ਦੀਪਕ ਮਾਨ ਦੀ ਲਾਸ਼ ਇੱਕ ਅਕਤੂਬਰ ਨੂੰ ਹਰਿਆਣਾ ਦੇ ਸੋਨੀਪਤ ਵਿੱਚੋਂ ਮਿਲੀ ਸੀ।
ਦੀਪਕ ਮਾਨ, ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਕਸਬੇ ਦਾ ਰਹਿਣ ਵਾਲਾ ਸੀ। ਪੁਲਿਸ ਉਸ ਨੂੰ ਦਵਿੰਦਰ ਬੰਬੀਹਾ ਗੈਂਗ ਦਾ ਸਰਗਰਮ ਮੈਂਬਰ ਦੱਸਦੀ ਸੀ ਅਤੇ ਉਸ ਦੇ ਸਭ ਤੋਂ ਵੱਧ ਲੋੜੀਂਦੇ ਸ਼ੂਟਰਾਂ ਵਿੱਚੋਂ ਇੱਕ ਹੋਣ ਦਾ ਦਾਅਵਾ ਕਰਦੀ ਸੀ।
ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ ਸੋਨੀਪਤ ਦੇ ਐੱਸਐੱਸਪੀ ਜੀਤ ਸਿੰਘ ਬੈਨੀਵਾਲ ਨੇ ਕਿਹਾ, "ਹਰਿਆਣਾ ਪੁਲਿਸ ਨੇ ਮ੍ਰਿਤਕ ਦੀ ਤਸਵੀਰ ਪੰਜਾਬ ਪੁਲਿਸ ਨਾਲ ਸਾਂਝੀ ਕੀਤੀ ਸੀ। ਉਨ੍ਹਾਂ ਨੇ ਇਸ ਦੀ ਪਛਾਣ ਦੀਪਕ ਮਾਨ ਵਜੋਂ ਕੀਤੀ ਹੈ।"
"ਪੰਜਾਬ ਪੁਲਿਸ ਨੇ ਤਸਦੀਕ ਕੀਤੀ ਹੈ ਕਿ ਉਹ ਕਈ ਅਪਰਾਧਾਂ ਵਿੱਚ ਸ਼ਾਮਲ ਸੀ। ਦੀਪਕ ਦੀ ਮੌਤ ਢਿੱਡ ਵਿੱਚ ਗੋਲੀ ਵੱਜਣ ਨਾਲ ਹੋਈ ਸੀ।"
ਫਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਹਰਜੀਤ ਸਿੰਘ ਨੇ ਬੀਬੀਸੀ ਨਿਊਜ਼ ਪੰਜਾਬੀ ਨੂੰ ਦੱਸਿਆ ਕਿ ਦੀਪਕ ਮਾਨ, ਅੱਧੀ ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।
ਪੰਜਾਬ ਪੁਲਿਸ ਦੇ ਇੱਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੀਪਕ ਮਾਨ ਉਨ੍ਹਾਂ ਨੂੰ 2019 ਤੋਂ ਲੋੜੀਂਦਾ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੀਪਕ ਫਿਰੌਤੀ ਦੇ ਰੈਕੇਟ ਵਿੱਚ ਵੀ ਸ਼ਾਮਲ ਸੀ ਕਿਉਂਕਿ ਉਸ ਨੇ ਇਸੇ ਸਾਲ ਜੁਲਾਈ ਵਿੱਚ ਜੈਤੋ ਦੇ ਇੱਕ ਵਿਅਕਤੀ ਨੂੰ ਫਿਰੌਤੀ ਮੰਗੀ ਸੀ।
ਦੀਪਕ ਪਹਿਲੀ ਵਾਰ ਚਰਚਾ ਵਿੱਚ ਕਦੋਂ ਆਇਆ ?
