1980-90 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਖਾੜਕੂਵਾਦ ਦੇ ਨਾਮ ਉੱਤੇ ਕਈ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਨੇ ਚੁੱਕਿਆ ਅਤੇ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ
ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਾਨੋਚਾਹਲ ਵਿਚ ਜਸਵੀਰ ਕੌਰ ਦੇ ਘਰ ਦੀ ਦੀਵਾਰ ''ਤੇ ਇੱਕ ਗੁਰਸਿੱਖ ਵਿਅਕਤੀ ਦੀ ਤਸਵੀਰ ਟੰਗੀ ਹੋਈ ਹੈ।
70 ਸਾਲਾ ਜਸਵੀਰ ਕੌਰ ਤਸਵੀਰ ਨੂੰ ਥੱਲੇ ਉਤਾਰਦੀ ਹੈ ਅਤੇ ਚੁੰਨੀ ਦੇ ਪੱਲੇ ਨਾਲ ਸਾਫ਼ ਕਰਦੀ ਹੈ।
ਇਹ ਤਸਵੀਰ ਜਸਵੀਰ ਕੌਰ ਦੇ ਪਤੀ ਅਰੂੜ ਸਿੰਘ ਦੀ ਹੈ, ਜਿਸ ਨੂੰ 1992 ਵਿੱਚ ਆਖ਼ਰੀ ਵਾਰ ਮਾਨੋਚਾਹਲ ਦੀ ਪੁਲਿਸ ਚੌਂਕੀ ਵਿੱਚ ਦੇਖਿਆ ਗਿਆ ਸੀ।
ਇਸ ਤੋਂ ਬਾਅਦ ਅਰੂੜ ਸਿੰਘ ਦੀ ਖ਼ਬਰ ਅਖ਼ਬਾਰ ਵਿੱਚ ਹੀ ਆਈ ਕਿ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਉਹ ਮਾਰੇ ਗਏ।
ਜਸਵੀਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਦਾ ਖਾਲਿਸਤਾਨਪੱਖ਼ੀ ਖਾੜਕੂ ਲਹਿਰ ਨਾਲ ਕੋਈ ਲੈਣਾ ਦੇਣਾ ਨਹੀਂ ਸੀ।
ਪੰਜਾਬ ਵਿੱਚ 1980-90 ਦੌਰਾਨ ਖਾਲਿਸਤਾਨ ਪੱਖੀ ਹਥਿਆਰਬੰਦ ਲਹਿਰ ਚੱਲੀ ਸੀ ਜਿਸ ਨੂੰ ਖਾੜਕੂ ਲਹਿਰ ਵੀ ਕਿਹਾ ਜਾਂਦਾ ਹੈ।
ਕਿਸਾਨ ਪਰਿਵਾਰ ਨਾਲ ਸਬੰਧਿਤ ਜਸਵੀਰ ਕੌਰ 1996 ਤੋਂ ਪਤੀ ਦੇ ''''ਝੂਠੇ ਪੁਲਿਸ ਮੁਕਾਬਲੇ'''' ਨੂੰ ਲੈ ਕੇ ਪੰਜਾਬ ਪੁਲਿਸ ਦੇ ਖ਼ਿਲਾਫ਼ ਅਦਾਲਤ ਵਿੱਚ ਇਨਸਾਫ਼ ਦੀ ਲੜਾਈ ਲੜ ਰਹੀ ਹੈ।
ਅਰੂੜ ਸਿੰਘ ਮਾਮਲੇ ਵਿੱਚ ਸੀਬੀਆਈ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੋਇਆ ਹੈ ਅਤੇ ਮਾਮਲਾ ਇਸ ਸਮੇਂ ਮੁਹਾਲੀ ਦੀ ਸੀਬੀਆਈ ਅਦਾਲਤ ਦੇ ਵਿਚਾਰ ਅਧੀਨ ਹੈ।
1980-90 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਪੁਲਿਸ ਉੱਤੇ ਇਹ ਆਮ ਇਲਜ਼ਾਮ ਲੱਗੇ ਕਿ ਖਾੜਕੂਵਾਦ ਦੇ ਨਾਮ ਉੱਤੇ ਕਈ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਨੇ ਚੁੱਕਿਆ ਅਤੇ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ।
