਹੀਂ ਰਹੇ ਹਨ। ਇੰਨਾ ਹੀ ਨਹੀਂ ਰੇਲ ਮੰਤਰੀ ਦੇ ਦਾਅਵੇ ਦੇ ਬਾਵਜੂਦ ਭਾਰਤੀ ਰੇਲਵੇ ਦੇ ਇਤਿਹਾਸ ਦਾ ਸਭ ਤੋਂ ਵੱਡਾ ਹਾਦਸਾ ਓਡੀਸ਼ਾ ''ਚ ਸ਼ੁੱਕਰਵਾਰ ਸ਼ਾਮ ਨੂੰ ਵਾਪਰਿਆ।
ਓਡੀਸ਼ਾ ਰੇਲ ਹਾਦਸੇ ਵਿੱਚ ਹੁਣ ਤੱਕ 288 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੀ ਦੁਰਘਟਨਾ ਨੂੰ ਰੋਕਣ ਲਈ ''ਕਵਚ'' ਤਿਆਰ ਕੀਤਾ ਗਿਆ ਸੀ, ਠੀਕ ਉਸੇ ਤਰ੍ਹਾਂ ਦਾ ਹਾਦਸਾ ਓਡੀਸ਼ਾ ''ਚ ਹੋਇਆ ਹੈ।
ਇਸ ''ਚ ਪਹਿਲਾਂ ਕੋਰੋਮੰਡਲ ਐਕਸਪ੍ਰੈੱਸ ਟਰੇਨ ਨੇ ਬਾਹਨਾਗਾ ਸਟੇਸ਼ਨ ''ਤੇ ਖੜ੍ਹੀ ਇਕ ਮਾਲ ਗੱਡੀ ਨੂੰ ਟੱਕਰ ਮਾਰੀ ਸੀ। ਇਸ ਟੱਕਰ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਟਰੇਨ ਦੇ ਘੱਟੋ-ਘੱਟ 12 ਡੱਬੇ ਪਟੜੀ ਤੋਂ ਉਤਰ ਗਏ।
ਇਸ ਹਾਦਸੇ ਵਿੱਚ ਕੋਰੋਮੰਡਲ ਐਕਸਪ੍ਰੈੱਸ ਦੇ 12 ਡੱਬੇ ਪੱਟੜੀ ਤੋਂ ਉਤਰ ਗਏ। ਇਨ੍ਹਾਂ ਵਿੱਚੋਂ ਕੁਝ ਡੱਬੇ ਦੂਜੇ ਟਰੈਕ ''ਤੇ ਚਲੇ ਗਏ। ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਉਸੇ ਸਮੇਂ ਦੂਜੇ ਟਰੈਕ ਤੋਂ ਲੰਘ ਰਹੀ ਸੀ ਜੋ ਬੈਂਗਲੁਰੂ ਤੋਂ ਆ ਰਹੀ ਸੀ।
ਪੱਟੜੀ ਤੋਂ ਉਤਰਨ ਤੋਂ ਬਾਅਦ ਕੋਰੋਮੰਡਲ ਐਕਸਪ੍ਰੈੱਸ ਦੇ ਡੱਬੇ ਦੂਜੇ ਟਰੈਕ ''ਤੇ ਜਾ ਰਹੇ ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਨਾਲ ਟਕਰਾ ਗਏ। ਇਸ ਦੌਰਾਨ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ।
