ਸਿੱਧੂ ਮੂਸੇਵਾਲਾ, ਟੂਪੈਕ ਅਤੇ ਟੂਪੈਕ ਦੇ ਕਤਲ ਦਾ ਮੁਲਜ਼ਮ ਡੇਵਿਸ
ਅਮਰੀਕਾ ਪੁਲਿਸ ਨੇ 1996 ਵਿੱਚ ਹੋਏ ਗਾਇਕ ਟੂਪੈਕ ਸ਼ਕੂਰ ਦੇ ਕਤਲ ਕੇਸ ਵਿੱਚ ਇੱਕ ਗੈਂਗ ਲੀਡਰ ਨੂੰ ਗ੍ਰਿਫ਼ਤਾਰ ਕੀਤਾ ਹੈ।
60 ਸਾਲਾ ਡੁਏਨ ‘ਕੇਫ਼ੈ ਡੀ’ ਡੇਵਿਸ ਨੂੰ ਇੱਕ ਮਾਰੂ ਹਥਿਆਰ ਨਾਲ ਕਤਲ ਕਰਨ ਦੇ ਇੱਕ ਮਾਮਲੇ ਵਿੱਚ ਮੁਲਜ਼ਮ ਠਹਿਰਾਇਆ ਗਿਆ ਹੈ। ਇਸ ਨਾਲ ਜੁੜੇ ਕਈ ਮੁਲਜ਼ਮ ਹੁਣ ਤੱਕ ਮਰ ਚੁੱਕੇ ਹਨ।
ਟੁਪੈਕ ਸ਼ਕੂਰ ਇੱਕ ਅਮਰੀਕੀ ਗਾਇਕ ਸਨ ਜੋ ਮੁੱਖ ਤੌਰ ''ਤੇ ਰੈਪ ਸਾਂਗ (ਗੀਤ) ਗਾਉਂਦੇ ਸਨ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਸੰਗੀਤ ਜਗਤ ਵਿੱਚ ਚੰਗਾ ਨਾਮ ਕਮਾ ਲਿਆ ਸੀ।
7 ਸਤੰਬਰ, 1996 ਵਿੱਚ ਅਮਰੀਕਾ ਦੇ ਲਾਸ ਵੇਗਾਸ ਵਿੱਚ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਿਸ ਸਮੇਂ ਟੁਪੈਕ ਨੂੰ ਕਤਲ ਕੀਤਾ ਗਿਆ, ਉਨ੍ਹਾਂ ਦੀ ਉਮਰ ਸਿਰਫ਼ 25 ਸਾਲ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਟੂਪੈਕ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਕਰਕੇ ਵੀ ਪਛਾਣੇ ਜਾਂਦੇ ਹਨ।
ਮੂਸੇਵਾਲਾ ਦੇ ਆਖ਼ਰੀ ਗੀਤ ‘ਦਿ ਲਾਸਟ ਰਾਈਡ’ ਵਿੱਚ ਟੂਪੈਕ ਦਾ ਜ਼ਿਕਰ ਕੀਤਾ ਗਿਆ ਸੀ। ਬਲਦੀ ਹੋਈ ਚਿਤਾ ਦੇ ਪਹਿਲੇ ਦ੍ਰਿਸ਼ ਨਾਲ ਸ਼ੁਰੂ ਹੋਣ ਵਾਲੇ ਇਸ ਗੀਤ ਦੇ ਬੋਲ ਸਨ,
‘ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ...
ਨੀ ਏਹਦਾ ਉਠੂਗਾ ਜਵਾਨੀ ''ਚ ਜਨਾਜ਼ਾ ਮਿੱਠੀਏ...’
