ਖੇਡ ਕਮੈਂਟੇਟਰ ਰਮਨ ਭਨੋਟ ਤੇ ਨੀਤੀ ਰਾਵਤ ਕਮੈਂਟਰੀ ਕਰਦੇ ਹੋਏ
ਅਸ਼ਵਿਨ ਦੀ ਪਹਿਲੀ ਗੇਂਦ, ਥੋੜ੍ਹੀ ਫਲਾਈਟਿਡ, ਆਫ ਸਟੰਪ ਉੱਤੇ ਗੇਂਦ ਦਾ ਟੱਪਾ ਪਿਆ, ਥੋੜ੍ਹੀ ਮਿਡਿਲ ਟਰਨ ਹੋਈ, ਸਟੀਵਨ ਸਮਿੱਥ ਫਰੰਟ ਫੁੱਟ ਉੱਤੇ ਗਏ, ਸ਼ਾਨਦਾਰ ਕਵਰ ਡਰਾਈਵ ਲਗਾਇਆ, ਗੇਂਦ ਬਾਊਂਡਰੀ ਲਾਈਨ ਤੋਂ ਬਾਹਰ ਚੌਕਾ।
ਕੁਝ ਇਸ ਅੰਦਾਜ਼ ਵਿੱਚ ਰੇਡੀਓ ਕਮੈਂਟਰੀ ਹੁੰਦੀ ਹੈ। ਮੈਚ ਦਾ ਅੱਖੀਂ ਡਿੱਠਾ ਹਾਲ ਦਰਸ਼ਕਾਂ ਨੂੰ ਸੁਣਾਉਣਾ, ਉਨ੍ਹਾਂ ਨੂੰ ਅਜਿਹਾ ਮਹਿਸੂਸ ਕਰਵਾਉਣਾ ਜਿਵੇਂ ਉਹ ਮੈਚ ਵਿੱਚ ਮੌਜੂਦ ਹਨ।
ਕ੍ਰਿਕਟ ਦੇ ਹਰ ਚੌਕੇ-ਛੱਕੇ ਬਾਰੇ ਦੱਸਣਾ ਹੋਵੇ, ਫੁੱਟਬਾਲ ਤੇ ਹਾਕੀ ਵਿੱਚ ਖਿਡਾਰੀਆਂ ਦੇ ਗੇਂਦ ਨੂੰ ਗੋਲ ਪੋਸਟ ਵਿੱਚ ਪਹੁੰਚਾਉਣ ਦਾ ਐਲਾਨ ਕਰਨਾ ਹੋਵੇ ਜਿਸ ਰਫ਼ਤਾਰ ਨਾਲ ਗੇਂਦ ਭੱਜ ਰਹੀ ਹੁੰਦੀ ਹੈ, ਉਸੇ ਜੋਸ਼ ਨਾਲ ਕਮੈਂਟਰੀ ਸੁਣਾਈ ਜਾ ਰਹੀ ਹੁੰਦੀ ਹੈ।
ਟੀਵੀ ਕਮੈਂਟਰੀ ਥੋੜ੍ਹੀ ਵੱਖਰੀ ਹੁੰਦੀ ਹੈ ਕਿਉਂਕਿ ਉੱਥੇ ਮੈਚ ਦੇ ਦ੍ਰਿਸ਼ ਨਜ਼ਰ ਆ ਰਹੇ ਹੁੰਦੇ ਹਨ। ਉੱਥੇ ਗੇਮ ਦੀ ਸਮੀਖਿਆ ਵੱਧ ਹੁੰਦੀ ਹੈ ਪਰ ਹਾਂ ਟੀਵੀ ਹੋਵੇ ਜਾਂ ਰੇਡੀਓ ਖੇਡ, ਖਿਡਾਰੀ, ਨਿਯਮ ਸਣੇ ਕਮੈਂਟਰੀ ਵੀ ਖੇਡ ਦੇ ਰੰਗਾਂ ਵਿੱਚੋਂ ਇੱਕ ਅਹਿਮ ਰੰਗ ਹੈ।
ਤੁਸੀਂ ਜੇ ਮੈਚ ਸਟੇਡੀਅਮ ਤੋਂ ਬਾਹਰ ਵੇਖ ਰਹੇ ਹੋ ਤਾਂ ਬਿਨਾਂ ਕਮੈਂਟਰੀ ਦੇ ਮੈਚ ਵੇਖਣ ਦੀ ਸ਼ਾਇਦ ਤੁਸੀਂ ਕਲਪਨਾ ਨਹੀਂ ਕਰ ਸਕਦੇ ਹੋ।
ਡਿਜੀਟਲ ਬ੍ਰੌਡਕਾਸਟ ਦੇ ਜ਼ਮਾਨੇ ਵਿੱਚ ਲਾਈਵ ਟੈਕਸਟ ਕਮੈਂਟਰੀ ਤੱਕ ਆ ਚੁੱਕੀ ਹੈ ਜਿਸ ਵਿੱਚ ਸ਼ਬਦਾਂ ਦੇ ਜਾਦੂ ਨਾਲ ਕਮੈਂਟਰੀ ਲਿਖਣ ਵਾਲੇ ਪੂਰੇ ਮੈਚ ਦਾ ਹਾਲ ਬਾਖੂਬੀ ਦੱਸਦੇ ਹਨ।
ਖੇਡ ਦਾ ਪ੍ਰਸਾਰ ਤੇ ਦਾਇਰਾ ਵਧਿਆ
ਦਿਨੇਸ਼ ਕਾਰਤਿਕ ਕਮੈਂਟਰੀ ਕਰਦੇ ਹੋਏ
ਭਾਰਤ ਸਣੇ ਦੁਨੀਆਂ ਦੇ ਹੋਰ ਮੁਲਕਾਂ ਵਿੱਚ ਕਈ ਸਪੋਰਟਸ ਲੀਗ ਬਣ ਚੁੱਕੀਆਂ ਹਨ। ਭਾਰਤ ਵਿੱਚ ਇਸ ਵੇਲੇ ਕ੍ਰਿਕਟ ਨਾਲ ਜੁੜੀਆਂ ਕਈ ਲੀਗਜ਼ ਹਨ। ਆਈਪੀਐੱਲ ਤਾਂ ਬੀਸੀਸੀਆਈ ਦੀ ਮਸ਼ਹੂਰ ਲੀਗ ਹੈ। ਇਸ ਦੇ ਨਾਲ ਹੀ ਕਈ ਸੂਬਾ ਪੱਧਰੀ ਲੀਗਜ਼ ਵੀ ਬਣ ਚੁੱਕੀਆਂ ਹਨ।
