ਸਾਰਾਗੜ੍ਹੀ ਫ਼ਿਲਮ ਦੇ ਕਿਰਦਾਰ ਲਈ ਰਣਦੀਪ ਹੁੱਡਾ ਨੇ ਆਪਣੀ ਮਾਨਸਿਕ ਸਥਿਤੀ ਬਿਆਨ ਕੀਤੀ ਹੈ
ਇੱਕ ਕਲਾਕਾਰ ਨੇ ਫ਼ਿਲਮ ਦੇ ਕਿਰਦਾਰ ਲਈ ਕਈ ਦਿਨਾਂ ਦੀ ਰਿਹਰਸਲ ਕੀਤੀ ਤੇ ਫ਼ਿਰ ਉਸ ਕਿਰਦਾਰ ਨੂੰ ਤਿੰਨ ਸਾਲ ਤੱਕ ਜੀਵਿਆ। ਫ਼ਿਲਮ ਦੇ ਮੁਕੰਮਲ ਹੋਣ ਦੀ ਉਡੀਕ ਬੇਅੰਤ ਹੋ ਗਈ ਅਤੇ ਕਿਰਦਾਰ ਵਿੱਚ ਖੁੱਭ ਚੁੱਕੇ ਕਲਾਕਾਰ ਲਈ ਉਸ ਤੋਂ ਬਾਹਰ ਆਉਣਾ ਧਾਰਮਿਕ, ਅਧਿਆਤਮਿਕ ਤੇ ਨਿੱਜੀ ਮਸਲਾ ਹੋ ਨਿਬੜਿਆ।
ਅਸੀਂ ਗੱਲ ਕਰ ਰਹੇ ਹਾਂ ‘ਸਰਬਜੀਤ ਸਿੰਘ ਤੇ ਵੀਰ ਸਰਵਰਕਰ ਵਰਗੇ ਕਿਰਦਾਰ ਨਿਭਾਉਣ ਵਾਲੇ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਦੀ।
ਹਾਲ ਹੀ ਵਿੱਚ ਹੁੱਡਾ ਨੇ ਇੱਕ ਨਿੱਜੀ ਯੂ-ਟਿਊਬ ਚੈੱਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਕਿਵੇਂ ਮੁਕੰਮਲ ਨਾ ਹੋ ਸਕੀ ਫਿਲਮ ‘ਸਾਰਾਗੜ੍ਹੀ’ ਕਾਰਨ ਉਨ੍ਹਾਂ ਦੀ ਜ਼ਿੰਦਗੀ ਡਿਪਰੈਸ਼ਨ ਵਿੱਚੋਂ ਲੰਘੀ ਤੇ ਕਿਵੇਂ ਉਨ੍ਹਾਂ ਦੇ ਲਏ ਅਹਿਦ ਦੇ ਪੂਰੇ ਨਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਗੁਰਦੁਆਰੇ ਜਾ ਕੇ ਮੁਆਫ਼ੀ ਮੰਗ ਕੇ ਕੇਸ ਕਟਵਾਉਣੇ ਪਏ।
ਸਾਲ 2016 ਵਿੱਚ ਰਣਦੀਪ ਹੁੱਡਾ ਦੇ ਮੁੱਖ ਕਿਰਦਾਰ ਵਾਲੀ ਇੱਕ ਫ਼ਿਲਮ ਦਾ ਐਲਾਨ ਹੋਇਆ। ਫ਼ਿਲਮ ਸੀ ‘ਬੈਟਲ ਆਫ਼ ਸਾਰਾਗੜ੍ਹੀ।’
ਹੁੱਡਾ ਹੌਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾ ਰਹੇ ਸਨ। ਇਹ ਉਹ ਹੀ ਰੋਲ ਸੀ ਜੋ ਅਕਸ਼ੇ ਕੁਮਾਰ ਨੇ ‘ਕੇਸਰੀ’ ਨਾਮ ਦੀ ਫ਼ਿਲਮ ਵਿੱਚ ਨਿਭਾਇਆ, ਜਿਸ ਦਾ ਐਲਾਨ 2018 ਵਿੱਚ ਕੀਤਾ ਗਿਆ ਸੀ।
ਹੁੱਡਾ ਇਸ ਕਿਰਦਾਰ ਲਈ ਤਿਆਰੀ ਕਰਨ ਲੱਗੇ ਤਾਂ ਸਿਰ ’ਤੇ ਵਾਲ ਰੱਖ ਲਏ, ਪੰਜਾਬੀ ਭਾਸ਼ਾ ਸਿੱਖਣ ਲੱਗੇ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਸਹੁੰ ਚੁੱਕ ਕੇ ਆਏ ਕਿ ਜਦੋਂ ਤੱਕ ਫ਼ਿਲਮ ਕਿਸੇ ਨਤੀਜੇ ’ਤੇ ਨਹੀਂ ਪਹੁੰਚਦੀ ਵਾਲ ਨਹੀਂ ਕਟਵਾਉਣਗੇ।