ਭਾਵੇਂਕਿ ਪੁਲਿਸ ਅਤੇ ਪੰਜਾਬ ਸਰਕਾਰ ਅਜਿਹੇ ਇਲਜ਼ਾਮਾਂ ਨੂੰ ਰੱਦ ਕਰਦੀ ਰਹੀ ਹੈ।
ਪਰ ਅਜਿਹੇ ਅਨੇਕਾਂ ਮਾਮਲੇ ਅਦਾਲਤਾਂ ਵਿੱਚ ਸਾਬਿਤ ਹੋਏ ਹਨ ਕਿ ਨੌਜਵਾਨਾਂ ਨੂੰ ਚੁੱਕ ਕੇ ਮਾਰਨ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਲਵਾਰਿਸ ਲਾਸ਼ਾਂ ਦੱਸ ਕੇ ਉਨ੍ਹਾਂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਸੀ।
ਝੂਠੇ ਪੁਲਿਸ ਮੁਕਾਬਲੇ ਅਤੇ ਲਾਪਤਾ ਲੋਕਾਂ ਦੇ ਮਸਲੇ ਉੱਤੇ ਤੱਥਾਂ ਸਮੇਤ ਆਵਾਜ਼ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਨੇ ਚੁੱਕੀ ਸੀ।
ਉਨ੍ਹਾਂ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ।
ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਅਧਾਰਿਤ ਫਿਲਮ ਪੰਜਾਬ 95 ਰਿਲੀਜ਼ ਹੋ ਰਹੀ ਹੈ। ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਅਤੇ ਅਰਜੁਨ ਰਾਮਪਾਲ ਮੁੱਖ ਕਿਰਦਾਰ ਨਿਭਾ ਰਹੇ ਹਨ।
ਜਸਵੀਰ ਕੌਰ 1996 ਤੋਂ ਪਤੀ ਦੇ ਝੂਠੇ ਪੁਲਿਸ ਮੁਕਾਬਲੇ ਨੂੰ ਲੈ ਕੇ ਪੰਜਾਬ ਪੁਲਿਸ ਦੇ ਖ਼ਿਲਾਫ਼ ਅਦਾਲਤ ਵਿੱਚ ਇਨਸਾਫ਼ ਦੀ ਲੜਾਈ ਲੜ ਰਹੀ ਹੈ
- ਤਰਨਤਾਰਨ ਜਿਲੇ ਦੇ ਪਿੰਡ ਮਾਨੋਚਾਹਲ ਦਾ ਅਰੂੜ ਸਿੰਘ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰਮੀ ਸੀ।
- 1992 ਵਿੱਚ ਅਰੂੜ ਸਿੰਘ ਦੀ ਪਤਨੀ ਜਸਵੀਰ ਕੌਰ ਨਾਲ ਮਾਣੋਚਾਹਲ ਪੁਲਿਸ ਚੌਂਕੀ ਵਿੱਚ ਅੰਤਿਮ ਮੁਲਾਕਾਤ ਹੋਈ
- ਹਫਤੇ ਬਾਅਦ ਪੁਲਿਸ ਨੇ ਅਰੂੜ ਸਿੰਘ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ, ਜਿਸ ਦੀ ਪੁਸ਼ਟੀ ਉਸ ਸਮੇਂ ਦੀ ਅਖਬਾਰ ਦੀ ਖਬਰ ਤੋਂ ਹੋਈ
- ਜਸਵੀਰ ਕੌਰ ਦੀ ਸ਼ਿਕਾਇਤ ਉਤੇ 1996 ਵਿੱਚ ਸਬੰਧਿਤ ਪੁਲਿਸ ਕਰਮੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