ਕ੍ਰਿਕਟ ਤੋਂ ਇਲਾਵਾ ਫੁੱਟਬਾਲ, ਹਾਕੀ, ਬੈਡਮਿੰਟਨ ਤੇ ਕਬੱਡੀ ਦੀਆਂ ਲੀਗਾਂ ਨੇ ਭਾਰਤ ਵਿੱਚ ਖੇਡ ਦੇ ਦਾਇਰੇ ਨੂੰ ਕਾਫੀ ਵਧਾਇਆ ਹੈ।
ਹਰ ਅਹਿਮ ਮੁਕਾਬਲਾ ਟੀਵੀ ਤੇ ਡਿਜੀਟਲ ਮੀਡੀਆ ਉੱਤੇ ਦਿਖਾਇਆ ਜਾਂਦਾ ਹੈ। ਅੰਗਰੇਜ਼ੀ ਤੇ ਹਿੰਦੀ ਵਿੱਚ ਕਮੈਂਟਰੀ ਵੀ ਹੁੰਦੀ ਹੈ। ਹੁਣ ਤਾਂ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਵਿੱਚ ਵੀ ਸਪੋਰਟਸ ਚੈਨਲਜ਼ ਕਮੈਂਟਰੀ ਕਰ ਰਹੇ ਹਨ।
ਹਾਲ ਵਿੱਚ ਹੀ ਪੰਜਾਬੀ ਭਾਸ਼ਾ ਵਿੱਚ ਵੀ ਕਮੈਂਟਰੀ ਕੀਤੀ ਗਈ ਹੈ। ਕੁਝ ਵਕਤ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਸੀ ਜਿਸ ਵਿੱਚ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਪੰਜਾਬੀ ਕਮੈਂਟਰੀ ਦਾ ਆਨੰਦ ਲੈਂਦੇ ਹੋਏ ਨਜ਼ਰ ਆਏ ਸੀ।
ਕਮੈਂਟਰੀ ਦੀ ਕਲਾ ਬਾਰੇ ਖ਼ਾਸ ਗੱਲਾਂ
- ਕ੍ਰਿਕਟ ਕਮੈਂਟਰੀ ਲਈ ਖੇਡ ਦੀ ਸਮਝ, ਭਾਸ਼ਾ ਉੱਤੇ ਪਕੜ ਤੇ ਨਿਯਮਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
- ਡਿਜੀਟਲ ਮੀਡੀਆ ਦੇ ਵਿਸਥਾਰ ਨਾਲ ਕਮੈਂਟਰੀ ਦੀ ਦੁਨੀਆਂ ਦਾ ਵੀ ਵਿਸਥਾਰ ਹੋਇਆ ਹੈ।
- ਹੁਣ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਵੱਖ-ਵੱਖ ਭਾਸ਼ਾਵਾਂ ਵਿੱਚ ਕ੍ਰਿਕਟ ਕਮੈਂਟਰੀ ਬ੍ਰਾਡਕਾਸਟ ਹੁੰਦੀ ਹੈ।
- ਖੇਡ ਕਮੈਂਟਰੀ ਵਿੱਚ ਵਕਤ ਦੇ ਨਾਲ ਔਰਤਾਂ ਲਈ ਵੀ ਮੌਕੇ ਬਣੇ ਹਨ।
- ਇੱਕ ਕਮੈਂਟੇਟਰ ਨੂੰ ਬੋਲਣ ਦੌਰਾਨ ਨਿਰਪੱਖ ਰਹਿਣ ਦੀ ਲੋੜ ਹੈ।
ਖੇਡਾਂ ਦੇ ਪ੍ਰਸਾਰਣ ਦੀ ਸਨਅਤ ਲਗਾਤਾਰ ਵਧ ਰਹੀ ਹੈ। ਕਮੈਂਟਰੀ ਬਾਕਸ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਸਾਬਕਾ ਖਿਡਾਰੀ ਹੀ ਖੇਡ ਦੀ ਕਮੈਂਟਰੀ ਕਰ ਰਹੇ ਹੁੰਦੇ ਹਨ। ਪਰ ਹੁਣ ਹੌਲੀ-ਹੌਲੀ ਹੀ ਸਹੀ ਪਰ ਉਹ ਲੋਕ ਵੀ ਕਮੈਂਟਰੀ ਦੇ ਖੇਤਰ ਵਿੱਚ ਆ ਰਹੇ ਹਨ ਜਿਨ੍ਹਾਂ ਨੇ ਭਾਵੇਂ ਖੇਡ ਨਹੀਂ ਖੇਡੀ ਪਰ ਖੇਡ ਦੀ ਚੰਗੀ ਸਮਝ ਰੱਖਦੇ ਹਨ।
ਇੱਕ ਖੇਡ ਕਮੈਂਟੇਟਰ ਬਣਨ ਲਈ ਕੁਝ ਖ਼ਾਸ ਖੂਬੀਆਂ ਤੇ ਹੁਨਰ ਹੋਣਾ ਚਾਹੀਦਾ ਹੈ।