ਲੰਬੇ ਸਮੇਂ ਤੋਂ ਰੇਲਵੇ ਬਾਰੇ ਰਿਪੋਰਟਿੰਗ ਕਰ ਰਹੇ ਸੀਨੀਅਰ ਪੱਤਰਕਾਰ ਅਰੁਣ ਦੀਕਸ਼ਿਤ ਦਾ ਕਹਿਣਾ ਹੈ, "ਰੇਲ ਮੰਤਰੀ ਨੇ ਕਿਹਾ ਸੀ ਕਿ ''ਕਵਚ'' ਨਾਲ 400 ਮੀਟਰ ਦੀ ਦੂਰੀ ''ਤੇ ਟਰੇਨਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਤਕਨੀਕ ਕਿੱਥੇ ਹੈ। ਇਹ ਕਿਵੇਂ ਹੋ ਗਿਆ ਭਿਆਨਕ ਹਾਦਸਾ।"
ਅਜਿਹਾ ਹੀ ਇਲਜ਼ਾਮ ਸਾਬਕਾ ਰੇਲ ਰਾਜ ਮੰਤਰੀ ਅਤੇ ਲੋਕ ਸਭਾ ''ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਵੀ ਲਗਾਇਆ ਹੈ।
ਉਹ ਕਹਿੰਦੇ ਹਨ, "ਮੈਂ ਹਮੇਸ਼ਾ ਤੋਂ ਕਹਿੰਦਾ ਰਿਹਾ ਹਾਂ ਕਿ ਬੁਨਿਆਦੀ ਢਾਂਚੇ ''ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਰੇਲਵੇ ਦੀ ਲਾਪਰਵਾਹੀ ਹੋ ਰਹੀ ਹੈ, ਜਿਸ ਦਾ ਨਤੀਜਾ ਅਸੀਂ ਭੁਗਤ ਰਹੇ ਹਾਂ।"
ਭਾਰਤੀ ਰੇਲਵੇ ਦੇ ਬੁਲਾਰੇ ਅਮਿਤਾਭ ਸ਼ਰਮਾ ਦਾ ਇਸ ਮੁੱਦੇ ''ਤੇ ਕਹਿਣਾ ਹੈ ਕਿ ਓਡੀਸ਼ਾ ''ਚ ਜਿਸ ਜਗ੍ਹਾ ''ਤੇ ਹਾਦਸਾ ਹੋਇਆ ਹੈ, ਉੱਥੇ ''ਕਵਚ''ਨਹੀਂ ਲਗਾਇਆ ਗਿਆ ਹੈ।
ਦਰਅਸਲ, ਭਾਰਤੀ ਰੇਲਵੇ ਦਿੱਲੀ-ਮੁੰਬਈ ਅਤੇ ਦਿੱਲੀ-ਕੋਲਕਾਤਾ ਰੂਟਾਂ ''ਤੇ ਟਰੇਨਾਂ ਦੀ ਰਫ਼ਤਾਰ ਵਧਾਉਣ ਦੀ ਯੋਜਨਾ ''ਤੇ ਕੰਮ ਕਰ ਰਿਹਾ ਹੈ ਅਤੇ ਇਨ੍ਹਾਂ ਰੂਟਾਂ ''ਤੇ ਪਹਿਲਾਂ ਤਕਨੀਕ ਨੂੰ ਬਿਹਤਰ ਕਰਨ ਗੱਲ ਆਖੀ ਜਾਂਦੀ ਹੈ।
ਇਸ ਹਾਦਸੇ ਤੋਂ ਬਾਅਦ ਸਾਬਕਾ ਰੇਲ ਮੰਤਰੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਵਾਲ ਉਠਾਇਆ ਕਿ ਜੇਕਰ ਰੂਟ ''ਤੇ ਐਂਟੀ ਕੋਲੀਜ਼ਨ ਯੰਤਰ ਲੱਗਾ ਹੁੰਦਾ ਤਾਂ ਇਹ ਹਾਦਸਾ ਨਾ ਵਾਪਰਦਾ।
-
ਐਂਟੀ ਕੋਲੀਜ਼ਨ ਯੰਤਰ
ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਰੇਲ ਮੰਤਰੀ ਸੀ ਤਾਂ ਉਹ ਰੇਲ ਗੱਡੀਆਂ ਨੂੰ ਆਪਸ ਵਿੱਚ ਟਕਰਾਉਣ ਤੋਂ ਰੋਕਣ ਲਈ ਕੰਮ ਕਰ ਰਹੀ ਸੀ।