ਟੂਪੈਕ ਕਤਲ ਮਾਮਲੇ ਨਾਲ ਜੁੜੇ ਬਹੁਤੇ ਲੋਕ ਹੁਣ ਤੱਕ ਮਰ ਚੁੱਕੇ ਹਨ
ਸ਼ਕੂਰ ਦੇ ਕਤਲ ਦੀ ਯੋਜਨਾ ਇੰਝ ਬਣੀ ਸੀ
ਬੀਬੀਸੀ ਪੱਤਰਕਾਰ ਆਂਡਰੇ ਰੋਡੇਨ ਪੌਲ ਅਤੇ ਜਾਰੋਸਲਾਵ ਲੁਕੀਵ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ, ਨੇਵਾਡਾ ਦੀ ਗ੍ਰੈਂਡ ਜਿਊਰੀ ਨੇ 60 ਸਾਲਾ ਡੁਏਨ ‘ਕੇਫ਼ੈ ਡੀ’ ਡੇਵਿਸ ਨੂੰ ਇੱਕ ਮਾਰੂ ਹਥਿਆਰ ਨਾਲ ਕਤਲ ਕਰਨ ਦੇ ਇੱਕ ਮਾਮਲੇ ਵਿੱਚ ਮੁਲਜ਼ਮ ਠਹਿਰਾਇਆ।
ਪੁਲਿਸ ਦਾ ਕਹਿਣਾ ਹੈ ਕਿ ਸ਼ਕੂਰ ਅਤੇ ਕੈਫ਼ੇ ਦੇ ਭਤੀਜੇ ਦਰਮਿਆਨ ਇੱਕ ਕੈਸੀਨੋ ਵਿੱਚ ਕੁਝ ਲੜਾਈ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਕੈਫ਼ੇ ਨੇ ਇਸ ਕਾਤਿਲਾਨਾ ਗੋਲੀਬਾਰੀ ਦੀ ਯੋਜਨਾ ਬਣਾਈ।
ਡੇਵਿਸ ਨੂੰ ਸ਼ੁੱਕਰਵਾਰ ਤੜਕੇ ਉਸ ਦੀ ਲਾਸ ਵੇਗਾਸ ਸਥਿਤ ਰਿਹਾਇਸ਼ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ, ਅਤੇ ਕੁਝ ਦਿਨਾਂ ਦੇ ਅੰਦਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਲਾਸ ਵੇਗਾਸ ਪੁਲਿਸ ਨੇ ਉਸ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।
ਲਾਸ ਵੇਗਾਸ ਪੁਲਿਸ ਦੀ ਟੂਪੈਕ ਦੀ ਮੌਤ ਦੀ ਜਾਂਚ 27 ਸਾਲਾਂ ਤੋਂ ਜਾਰੀ ਹੈ
ਲਾਸ ਏਂਜਲਸ ਦੇ ਰਿਟਾਇਰਡ ਪੁਲਿਸ ਜਾਸੂਸ ਗ੍ਰੇਗ ਕੇਡਿੰਗ, ਜਿਨ੍ਹਾਂ ਨੇ ਕਈ ਸਾਲਾਂ ਤੱਕ ਸ਼ਕੂਰ ਕਤਲ ਮਾਮਲੇ ਦੀ ਜਾਂਚ ਕੀਤੀ ਸੀ ਨੇ ਐਸੋਸਿਏਟਿਡ ਪ੍ਰੈਸ ਨੂੰ ਦੱਸਿਆ ਕਿ ਉਹ ਡੇਵਿਸ ਦੀ ਗ੍ਰਿਫ਼ਤਾਰੀ ਤੋਂ ਹੈਰਾਨ ਨਹੀਂ ਹਨ।