ਇਸ ਰਿਪੋਰਟ ਵਿੱਚ ਅਸੀਂ ਮਾਹਿਰਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰ ਕਿਵੇਂ ਇੱਕ ਸਪੋਰਟਸ ਕਮੈਂਟੇਟਰ ਬਣਿਆ ਜਾ ਸਕਦਾ ਹੈ।
ਦੋ ਦਹਾਕੇ ਤੋਂ ਵੱਧ ਸਮੇਂ ਤੋਂ ਖੇਡ ਕਮੈਂਟਰੀ ਕਰ ਰਹੇ ਰਮਨ ਭਨੋਟ ਕ੍ਰਿਕਟ ਵਿਸ਼ਵ ਕੱਪ, ਓਲੰਪਿਕ, ਏਸ਼ੀਅਨ ਗੇਮਜ਼ ਸਣੇ ਕਈ ਵੱਡੇ ਕੌਮਾਂਤਰੀ ਤੇ ਕੌਮੀ ਮੁਕਾਬਲਿਆਂ ਵਿੱਚ ਕਮੈਂਟਰੀ ਕਰ ਚੁੱਕੇ ਹਨ।
ਖੇਡ ਦੀ ਸਮਝ ਹੋਣੀ ਜ਼ਰੂਰੀ
ਈਸਾ ਗੂਹਾ ਵੀ ਕਮੈਂਟਰੀ ਦੀ ਦੁਨੀਆਂ ਵਿੱਚ ਜਾਣਿਆ-ਪਛਾਣਿਆ ਨਾਂ ਹੈ
ਰਮਨ ਨੂੰ ਪੁੱਛਿਆ ਗਿਆ ਕਿ ਆਖਿਰ ਕਿਹੜੇ ਹੁਨਰ ਹਨ ਜੋ ਇੱਕ ਖੇਡ ਕਮੈਂਟੇਟਰ ਵਿੱਚ ਹੋਣੇ ਚਾਹੀਦੇ ਹਨ ਤਾਂ ਉਨ੍ਹਾਂ ਨੇ ਖੇਡ ਦੀ ਸਮਝ ਨੂੰ ਸਭ ਤੋਂ ਉੱਤੇ ਰੱਖਿਆ।
ਉਹ ਕਹਿੰਦੇ ਹਨ, “ਸਭ ਤੋਂ ਅਹਿਮ ਚੀਜ਼ ਹੈ ਕਿ ਤੁਸੀਂ ਜਿਸ ਖੇਡ ਦੀ ਕਮੈਂਟਰੀ ਕਰ ਰਹੇ ਹੋ ਉਸ ਦੀ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ। ਹਰ ਖੇਡ ਬਾਰੇ ਕਮੈਂਟਰੀ ਕਰਨ ਦਾ ਵੱਖਰਾ ਤਰੀਕਾ ਹੁੰਦਾ ਹੈ।”
“ਉਦਾਹਰਨ ਵਜੋਂ ਕ੍ਰਿਕਟ ਦੀ ਕਮੈਂਟਰੀ ਕਰਨ ਦਾ ਤਰੀਕਾ ਫੁੱਟਬਾਲ ਦੀ ਕਮੈਂਟਰੀ ਕਰਨ ਤੋਂ ਵੱਖਰਾ ਹੁੰਦਾ ਹੈ। ਤੁਹਾਨੂੰ ਖੇਡ ਦੀ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਤੁਸੀਂ ਖੇਡ ਦੀ ਲੈਅ ਨੂੰ ਫੜ੍ਹ ਸਕੋ।
ਭਾਸ਼ਾ ’ਤੇ ਪਕੜ
ਸਬਾ ਕਰੀਮ ਤੇ ਰਮਨ ਭਨੋਟ
ਰਮਨ ਭਨੋਟ ਮੁਤਾਬਕ ਦੂਜਾ ਸਭ ਤੋਂ ਅਹਿਮ ਗੁਰ ਕਮੈਂਟੇਟਰ ਬਣਨ ਲਈ ਹੁੰਦਾ ਹੈ ਤੁਹਾਡਾ ਸਬਦਕੋਸ਼।
ਉਹ ਕਹਿੰਦੇ ਹਨ, “ਚੰਗਾ ਕਮੈਂਟੇਟਰ ਬਣਨ ਲਈ ਇਹ ਜ਼ਰੂਰੀ ਹੈ ਕੀ ਤੁਹਾਡੇ ਕੋਲ ਅਜਿਹਾ ਸ਼ਬਦਕੋਸ਼ ਹੋਵੇ ਜਿਸ ਨਾਲ ਤੁਸੀਂ ਲੋਕਾਂ ਨੂੰ ਆਪਣੀ ਗੱਲ ਸਮਝਾ ਸਕੋ। ਤੁਹਾਡੀ ਉਸ ਭਾਸ਼ਾ ਉੱਤੇ ਸਹੀ ਪਕੜ ਹੋਣੀ ਚਾਹੀਦੀ ਹੈ ਜਿਸ ਵਿੱਚ ਤੁਸੀਂ ਆਪਣੀ ਗੱਲ ਕਹਿਣਾ ਚਾਹੁੰਦੇ ਹੋ।”
“ਤੀਜਾ ਗੁਣ ਹੈ ਤੁਹਾਡੀ ਅਵਾਜ਼। ਕੀ ਤੁਹਾਡੀ ਅਵਾਜ਼ ਇਸ ਤਰ੍ਹਾਂ ਦੀ ਹੈ ਜੋ ਗੇਮ ਦੀ ਲੈਅ ਨਾਲ ਮੇਲ ਖਾ ਸਕੇ। ਇਸ ਨਾਲ ਤੁਹਾਡੀ ਗੇਮ ਦੀ ਸਮਝ ਮੁੜ ਆ ਕੇ ਜੁੜਦੀ ਹੈ।”