- ਅਰੂੜ ਸਿੰਘ ਨੂੰ ਅਗਵਾ ਕਰਨ ਅਤੇ ਮਾਰਨ ਦਾ ਮਾਮਲਾ ਸੀਬੀਆਈ ਦੀ ਮੁਹਾਲੀ ਸਥਿਤ ਅਦਾਲਤ ਵਿੱਚ ਕੇਸ ਵਿਚਾਰ ਅਧੀਨ ਹੈ।
- 1980 -1990 ਦੇ ਦਹਾਕੇ ਦੌਰਨ ਪੰਜਾਬ ਵਿੱਚ ਖੜਾਕੂਵਾਦ ਦੇ ਨਾਮ ਉਤੇ ਕਈ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਨੇ ਚੁੱਕਿਆ ਅਤੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ।
- ਮਾਰਨ ਤੋਂ ਬਾਅਦ ਪੰਜਾਬ ਪੁਲਿਸ ਤੇ ਕਰਮਚਾਰੀਆਂ ਨੇ ਲਵਾਰਿਸ ਲਾਸ਼ਾਂ ਦੱਸ ਕੇ ਉਹਨਾਂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਸੀ।
- ਗੁਰਦੀਪ ਸਿੰਘ ਨੂੰ ਅਗਵਾ ਕਰਨਾ ਅਤੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦੇ ਦੋਸ਼ ਵਿੱਚ ਅਦਾਲਤ ਵਲੋਂ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਨੂੰ ਦਸ ਸਾਲ ਦੀ ਸਜ਼ਾ
- ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਲੋਕਾਂ ਦਾ ਕੋਈ ਵੀ ਅਧਿਕਾਰਤ ਅੰਕੜਾ ਮੌਜੂਦ ਨਹੀਂ ਹੈ।
1992 ਵਿੱਚ ਅਰੂੜ ਸਿੰਘ ਦੀ ਪਤਨੀ ਜਸਵੀਰ ਕੌਰ ਨਾਲ ਮਾਨੋਚਾਹਲ ਪੁਲਿਸ ਚੌਂਕੀ ਵਿੱਚ ਅੰਤਿਮ ਮੁਲਾਕਾਤ ਹੋਈ
1992 ਵਿੱਚ ਕੀ ਹੋਇਆ ਸੀ
ਜਸਵੀਰ ਕੌਰ ਦੱਸਦੀ ਹੈ ਕਿ ਉਨ੍ਹਾਂ ਦੇ ਪਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੁਲਾਜ਼ਮ ਸਨ। ਉਨ੍ਹਾਂ ਦੇ ਦੋ ਪੁੱਤਰ, ਦੋ ਬੇਟੀਆਂ ਅਤੇ ਪਰਿਵਾਰ ਹੱਸਦਾ ਖੇਡਦਾ ਸੀ।
1992 ਵਿੱਚ ਉਨ੍ਹਾਂ ਦਾ ਟਰੈਕਟਰ ਚੋਰੀ ਹੋ ਗਿਆ ਸੀ, ਜਿਸ ਦੇ ਖ਼ਿਲਾਫ਼ ਉਨ੍ਹਾਂ ਨੇ ਪੁਲਿਸ ਚੌਂਕੀ ਵਿੱਚ ਰਿਪੋਰਟ ਦਰਜ ਕਰਵਾਈ।
ਟਰੈਕਟਰ ਚੋਰੀ ਹੋਣ ਦੇ ਕਰੀਬ ਛੇ ਮਹੀਨੇ ਬਾਅਦ ਪੰਜਾਬ ਪੁਲਿਸ ਦੇ ਮੁਲਾਜ਼ਮ ਇੱਕ ਦਿਨ ਘਰ ਆਏ ਅਤੇ ਆਖਦੇ ਹਨ ਕਿ ਅਰੂੜ ਸਿੰਘ ਨੂੰ ਭੇਜੋ ਤਾਂ ਜੋ ਟਰੈਕਟਰ ਦੀ ਸ਼ਨਾਖਤ ਕਰਵਾਈ ਜਾਵੇ।