ਪਰ ਇਸ ਤਿਆਰੀ ਦਾ ਅੰਤ ਹੋ ਗਿਆ। ਤਿੰਨ ਸਾਲਾਂ ਤੱਕ ਉਸ ਕਿਰਦਾਰ ਨੂੰ ਅਸਲ ਜ਼ਿੰਦਗੀ ਵਿੱਚ ਜਿਉਣਾ, ਕਿਸੇ ਹੋਰ ਫ਼ਿਲਮ ਲਈ ਹਾਮੀ ਨਾ ਭਰਨਾ ਤੇ ਕਦੀ ਨਕਾਰਾਤਮਕ ਖਿਆਲਾਂ ਦਾ ਸਾਹਮਣਾ ਕਰਨਾ।
ਸਾਰਾਗੜ੍ਹੀ ਫ਼ਿਲਮ ਕਦੇ ਮੁਕੰਮਲ ਨਾ ਹੋਈ
‘ਬੈਟਲ ਆਫ਼ ਸਾਰਾਗੜ੍ਹੀ’ ਫ਼ਿਲਮ ਬਣਾਉਣ ਦਾ ਐਲਾਨ ਸਾਲ 2016 ਵਿੱਚ ਹੋਇਆ। ਰਾਜ ਕੁਮਾਰ ਸੰਤੋਸ਼ੀ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕਰਨਾ ਸੀ ਤੇ ਰਣਦੀਪ ਹੁੱਡਾ ਨੇ ਇਸ ਵਿੱਚ ਮੁੱਖ ਕਿਰਦਾਰ ਹੌਲਦਾਰ ਈਸ਼ਰ ਸਿੰਘ ਦਾ ਨਿਭਾਉਣਾ ਸੀ।
ਹੁੱਡਾ ਨਾਲ 20 ਹੋਰ ਕਲਾਕਾਰ ਸਨ ਜਿਨ੍ਹਾਂ ਨੇ ਸਿੱਖੀ ਸਰੂਪ ਧਾਰਨ ਕੀਤਾ ਹੋਇਆ ਸੀ। ਉਨ੍ਹਾਂ ਦੀ ਬਕਾਇਦਾ ਟਰੇਨਿੰਗ ਵੀ ਸ਼ੁਰੂ ਹੋਈ।
ਕੀ ਸੀ ਸਾਰਾਗੜ੍ਹੀ ਦੀ ਲੜਾਈ
ਪਠਾਨ ਕਿਲ੍ਹੇ ਦੀਆਂ ਕੰਧਾਂ ਦੇ ਹੇਠਲੇ ਹਿੱਸੇ ''ਚ 7 ਫੁੱਟ ਵੱਡੀ ਮੋਰੀ ਕਰਨ ਵਿੱਚ ਸਫ਼ਲ ਰਹੇ
12 ਸਤੰਬਰ 1897 ਨੂੰ ਸਵੇਰੇ 8 ਵਜੇ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਦੌੜ ਕੇ ਅੰਦਰ ਖ਼ਬਰ ਦਿੱਤੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ (ਨਿਸ਼ਾਨ) ਦੇ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ।
ਉਨ੍ਹਾਂ ਦੀ ਗਿਣਤੀ 8 ਹਜ਼ਾਰ ਤੋਂ 14 ਹਜ਼ਾਰ ਵਿਚਾਲੇ ਸੀ।
ਸਾਰਾਗੜ੍ਹੀ ਦਾ ਕਿਲ੍ਹਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਕੋਹਾਟ ਜਿਲ੍ਹੇ ''ਚ ਕਰੀਬ 6 ਹਜ਼ਾਰ ਫੁੱਟ ਦੀ ਉਚਾਈ ''ਤੇ ਹੈ।
ਇਹ ਉਹ ਇਲਾਕਾ ਹੈ ਜਿੱਥੇ ਰਹਿਣ ਵਾਲੇ ਲੋਕਾਂ ''ਤੇ ਅੱਜ ਤੱਕ ਕਿਸੇ ਸਰਕਾਰ ਦਾ ਰਾਜ਼ ਨਹੀਂ ਹੋ ਸਕਿਆ।