“ਕੁਝ ਖੇਡਾਂ ਲਈ ਉੱਚੀ ਅਵਾਜ਼ ਵਿੱਚ ਕਮੈਂਟਰੀ ਕਰਨਾ ਜ਼ਰੂਰੀ ਹੁੰਦਾ ਹੈ ਪਰ ਕੁਝ ਲਈ ਨੀਵੀਂ ਲੈਵਲ ਦੀ ਅਵਾਜ਼ ਕੰਮ ਆਉਂਦੀ ਹੈ। ਉਦਾਹਰਨ ਵਜੋਂ ਟੈਨਿਸ ਵਿੱਚ ਭਾਵੇਂ ਕਿੰਨਾ ਵੀ ਸ਼ਾਨਦਾਰ ਪੁਆਈਂਟ ਕਿਉਂ ਨਾ ਹਾਸਲ ਕੀਤਾ ਹੋਵੇ ਪਰ ਉੱਥੇ ਉੱਚੀ ਪਿੱਚ ਵਿੱਚ ਕਮੈਂਟਰੀ ਨਹੀਂ ਕੀਤੀ ਜਾਂਦੀ ਹੈ।”
ਖੇਡ ਦੇ ਨਿਯਮ ਪਤਾ ਹੋਣੇ ਚਾਹੀਦੇ
ਰਮਨ ਅੱਗੇ ਕਹਿੰਦੇ ਹਨ ਕਿ ਇਨ੍ਹਾਂ ਤਿੰਨਾਂ ਗੁਣਾਂ ਤੋਂ ਇਲਾਵਾ ਇੱਕ ਹੋਰ ਹੁਨਰ ਵੀ ਤੁਹਾਡੇ ਕੋਲ ਚੰਗਾ ਕਮੈਂਟੇਟਰ ਬਣਨ ਲਈ ਹੋਣਾ ਚਾਹੀਦਾ ਹੈ।
“ਇੱਕ ਚੰਗਾ ਕਮੈਂਟੇਟਰ ਬਣਨ ਦੇ ਲਈ ਤੁਹਾਡੇ ਕੋਲ ਖੇਡ ਦੇ ਨਿਯਮ ਤੇ ਉਸ ਦੀ ਮੁੱਢਲੀ ਜਾਣਕਾਰੀ ਹੋਣੀ ਬੇਹੱਦ ਜ਼ਰੂਰੀ ਹੈ ਤਾਂ ਹੀ ਤੁਸੀਂ ਗੇਮ ਬਾਰੇ ਲੋਕਾਂ ਨੂੰ ਦੱਸ ਸਕਦੇ ਹੋ।”
ਸਾਬਕਾ ਵਾਲੀਬਾਲ ਖਿਡਾਰਨ ਨੀਤੀ ਰਾਵਤ ਇਸ ਵੇਲੇ ਵੱਖ-ਵੱਖ ਖੇਡਾਂ ਦੇ ਲਈ ਕਮੈਂਟਰੀ ਕਰਦੇ ਹਨ। ਉਹ ਐੱਨਬੀਏ ਲਈ ਹਿੰਦੀ ਕਮੈਂਟਰੀ ਕਰ ਚੁੱਕੇ ਹਨ।
ਉਹ ਕਹਿੰਦੇ ਹਨ, “ਸਭ ਤੋਂ ਪਹਿਲਾਂ ਤਾਂ ਚੰਗਾ ਕਮੈਂਟੇਟਰ ਉਹ ਬਣ ਸਕਦਾ ਹੈ ਜੋ ਚੰਗਾ ਸੰਵਾਦ ਕਰ ਸਕੇ। ਜੋ ਕਹਾਣੀ ਉਹ ਲੋਕਾਂ ਨੂੰ ਸੁਣਾਉਣਾ ਚਾਹੁੰਦਾ ਹੈ, ਉਹ ਸੁਣਾ ਸਕੇ। ਦੂਜਾ ਹੈ ਕਾਨਫੀਡੈਂਸ, ਜੋ ਕਿਸੇ ਵੀ ਕੰਮ ਲਈ ਜ਼ਰੂਰੀ ਹੁੰਦਾ ਹੈ।”
“ਤੀਜਾ ਹੈ ਕਿ ਜਿਸ ਖੇਡ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਸ ਬਾਰੇ ਤੁਹਾਨੂੰ ਜਾਣਕਾਰੀ ਪੂਰੀ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਖੇਡ ਦੇ ਬੇਸਿਕ ਜਾਣਕਾਰੀ ਵੀ ਨਹੀਂ ਹੈ ਤਾਂ ਤੁਹਾਨੂੰ ਕਮੈਂਟੇਟਰ ਬਣਨ ਵਿੱਚ ਦਿੱਕਤ ਆ ਸਕਦੀ ਹੈ।”
ਇੱਕ ਕਮੈਂਟੇਟਰ ਜਦੋਂ ਖੇਡ ਨਾਲ ਆਪਣੇ ਵਿਚਾਰ ਦੱਸਦਾ ਹੈ ਤਾਂ ਉਸ ਪਿੱਛੇ ਪੂਰੀ ਟੀਮ ਕੰਮ ਕਰਦੀ ਹੈ ਤੇ ਕਮੈਂਟੇਟਰ ਦੀ ਖੁਦ ਦੀ ਵੀ ਪੂਰੀ ਤਿਆਰੀ ਹੁੰਦੀ ਹੈ।
ਕਮੈਂਟੇਟਰ ਤਿਆਰੀ ਕਿਵੇਂ ਕਰਦਾ ਹੈ?
ਸੁਨੀਲ ਗਵਾਸਕਰ ਤੇ ਮਾਈਕਲ ਸਲੇਟਰ
ਇੱਕ ਕਮੈਂਟੇਟਰ ਤਿਆਰੀ ਕਿਵੇਂ ਕਰਦਾ ਹੈ ਇਸ ਬਾਰੇ ਰਮਨ ਭਨੋਤ ਕਹਿੰਦੇ ਹਨ, “ਹੋਮਵਰਕ ਦਾ ਕੋਈ ਬਦਲ ਨਹੀਂ ਹੈ। ਤੁਹਾਨੂੰ ਮੈਚ ਲਈ ਪੂਰੀ ਤਿਆਰੀ ਕਰਨੀ ਚਾਹੀਦੀ ਹੈ। ਪਰਦੇ ਦੇ ਪਿੱਛੇ ਕੀਤਾ ਕੰਮ ਪਰਦੇ ਉੱਤੇ ਸਾਫ਼ ਨਜ਼ਰ ਆਉਂਦਾ ਹੈ।”