ਦੂਜੇ ਦਿਨ ਪਿੰਡ ਦੀ ਪੰਚਾਇਤ ਦੇ ਨਾਲ ਉਨ੍ਹਾਂ ਦੇ ਪਤੀ ਪੁਲਿਸ ਚੌਂਕੀ ਗਏ, ਬਾਅਦ ਵਿੱਚ ਪੰਚਾਇਤ ਤਾਂ ਪਿੰਡ ਪਰਤ ਆਈ ਪਰ ਉਨ੍ਹਾਂ ਦੇ ਪਤੀ ਉਨ੍ਹਾਂ ਨਾਲ ਨਹੀਂ ਆਏ ਸਨ।
ਜਸਵੀਰ ਕੌਰ ਦੱਸਦੀ ਹੈ ਕਿ ਦੂਜੇ ਦਿਨ ਉਹ ਪੰਚਾਇਤ ਨੂੰ ਲੈ ਕੇ ਫਿਰ ਪੁਲਿਸ ਚੌਂਕੀ ਜਾਂਦੀ ਹੈ ਤਾਂ ਉੱਥੇ ਉਨ੍ਹਾਂ ਦੇ ਪਤੀ ਤਰਸਯੋਗ ਹਾਲਤ ਵਿੱਚ ਉਨ੍ਹਾਂ ਨੂੰ ਮਿਲਦੇ ਹਨ।
ਜਸਵੀਰ ਕੌਰ ਮੁਤਾਬਕ ਪੁਲਿਸ ਨੇ ਉਨ੍ਹਾਂ ਦੇ ਪਤੀ ਦੀ ਇੰਨੀ ਕੁੱਟਮਾਰ ਕੀਤੀ ਕਿ ਉਹ ਬੋਲਣ ਤੋਂ ਵੀ ਅਸਮਰੱਥ ਸੀ। ਜਸਵੀਰ ਕੌਰ ਆਖਦੀ ਹੈ ਕਿ ਸਰਦਾਰ ਜੀ ਨੇ ਸਿਰਫ਼ ਇੰਨਾ ਹੀ ਆਖਿਆ, “ਮੈਨੂੰ ਇਹਨਾਂ ਤੋਂ ਬਚਾਓ, ਇਹ ਮੈਨੂੰ ਨਹੀਂ ਛੱਡਣਗੇ।
ਜਸਵੀਰ ਕੌਰ ਦੱਸਦੀ ਹੈ ਕਿ ਉਨ੍ਹਾਂ ਦਾ ਪਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਰਮਚਾਰੀ ਸਨ
ਇਸ ਤੋਂ ਬਾਅਦ ਅਰੂੜ ਸਿੰਘ ਅਤੇ ਜਸਵੀਰ ਕੌਰ ਦੀ ਮੁਲਾਕਾਤ ਨਹੀਂ ਹੋ ਸਕੀ। ਪਿੰਡ ਦੇ ਮੋਹਤਬਾਰ ਬੰਦਿਆਂ ਦੇ ਕਹਿਣ ਉੱਤੇ ਵੀ ਪੁਲਿਸ ਨੇ ਅਰੜੂ ਸਿੰਘ ਨੂੰ ਨਹੀਂ ਛੱਡਿਆ।
ਜਸਵੀਰ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਪੁਲਿਸ ਚੌਂਕੀ ਦੇ ਬਾਹਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇਸ ਉਮੀਦ ਨਾਲ ਬੈਠੀ ਰਹਿੰਦੀ ਪੁਲਿਸ ਵਾਲੇ ਤਰਸ ਖਾ ਕੇ ਉਨ੍ਹਾਂ ਦੇ ਪਤੀ ਨੂੰ ਛੱਡ ਦੇਣਗੇ ਪਰ ਅਫ਼ਸੋਸ ਇੰਝ ਨਹੀਂ ਹੋਇਆ।
ਹਫ਼ਤੇ ਬਾਅਦ ਉਸ ਦੇ ਰਿਸ਼ਤੇਦਾਰ ਨੇ ਘਰ ਆ ਕੇ ਦੱਸਿਆ ਕਿ ਅਰੂੜ ਸਿੰਘ ਇਸ ਦੁਨੀਆ ਵਿੱਚ ਨਹੀਂ ਰਹੇ, ਜਿਸ ਦੀ ਪੁਸ਼ਟੀ ਉਨ੍ਹਾਂ ਅਖ਼ਬਾਰ ਦੀ ਉਸ ਖ਼ਬਰ ਤੋਂ ਕੀਤੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਅਰੂੜ ਸਿੰਘ ਆਪਣੇ ਸਾਥੀਆਂ ਨਾਲ ਤਰਨਤਾਰਨ ਲਾਗੇ ''''ਪੁਲਿਸ ਨਾਲ ਮੁਕਾਬਲੇ'''' ਦੌਰਾਨ ਮਾਰੇ ਗਏ ਹਨ।
ਜਸਵੀਰ ਕੌਰ ਦਾਅਵਾ ਕਰਦੀ ਹੈ ਕਿ ਇਸ ਖ਼ਬਰ ਤੋਂ ਬਾਅਦ ਉਹ ਤਰਨਤਾਰਨ ਸ਼ਮਸ਼ਾਨ ਘਾਟ ਵਿੱਚ ਗਈ, ਜਿੱਥੇ ਪੁਲਿਸ ਨੇ ਗੱਡੀ ਵਿਚੋਂ ਚਾਰ ਲਾਸ਼ਾਂ ਨੂੰ ਵਾਰੀ-ਵਾਰੀ ਕੱਢਿਆ।