ਅਕਤੂਬਰ 2020 ਵਿੱਚ ਦੀਪਕ ਨੇ ਇੱਕ ਹੋਰ ਸ਼ੂਟਰ, ਨੀਰਜ ਗੁਪਤਾ ਉਰਫ਼ ਚਸਕਾ ਨਾਲ ਮਿਲ ਕੇ, ਚੰਡੀਗੜ੍ਹ ਵਿੱਚ ਇੱਕ ਵਿਦਿਆਰਥੀ ਆਗੂ, ਗੁਰਲਾਲ ਬਰਾੜ ਦੇ ਕਤਲ ਨੂੰ ਕਥਿਤ ਤੌਰ ''ਤੇ ਅੰਜਾਮ ਦਿੱਤਾ ਸੀ।
ਗੁਰਲਾਲ ਬਰਾੜ, ਗੈਂਗਸਟਰ ਗੋਲਡੀ ਬਰਾੜ ਦਾ ਭਰਾ ਸੀ, ਜੋ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ।
ਪੰਜਾਬ ਪੁਲਿਸ ਅਨੁਸਾਰ ਗੋਲਡੀ ਬਰਾੜ ਹੁਣ ਉੱਤਰੀ ਅਮਰੀਕਾ ਵਿੱਚ ਰਹਿ ਰਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਪਰ ਬਾਅਦ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ।
ਗੋਲਡੀ ਬਰਾੜ ਬਾਰੇ ਪਿਛਲੇ ਦਿਨੀਂ ਇਹ ਵੀ ਖ਼ਬਰ ਆਈ ਸੀ ਕਿ ਉਸ ਨੇ ਅਮਰੀਕਾ ਵਿੱਚ ਸਿਆਸੀ ਸ਼ਰਨ ਮੰਗੀ ਹੈ, ਪਰ ਇਸ ਦੀ ਵੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ।
ਉਹ ਸਿਰਫ਼ ਫੇਸਬੁੱਕ ਪੇਜ਼ ਉੱਤੇ ਪੋਸਟਾਂ ਪਾ ਕੇ ਵਾਰਦਾਤਾਂ ਦੀ ਜ਼ਿੰਮੇਵਾਰੀ ਲੈਂਦਾ ਹੈ, ਦੀਪਕ ਮਾਨ ਦੇ ਕੇਸ ਵਿੱਚ ਤਾਂ ਉਸ ਨੇ ਲਾਸ਼ ਦੀ ਬਰਾਮਦੀ ਤੋਂ ਪਹਿਲਾਂ ਹੀ ਪੋਸਟ ਪਾ ਕੇ ਜ਼ਿੰਮੇਵਾਰੀ ਚੁੱਕੀ ਸੀ।
ਪੁਲਿਸ ਸੂਤਰਾਂ ਮੁਤਾਬਕ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਦੀਪਕ ਤੇ ਨੀਰਜ ਦੋਵੇਂ, ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ''ਤੇ ਸਨ।
ਜਦਕਿ ਪੰਜਾਬ ਪੁਲਿਸ ਨੇ ਸਤੰਬਰ 2022 ਵਿੱਚ ਜੰਮੂ ਤੋਂ ਨੀਰਜ ਚਸਕਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪਰ ਦੀਪਕ ਮਾਨ ਪੰਜਾਬ ਪੁਲਿਸ ਦੀ ਗ੍ਰਿਫ਼ਤ ਵਿੱਚ ਨਹੀਂ ਆਇਆ ਸੀ।
ਨੀਰਜ ਚਸਕਾ ਇਸ ਸਮੇਂ ਪੰਜਾਬ ਦੀ ਜੇਲ੍ਹ ''ਚ ਬੰਦ ਹੈ ਅਤੇ ਸੁਰੱਖਿਆ ਕਰਕੇ ਉਸਨੂੰ ਜੇਲ੍ਹ ਦੇ ਉੱਚ ਸੁਰੱਖਿਆ ਖੇਤਰ ''ਚ ਰੱਖਿਆ ਜਾ ਰਿਹਾ ਹੈ।
ਦਵਿੰਦਰ ਬੰਬੀਹਾ ਗਰੁੱਪ ਦੇ ਮੈਂਬਰਾਂ ਨੇ ਫੇਸਬੁੱਕ ਪੋਸਟ ਰਾਹੀਂ ਗੁਰਲਾਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ
ਉਨ੍ਹਾਂ ਨੇ ਕਿਹਾ ਕਿ ਗੁਰਲਾਲ ਦਾ ਕਤਲ ਗੈਂਗਸਟਰ ਲੱਕੀ ਪਟਿਆਲ ਦੇ ਇਸ਼ਾਰੇ ''ਤੇ ਲਵੀ ਦਿਓੜਾ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ।
ਲਵੀ ਦਿਓੜਾ ਨੂੰ ਜੁਲਾਈ 2017 ਨੂੰ ਕੋਟਕਪੂਰਾ ਵਿਖੇ ਕਥਿਤ ਤੌਰ ''ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਵੱਲੋਂ ਮਾਰਿਆ ਗਿਆ ਸੀ।
ਫ਼ਰੀਦਕੋਟ ਪੁਲਿਸ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੱਕੀ ਪਟਿਆਲ ਇਸ ਸਮੇਂ ਦਵਿੰਦਰ ਬੰਬੀਹਾ ਗਿਰੋਹ ਦਾ ਮੁੱਖ ਹੈਂਡਲਰ ਹੈ। ਦਵਿੰਦਰ ਬੰਬੀਹਾ ਨੂੰ ਪੰਜਾਬ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ।