“ਕਮੈਂਟਰੀ ਵਿੱਚ ਇੱਕ-ਇੱਕ ਸਕਿੰਟ ਦੀ ਅਹਿਮੀਅਤ ਹੁੰਦੀ ਹੈ। ਇਹ ਸਮਝ ਹੋਣੀ ਬੇਹੱਦ ਜ਼ਰੂਰੀ ਹੈ ਕਿ ਕੀ ਤੁਸੀਂ ਉਹ ਜਾਣਕਾਰੀ ਦੇ ਰਹੇ ਹੋ ਜੋ ਸਕ੍ਰੀਨ ਉੱਤੇ ਚੱਲ ਰਹੇ ਖੇਡ ਨਾਲ ਮੇਲ ਖਾਂਦੀ ਹੈ।”
ਰਮਨ ਭਨੋਤ ਕਹਿੰਦੇ ਹਨ, ਮੈਚ ਤੋਂ ਪਹਿਲਾਂ ਦੀ ਤਿਆਰੀ ਵਿੱਚ ਖਿਡਾਰੀਆਂ ਦੀ ਪਛਾਣ ਕਰਨਾ ਬੇਹੱਦ ਅਹਿਮ ਹੈ।
ਉਹ ਕਹਿੰਦੇ ਹਨ, “ਕ੍ਰਿਕਟ ਵਿੱਚ ਤਾਂ ਤੈਅ ਪ੍ਰਕਿਰਿਆ ਨਾਲ ਖੇਡ ਹੁੰਦਾ ਹੈ। ਤੁਹਾਨੂੰ ਪਤਾ ਹੁੰਦਾ ਹੈ ਕਿ ਕੌਣ ਬੱਲੇਬਾਜ਼ੀ ਕਰ ਰਿਹਾ ਹੈ ਤੇ ਕੌਣ ਗੇਂਦਬਾਜ਼ੀ ਕਰ ਰਿਹਾ ਹੈ।”
“ਚੁਣੌਤੀ ਹਾਕੀ ਵਰਗੀ ਖੇਡ ਵਿੱਚ ਹੁੰਦੀ ਹੈ ਜਿਸ ਵਿੱਚ ਤੇਜ਼ੀ ਨਾਲ ਖਿਡਾਰੀਆਂ ਦੀ ਸਬਸੀਟਿਊਸ਼ਨ ਕੀਤੀ ਜਾਂਦੀ ਹੈ। ਉਸ ਵੇਲੇ ਤੁਹਾਨੂੰ ਮੈਦਾਨ ਉੱਤੇ ਮੌਜੂਦ ਸਾਰੇ ਖਿਡਾਰੀਆਂ ਦੀ ਪਛਾਣ ਹੋਣੀ ਚਾਹੀਦੀ ਹੈ।”
ਖਿਡਾਰੀਆਂ ਦੇ ਸਹੀ ਨਾਮ ਪਤਾ ਹੋਣੇ ਚਾਹੀਦੇ
ਮੈਚ ਲਈ ਤਿਆਰੀ ਕਰਨ ਬਾਰੇ ਨੀਤੀ ਕਹਿੰਦੇ ਹਨ, “ਜੇ ਮੈਂ ਕਿਸੇ ਬਾਸਕੇਟਬਾਲ ਦੇ ਟੂਰਨਾਮੈਂਟ ਬਾਰੇ ਕਮੈਂਟਰੀ ਕਰਨੀ ਹੈ ਤਾਂ ਮੈਂ ਹਾਲ-ਫਿਲਹਾਲ ਵਿੱਚ ਹੋਏ ਮੈਚਾਂ ਬਾਰੇ ਪੜ੍ਹਦੀ ਹਾਂ। ਇਸ ਤੋਂ ਇਲਾਵਾ ਇਹ ਵੀ ਵੇਖਦੀ ਹਾਂ ਕਿ ਹਾਲ-ਫਿਲਹਾਲ ਵਿੱਚ ਕਿਹੜੇ ਖ਼ਾਸ ਖਿਡਾਰੀ ਟੀਮਾਂ ਵਿੱਚ ਖੇਡ ਰਹੇ ਹਨ।”
“ਇਸ ਤੋਂ ਇਲਾਵਾ ਉਸ ਖੇਡ ਦੀ ਡਿਮਾਂਡ ਕੀ ਹੈ ਅਤੇ ਲੋਕ ਉਸ ਖੇਡ ਜਾਂ ਕਿਸੇ ਖਾਸ ਖਿਡਾਰੀ ਬਾਰੇ ਜਾਣਨਾ ਕੀ ਚਾਹੁੰਦੇ ਹਨ।”
“ਕਈ ਵਾਰ ਸਪੋਰਟਸ ਚੈਨਲ ਕਿਸੇ ਖ਼ਾਸ ਟੂਰਨਾਮੈਂਟ ਲਈ ਕਮੈਂਟੇਟਰਾਂ ਦੀ ਵਰਕਸ਼ਾਪ ਵੀ ਲਗਾਉਂਦੇ ਹਨ। ਇਨ੍ਹਾਂ ਵਿੱਚ ਕੀ ਬੋਲਣਾ ਹੈ, ਕਿਵੇਂ ਬੋਲਣਾ ਹੈ ਤੇ ਕਿੱਥੇ ਰੁਕਣਾ ਹੈ ਇਸ ਸਭ ਕੁਝ ਦੱਸਿਆ ਜਾਂਦਾ ਹੈ।”
ਖਿਡਾਰੀਆਂ ਦੇ ਨਾਵਾਂ ਦੇ ਉਚਾਰਣ ਨੂੰ ਲੈ ਕੇ ਵੀ ਕਮੈਂਟੇਟਰਾਂ ਨੂੰ ਤਿਆਰੀ ਕਰਨੀ ਪੈਂਦੀ ਹੈ। ਕਿਸੇ ਖਿਡਾਰੀ ਦਾ ਨਾਮ ਕਿਸ ਤਰੀਕੇ ਨਾਲ ਬੋਲਣਾ ਹੈ ਇਸ ਦੀ ਵੀ ਤਿਆਰੀ ਕਰਨੀ ਪੈਂਦੀ ਹੈ।
ਕਮੈਂਟੇਟਰਾਂ ਵਿਚਾਲੇ ਜ਼ਿੰਮੇਵਾਰੀ ਵੰਡੀ ਹੁੰਦੀ ਹੈ