ਇਸ ਵਿੱਚ ਇਕ ਲਾਸ਼ ਉਨ੍ਹਾਂ ਦੇ ਪਤੀ ਦੀ ਸੀ। ਜਸਵੀਰ ਕੌਰ ਮੁਤਾਬਕ ਉਨ੍ਹਾਂ ਨੇ ਬਹੁਤ ਕੋਸ਼ਿਸ਼ ਕੀਤੀ ਅੰਤਿਮ ਦਰਸ਼ਨ ਕਰਵਾ ਦਿਓ ਪਰ ਪੁਲਿਸ ਨੇ ਲਾਸ਼ ਦੇ ਨੇੜੇ ਵੀ ਨਹੀਂ ਲੱਗਣ ਦਿੱਤਾ ਅਤੇ ਸਸਕਾਰ ਕਰ ਦਿੱਤਾ।
ਜਾਰੀ ਹੈ ਇਨਸਾਫ਼ ਲਈ ਲੜਾਈ
ਆਪਣੇ ਨਾਲ ਹੋਈ ਵਧੀਕੀ ਦੇ ਖ਼ਿਲਾਫ਼ ਜਸਵੀਰ ਕੌਰ ਪਿਛਲੇ 31 ਸਾਲਾਂ ਤੋਂ ਅਦਾਲਤਾਂ ਦੇ ਚੱਕਰ ਕੱਟ ਰਹੀ ਹੈ।
ਜਸਵੀਰ ਕੌਰ ਦਾ ਕਹਿਣਾ ਹੈ, "ਇਹ ਲੜਾਈ ਜਾਰੀ ਰੱਖਣੀ ਸੌਖੀ ਨਹੀਂ ਹੈ। ਕੇਸ ਵਾਪਸ ਲੈਣ ਦੀਆਂ ਧਮਕੀਆਂ ਵੀ ਆਈਆਂ ਪਰ ਬਾਵਜੂਦ ਇਸ ਦੇ ਆਪਣੀ ਲੜਾਈ ਜਾਰੀ ਰੱਖੀ ਹੋਈ ਹੈ।"
ਜਸਵੀਰ ਕੌਰ ਆਖਦੀ ਹੈ ਕਿ ਜਿੰਨਾ ਪੁਲਿਸ ਵਾਲਿਆਂ ਨੇ ਉਨ੍ਹਾਂ ਦੇ ਬੇਕਸੂਰ ਪਤੀ ਉੱਤੇ ਤਸ਼ੱਦਦ ਕੀਤਾ, ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਜ਼ਰੂਰ ਮਿਲੇ।
ਉਹ ਕਹਿੰਦੇ ਹਨ, "ਪਤੀ ਨੂੰ ਮਾਰਨ ਤੋਂ ਬਾਅਦ ਪੁਲਿਸ ਵੱਡੇ ਪੁੱਤਰ ਨੂੰ ਤੰਗ ਕਰਨ ਲੱਗ ਗਈ ਸੀ। ਆਖ਼ਰਕਾਰ ਉਸ ਨੂੰ ਮੁੰਬਈ ਆਪਣੇ ਰਿਸ਼ਤੇਦਾਰ ਕੋਲ ਭੇਜ ਕੇ ਉਸ ਦੀ ਜਾਨ ਬਚਾਈ।"
ਜਸਵੀਰ ਕੌਰ ਮੁਤਾਬਕ ਪਤੀ ਦੇ ਜਾਣ ਤੋਂ ਬਾਅਦ ਉਸ ਦੀ ਤਿੰਨ ਏਕੜ ਜ਼ਮੀਨ ਵਿਕ ਗਈ ਕਿਉਂਕਿ ਘਰ ਵਿੱਚ ਕਮਾਈ ਵਾਲਾ ਕੋਈ ਨਹੀਂ ਸੀ।
ਪਿਤਾ ਦੇ ਜਾਣ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਸਕੀ ਅਤੇ ਹੁਣ ਉਹ ਡਰਾਈਵਰ ਵਜੋਂ ਕੰਮ ਕਰਦੇ ਹਨ।
ਹਰਜੀਤ ਕੌਰ ਇਨਸਾਫ਼ ਲਈ ਪਿਛਲੇ 30 ਸਾਲਾਂ ਤੋਂ ਜੇਲ੍ਹਾਂ ਦੇ ਚੱਕਰ ਕੱਟ ਰਹੀ ਹੈ
30 ਸਾਲ ਦੀ ਲੜਾਈ ਤੋਂ ਬਾਅਦ ਮਿਲਿਆ ਇਨਸਾਫ਼
ਤਰਨਤਾਰਨ ਦੇ ਪਿੰਡ ਜੀਓ ਵਾਲਾ ਦੀ ਹਰਜੀਤ ਕੌਰ ਦੀ ਕਹਾਣੀ ਵੀ ਜਸਵੀਰ ਕੌਰ ਨਾਲ ਮਿਲਦੀ ਹੈ।
ਪੰਜਾਬ ਬਿਜਲੀ ਬੋਰਡ ਵਿੱਚ ਨੌਕਰੀ ਕਰਦੇ ਉਨ੍ਹਾਂ ਦੇ ਪਤੀ ਗੁਰਦੀਪ ਸਿੰਘ ਨੂੰ ਪੰਜਾਬ ਪੁਲਿਸ ਘਰੋਂ ਲੈ ਕੇ ਗਈ ਅਤੇ ਇਸ ਤੋਂ ਬਾਅਦ ਉਹ ਲਾਪਤਾ ਹੋ ਗਏ ਸਨ।
30 ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਅਦਾਲਤ ਨੇ ਮੰਨਿਆ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਨੇ ''''ਝੂਠੇ ਪੁਲਿਸ ਮੁਕਾਬਲੇ'''' ਵਿੱਚ ਖ਼ਤਮ ਕੀਤਾ ਹੈ।