3 ਸਤੰਬਰ 1897 ਨੂੰ ਪਠਾਣਾਂ ਦੇ ਵੱਡੇ ਲਸ਼ਕਰ ਨੇ ਇਨ੍ਹਾਂ ਤਿੰਨਾਂ ਕਿਲ੍ਹਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਕਰਨਲ ਹਾਟਨ ਨੇ ਕਿਸੇ ਤਰ੍ਹਾਂ ਹਾਲਾਤ ਨੂੰ ਸੰਭਾਲ ਲਿਆ।
ਪਰ 12 ਸਤੰਬਰ ਨੂੰ ਓਰਕਜ਼ਈਆਂ ਨੇ ਗੁਲਿਸਤਾਂ, ਲੌਕਹਾਰਟ ਅਤੇ ਸਾਰਾਗੜ੍ਹੀ ਤਿੰਨ੍ਹਾਂ ਕਿਲ੍ਹਿਆਂ ਨੂੰ ਘੇਰ ਲਿਆ ਅਤੇ ਲੌਕਹਾਰਟ ਤੇ ਗੁਲਿਸਤਾਂ ਨੂੰ ਸਾਰਾਗੜ੍ਹੀ ਤੋਂ ਵੱਖ ਕਰ ਦਿੱਤਾ।
ਪਹਿਲੇ ਇੱਕ ਘੰਟੇ ''ਚ ਹੀ ਪਠਾਨਾਂ ਦੇ 60 ਸੈਨਿਕ ਮਾਰੇ ਗਏ ਸਨ ਅਤੇ ਸਿੱਖਾਂ ਵੱਲੋਂ ਸਿਪਾਹੀ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ ਅਤੇ ਨਾਇਕ ਲਾਲ ਸਿੰਘ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ।
ਪਠਾਣਾਂ ਦਾ ਪਹਿਲਾ ਹਮਲਾ ਅਸਫ਼ਲ ਹੋ ਗਿਆ, ਉਹ ਬਿਨਾਂ ਕਿਸੇ ਮਕਸਦ ਦੇ ਇਧਰ-ਉਧਰ ਦੌੜਣ ਲੱਗੇ ਪਰ ਉਨ੍ਹਾਂ ਨੇ ਸਿੱਖਾਂ ''ਤੇ ਗੋਲੀ ਚਲਾਉਣੀ ਬੰਦ ਨਹੀਂ ਕੀਤੀ।
ਸਿੱਖ ਵੀ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ ਪਰ ਹਜ਼ਾਰਾਂ ਫਾਇਰ ਕਰਦਿਆਂ ਹੋਇਆ ਪਠਾਨਾਂ ਦੇ ਸਾਹਮਣੇ 21 ਰਾਇਫਲਾਂ ਦੀ ਕੀ ਪੇਸ਼ ਸੀ।
ਸਾਰਾਗੜ੍ਹੀ ਫ਼ਿਲਮ ਕਿਸ ਲੜਾਈ ਉੱਤੇ ਬਣੀ
ਸਾਰਾਗੜ੍ਹੀ ਦੀ ਜੰਗ ਕਰੀਬ 7 ਘੰਟੇ ਚੱਲੀ ਸੀ
ਫ਼ਿਲਮ 12 ਸਤੰਬਰ 1897 ਨੂੰ ਹਜ਼ਾਰਾਂ ਪਠਾਣਾਂ ਅਤੇ 21 ਸਿੱਖਾਂ ਦਰਮਿਆਨ ਹੋਈ ਜੰਗ ’ਤੇ ਅਧਾਰਿਤ ਹੈ ਜਿਨ੍ਹਾਂ ਨੇ 8 ਹਜ਼ਾਰ ਤੋਂ 14 ਹਜ਼ਾਰ ਵਿਚਾਲੇ ਆਏ ਪਠਾਣ ਹਮਲਾਵਰਾਂ ’ਤੇ ਜਿੱਤ ਦਰਜ ਕਰਵਾਈ ਸੀ।
ਫ਼ਿਲਮ ਦੀ ਟਰੇਨਿੰਗ ਦੌਰਾਨ ਕਲਾਕਾਰਾਂ ਨੇ ਪੰਜਾਬੀ ਵਿੱਚ ਪਰਪੱਖਤਾ ਲਿਆਉਣ ਦਾ ਅਭਿਆਸ ਕੀਤਾ, ਇੱਕ ਫ਼ੌਜੀ ਵਰਗੀ ਜ਼ਿੰਦਗੀ ਜਿਉਣਾ ਵੀ ਸਿੱਖਿਆ ਪਰ ਇਹ ਫ਼ਿਲਮ ਠੰਢੇ ਬਸਤੇ ਵਿੱਚ ਪੈ ਗਈ।