ਸਾਬਕਾ ਖਿਡਾਰੀ ਕਮੈਂਟਰੀ ਬਾਕਸ ਵਿੱਚ ਮਾਹਿਰ ਦੀ ਭੂਮਿਕਾ ਨਿਭਾਉਂਦੇ ਹਨ
ਜਦੋਂ ਰਮਨ ਭਨੋਟ ਨੂੰ ਕਮੈਂਟਰੀ ਬਾਕਸ ਵਿੱਚ ਕਮੈਂਟੇਟਰਾਂ ਦੇ ਰੋਲ ਬਾਰੇ ਪੁੱਛਿਆ ਤਾਂ ਉਹ ਕਹਿੰਦੇ, “ਕਮੈਂਟਰੀ ਬਾਕਸ ਵਿੱਚ ਜ਼ਿਆਦਤਰ ਦੋ ਜਾਂ ਤਿੰਨ ਕਮੈਂਟੇਟਰ ਹੁੰਦੇ ਹਨ। ਉਨ੍ਹਾਂ ਵਿੱਚੋਂ ਇੱਕ ਲੀਡ ਕਮੈਂਟੇਟਰ ਹੁੰਦਾ ਹੈ।”
“ਲੀਡ ਕਮੈਂਟੇਟਰ ਉੱਤੇ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਗੇਮ ਨੂੰ ਸੈਟਅਪ ਕਰਕੇ ਦੇਵੇ। ਉਹ ਦੱਸੇ ਕਿ ਆਖਿਰ ਇਸ ਮੈਚ ਦੀ ਅਹਿਮੀਅਤ ਜਾਂ ਸੰਦਰਭ ਕੀ ਹੈ। ਜੋ ਵੀ ਮੈਚ ਦਾ ਨਤੀਜਾ ਨਿਕਲੇਗਾ ਉਸ ਦਾ ਅਸਰ ਕੀ ਪੈ ਸਕਦਾ ਹੈ।”
“ਇਸ ਦੇ ਨਾਲ ਹੀ ਖਿਡਾਰੀਆਂ ਦੇ ਪ੍ਰਦਰਸ਼ਨ ਬਾਰੇ ਜਾਂ ਉਨ੍ਹਾਂ ਦੀਆਂ ਹੋਰ ਗੱਲਾਂ ਬਾਰੇ ਜਾਣਕਾਰੀ ਦੇਣਾ ਲੀਡ ਕਮੈਂਟੇਟਰ ਦਾ ਕੰਮ ਹੈ।”
“ਦੂਜਾ ਇੱਕ ਐਕਸਪਰਟ ਕਮੈਂਟੇਟਰ ਹੁੰਦਾ ਹੈ ਜਿਸ ਤੋਂ ਖੇਡ ਦੀ ਸਮੀਖਿਆ ਕਰਵਾਈ ਜਾਂਦੀ ਹੈ। ਐਕਸਪਰਟ ਕਮੈਂਟੇਟਰ ਜ਼ਿਆਦਾਤਰ ਸਾਬਕਾ ਖਿਡਾਰੀ ਹੁੰਦੇ ਹਨ ਜੋ ਦੱਸਦੇ ਹਨ ਕਿ ਮੈਚ ਵਿੱਚ ਜੋ ਵਾਪਰ ਰਿਹਾ ਹੈ ਉਸ ਦੇ ਪਿੱਛੇ ਕਾਰਨ ਕੀ ਹੈ ਤੇ ਅੱਗੇ ਕੀ ਹੋ ਸਕਦਾ ਹੈ।”
ਰੋਮਾਂਚ ਬਣਾਏ ਰੱਖਣ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ
ਕਈ ਵਾਰ ਮੈਚ ਬੋਰ ਹੋਣ ਲਗਦਾ ਹੈ ਤਾਂ ਕਮੈਂਟੇਟਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਗੇਮ ਦੇ ਰੋਮਾਂਚ ਨੂੰ ਕਾਇਮ ਰੱਖੇ।
ਰਮਨ ਕਹਿੰਦੇ ਹਨ, “ਜਦੋਂ ਟੈਸਟ ਮੈਚ ਵਿੱਚ ਕੁਝ ਨਾ ਹੋ ਰਿਹਾ ਹੋਵੇ ਤਾਂ ਅਸੀਂ ਗੇਮ ਦੇ ਪਹਿਲੂਆਂ ਉੱਤੇ ਚਰਚਾ ਕਰਦੇ ਹਾਂ ਜਿਵੇਂ ਖਿਡਾਰੀਆਂ ਦੇ ਰਿਕਾਰਡ, ਐਕਸ਼ਨ ਜਾਂ ਗੇਮ ਨਾਲ ਜੁੜੀਆਂ ਕਹਾਣੀਆਂ।”
ਰਮਨ ਅਨੁਸਾਰ ਇਸ ਦੇ ਲਈ ਪ੍ਰੋਡਕਸ਼ਨ ਟੀਮ ਦੀ ਪੂਰੀ ਮਦਦ ਲਈ ਜਾਂਦੀ ਹੈ।
ਕਮੈਂਟੇਟਰ ਲਈ ਨਿਰਪੱਖਤਾ ਕਿੰਨੀ ਜ਼ਰੂਰੀ
ਖੇਡ ਨਾਲ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ ਤੇ ਇਹ ਜਜ਼ਬਾਤ ਕਮੈਂਟੇਟਰ ਦੇ ਮਨ ਵਿੱਚ ਵੀ ਉਭਰ ਸਕਦੇ ਹਨ ਤਾਂ ਉਸ ਵੇਲੇ ਕਮੈਂਟੇਟਰ ਦਾ ਫਰਜ਼ ਕੀ ਬਣਦਾ ਹੈ?