ਦਰਅਸਲ, ਸਾਲ 1999 ਵਿੱਚ ਗੈਸਲ ਰੇਲ ਹਾਦਸੇ ਤੋਂ ਬਾਅਦ ਭਾਰਤ ਵਿੱਚ ਦੋ ਟਰੇਨਾਂ ਦੀ ਆਪਸੀ ਟੱਕਰ ਨੂੰ ਰੋਕਣ ਲਈ ਗੰਭੀਰਤਾ ਨਾਲ ਕੰਮ ਸ਼ੁਰੂ ਹੋਇਆ ਸੀ।
ਇਸ ਹਾਦਸੇ ਵਿੱਚ ਅਵਧ-ਅਸਾਮ ਐਕਸਪ੍ਰੈੱਸ ਅਤੇ ਬ੍ਰਹਮਪੁੱਤਰ ਮੇਲ ਟਰੇਨ ਆਪਸ ਵਿੱਚ ਟਕਰਾ ਗਈ ਸੀ, ਜਿਸ ਕਾਰਨ ਕਰੀਬ 300 ਲੋਕਾਂ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਭਾਰਤੀ ਰੇਲਵੇ ਦੇ ਕੋਂਕਣ ਰੇਲਵੇ ਨੇ ਗੋਆ ਵਿੱਚ ਐਂਟੀ ਕੋਲੀਸ਼ਨ ਡਿਵਾਇਨ ਜਾਂ ਏਸੀਟੀ ਦੀ ਤਕਨੀਕ ''ਤੇ ਕੰਮ ਸ਼ੁਰੂ ਕੀਤਾ।
ਇਸ ਵਿੱਚ ਰੇਲਗੱਡੀਆਂ ਵਿੱਚ ਜੀਪੀਐੱਸ ਅਧਾਰਤ ਤਕਨੀਕ ਲਗਾਈ ਜਾਣੀ ਸੀ, ਜਿਸ ਨਾਲ ਜੇਕਰ ਦੋ ਟਰੇਨਾਂ ਇੱਕੋ ਟ੍ਰੈਕ ''ਤੇ ਇੱਕ ਦੂਜੇ ਦੇ ਨੇੜੇ ਆਉਂਦੀਆਂ ਹਨ ਤਾਂ ਟਰੇਨ ਦੇ ਪਾਇਲਟ ਨੂੰ ਸਿਗਨਲ ਅਤੇ ਹੂਟਰਾਂ ਰਾਹੀਂ ਪਹਿਲਾਂ ਹੀ ਜਾਣਕਾਰੀ ਮਿਲ ਜਾਂਦੀ ਹੈ।
ਸ਼ੁਰੂਆਤ ''ਚ ਇਸ ਤਕਨੀਕ ''ਚ ਦੇਖਿਆ ਗਿਆ ਕਿ ਜੇਕਰ ਕੋਈ ਟਰੇਨ ਦੂਜੇ ਟਰੈਕ ''ਤੇ ਆ ਰਹੀ ਹੈ ਤਾਂ ਵੀ ਇਸ ਤਰ੍ਹਾਂ ਸਿਗਨਲ ਮਿਲਣ ਲੱਗਦੇ ਹਨ। ਬਾਅਦ ਵਿੱਚ, ਰੇਲਵੇ ਨੇ ਵਿਜੀਲੈਂਸ ਕੰਟਰੋਲ ਯੰਤਰ ਵਿਕਸਤ ਕਰਕੇ ਅਜਿਹੇ ਹਾਦਸਿਆਂ ਨੂੰ ਰੋਕਣ ਬਾਰੇ ਵੀ ਵਿਚਾਰ ਕੀਤਾ ਸੀ।
ਉਸ ਤੋਂ ਬਾਅਦ, ਟਰੇਨਾਂ ਦੀ ਟੱਕਰ ਨੂੰ ਰੋਕਣ ਲਈ, ਟਰੇਨ ਪ੍ਰੋਟੈਕਸ਼ਨ ਵਾਰਨਿੰਗ ਸਿਸਟਮ ਜਾਂ ਟੀਪੀਡਬਲਿਊਐੱਸ ਅਤੇ ਟੀਕੈਸ ਯਾਨਿ ਟ੍ਰੇਨ ਕੋਲੀਜ਼ਨ ਅਵੋਏਡੈਂਸ ਸਿਸਟਮ ''ਤੇ ਵੀ ਵਿਚਾਰ ਹੋਇਆ ਸੀ।