ਗੁਰਦੀਪ ਸਿੰਘ ਨੂੰ ਮਾਰਨ ਦੇ ਦੋਸ਼ ਵਿੱਚ ਸੀਬੀਆਈ ਦੀ ਅਦਾਲਤ ਨੇ ਪੰਜਾਬ ਪੁਲਿਸ ਦੇ ਡੀਐੱਸਪੀ ਸੁਰਿੰਦਰਪਾਲ ਸਿੰਘ ਨੂੰ 10 ਸਾਲ ਦੀ ਸਜ਼ਾ ਅਤੇ ਦੋ ਲੱਖ ਰੁਪਏ ਜੁਰਮਾਨਾ ਕੀਤਾ ਹੈ।
ਹਰਜੀਤ ਕੌਰ ਦਾ ਕਹਿਣਾ ਹੈ, "ਅਦਾਲਤ ਨੇ ਸਿਰਫ਼ ਇਕ ਪੁਲਿਸ ਮੁਲਾਜ਼ਮ ਨੂੰ ਸਜ਼ਾ ਦਿੱਤੀ ਹੈ ਜਦਕਿ ਉਨ੍ਹਾਂ ਦੇ ਸਾਥੀਆਂ ਨੂੰ ਬਰੀ ਕਰ ਦਿੱਤਾ ਹੈ।"
ਇਸ ਫ਼ੈਸਲੇ ਦੇ ਖ਼ਿਲਾਫ਼ ਹਰਜੀਤ ਕੌਰ ਹੁਣ ਉੱਪਰਲੀ ਅਦਾਲਤ ਵਿੱਚ ਅਪੀਲ ਦਾਇਰ ਕਰਨ ਦੀ ਤਿਆਰੀ ਕਰ ਰਹੀ ਹੈ।
ਬਜ਼ੁਰਗ ਹਰਜੀਤ ਕੌਰ ਦੇ ਸੰਘਰਸ਼ ਦੀ ਕਹਾਣੀ ਇੱਥੇ ਖ਼ਤਮ ਨਹੀਂ ਹੋਈ। ਪਤੀ ਦੀ ਮੌਤ ਤੋਂ ਬਾਅਦ ਪੁੱਤਰ ਦੀ ਨੌਕਰੀ ਲਈ ਉਹ ਅਜੇ ਵੀ ਕਾਨੂੰਨੀ ਲੜਾਈ ਲੜ ਰਹੀ ਹੈ।
ਗੁਰਦੀਪ ਸਿੰਘ ਦੀ ਮੌਤ ਦਾ ਸਰਟੀਫਿਕੇਟ ਨਾ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਪਿਤਾ ਦੀ ਨੌਕਰੀ ਵੀ ਹਾਸਲ ਨਹੀਂ ਹੋਈ ਸੀ।
ਗੁਰਦੀਪ ਸਿੰਘ ਪੰਜਾਬ ਬਿਜਲੀ ਬੋਰਡ ਵਿੱਚ ਨੌਕਰੀ ਕਰਦੇ ਸਨ
ਬੀਬੀਸੀ ਨਾਲ ਗੱਲਬਾਤ ਕਰਦਿਆਂ ਹਰਜੀਤ ਕੌਰ ਨੇ ਦੱਸਿਆ ਕਿ ਜਿਸ ਦਿਨ ਡੀਐੱਸੀਪੀ ਸੁਰਿੰਦਰਪਾਲ ਸਿੰਘ ਨੂੰ ਅਦਾਲਤ ਨੇ ਸਜ਼ਾ ਸੁਣਾਈ ਤਾਂ ਉਹ ਬਹੁਤ ਰੋਇਆ, "ਮੈਂ ਉਸ ਨੂੰ ਯਾਦ ਕਰਵਾਇਆ ਇੱਕ ਦਿਨ ਮੈਂ ਉਸ ਅੱਗੇ ਰੋਈ ਸੀ ਪਰ ਉਸ ਨੇ ਤਰਸ ਨਹੀਂ ਕੀਤਾ।"
ਹਰਜੀਤ ਕੌਰ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਤਰੱਕੀਆਂ ਲੈਣ ਲਈ ਪਤਾ ਨਹੀਂ ਕਿੰਨੇ ਘਰਾਂ ਦੀ ਬਰਬਾਦੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਦੋ ਪੀੜੀਆਂ ਦਾ ਖ਼ਾਤਮਾ ਹੋਇਆ ਹੈ। ਪਹਿਲਾਂ ਘਰ ਵਿੱਚ ਕਮਾਉਣ ਵਾਲਾ ਪੁਲਿਸ ਨੇ ਖ਼ਤਮ ਕਰ ਦਿੱਤਾ ਅਤੇ ਦੂਜੀ ਪੀੜੀ ਗ਼ਰੀਬੀ ਕਾਰਨ ਅੱਗੇ ਪੜ੍ਹ ਨਹੀਂ ਸਕੀ।