ਉਨ੍ਹਾਂ ਕਿਹਾ, "ਇਸ ਕਤਲ ਮਾਮਲੇ ਵਿੱਚ ਸ਼ਾਮਲ ਬਾਕੀ ਸਾਰੇ ਸਿੱਧੇ ਸਾਜ਼ਿਸ਼ਕਰਤਾ ਜਾਂ ਭਾਗੀਦਾਰ ਸਾਰੇ ਮਰ ਚੁੱਕੇ ਹਨ। ਹੁਣ ਡੇਵਿਸ ਇਸ ਮਾਮਲੇ ਵਿੱਚ ‘ਇਕਲੌਤਾ ਆਖ਼ਰੀ ਆਦਮੀ’ ਬਚਿਆ ਹੈ।"
ਅਦਾਲਤ ਵਿੱਚ, ਸਰਕਾਰੀ ਵਕੀਲ ਮਾਰਕ ਡਿਆਗਿਆਕੋਮੋ ਨੇ ਡੇਵਿਸ ਨੂੰ ਇੱਕ ਸਾਬਕਾ ਗੈਂਗ ਦੇ ਆਗੂ ਵਜੋਂ ਦਰਸਾਉਂਦਿਆ ਦੱਸਿਆ ਕਿ ਉਸੇ ਨੇ ਸ਼ਕੂਰ ਨੂੰ ‘ਕਤਲ ਕਰਨ ਦੇ ਹੁਕਮ’ ਦਿੱਤੇ ਸਨ।
ਸ਼ੁੱਕਰਵਾਰ ਨੂੰ ਬਾਅਦ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਅਧਿਕਾਰੀ ਜੇਸਨ ਜੋਹਨਸਨ ਨੇ ਕਿਹਾ ਕਿ ਲੰਬੀ ਚੱਲੀ ਜਾਂਚ ਵਿੱਚ ਆਖ਼ਿਰਕਾਰ ਫੋਰਸ ਦੀ ਲਗਨ ਦਾ ਮੁੱਲ ਮੁੜਿਆ ਅਤੇ ਸਫ਼ਲਤਾ ਹੱਥ ਲੱਗੀ ਹੈ।
ਉਨ੍ਹਾਂ ਨੇ ਕਿਹਾ ਕਿ ਓਰਲੈਂਡੋ ਐਂਡਰਸਨ, ਸ਼ੱਕੀ ਦੇ ਮਰਹੂਮ ਭਤੀਜੇ ਅਤੇ ਸ਼ਕੂਰ ਇੱਕ ਦਰਮਿਆਨ ਇੱਕ ਕੈਸੀਨੋ ਵਿੱਚ ਕੁਝ ਝਗੜਾ ਹੋਇਆ ਸੀ।
ਇਸ ਘਟਨਾ ਦੀ ਖੁੰਦਕ ਰੱਖਦਿਆਂ 7 ਸਤੰਬਰ, 1996 ਨੂੰ ਰੈਪਰ ਨੂੰ ਗੋਲੀ ਮਾਰ ਦਿੱਤੀ ਗਈ ਸੀ।
ਕੁਝ ਦਿਨਾਂ ਬਾਅਦ ਸ਼ਕੂਲ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ।
ਸਿੱਧੂ ਮੂਸੇਵਾਲਾ ਅਤੇ ਟੂਪੈਕ ਦੇ ਆਖ਼ਰੀ ਗੀਤ ਨੂੰ ਆਪੋ-ਆਪਣੀ ਮੌਤ ਬਾਰੇ ਫ਼ਿਲਮਾਇਆ ਗੀਤ ਦੱਸਿਆ ਜਾਂਦਾ ਹੈ
ਅਧਿਕਾਰੀਆਂ ਨੇ ਅਦਾਲਤ ਨੂੰ ਕੀ ਦੱਸਿਆ
ਜੋਹਨਸਨ ਨੇ ਪੱਤਰਕਾਰਾਂ ਨੂੰ ਹੋਟਲ ਦੀ ਸੀਸੀਟੀਵੀ ਫ਼ੁੱਟੇਜ ਦਿਖਾਈ ਜਿਸ ਵਿੱਚ ਐਂਡਰਸਨ ਦੀ ਕੁੱਟਮਾਰ ਹੁੰਦੀ ਦੇਖੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸ ਝਗੜੇ ਤੋਂ ਅਗਲੀ ਕਾਰਵਾਈ ਸ਼ਕੂਰ ਦਾ ਕਤਲ ਹੋਇਆ ਜੋ ਕਿ ਆਪਣੀ ਕਾਰ ਵਿੱਚ ਬੈਠਾ ਲਾਲ ਬੱਤੀ ’ਤੇ ਉਡੀਕ ਕਰ ਰਿਹਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇਹ ਗੱਲ ਬਹੁਤ ਜਲਦੀ ਸਪੱਸ਼ਟ ਹੋ ਗਈ ਸੀ ਕਿ ਇਹ ਗੈਂਗ ਦਾ ਮਾਮਲਾ ਸੀ ਅਤੇ ਇਸ ਅਤੇ ਇਸ ਕੇਸ ਦੀ ਕਈ ਵਾਰ ਸਮੀਖਿਆ ਕੀਤੀ ਗਈ ਸੀ।
ਜੋਹਨਸਨ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਘਟਨਾ ਵਾਲੇ ਦਿਨ ਡੇਵਿਸ ਉਸ ਗੱਡੀ ਵਿੱਚ ਮੌਜੂਦ ਸਨ ਜਿਸ ਵਿੱਚੋਂ ਗੋਲੀਆਂ ਚਲਾਈਆਂ ਗਈਆਂ ਸਨ।
ਉਸੇ ਪ੍ਰੈਸ ਕਾਂਨਫ਼ਰੰਸ ਦੌਰਾਨ ਭਾਵੁਕ ਹੋਏ ਸ਼ੈਰਿਫ ਕੇਵਿਨ ਮੈਕਮਾਹਿਲ ਨੇ ਕਿਹਾ ਕਿ, “27 ਸਾਲਾਂ ਤੋਂ ਟੂਪੈਕ ਸ਼ਕੂਰ ਦਾ ਪਰਿਵਾਰ ਨਿਆਂ ਦੀ ਉਡੀਕ ਕਰ ਰਿਹਾ ਸੀ।”
ਉਨ੍ਹਾਂ ਕਿਹਾ, "ਬਹੁਤ ਸਾਰੇ ਲੋਕ ਅਜਿਹੇ ਹਨ ਜੋ ਇਹ ਨਹੀਂ ਮੰਨਦੇ ਸਨ ਕਿ ਟੂਪੈਕ ਸ਼ਕੂਰ ਦਾ ਕਤਲ ਮਾਮਲਾ ਪੁਲਿਸ ਵਿਭਾਗ ਲਈ ਮਹੱਤਵਪੂਰਨ ਸੀ। ਮੈਂ ਤੁਹਾਨੂੰ ਇਹ ਦੱਸਣ ਲਈ ਹਾਂ, ਅਜਿਹਾ ਬਿਲਕੁਲ ਨਹੀਂ ਸੀ।"
"ਲਾਸ ਵੇਗਾਸ ਪੁਲਿਸ ''ਤੇ ਸਾਡਾ ਟੀਚਾ ਹਮੇਸ਼ਾ ਤੋਂ ਹੀ ਟੂਪੈਕ ਦੇ ਹਿੰਸਕ ਕਤਲ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਸੀ।"
ਛੋਟੀ ਉਮਰ ’ਚ ਨਾਮਣਾ ਖੱਟਣ ਵਾਲੇ ਟੂਪੈਕ
ਟੁਪੈਕ ਸ਼ਕੂਰ ਇੱਕ ਅਮਰੀਕੀ ਗਾਇਕ ਸਨ ਜੋ ਮੁੱਖ ਤੌਰ ''ਤੇ ਰੈਪ ਗਾਉਂਦੇ ਸਨ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਸੰਗੀਤ ਜਗਤ ਵਿੱਚ ਚੰਗਾ ਨਾਮ ਕਮਾ ਲਿਆ ਸੀ।