ਇੱਕ ਨਿੱਜੀ ਚੈੱਨਲ ਨੂੰ ਦਿੱਤੇ ਇੰਟਰਵਿਊ ਵਿੱਚ ਰਣਦੀਪ ਹੁੱਡਾ ਨੇ ਫ਼ਿਲਮ ਦੇ ਪੂਰੇ ਨਾ ਹੋਣ ਬਾਰੇ ਦੱਸਿਆ।
ਉਨ੍ਹਾਂ ਕਿਹਾ, “ਫ਼ਿਲਮ ਅਣਜਾਣ ਤੇ ਬੇਤੁਕੇ ਕਾਰਨਾਂ ਕਰਕੇ ਸਿਰੇ ਨਾ ਚੜ੍ਹ ਸਕੀ। ਖ਼ੈਰ, ਮੈਂ ਸਾਰਾਗੜ੍ਹੀ ਲਈ ਤਿੰਨ ਸਾਲ ਕੰਮ ਕੀਤਾ ਤੇ ਫ਼ਿਲਮ ਜੀਅ ਲਈ ਪਰ ਇਹ ਲੋਕਾਂ ਕੋਲ ਨਹੀਂ ਪਹੁੰਚ ਸਕੀ।”
‘ਕਿਰਦਾਰ ਵਿੱਚ ਢਲਣ ਤੋਂ ਡਰ ਲੱਗਣ ਲੱਗਿਆ’
ਫ਼ਿਲਮ ਸਾਰਾਗੜ੍ਹੀ ਲਈ ਆਪਣੇ ਕਿਰਦਾਰ ਹੌਲਦਾਰ ਈਸ਼ਰ ਸਿੰਘ ਦੇ ਪਹਿਰਾਵੇ ਵਿੱਚ ਰਣਦੀਪ ਹੁੱਡਾ
ਰਣਦੀਪ ਹੁੱਡਾ ਨੇ ਉਨ੍ਹਾਂ ਵੱਲੋਂ ਵਧੇਰੇ ਬਾਇਓਪਿਕ ਕਿਰਦਾਰ ਨਿਭਾਏ ਜਾਣ ਬਾਰੇ ਦੱਸਿਆ, “ਮੈਨੂੰ ਬਾਇਓਪਿਕ ਕਰਨਾ ਜ਼ਿਆਦਾ ਚੰਗਾ ਲੱਗਦਾ ਹੈ। ਇਸੇ ਲਈ ਮੈਂ ਕਈ ਅਸਲ ਜ਼ਿੰਦਗੀ ਦੇ ਨਾਇਕਾਂ ਬਾਰੇ ਫ਼ਿਲਮਾਂ ਕੀਤੀਆਂ ਹਨ।”
“ਪਰ ਸਾਰਾਗੜ੍ਹੀ ਫ਼ਿਲਮ ਨਾ ਬਣ ਸਕਣ ਤੋਂ ਬਾਅਦ ਮੈਨੂੰ ਮਹਿਸੂਸ ਹੋਣ ਲੱਗਿਆ ਕਿ ਮੈਂ ਕਿਰਦਾਰ ਵਿੱਚ ਜ਼ਿਆਦਾ ਹੀ ਖੁੱਭਦਾ ਹਾਂ ਜੋ ਕਿ ਸ਼ਾਇਦ ਨਹੀਂ ਕਰਨਾ ਚਾਹੀਦਾ।”
“ਮੈਂ ਖ਼ੁਦ ਨੂੰ ਕਹਿਣ ਲੱਗਿਆ ਕਿ ਆਪਣੇ ਆਪ ਨੂੰ ਕਿਰਦਾਰ ਲਈ ਢਾਲਣ ਵਾਲਾ ਕੰਮ ਕਰਨਾ ਹੀ ਬੰਦ ਕਰ ਦੇਵਾਂ। ਪਰ ਮੈਂ ਇਸ ਸਿੱਖ ਕਿਰਦਾਰ ਤੋਂ ਬਹੁਤ ਕੁਝ ਸਿੱਖਿਆ।’’
‘ਸਿੱਖੀ ਦੀ ਸੋਚ ਨੇ ਮੇਰਾ ਗ਼ਰੂਰ ਖ਼ਤਮ ਕਰ ਦਿੱਤਾ’
ਹੁੱਡਾ ਨੇ ਨਿੱਜੀ ਯੂਟਿਊਬ ਚੈੱਨਲ ਬਾਲੀਵੁੱਡ ਹੰਗਾਮਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸਾਰਾਗੜ੍ਹੀ ਫ਼ਿਲਮ ਦੌਰਾਨ ਸਿੱਖੀ ਸਰੂਪ ਧਾਰਨ ਕਰਨ ਨਾਲ ਜੁੜੇ ਆਪਣੇ ਅਹਿਸਾਸਾਂ ਬਾਰੇ ਗੱਲ ਕੀਤੀ।
ਉਨ੍ਹਾਂ ਦੱਸਿਆ, “ਮੈਂ ਪਹਿਲੀ ਵਾਰ ਦਰਬਾਰ ਸਾਹਿਬ ਗਿਆ ਸੀ, ਮਿਊਜ਼ੀਅਮ ਦੇਖਿਆ। ਸਿੱਖੀ ਬਾਰੇ ਖ਼ੁਸ਼ਵੰਤ ਸਿੰਘ ਦੀ ਲਿਖੀ ਕਿਤਾਬ ‘ਹਿਸਟਰੀ ਆਫ਼ ਸਿਖਸ’ ਸਣੇ ਕਈ ਹੋਰ ਕਿਤਾਬਾਂ ਵੀ ਪੜ੍ਹੀਆਂ।”