ਵਿਦੇਸ਼ਾਂ ਤੋਂ ਇਸ ਕਿਸਮ ਦੀ ਤਕਨਾਲੋਜੀ ਖਰੀਦਣੀ ਬਹੁਤ ਮਹਿੰਗੀ ਸਾਬਤ ਹੋ ਰਹੀ ਸੀ, ਇਸ ਲਈ ਰੇਲਵੇ ਨੇ ਇਸ ਤਕਨੀਕ ਨੂੰ ਖ਼ੁਦ ਵਿਕਸਤ ਕਰਨ ''ਤੇ ਜ਼ੋਰ ਦਿੱਤਾ ਅਤੇ ਇਸ ਸਬੰਧ ਵਿਚ ਪਿਛਲੇ ਸਾਲ ''ਕਵਚ'' ਨਾਮ ਦੀ ਸਵਦੇਸ਼ੀ ਤਕਨੀਕ ਅਪਣਾਈ ਗਈ ਸੀ।
ਰੇਲ ਹਾਦਸਿਆਂ ਨੂੰ ਜ਼ੀਰੋ ਤੱਕ ਘਟਾਉਣ ਦਾ ਦਾਅਵਾ
ਭਾਰਤੀ ਰੇਲਵੇ ਅਕਸਰ ਦੁਰਘਟਨਾਵਾਂ ਪ੍ਰਤੀ ਜ਼ੀਰੋ ਟਾਲਰੈਂਸ ਦੀ ਗੱਲ ਕਰਦਾ ਹੈ। ਯਾਨਿ ਰੇਲਵੇ ਵਿੱਚ ਇੱਕ ਵੀ ਹਾਦਸਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਮ ਤੌਰ ''ਤੇ ਹਰੇਕ ਰੇਲ ਮੰਤਰੀ ਦੀ ਤਰਜੀਹ ਵਿੱਚ ਇਹ ਗੱਲ ''ਚ ਸੁਣਨ ਨੂੰ ਮਿਲਦੀ ਹੈ। ਪਰ ਪਿਛਲੇ 15 ਸਾਲਾਂ ਵਿੱਚ ਦਸ ਤੋਂ ਵੱਧ ਰੇਲ ਮੰਤਰੀ ਬਣਨ ਤੋਂ ਬਾਅਦ ਵੀ ਭਾਰਤ ਵਿੱਚ ਰੇਲ ਹਾਦਸੇ ਰੁਕੇ ਨਹੀਂ ਹਨ।
ਹਾਦਸਿਆਂ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਪਿਛਲੀਆਂ ਸਰਕਾਰਾਂ ਦਾ ਰਿਕਾਰਡ ਵੀ ਮਾੜਾ ਰਿਹਾ ਹੈ ਅਤੇ ਮੌਜੂਦਾ ਸਰਕਾਰ ਵੇਲੇ ਵੀ ਕਈ ਵੱਡੇ ਰੇਲ ਹਾਦਸੇ ਵਾਪਰ ਚੁੱਕੇ ਹਨ। ਰੇਲਵੇ ਵਿੱਚ ਕਈ ਅਜਿਹੇ ਹਾਦਸੇ ਹੁੰਦੇ ਹਨ ਜਿਨ੍ਹਾਂ ਦੀ ਚਰਚਾ ਤੱਕ ਨਹੀਂ ਹੁੰਦੀ।
ਆਲ ਇੰਡੀਆ ਰੇਲਵੇ ਮੇਨਸ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਦਾ ਕਹਿਣਾ ਹੈ, "ਹਰ ਸਾਲ ਲਗਭਗ 500 ਰੇਲਵੇ ਕਰਮਚਾਰੀ ਪਟੜੀਆਂ ''ਤੇ ਕੰਮ ਕਰਨ ਦੌਰਾਨ ਮਾਰੇ ਜਾਂਦੇ ਹਨ।"
"ਇੰਨਾ ਹੀ ਨਹੀਂ, ਮੁੰਬਈ ''ਚ ਰੋਜ਼ ਕਈ ਲੋਕ ਪਟੜੀ ਪਾਰ ਕਰਦੇ ਹੋਏ ਮਰਦੇ ਹਨ। ਰੇਲਵੇ ਦੀ ਪਹਿਲ ਟਰੇਨਾਂ ਦੀ ਰਫ਼ਤਾਰ ਵਧਉਣ ਦੀ ਨਹੀਂ ਬਲਿਕ ਸੁਰੱਖਿਆ ਦੀ ਹੋਣੀ ਚਾਹੀਦੀ ਹੈ।"