ਚੰਡੀਗੜ੍ਹ ਦੇ ਬਾਊਂਸਰ ਸੁਰਜੀਤ ਦੇ ਕਤਲ ਵਿੱਚ ਸ਼ਾਮਲ ਸੀ
ਗੁਰਲਾਲ ਬਰਾੜ ਦੇ ਕਤਲ ਤੋਂ ਪਹਿਲਾਂ ਮਾਰਚ 2020 ਵਿੱਚ ਦੀਪਕ ਅਤੇ ਨੀਰਜ ਗੁਪਤਾ ਨੇ ਲੱਕੀ ਪਟਿਆਲ ਉਰਫ਼ ਗੌਰਵ ਪਟਿਆਲ ਦੇ ਨਿਰਦੇਸ਼ਾਂ ''ਤੇ ਚੰਡੀਗੜ੍ਹ ਦੇ ਸੈਕਟਰ 38 ਵਿੱਚ 39 ਸਾਲਾ ਬਾਊਂਸਰ-ਕਮ-ਫਾਈਨਾਂਸਰ ਸੁਰਜੀਤ ਸਿੰਘ ਦਾ ਕਥਿਤ ਤੌਰ ਉੱਤੇ ਕਤਲ ਕਰ ਦਿੱਤਾ ਸੀ।
ਦੀਪਕ ਦਾ 2019 ਵਿੱਚ ਪਹਿਲੀ ਵਾਰ ਕਤਲ ਦੇ ਮਾਮਲੇ ਨਾਲ ਨਾਮ ਆਇਆ ਸੀ।
ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਦੀਪਕ ਅਤੇ ਨੀਰਜ ਅਗਸਤ 2019 ਵਿੱਚ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਅਮਨਾ ਜੈਤੋਂ ਦੇ ਨਿਰਦੇਸ਼ਾਂ ''ਤੇ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਜੈਤੋਂ ਵਿੱਚ ਮਾਰੇ ਗਏ ਕਬੱਡੀ ਖਿਡਾਰੀ ਮਨੀ ਜੈਤੋ ਦੇ ਕਤਲ ਵਿੱਚ ਵੀ ਸਿੱਧੇ ਤੌਰ ''ਤੇ ਸ਼ਾਮਲ ਹਨ।
ਦੀਪਕ ਕਿਵੇਂ ਅਪਰਾਧ ਦੀ ਦੁਨੀਆ ਨਾਲ ਜੁੜਿਆ
ਜੈਤੋਂ ਸਥਿਤ ਨਗਰ ਕੌਂਸਲ ਦੇ ਮੈਂਬਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਪਰਿਵਾਰ ਦੀਪਕ ਦੀ ਲਾਸ਼ ਲੈਣ ਲਈ ਹਰਿਆਣਾ ਦੇ ਸੋਨੀਪਤ ਗਿਆ ਹੋਇਆ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਦੀਪਕ ਨੂੰ ਪਹਿਲੀ ਵਾਰ ਇੱਕ ਮੋਟਰ ਸਾਈਕਲ ਚੋਰੀ ਦੇ ਮਾਮਲੇ ਵਿੱਚ ਪੁਲਸ ਨੇ ਸ਼ੱਕ ਦੇ ਘੇਰੇ ''ਚ ਲਿਆ ਸੀ।
ਫਿਰ, ਉਹ ਇੱਕ ਵਾਰ ਕਥਿਤ ਤੌਰ ''ਤੇ ਸ਼ਹਿਰ ਵਿਚ ਪੁਲਿਸ ਮੁਲਾਜ਼ਮਾਂ ''ਤੇ ਹਮਲੇ ਦੇ ਮਾਮਲੇ ਦੇ ਇਲਜ਼ਾਮ ਵਿੱਚ ਚਰਚਾ ਵਿੱਚ ਆਇਆ।
ਉਨ੍ਹਾਂ ਨੇ ਕਿਹਾ ਕਿ ਦੀਪਕ ਇੱਕ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਉਨ੍ਹਾਂ ਦੇ ਮਾਲੀ ਹਾਲਾਤ ਬਹੁਤ ਖ਼ਸਤਾ ਹੈ।
ਜੈਤੋਂ ਥਾਣੇ ਵਿੱਚ ਤੈਨਾਤ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੀਪਕ ਨੇ ਛੋਟੇ-ਮੋਟੇ ਅਪਰਾਧਿਕ ਵਾਰਦਾਤਾਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਬਾਅਦ ਵਿੱਚ ਉਹ ਬੰਬੀਹਾ ਗਰੋਹ ਵਿੱਚ ਸ਼ਾਮਲ ਹੋ ਗਿਆ ਸੀ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਦੀਪਕ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ ਹੈ ਅਤੇ ਉਸ ਦੇ ਦੋ ਭਰਾ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਜਲੰਧਰ: ਟਰੰਕ ਵਿੱਚ ਮਰੀਆਂ ਬਰਮਾਦ ਹੋਈਆਂ 3 ਸਕੀਆਂ ਭੈਣਾਂ ਦਾ ਕਿਸ ਨੇ ਕਿਵੇਂ ਕੀਤਾ ਕਤਲ
NEXT STORY