ਇਸ ਬਾਰੇ ਅਸੀਂ ਸੀਨੀਅਰ ਖੇਡ ਪੱਤਰਕਾਰ ਤੇ ਕਮੈਂਟੇਟਰ ਆਦੇਸ਼ ਕੁਮਾਰ ਗੁਪਤ ਨਾਲ ਗੱਲਬਾਤ ਕੀਤੀ।
ਉਨ੍ਹਾਂ ਕਿਹਾ, “ਕਿਸੇ ਵੀ ਖੇਡ ਵਿੱਚ ਕਮੈਂਟੇਟਰ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ। ਜੇ ਕਮੈਂਟੇਟਰ ਦੇ ਦੇਸ ਦੀ ਟੀਮ ਖੇਡ ਰਹੀ ਹੈ ਤਾਂ ਵੀ ਉਸ ਨੂੰ ਆਪਣੇ ਜਜ਼ਬਾਤਾਂ ਨੂੰ ਕਾਬੂ ਰੱਖਣਾ ਚਾਹੀਦਾ ਹੈ ਤੇ ਕੇਵਲ ਉਸੇ ਬਾਰੇ ਗੱਲ ਕਰਨੀ ਚਾਹੀਦੀ ਹੈ ਜੋ ਮੈਚ ਵਿੱਚ ਵਾਪਰ ਰਿਹਾ ਹੈ।”
ਕੀ ਕਮੈਂਟਰੀ ਲਈ ਖੇਡਣਾ ਜ਼ਰੂਰੀ ਹੈ
ਕੀ ਇੱਕ ਕਮੈਂਟੇਟਰ ਲਈ ਜ਼ਰੂਰੀ ਹੈ ਕਿ ਉਹ ਖੁਦ ਇੱਕ ਖਿਡਾਰੀ ਰਹਿ ਚੁੱਕਿਆ ਹੋਵੇ।
ਇਸ ਬਾਰੇ ਰਮਨ ਕਹਿੰਦੇ ਹਨ, “ਤੁਸੀਂ ਜੇ ਕਮੈਂਟਰੀ ਦੇ ਖੇਤਰ ਵਿੱਚ ਆਉਣਾ ਚਾਹੁੰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਗੇਮ ਵਿੱਚ ਦਿਲਚਸਪੀ ਹੈ। ਜੇ ਅਜਿਹਾ ਹੈ ਤਾਂ ਤੁਸੀਂ ਗੇਮ ਨੂੰ ਖੇਡਿਆ ਵੀ ਹੋਵੇਗਾ। ਗੇਮ ਬਾਰੇ ਬਿਹਤਰ ਸਮਝ ਦੇ ਲਈ ਤੁਹਾਨੂੰ ਕਿਸੇ ਨਾਲ ਕਿਸੇ ਪੱਧਰ ਉੱਤੇ ਗੇਮ ਖੇਡਣਾ ਜ਼ਰੂਰੀ ਹੈ।”
“ਜੇ ਤੁਸੀਂ ਕਿਤੇ ਵੀ ਨਹੀਂ ਖੇਡਿਆ ਹੈ ਤਾਂ ਤੁਹਾਡੇ ਲਈ ਲੀਡ ਕਮੈਂਟੇਟਰ ਜਾਂ ਐਂਕਰ ਦਾ ਰੋਲ ਖੁੱਲ੍ਹਦਾ ਹੈ ਜਿਸ ਨਾਲ ਮੌਕੇ ਵੀ ਸੀਮਿਤ ਹੋ ਜਾਂਦੇ ਹਨ।”
“ਤੁਸੀਂ ਗੇਮ ਖੇਡੀ ਤਾਂ ਹੈ ਨਹੀਂ ਇਸ ਲਈ ਤੁਸੀਂ ਮਾਹਿਰ ਦੀ ਭੂਮਿਕਾ ਵਿੱਚ ਤਾਂ ਨਹੀਂ ਆ ਸਕਦੇ ਹੋ। ਹਾਂ ਤੁਸੀਂ ਗੇਮ ਦੀ ਸਮਝ ਵਧਾ ਕੇ ਖੁਦ ਦਾ ਪੱਧਰ ਇੰਨਾ ਚੁੱਕ ਸਕਦੇ ਹੋ ਕਿ ਤੁਸੀਂ ਮਾਹਿਰ ਨਾਲ ਇਸ ਬਾਰੇ ਚਰਚਾ ਕਰ ਸਕੋ।
ਡਿਜੀਟਲ ਮੀਡੀਆ ਨੇ ਕੀ ਕੁਝ ਬਦਲਿਆ
ਡਿਜੀਟਲ ਮੀਡੀਆ ਨਾਲ ਕਮੈਂਟਰੀ ਦਾ ਸਰੂਪ ਕਾਫੀ ਬਦਲਿਆ ਹੈ। ਰਮਨ ਇਸ ਬਾਰੇ ਕਹਿੰਦੇ, “ਡਿਜੀਟਲ ਮੀਡੀਆ ਨੇ ਕਾਫੀ ਕੁਝ ਬਦਲ ਦਿੱਤਾ ਹੈ। ਹੁਣ ਲੋਕਾਂ ਨੂੰ ਵੱਧ ਜਾਣਕਾਰੀ ਘੱਟ ਵਕਤ ਵਿੱਚ ਚਾਹੀਦੀ ਹੈ।”
“ਇਸ ਦੇ ਨਾਲ ਹੀ ਇਹ ਵੀ ਵੇਖਣਾ ਅਹਿਮ ਹੋ ਜਾਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਦਰਸ਼ਕਾਂ ਲਈ ਕਮੈਂਟਰੀ ਕਰ ਰਹੇ ਹੋ। ਤੁਹਾਨੂੰ ਦਰਸ਼ਕਾਂ ਦੇ ਹਿਸਾਬ ਨਾਲ ਆਪਣੀ ਕਮੈਂਟਰੀ ਦੇ ਸਟਾਈਲ ਵਿੱਚ ਬਦਲਾਅ ਕਰਨੇ ਪੈਂਦੇ ਹਨ।”
ਨੀਤੀ ਕਹਿੰਦੇ ਹਨ ਕਿ ਹੁਣ ਖੇਡਾਂ ਦੀ ਲੀਗ ਕਾਫੀ ਵੱਧ ਗਈਆਂ ਹਨ ਜਿਸ ਨਾਲ ਸਪੋਰਟਸ ਕਮੈਂਟਰੀ ਦੇ ਮੌਕਿਆਂ ਵਿੱਚ ਵੀ ਵਾਧਾ ਹੋਇਆ ਹੈ।