ਸੀਨੀਅਰ ਪੱਤਰਕਾਰ ਅਰੁਣ ਦੀਕਸ਼ਿਤ ਦਾ ਕਹਿਣਾ ਹੈ, "ਦਹਾਕਿਆਂ ਤੋਂ ਰੇਲਵੇ ਵਿੱਚ ਰੇਲ ਹਾਦਸਿਆਂ ਨੂੰ ਰੋਕਣ ਦੀ ਗੱਲ ਹੋ ਰਹੀ ਹੈ, ਪਰ ਕੁਝ ਨਹੀਂ ਹੋ ਰਿਹਾ। ਲੱਗਦਾ ਹੈ ਕਿ ਕੋਈ ਵੀ ਸਰਕਾਰ ਇਸ ਨੂੰ ਲੈ ਕੇ ਗੰਭੀਰ ਨਹੀਂ ਹੈ ਅਤੇ ਇਸ ''ਤੇ ਖਰਚ ਨਹੀਂ ਕਰਨਾ ਚਾਹੁੰਦੀ।"
ਮੋਦੀ ਸਰਕਾਰ ਵੇਲੇ ਹੋਏ ਵੱਡੇ ਰੇਲ ਹਾਦਸੇ
13 ਜਨਵਰੀ 2022: ਰਾਜਸਥਾਨ ਦੇ ਬੀਕਾਨੇਰ ਤੋਂ ਅਸਾਮ ਦੇ ਗੁਹਾਟੀ ਜਾ ਰਹੀ ਬੀਕਾਨੇਰ-ਗੁਹਾਟੀ ਐਕਸਪ੍ਰੈੱਸ ਦੀਆਂ 12 ਬੋਗੀਆਂ ਪਟੜੀ ਤੋਂ ਉਤਰ ਗਈਆਂ ਸਨ। ਇਹ ਹਾਦਸਾ ਪੱਛਮੀ ਬੰਗਾਲ ਦੇ ਜਲਪਾਈਗੁੜੀ ''ਚ ਵਾਪਰਿਆ। ਇਸ ''ਚ ਟਰੇਨ ਦੇ ਇੰਜਣ ਦੀ ਮੋਟਰ ਖੁੱਲ੍ਹ ਕੇ ਪਟੜੀ ''ਤੇ ਡਿੱਗ ਗਈ ਅਤੇ ਟਰੇਨ ਦੇ ਉਸ ''ਤੇ ਚੜ੍ਹ ਜਾਣ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ''ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ।
19 ਅਗਸਤ 2017: ਉੱਤਰ ਪ੍ਰਦੇਸ਼ ਦੇ ਖਤੌਲੀ ਵਿੱਚ ਉਤਕਲ ਐਕਸਪ੍ਰੈੱਸ ਟਰੇਨ ਦੇ 14 ਡੱਬੇ ਪਟੜੀ ਤੋਂ ਉਤਰ ਗਏ ਸਨ। ਇਹ ਟਰੇਨ ਪੁਰੀ ਤੋਂ ਹਰਿਦੁਆਰ ਜਾ ਰਹੀ ਸੀ। ਇੱਥੇ ਟਰੈਕ ਨੂੰ ਹਟਾ ਕੇ ਇਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਹਾਦਸੇ ''ਚ ਕਰੀਬ 23 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਸੁਰੇਸ਼ ਪ੍ਰਭੂ ਨੇ ਰੇਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