7 ਸਤੰਬਰ, 1996 ਵਿੱਚ ਅਮਰੀਕਾ ਦੇ ਲਾਸ ਵੇਗਾਸ ਵਿੱਚ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਿਸ ਸਮੇਂ ਟੁਪੈਕ ਨੂੰ ਕਤਲ ਕੀਤਾ ਗਿਆ, ਉਨ੍ਹਾਂ ਦੀ ਉਮਰ ਸਿਰਫ਼ 25 ਸਾਲ ਸੀ।
ਉਹ ਮਾਇਕ ਟਾਇਸਨ ਦਾ ਇੱਕ ਬਾਕਸਿੰਗ ਮੈਚ ਦੇਖ ਕੇ ਵਾਪਸ ਆ ਰਹੇ ਸਨ ਅਤੇ ਹਮਲਾਵਰਾਂ ਨੇ ਉਨ੍ਹਾਂ ਉੱਤੇ ਕਾਰ ਵਿੱਚ ਹੀ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਟੁਪੈਕ ਸ਼ਕੂਰ ਦਾ ਸੰਗੀਤ ਅਕਸਰ 1990ਵਿਆਂ ਦੌਰਾਨ ਹਿੰਸਾ ਅਤੇ ਨਸ਼ੀਲੇ ਪਦਾਰਥਾਂ ਬਾਰੇ ਗੱਲ ਕਰਦਾ ਹੈ।
ਹਾਲਾਂਕਿ, ਸ਼ਕੂਰ ਦੇ ਕਈ ਗੀਤ ਸਮਾਜ ਦੀ ਨਸਲਵਾਦੀ ਹਕੀਕਤ ਨੂੰ ਦਰਸਾਉਂਦੇ ਹਨ, ਜਿਨ੍ਹਾਂ ਨੇ ਅਫਰੀਕੀ ਮੂਲ ਦੇ ਅਮਰੀਕੀ ਨੌਜਵਾਨਾਂ ਨੂੰ ਉਸ ਰਾਹ ''ਤੇ ਆਉਣ ਲਈ ਮਜਬੂਰ ਕੀਤਾ।
ਟੁਪੈਕ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਜੇਲ੍ਹ ਵੀ ਜਾਣਾ ਪਿਆ ਸੀ ਅਤੇ ਆਪਣੀ ਮੌਤ ਤੋਂ 18 ਮਹੀਨੇ ਪਹਿਲਾਂ ਹੀ ਉਹ ਜੇਲ੍ਹ ਵਿੱਚੋਂ ਬਾਹਰ ਆਏ ਸਨ।
ਉਨ੍ਹਾਂ ਦੇ ਅਮਰੀਕੀ ਗਾਇਕਾ ਅਤੇ ਅਦਾਕਾਰਾ ਮੈਡੋਨਾ ਨਾਲ ਵੀ ਕਰੀਬੀ ਰਿਸ਼ਤੇ ਰਹੇ ਸਨ।
ਮੈਡੋਨਾ ਨੇ ਵੀ ਪੁਸ਼ਟੀ ਕੀਤੀ ਸੀ ਉਸ ਦਾ ਟੂਪੈਕ ਨਾਲ ਰਿਸ਼ਤਾ ਸੀ
ਟੁਪੈਕ ਦੀ ਆਖ਼ਰੀ ਮਿਊਜ਼ਿਕ ਐਲਬਮ ''ਆਲ ਆਈਜ਼ ਆਨ ਮੀ'' ਉਨ੍ਹਾਂ ਦੀ ਮੌਤ ਦੇ ਸਾਲ, 1996 ਵਿੱਚ ਹੀ ਰਿਲੀਜ਼ ਹੋਈ ਸੀ, ਜੋ ਕਿ ਅਮਰੀਕਾ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਐਲਬਮਾਂ ਵਿੱਚੋਂ ਇੱਕ ਸੀ।
ਸਾਲ 2017 ਵਿੱਚ ਐਲਬਮ ਦੇ ਨਾਂਅ ''ਤੇ ਹੀ ਇੱਕ ਫਿਲਮ ਵੀ ਬਣਾਈ ਗਈ ਜੋ ਕਿ ਟੁਪੈਕ ਦੇ ਜੀਵਨ ''ਤੇ ਆਧਾਰਿਤ ਸੀ।