ਹੁਣ ਅਜਿਹੇ ਕਈ ਕਮੈਂਟੇਟਰ ਹਨ ਜੋ ਪਹਿਲਾਂ ਕੇਵਲ ਕ੍ਰਿਕਟ ਦੀ ਹੀ ਕਮੈਂਟਰੀ ਕਰਦੇ ਸਨ ਪਰ ਹੁਣ ਉਹ ਹੋਰ ਖੇਡਾਂ ਦੀਆਂ ਕਮੈਂਟਰੀ ਵੀ ਕਰ ਰਹੇ ਹਨ।”
“ਡਿਜੀਟਲ ਮੀਡੀਆ ਦੇ ਵਿਸਥਾਰ ਨਾਲ ਵੀ ਕਾਫੀ ਕੁਝ ਚੰਗਾ ਹੋਇਆ ਹੈ ਜੋ ਲੋਕ ਟੀਵੀ ਕਮੈਂਟੇਟਰ ਨਹੀਂ ਬਣ ਪਾਉਂਦੇ ਹਨ ਉਹ ਪਹਿਲਾਂ ਕਿਸੇ ਯੂਟਿਊਬ ਚੈਨਲ ਜਾਂ ਕਿਸੇ ਹੋਰ ਡਿਜੀਟਲ ਪਲੇਟਫਾਰਮ ਤੋਂ ਸ਼ੁਰੂਆਤ ਕਰ ਸਕਦੇ ਹਨ। ਇਸ ਮਗਰੋਂ ਉਹ ਸਪੋਰਟਸ ਚੈਨਲਜ਼ ਦੇ ਕਮੈਂਟਰੀ ਬਾਕਸ ਤੱਕ ਪਹੁੰਚ ਸਕਦੇ ਹਨ।”
ਔਰਤਾਂ ਲਈ ਕਮੈਂਟਰੀ ਦੇ ਮੌਕੇ ਕਿੰਨੇ ਵੱਧੇ ਹਨ
ਹੁਣ ਔਰਤਾਂ ਲਈ ਕਮੈਂਟਰੀ ਦੇ ਮੌਕੇ ਵਧੇ ਹਨ। ਕ੍ਰਿਕਟ ਵਿੱਚ ਤਾਂ ਪਹਿਲਾਂ ਵੀ ਔਰਤ ਕਮੈਂਟੇਟਰ ਨਜ਼ਰ ਆਉਂਦੀਆਂ ਸਨ ਪਰ ਹੁਣ ਹੋਰ ਖੇਡਾਂ ਵਿੱਚ ਵੀ ਔਰਤ ਕਮੈਂਟੇਟਰਾਂ ਦੀ ਗਿਣਤੀ ਵਧ ਰਹੀ ਹੈ।
ਨੀਤੀ ਰਾਵਤ ਇਸ ਬਾਰੇ ਕਹਿੰਦੇ ਹਨ, “ਹੁਣ ਸਾਬਕਾ ਖਿਡਾਰਨਾਂ ਵੀ ਖੇਡ ਦੀ ਕਮੈਂਟਰੀ ਕਰ ਰਹੀਆਂ ਹਨ। ਔਰਤਾਂ ਦੇ ਲਈ ਕਮੈਂਟਰੀ ਦੇ ਖੇਤਰ ਦਾ ਕਾਫੀ ਵਿਸਥਾਰ ਹੋਇਆ ਹੈ। ਪਹਿਲਾਂ ਇਸ ਖੇਤਰ ਵਿੱਚ ਮਰਦਾਂ ਦੀ ਪ੍ਰਧਾਨਗੀ ਸੀ।”
“ਪਹਿਲਾਂ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਕੇਵਲ ਮਰਦਾਂ ਦੀ ਅਵਾਜ਼ ਹੀ ਮੈਚਾਂ ਵਿੱਚ ਸੁਣਾਈ ਦਿੰਦੀ ਹੈ ਪਰ ਹੁਣ ਖੇਡ ਦੇ ਹਰ ਪੱਧਰ ਉੱਤੇ ਔਰਤਾਂ ਕਮੈਂਟਰੀ ਕਰਦੀਆਂ ਨਜ਼ਰ ਆ ਰਹੀਆਂ ਹਨ।”
“ਲੋਕਾਂ ਨੇ ਵੀ ਔਰਤਾਂ ਦੀ ਕਮੈਂਟਰੀ ਨੂੰ ਪ੍ਰਵਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਜਿੰਨਾ ਜ਼ਿਆਦਾ ਸਪੋਰਟਸ ਹੋ ਰਿਹਾ ਹੈ ਉੰਨੇ ਜ਼ਿਆਦਾ ਹੀ ਮੌਕੇ ਪੈਦਾ ਹੋ ਰਹੇ ਹਨ।”
ਕਮੈਂਟਰੀ ਦੀ ਖੇਤਰ ਵਿੱਚ ਔਰਤਾਂ ਦੀ ਭਵਿੱਖ ਬਾਰੇ ਨੀਤੀ ਕਹਿੰਦੇ ਹਨ, “ਜਿਵੇਂ ਔਰਤਾਂ ਨੂੰ ਖੇਡਾਂ ਵਿੱਚ ਅਜੇ ਵੀ ਹੋਰ ਅੱਗੇ ਲੈ ਕੇ ਆਉਣ ਦੀ ਲੋੜ ਹੈ ਉਸੇ ਤਰ੍ਹਾਂ ਕਮੈਂਟਰੀ ਵਿੱਚ ਵੀ ਅਜੇ ਔਰਤਾਂ ਦੀ ਸ਼ਮੂਲੀਅਤ ਵਧਾਉਣ ਲਈ ਕੰਮ ਕਰਨ ਦੀ ਲੋੜ ਹੈ।”
“ਅਜੇ ਖੇਡਾਂ ਵਿੱਚ ਔਰਤਾਂ ਦੀ ਅਵਾਜ਼ ਨੂੰ ਪ੍ਰਵਾਨ ਤਾਂ ਕਰ ਲਿਆ ਹੈ ਪਰ ਅਜੇ ਵੀ ਔਰਤਾਂ ਦੀ ਖੇਡ ਬਾਰੇ ਜਾਣਕਾਰੀ ਨੂੰ ਲੈ ਕੇ ਭਰੋਸੇ ਦੀ ਘਾਟ ਹੈ।”
“ਜੇ ਦੋ ਕਮੈਂਟੇਟਰਾਂ ਦੀ ਚੋਣ ਕਰਨੀ ਹੋਵੇ ਤਾਂ ਮਰਦ ਕਮੈਂਟੇਟਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਪਾਕਿਸਤਾਨ ਪਨਾਹ ਲੈਣ ਪਹੁੰਚੇ ਦੋ ਭਾਰਤੀ: ‘ਗੋਲੀ ਮਾਰ ਦਿਓ ਪਰ ਵਾਪਸ ਨਹੀਂ ਜਾਣਾ’ – ਜਾਣੋ ਪੂਰੀ ਕਹਾਣੀ
NEXT STORY