“ਮਿਊਜ਼ੀਅਮ ਵਿਚਲੀਆਂ ਤਸਵੀਰਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਜਦੋਂ ਮੈਂ ਗੁਰਦੁਆਰੇ ਅੰਦਰ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਦੇਖਿਆ ਤਾਂ ਇਹ ਕਹਿਣ ਲਈ ਮਜਬੂਰ ਹੋ ਗਿਆ ਕਿ ਤੁਹਾਡੇ ਸਿੱਖਾਂ ਨੇ ਮਨੁੱਖਤਾ ਤੇ ਹਿੰਦੂਸਤਾਨ ਲਈ ਬਹੁਤ ਕੁਝ ਕੀਤਾ, ਜੇ ਮੈਂ ਕੁਝ ਕਰ ਸਕਦਾ ਤਾਂ ਉਹ ਸਿਰਫ਼ ਇੰਨਾ ਕਿ ਜਦੋਂ ਤੱਕ ਇਸ ਫ਼ਿਲਮ ਬਾਰੇ ਕੋਈ ਫ਼ੈਸਲਾ ਨਹੀਂ ਹੋ ਜਾਂਦਾ ਮੈਂ ਕੇਸ ਨਹੀਂ ਕਟਾਵਾਂਗਾ।”
“ਇਹ ਕਹਿੰਦਿਆਂ ਹੀ ਮੈਂ ਇੱਕ ਵੱਖਰੀ ਤਾਕਤ ਮਹਿਸੂਸ ਕੀਤੀ। ਪਹਿਲੀ ਚੀਜ਼ ਜਿਹੜੀ ਹੋਈ ਉਹ ਸੀ ਮੇਰਾ ਗ਼ਰੂਰ ਖ਼ਤਮ ਹੋ ਗਿਆ। ਮੈਂ ਇੱਕ ਐਕਟਰ ਹਾਂ ਤੇ ਕਿਸੇ ਅਦਾਕਾਰ ਲਈ ਗ਼ਰੂਰ ਤੋਂ ਛੁਟਕਾਰਾ ਪਾ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ।”
“ਪਰ ਕੁਝ ਅਣਜਾਣ ਤੇ ਬੇਤਰਕੇ ਕਾਰਨਾਂ ਕਰਕੇ ਫ਼ਿਲਮ ਸਿਰੇ ਨਾ ਚੜ੍ਹ ਸਕੀ।”
ਤਿੰਨ ਸਾਲ ਤੱਕ ਕੰਮ ਨਾ ਕਰਨਾ
ਹੁੱਡਾ ਨੇ ਦੱਸਿਆ ਕਿ ਉਨ੍ਹਾਂ ਨੇ ਈਸ਼ਰ ਸਿੰਘ ਦੇ ਕਿਰਦਾਰ ਨੂੰ ਤਿੰਨ ਸਾਲ ਤੱਕ ਅਸਲ ਜ਼ਿੰਦਗੀ ਵਿੱਚ ਨਿਭਾਇਆ।
ਉਹ ਦੱਸਦੇ ਹਨ,“ਇਸ ਦੌਰਾਨ ਮੇਰਾ ਵਿਸ਼ਵਾਸ ਪੁਖ਼ਤਾ ਹੁੰਦਾ ਗਿਆ। ਮੈਂ ਤਿੰਨ ਸਾਲਾਂ ਤੱਕ ਕੋਈ ਕੰਮ ਨਹੀਂ ਕੀਤਾ। ਇਹ ਉਹ ਦੌਰ ਸੀ ਜਦੋਂ ਸਰਬਜੀਤ, ਲਾਲ ਰੰਗ, ਸੁਲਤਾਨ ਵਰਗੀਆਂ ਫ਼ਿਲਮਾਂ ਆ ਰਹੀਆਂ ਸਨ ਤੇ ਮੈਨੂੰ ਹਰ ਰੋਜ਼ ਆਫ਼ਰ ਮਿਲ ਰਹੇ ਸਨ, ਚੌਫ਼ੇਰੇ ਪੈਸਿਆਂ ਦੇ ਆਫ਼ਰ ਸਨ।”
“ਪਰ ਇੱਕ ਸਿੱਖ ਵਜੋਂ ਤੇ ਗੁਰੂ ਗ੍ਰੰਥ ਸਾਹਿਬ ਮੁਹਰੇ ਮੇਰੇ ਇਕਰਾਰ ਕਰਕੇ ਮੈਂ ਹੋਰ ਕੁਝ ਨਹੀਂ ਕੀਤਾ ਤੇ ਮੇਰਾ ਸਿੱਖ ਧਰਮ ਵਿੱਚ ਵਿਸ਼ਵਾਸ ਹੋਰ ਪੱਕਾ ਹੁੰਦਾ ਗਿਆ।”