ਟੁਪੈਕ ਬਾਰੇ ਅਜਿਹੀਆਂ ਅਫਵਾਹਾਂ ਵੀ ਉੱਡੀਆਂ ਸਨ ਕਿ ਉਨ੍ਹਾਂ ਨੇ ਆਪਣੀ ਮੌਤ ਦਾ ਸਿਰਫ਼ ਦਿਖਾਵਾ ਕੀਤਾ ਸੀ।
ਉਨ੍ਹਾਂ ਨੇ ਆਪਣੇ ਇੱਕ ਗੀਤ ''ਲਾਈਫ਼ ਗੋਜ਼ ਆਨ'' ਵਿੱਚ ਆਪਣੇ ਹੀ ਫਿਊਨਰਲ ਬਾਰੇ ਰੈਪ ਵੀ ਕੀਤਾ ਸੀ।
ਟੂਪੈਕ ਦੀ 1994 ਦੀ ਇੱਕ ਤਸਵੀਰ
ਜ਼ਿੰਦਾ ਹੋਣ ਬਾਰੇ ਅਫ਼ਵਾਹਾਂ
ਟੁਪੈਕ ਦੀ ਦੇ ਕਤਲ ਤੋਂ ਲਗਭਗ ਦੋ ਦਹਾਕੇ ਬਾਅਦ ਤੱਕ ਅਫ਼ਵਾਹਾਂ ਚਲਦੀਆਂ ਰਹੀਆਂ ਕਿ ਟੁਪੈਕ ਜ਼ਿੰਦਾ ਹੈ ਅਤੇ ਉਨ੍ਹਾਂ ਨੇ ਆਪਣੀ ਮੌਤ ਦਾ ਨਾਟਕ ਰਚਿਆ ਸੀ।
ਟੁਪੈਕ ਨੇ ਆਪਣੇ ਗੀਤ ਔਨ ਲਾਈਫ਼ ਗੋਜ਼ ਆਨ ਵਿੱਚ ਆਪਣੇ ਫਿਊਨਰਲ ਦੀ ਗੱਲ ਵੀ ਕੀਤੀ ਸੀ।
ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫ਼ੀ ਦੇਰ ਤੱਕ ਇਸੇ ਮਤ ਦੇ ਧਾਰਨੀ ਰਹੇ ਕਿ ਟੁਪੈਕ ਨੇ ਆਪਣੇ ਆਖ਼ਰੀ ਗੀਤ ਵਿੱਚ ਆਪਣੀ ਮੌਤ ਬਾਰੇ ਸੰਕੇਤ ਦਿੱਤੇ ਸਨ।
ਉਨ੍ਹਾਂ ਦੀ ਐਲਬਮ ''ਆਲ ਆਈਜ਼ ਔਨ ਮੀ'' ਦੇ ਇੱਕ ਗੀਤ ''ਆਈ ਏਂਟ ਮੈਡ ਐਟ ਚਾ'' ਟੁਪੈਕ ਦੀ ਮੌਤ ਤੋਂ ਦੋ ਦਿਨਾਂ ਬਾਅਦ ਜਾਰੀ ਕੀਤੀ ਗਈ।
ਵੀਡੀਓ ਵਿੱਚ ਦਿਖਾਇਆ ਗਿਆ ਕਿ ਉਹ ਫਾਈਟ ਦੇਖ ਕੇ ਆਪਣੇ ਇੱਕ ਦੋਸਤ ਨਾਲ ਨਿਕਲ ਰਹੇ ਸਨ ਜਦੋਂ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਇਹ ਫਿਲਮਾਂਕਣ ਉਨ੍ਹਾਂ ਨਾਲ ਜੋ ਹੋਇਆ ਉਸ ਨਾਲ ਬਹੁਤ ਹੱਦ ਤੱਕ ਮਿਲਦਾ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਭਾਰਤ-ਕੈਨੇਡਾ ਤਣਾਅ ਨਾਲ ਪੀਐੱਮ ਮੋਦੀ ਨੂੰ ਕੀ ਨਫ਼ਾ ਜਾਂ ਨੁਕਸਾਨ ਹੋ ਸਕਦਾ ਹੈ – ਮਾਹਿਰਾਂ ਤੋਂ ਸਮਝੋ
NEXT STORY