ਅਸਲ ਵਿੱਚ ਹਰਜੀਤ ਕੌਰ ਦੇ ਪਰਿਵਾਰ ਵਿਚੋਂ ਪੰਜਾਬ ਪੁਲਿਸ ਨੇ ਚਾਰ ਮੈਂਬਰਾਂ 50 ਸਾਲਾ ਸਾਬਕਾ ਫ਼ੌਜੀ ਪਿਆਰਾ ਸਿੰਘ, ਉਨ੍ਹਾਂ ਦਾ 18 ਸਾਲਾ ਬੇਟਾ ਹਰਫੂਲ ਸਿੰਘ, 65 ਸਾਲਾ ਸਵਰਨ ਸਿੰਘ (ਰਿਸ਼ਤੇਦਾਰ) ਅਤੇ ਗੁਰਦੀਪ ਸਿੰਘ ਨੂੰ 1992 ਰਾਤੀ 9 ਵਜੇ ਚੁੱਕਿਆ ਸੀ।
ਇਸ ਤੋਂ ਬਾਅਦ ਇਨ੍ਹਾਂ ਦਾ ਕੁਝ ਵੀ ਪਤਾ ਨਹੀਂ ਲੱਗਿਆ। ਇਸੇ ਮਾਮਲੇ ਵਿੱਚ ਸੀਬੀਆਈ ਦੀ ਅਦਾਲਤ ਨੇ ਇਸ ਸਾਲ 6 ਅਪਰੈਲ 2023 ਨੂੰ ਸੁਰਿੰਦਰਪਾਲ ਸਿੰਘ ਦੋਸ਼ੀ ਕਰਾਰ ਦਿੰਦਿਆਂ ਦਸ ਸਾਲ ਦੀ ਸਜ਼ਾ ਸੁਣਾਈ ਹੈ।
ਹਰਜੀਤ ਕੌਰ ਆਖਦੀ ਹੈ ਕਿ ਉਹ ਖ਼ੁਸ਼ ਹੈ ਕਿ ਉਸ ਦੇ ਪਤੀ ਦਾ ਕਾਤਲ ਜੇਲ੍ਹ ਵਿੱਚ ਚਲਾ ਗਿਆ ਪਰ ਇਹ ਲੜਾਈ ਸੌਖੀ ਨਹੀਂ ਸੀ।
ਬਾਵਜੂਦ ਦਿੱਕਤਾਂ ਦੇ ਉਹ ਆਪਣੇ ਪਤੀ ਨੂੰ ਇਨਸਾਫ਼ ਦਿਵਾਉਣ ਲਈ ਅਦਾਲਤ ਦੇ ਚੱਕਰ ਕੱਟਦੀ ਰਹੀ ਅਤੇ ਅੰਤ ਵਿੱਚ ਉਨ੍ਹਾਂ ਦੀ ਜਿੱਤ ਹੋਈ।
ਲਾਪਤਾ ਲੋਕਾਂ ਦਾ ਕਿਵੇਂ ਲੱਗਾ ਪਤਾ
ਝੂਠੇ ਪੁਲਿਸ ਮੁਕਾਬਲੇ ਅਤੇ ਲਾਪਤਾ ਲੋਕਾਂ ਦੇ ਮਸਲੇ ਉੱਤੇ ਤੱਥਾਂ ਸਮੇਤ ਆਵਾਜ਼ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਨੇ ਚੁੱਕੀ ਸੀ।
ਉਨ੍ਹਾਂ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ।
ਜਸਵੰਤ ਸਿੰਘ ਖਾਲੜਾ ਨੇ ਲਾਵਾਰਿਸ ਕਹਿ ਕੇ ਸਸਕਾਰੀਆਂ ਗਈਆਂ ਲਾਸ਼ਾਂ ਬਾਰੇ ਖੋਜ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ, ਸਥਾਨਕ ਨਗਰ ਨਿਗਮ ਦੀਆਂ ਫਾਈਲਾਂ ਦੇ ਆਧਾਰ ਉੱਤੇ ਅਜਿਹੇ ਵਿਅਕਤੀਆਂ ਦਾ ਰਿਕਾਰਡ ਖੰਘਾਲਿਆਂ ਤਾਂ ਉਨ੍ਹਾਂ ਨੂੰ ਇੱਥੇ ਹੀ 2097 ਜਣਿਆਂ ਦੇ ਸਬੂਤ ਮਿਲ ਗਏ।
ਖਾਲੜਾ ਦਾ ਦਾਅਵਾ ਸੀ ਕਿ ਜੇਕਰ ਅੰਮ੍ਰਿਤਸਰ ਸ਼ਹਿਰ ਦੇ ਦੁਰਗਿਆਨਾ ਮੰਦਰ ਸ਼ਮਸ਼ਾਨਘਾਟ ਵਿਚ ਇੰਨੀ ਵੱਡੀ ਗਿਣਤੀ ਹੈ ਤਾਂ ਇਹ ਗਿਣਤੀ ਪੂਰੇ ਪੰਜਾਬ ਵਿਚ 25000 ਤੋਂ ਵੱਧ ਬਣਦੀ ਹੈ।
ਦੂਜੇ ਪਾਸੇ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ 2012 ਵਿੱਚ ਅਜਿਹੀਆਂ 2097 ਲਾਸ਼ਾਂ ਦਾ ਵੇਰਵਾ ਦਿੱਤਾ, ਜਿਨ੍ਹਾਂ ਦਾ ਪੰਜਾਬ ਪੁਲਿਸ ਵੱਲੋਂ ਲਾਪਤਾ ਕਹਿ ਕੇ ਸਸਕਾਰ ਕੀਤਾ ਗਿਆ ਸੀ।
ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਵਿੱਚ ਕੀਤੇ ਸਸਕਾਰਾਂ ਦੀ ਜਾਣਕਾਰੀ ਜਾਰੀ ਕੀਤੀ ਸੀ, ਜਿਸ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ।
- ਏ ਸ਼੍ਰੇਣੀ ਵਿੱਚ 585 ਲਾਸ਼ਾਂ ਦੀ ਜਾਣਕਾਰੀ ਸੀ, ਜਿਨ੍ਹਾਂ ਦੀ ਪਛਾਣ ਹੋ ਚੁੱਕੀ ਸੀ।
- ਬੀ ਸ਼੍ਰੇਣੀ ਵਿੱਚ 274 ਲਾਸ਼ਾਂ ਦੀ ਜਾਣਕਾਰੀ ਸੀ ਜਿਨ੍ਹਾਂ ਦੀ ਕੁਝ ਹੱਦ ਤੱਕ ਪਛਾਣ ਹੋ ਸਕੀ ਸੀ।
- ਸੀ ਸ਼੍ਰੇਣੀ ਵਿੱਚ 1238 ਲਾਸ਼ਾਂ ਸਨ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਸੀ।
ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਲੋਕਾਂ ਦੇ ਕਈ ਕੇਸਾਂ ਦੀ ਪੈਰਵੀ ਕਰ ਚੁੱਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਨਵਕਿਰਨ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਝੂਠੇ ਪੁਲਿਸ ਮੁਕਾਬਲੇ ਜਾਂ ਲਾਪਤਾ ਲੋਕਾਂ ਦੇ ਅੰਕੜੇ ਬਾਰੇ ਵੱਖ-ਵੱਖ ਲੋਕਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦਾ ਅਧਿਕਾਰਤ ਅੰਕੜਾ ਮੌਜੂਦ ਨਹੀਂ ਹੈ।
100 ਦੇ ਕਰੀਬ ਝੂਠੇ ਪੁਲਿਸ ਮੁਕਾਬਲੇ ਦੇ ਕੇਸਾਂ ਦੀ ਪੈਰਵੀ ਕਰ ਚੁੱਕੇ ਵਕੀਲ ਨਵਕਿਰਨ ਸਿੰਘ ਮੁਤਾਬਕ, "ਖਾੜਕੂਵਾਦ ਦੇ ਸਮੇਂ ਵਿੱਚ ਝੂਠੇ ਪੁਲਿਸ ਮੁਕਾਬਲੇ ਜਾਂ ਫਿਰ ਲਾਪਤਾ ਲੋਕਾਂ ਦੇ ਜੋ ਅੰਕੜੇ ਸਾਹਮਣੇ ਆਏ ਹਨ ਉਸ ਵਿੱਚ ਮਹਿਜ਼ 10 ਫ਼ੀਸਦੀ ਲੋਕਾਂ ਨੂੰ ਇਨਸਾਫ਼ ਮਿਲਿਆ ਹੈ।"
ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਕੇਸ ਅਜਿਹੇ ਵੀ ਸਨ, ਜਿਨ੍ਹਾਂ ਵਿੱਚ ਪੀੜਤਾਂ ਕੋਲ ਕੋਈ ਸਬੂਤ ਹੀ ਨਹੀਂ ਸੀ ਜਾਂ ਪੁਲਿਸ ਨੇ ਸਬੂਤ ਖ਼ਤਮ ਕਰ ਦਿੱਤੇ, ਇਸ ਕਰਕੇ ਅਜਿਹੇ ਕੇਸ ਅਦਾਲਤਾਂ ਵਿੱਚ ਟਿਕ ਨਹੀਂ ਸਕੇ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਜੀ-20 ਸੰਮੇਲਨ ਵਿੱਚ ਸ਼ੀ ਜਿਨਪਿੰਗ ਦੀ ਗ਼ੈਰ-ਮੌਜੂਦਗੀ ਦੇ ਇਹ ਸਿਆਸੀ ਮਾਅਨੇ ਹਨ
NEXT STORY