“ਮੈਂ ਇਸ ਗੱਲ ਲਈ ਵੀ ਸਪੱਸ਼ਟ ਹੋ ਗਿਆ ਤੇ ਸੁਚੇਤ ਫ਼ੈਸਲਾ ਲਿਆ ਕਿ ਕਿਸੇ ਵੀ ਅਜਿਹੇ ਸਿੱਖ ਦਾ ਕਿਰਦਾਰ ਨਹੀਂ ਨਿਭਾਉਣਾ ਜੋ ਮਜ਼ਾਕ ਦਾ ਪਾਤਰ ਹੋਵੇ। ਮੇਰੀ ਨਜ਼ਰੇ ਸਿੱਖ ਬਹੁਤ ਹੀ ਸੱਭਿਅਕ, ਧਾਰਮਿਕ ਤੇ ਡੂੰਘੇ ਗਿਆਨਵਾਨ ਲੋਕ ਹਨ।”
‘ਕੇਸ ਕਟਵਾਉਣਾ, ਅੰਗ ਕਟਵਾਉਣ ਵਰਗਾ ਸੀ’
ਹੁੱਡਾ ਨੇ ਇੰਟਰਵਿਊ ਵਿੱਚ ਦੱਸਿਆ ਕਿ ਉਨ੍ਹਾਂ ਤਿੰਨ ਸਾਲਾਂ ਤੱਕ ਚਿਹਰੇ ਜਾਂ ਸਿਰ ਦੇ ਵਾਲ ਨਹੀਂ ਕਟਵਾਏ ਅਤੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਖਾਧੀ ਸਹੁੰ ਨੂੰ ਦਿਲੋਂ ਨਿਭਾਇਆ।
ਉਹ ਦੱਸਦੇ ਹਨ, “ਇਹ ਦੌਰ ਉਤਰਾਅ-ਚੜਾਅ ਭਰਿਆ ਸੀ, ਇੱਕ ਪਾਸੇ ਵਿਚਾਰਧਾਰਕ ਤੌਰ ’ਤੇ ਸਪੱਸ਼ਟਤਾ ਹੋ ਰਹੀ ਸੀ, ਸਥਿਰਤਾ ਆ ਰਹੀ ਸੀ ਤੇ ਦੂਜੇ ਪਾਸੇ ਕਈ ਵਾਰ ਨਿਰਾਸ਼ਾ ਵੀ ਮਹਿਸੂਸ ਹੁੰਦੀ ਸੀ।”
ਇੱਕ ਹਾਲੀਵੁੱਡ ਫ਼ਿਲਮ ਦੀ ਆਫ਼ਰ ਤੋਂ ਬਾਅਦ ਰਣਦੀਪ ਹੁੱਡਾ ਨੇ ਵਾਲ ਕਟਵਾਉਣ ਦਾ ਫ਼ੈਸਲਾ ਲਿਆ। ਉਹ ਦੱਸਦੇ ਹਨ ਕਿ ਇਹ ਉਨ੍ਹਾਂ ਲਈ ਇੱਕ ਔਖਾ ਕਦਮ ਸੀ।
“ਮੈਂ ਗੁਰਦੁਆਰੇ ਗਿਆ ਅਤੇ ਦਰਬਾਰ ਸਾਹਿਬ ਸਾਹਮਣੇ ਮੁਆਫ਼ੀ ਮੰਗੀ। ਮੈਂ ਕਿਹਾ ਮੇਰਾ ਇਹ ਕਰਮ ਹੈ, ਵੱਖ-ਵੱਖ ਰੂਪ ਧਾਰਨ ਕਰਨਾ। ਫ਼ਿਰ ਜਦੋਂ ਵਾਲ ਕਟਵਾਏ ਤਾਂ ਲੱਗਿਆ ਜਿਵੇਂ ਸਰੀਰ ਨਾਲੋਂ ਕੁਝ ਅਲੱਗ ਹੋ ਗਿਆ ਹੈ।”
ਡਿਪਰੈਸ਼ਨ ਦਾ ਦੌਰ
ਨੈੱਟਫ਼ਲਿਕਸ ਦੀ ਸੀਰੀਜ਼ ‘ਕੈਟ’ ਦੌਰਾਨ ਰਣਦੀਪ ਹੁੱਡਾ
ਇਸ ਦੌਰਾਨ ਹੁੱਡਾ ਆਪਣੇ ਡਿਪਰੈਸ਼ਨ ਬਾਰੇ ਵੀ ਗੱਲ ਕਰਦੇ ਹਨ।
ਉਹ ਕਹਿੰਦੇ ਹਨ, “ਮੈਂ ਜਿਨ੍ਹਾਂ ਦਿਨਾਂ ਵਿੱਚ ਫ਼ਿਲਮ ਦੀ ਉਡੀਕ ਕਰ ਰਿਹਾ ਸੀ ਤਾਂ ਕਈ ਵਾਰ ਅਜਿਹੇ ਮੌਕੇ ਆਏ ਜਦੋਂ ਅੱਗੇ ਕੁਝ ਨਜ਼ਰ ਹੀ ਨਹੀਂ ਸੀ ਆਉਂਦਾ। ਮੈਂ ਗੰਭੀਰ ਡਿਪਰੈਸ਼ਨ ਵਿੱਚੋਂ ਗੁਜ਼ਰਿਆ। ਪਰ ਫ਼ਿਰ ਵੀ ਸੋਚ ਰਿਹਾ ਸੀ ਕਿ ਦਾੜੀ ਨਹੀਂ ਕੱਟਣੀ।”