22 ਜਨਵਰੀ 2017: ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ ਜ਼ਿਲ੍ਹੇ ਵਿੱਚ ਹੀਰਾਖੰਡ ਐਕਸਪ੍ਰੈੱਸ ਟਰੇਨ ਦੇ ਅੱਠ ਡੱਬੇ ਪਟੜੀ ਤੋਂ ਉਤਰ ਗਏ ਸਨ। ਇਸ ਹਾਦਸੇ ''ਚ ਕਰੀਬ 40 ਲੋਕਾਂ ਦੀ ਮੌਤ ਹੋ ਗਈ ਸੀ।
20 ਨਵੰਬਰ 2016: ਕਾਨਪੁਰ ਨੇੜੇ ਪੁਖਰਾਇਆਂ ਵਿਖੇ ਪਟਨਾ-ਇੰਦੌਰ ਐਕਸਪ੍ਰੈੱਸ ਦੇ 14 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ''ਚ ਕਰੀਬ 150 ਲੋਕ ਮਾਰੇ ਗਏ ਸਨ।
20 ਮਾਰਚ 2015: ਦੇਹਰਾਦੂਨ-ਵਾਰਾਣਸੀ ਜਨਤਾ ਐਕਸਪ੍ਰੈੱਸ ਪਟੜੀ ਤੋਂ ਉਤਰ ਗਈ ਸੀ। ਇਸ ਹਾਦਸੇ ''ਚ ਕਰੀਬ 35 ਲੋਕਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ਵਿੱਚ ਵਾਪਰਿਆ।
24 ਜੁਲਾਈ 2014: ਹੈਦਰਾਬਾਦ ਨੇੜੇ ਰੇਲਵੇ ਫਾਟਕ ''ਤੇ ਸਕੂਲ ਬੱਸ ਅਤੇ ਰੇਲਗੱਡੀ ਵਿਚਾਲੇ ਹੋਈ ਟੱਕਰ ''ਚ ਘੱਟੋ-ਘੱਟ 15 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਮੇਡਕ ਦੇ ਮਾਸਾਈਪੇਟ ਇਲਾਕੇ ''ਚ ਮਾਨਵ ਰਹਿਤ ਰੇਲਵੇ ਕਰਾਸਿੰਗ ''ਤੇ ਵਾਪਰਿਆ ਸੀ।
26 ਮਈ 2014: ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜ਼ਿਲ੍ਹੇ ਦੇ ਚੁਰੇਬ ਰੇਲਵੇ ਸਟੇਸ਼ਨ ਨੇੜੇ ਗੋਰਖਧਾਮ ਐਕਸਪ੍ਰੈੱਸ ਦੇ ਛੇ ਡੱਬੇ ਪਟੜੀ ਤੋਂ ਉਤਰ ਗਏ ਅਤੇ ਰੇਲਗੱਡੀ ਦੇ ਮਾਲ ਗੱਡੀ ਨਾਲ ਟਕਰਾ ਜਾਣ ਕਾਰਨ 25 ਤੋਂ ਵੱਧ ਯਾਤਰੀਆਂ ਦੀ ਮੌਤ ਹੋ ਗਈ। ਇਸ ਹਾਦਸੇ ''ਚ 50 ਤੋਂ ਵੱਧ ਲੋਕ ਜ਼ਖਮੀ ਹੋਏ ਸਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਓਡੀਸ਼ਾ ਰੇਲ ਹਾਦਸਾ: ਭਾਰਤ ''ਚ ਰੇਲ ਗੱਡੀਆਂ ਦੇ ਪਟੜੀਆਂ ਤੋਂ ਉਤਰਨ ਦੇ 5 ਕਾਰਨ, ਕੀ ਹੈ ਹੱਲ
NEXT STORY