“ਇਸੇ ਦੌਰ ਵਿੱਚ ਮੈਂ ਹਾਲੀਵੁੱਡ ਫ਼ਿਲਮ ਅਕਸਟਰੈਕਸ਼ਨ ਸਾਈਨ ਕੀਤੀ ਸੀ।”
“ਮੇਰੇ ਮਾਤਾ-ਪਿਤਾ ਮੈਨੂੰ ਇਕੱਲਿਆਂ ਨਹੀਂ ਛੱਡਦੇ ਸਨ। ਫ਼ਿਰ ਮੈਂ ਮੇਰੇ ਮਾਤਾ-ਪਿਤਾ ਤੋਂ ਬਚਣ ਲਈ ਕਮਰਾ ਬੰਦ ਕਰਕੇ ਸੌਣ ਲੱਗਿਆ ਕਿ ਕਿਤੇ ਕੋਈ ਮੇਰੇ ਵਾਲ ਨਾ ਕੱਟ ਦੇਵੇ। ਪਰ ਹੁਣ ਮੈਂ ਆਪਣਾ ਰਵੱਈਆ ਬਦਲਣ ਬਾਰੇ ਸੋਚ ਰਿਹਾ ਹਾਂ।”
ਸਾਰਾਗੜ੍ਹੀ ਫ਼ਿਲਮ ਦੀ ਤਿਆਰੀ
ਤਲਵਿੰਦਰ ਸਿੰਘ ਭੁੱਲਰ ਵੀ ਸਾਰਾਗੜ੍ਹੀ ਉੱਤੇ ਬਣਨ ਵਾਲੀ ਫ਼ਿਲਮ ਵਿੱਚ ਰਣਦੀਪ ਹੁੱਡਾ ਨਾਲ ਕੰਮ ਕਰ ਚੁੱਕੇ ਹਨ
ਸਾਰਾਗੜ੍ਹੀ ਫ਼ਿਲਮ ਦੀ ਤਿਆਰੀ ਲਈ ਇਸ ਦੇ ਕਲਾਕਾਰਾਂ ਨੇ ਰਣਦੀਪ ਹੁੱਡਾ ਅਤੇ ਨਿਰਦੇਸ਼ਕ ਰਾਜ ਕੁਮਾਰ ਸੰਤੋਸ਼ੀ ਦੀ ਇੱਛਾ ਮੁਤਾਬਕ 20 ਦਿਨਾਂ ਦੀ ਟਰੇਨਿੰਗ ਲਈ।
ਕੈਟ, ਭਾਗ ਮਿਲਖਾ ਭਾਗ ਤੇ ਜੋਗੀ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਕਲਾਕਾਰ ਤਲਵਿੰਦਰ ਸਿੰਘ ਭੁੱਲਰ ਵੀ ਇਸ ਫ਼ਿਲਮ ਦਾ ਹਿੱਸਾ ਸਨ।
ਉਹ 20 ਸਿਪਾਹੀਆਂ ਵਿੱਚੋਂ ਇੱਕ ਭਗਵਾਨ ਸਿੰਘ ਦੇ ਕਿਰਦਾਰ ਲਈ ਚੁਣੇ ਗਏ ਸਨ।
ਭੁੱਲਰ ਨੇ ਫ਼ਿਲਮ ਲਈ ਕੀਤੀ ਆਪਣੀ ਤਿਆਰੀ ਬਾਰੇ ਦੱਸਿਆ।
ਉਹ ਕਹਿੰਦੇ ਹਨ, “ਤਿਆਰੀ ਲਈ ਹੁੱਡਾ ਅਤੇ ਸੰਤੋਸ਼ੀ ਬਹੁਤ ਸਪੱਸ਼ਟ ਸਨ। ਰਾਜ ਕੁਮਾਰ ਸੰਤੋਸ਼ੀ ਚਾਹੁੰਦੇ ਸਨ ਕਿ ਅਸਲੀ ਸਿੱਖ ਫ਼ਿਲਮ ਵਿੱਚ ਕਿਰਦਾਰ ਨਿਭਾਉਣ। ਉਨ੍ਹਾਂ ਨੇ ਭਾਰਤ ਭਰ ਵਿੱਚੋਂ ਕਰੀਬ 30 ਬੰਦੇ ਚੁਣੇ ਅਤੇ ਉਨ੍ਹਾਂ ਵਿੱਚੋਂ 21 ਨੂੰ ਵੱਖ-ਵੱਖ ਕਿਰਦਾਰ ਦਿੱਤੇ ਗਏ।”
“ਰਣਦੀਪ ਹੁੱਡਾ ਦਾ ਮੱਤ ਸੀ ਕਿ ਜਿਹੜੇ ਲੋਕਾਂ ਦਾ ਰਿਸ਼ਤਾ ਅਸੀਂ ਫ਼ਿਲਮ ਵਿੱਚ ਦਿਖਾਉਣਾ ਚਾਹੁੰਦੇ ਹਾਂ ਤਾਂ ਉਸ ਲਈ ਸਾਨੂੰ ਇਕੱਠੇ ਰਹਿਣਾ ਚਾਹੀਦਾ ਹੈ। ਟਰੇਨਿੰਗ ਦੌਰਾਨ ਸਾਰੇ ਕਿਰਦਾਰ ਪੂਰਾ ਸਮਾਂ ਇਕੱਠੇ ਰਹਿੰਦੇ।”
ਭੁੱਲਰ ਦੱਸਦੇ ਹਨ, “ਸਾਰਾਗੜ੍ਹੀ ਬਟਾਲੀਅਨ ਲਈ ਸਾਨੂੰ ਫ਼ੌਜੀਆਂ ਵਾਂਗ ਹੀ ਰੱਖਿਆ ਗਿਆ ਸੀ। ਬਕਾਇਦਾ ਡਰਿੱਲ ਹੁੰਦੀ ਸੀ।”
“20 ਕੁ ਦਿਨ ਦੀ ਇਸ ਟਰੇਨਿੰਗ ਵਿੱਚ ਘੋੜ ਸਵਾਰੀ ਸਿਖਾਈ ਗਈ, ਸਵੇਰ ਨੂੰ ਐਕਸਰਸਾਈਜ਼ ਯਾਨੀ ਉਹ ਸਭ ਜੋ ਕੋਈ ਫੌਜੀ ਰੋਜ਼ ਕਰਦਾ ਹੈ। ਸਾਡੀ ਟਰੇਨਿੰਗ ਦਾ ਹਿੱਸਾ ਸੀ।”
ਟਰੇਨਿੰਗ ਦੌਰਾਨ ਹੁੱਡਾ ਦਾ ਰਵੱਈਆ
ਸਾਰਾਗੜ੍ਹੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਰਣਦੀਪ ਹੁੱਡਾ ਸਾਥੀ ਕਲਾਕਾਰਾਂ ਨਾਲ
ਭੁੱਲਰ ਦੱਸਦੇ ਹਨ,“ਟਰੇਨਿੰਗ ਦੌਰਾਨ ਰਣਦੀਪ ਹੁੱਡਾ ਅਸਲ ਜ਼ਿੰਦਗੀ ਵੀ ਫ਼ਿਲਮੀ ਕਿਰਦਾਰ ਵਰਗੀ ਹੀ ਨਿਭਾਉਂਦੇ ਸਨ। ਉਹ ਪੰਜਾਬੀ ਬੋਲਦੇ ਸੀ ਤੇ ਨਾਲ ਰਹਿ ਰਹੇ ਪੰਜਾਬੀ ਬੋਲਣ ਵਾਲੇ ਸਾਥੀਆਂ ਨੂੰ ਉਨ੍ਹਾਂ ਦੀ ਹਦਾਇਤ ਸੀ ਕਿ ਜੇ ਉਹ ਕੋਈ ਸ਼ਬਦ ਸ਼ੁੱਧ ਰੂਪ ਵਿੱਚ ਨਾ ਬੋਲ ਸਕਣ ਤਾਂ ਉਨ੍ਹਾਂ ਨੂੰ ਟੋਕ ਕੇ ਸੁਧਾਰਿਆ ਜਾਵੇ, ਉਚਾਰਣ ਸਹੀ ਕਰਵਾਇਆ ਜਾਵੇ।”
ਤਿੰਨ ਸਾਲ ਤੱਕ ਕੇਸ ਰੱਖਣ ਨੂੰ ਲੈ ਕੇ ਤਲਵਿੰਦਰ ਕਹਿੰਦੇ ਹਨ ਕਿ ਕੇਸ ਰੱਖਣ ਪਿੱਛੇ ਫ਼ਿਲਮ ਦੀ ਉਡੀਕ ਸੀ ਤੇ ਆਸ ਸੀ ਕਿ ਇੱਕ ਨਾ ਇੱਕ ਦਿਨ ਫ਼ਿਲਮ ਸ਼ੁਰੂ ਹੋ ਜਾਵੇਗੀ।
ਹੁੱਡਾ ਦੀ ਨਿਰਾਸ਼ਾ ਬਾਰੇ ਵੀ ਭੁੱਲਰ ਦੱਸਦੇ ਹਨ, “ਇਸ ਦੌਰਾਨ ਹੁੱਡਾ ਡਿਪਰੈਸ਼ਨ ਦਾ ਸ਼ਿਕਾਰ ਵੀ ਹੋਏ। ਉਹ ਕਈ ਵਾਰ ਇਹ ਉਲਾਂਭਾ ਵੀ ਦਿੰਦੇ ਸਨ ਕਿ ਸਿੱਖਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਫ਼ਿਲਮ ਲਈ ਫ਼ੰਡਿੰਗ ਕਰਨੀ ਚਾਹੀਦੀ ਹੈ ਤਾਂ ਜੋ ਇਹ ਫ਼ਿਲਮ ਬਣਕੇ ਦਰਸ਼ਕਾਂ ਤੱਕ ਪਹੁੰਚ ਸਕੇ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਜ਼ਾਇਸ਼ਾ ਕੌਰ: 8 ਮਹੀਨਿਆਂ ਦੀ ਬੱਚੀ, ਜਿਸ ਦੀ ਜ਼ਿੰਦਗੀ ਲਈ ਸਾਢੇ 17 ਕਰੋੜ ਰੁਪਏ ਦੇ ਟੀਕੇ ਦੀ ਲੋੜ
NEXT STORY