ਦਿੱਲੀ ਸਰਕਾਰ ਦੀ ਪੁਰਾਣੀ ਆਬਕਾਰੀ ਨੀਤੀ ਨਾਲ ਸਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਰੱਦ ਹੋਣ ਦੇ ਨਾਲ ਹੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਸੰਮਨ ਜਾਰੀ ਕੀਤੇ ਹਨ।
ਉਨ੍ਹਾਂ ਨੂੰ ਵੀ ਦਿੱਲੀ ਸਰਕਾਰ ਦੀ ਪੁਰਾਣੀ ਆਬਕਾਰੀ ਨੀਤੀ ਨਾਲ ਸਬੰਧਿਤ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਕੇਜਰੀਵਾਲ 2 ਨਵੰਬਰ ਨੂੰ ਈਡੀ ਸਾਹਮਣੇ ਪੇਸ਼ ਹੋਣਗੇ।
ਆਮ ਆਦਮੀ ਪਾਰਟੀ ਦੇ ਆਗੂ ਅਤੇ ਮੰਤਰੀ ਆਤਿਸ਼ੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਹੈ ਕਿ ਕੇਂਦਰ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨਾ ਚਾਹੁੰਦਾ ਹੈ।
ਕੇਂਦਰ ਸਰਕਾਰ ਦੀਆਂ ਏਜੰਸੀਆਂ ਦਾ ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ''ਤੇ ਹਮਲਾਵਰ ਰੁਖ਼ ਰਿਹਾ ਹੈ।
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਮੰਤਰੀਆਂ ਸਤੇਂਦਰ ਜੈਨ, ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਨੂੰ ਦਿੱਲੀ ਸ਼ਰਾਬ ਨੀਤੀ ਨਾਲ ਸਬੰਧਿਤ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਹੁਣ ਜਦੋਂ ਈਡੀ ਨੇ ਦਿੱਲੀ ਸਰਕਾਰ ਦੀ ਪੁਰਾਣੀ ਆਬਕਾਰੀ ਨੀਤੀ ਨਾਲ ਸਬੰਧਿਤ ਪੁੱਛਗਿੱਛ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕੀਜੇ ਹਨ, ਤਾਂ ਇਹ ਖਦਸ਼ਾ ਹੈ ਕਿ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਇਹ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਨਰਿੰਦਰ ਮੋਦੀ ਦੀ ਭਾਜਪਾ ਨੂੰ ਸਖ਼ਤ ਚੁਣੌਤੀ ਦੇਣ ਦੀ ਸਥਿਤੀ ਵਿੱਚ ਹੈ। ਇਸ ਲਈ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਕੀ ਭਾਜਪਾ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨਾ ਚਾਹੁੰਦੀ ਹੈ?
ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਅਰਵਿੰਦ ਕੇਜਰੀਵਾਲ ਦਾ ਸਿਆਸੀ ਤੌਰ ’ਤੇ ਕਤਲ ਕਰਨਾ ਚਾਹੁੰਦੀ ਹੈ।
ਆਖ਼ਰ ਆਮ ਆਦਮੀ ਪਾਰਟੀ ਦੇ ਇਸ ਇਲਜ਼ਾਮ ਵਿੱਚ ਕਿੰਨੀ ਸੱਚਾਈ ਹੈ? ਕੀ ਭਾਜਪਾ ਅਜਿਹੀ ਸਥਿਤੀ ਬਣਾ ਰਹੀ ਹੈ ਜਿਸ ਕਾਰਨ ਪਾਰਟੀ ਵਜੋਂ ਆਮ ਆਦਮੀ ਪਾਰਟੀ ਦੀ ਹੋਂਦ ਖ਼ਤਰੇ ਵਿੱਚ ਪੈ ਸਕਦੀ ਹੈ?
ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਦਾ ਕਹਿਣਾ ਹੈ, ''''ਅਦਾਲਤ ਵਾਰ-ਵਾਰ ਪੁੱਛ ਰਹੀ ਹੈ ਕਿ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ''ਚ ''ਮਨੀ ਟ੍ਰੇਲ'' ਦੇ ਸਬੂਤ ਕਿੱਥੇ ਹਨ। ਪਰ ਹੁਣ ਤੱਕ ਨਾ ਤਾਂ ਸੀਬੀਆਈ ਅਤੇ ਨਾ ਹੀ ਈਡੀ ਕੋਈ ‘ਮਨੀ ਟ੍ਰੇਲ’ ਪੇਸ਼ ਕਰ ਸਕੀ ਹੈ?”
“ਇਸ ਲਈ ਜਦੋਂ ਅਦਾਲਤਾਂ ਵੀ ਕਹਿ ਰਹੀਆਂ ਹਨ ਕਿ ਜਾਂਚ ਏਜੰਸੀਆਂ ਆਮ ਆਦਮੀ ਪਾਰਟੀ ਦੇ ਗ੍ਰਿਫ਼ਤਾਰ ਆਗੂਆਂ ਵਿਰੁੱਧ ਠੋਸ ਸਬੂਤ ਪੇਸ਼ ਕਰਨ ਦੇ ਯੋਗ ਨਹੀਂ ਹਨ ਤਾਂ ਫਿਰ ਜਾਂਚ ਨੂੰ ਲੰਬੀ ਕਿਉਂ ਖਿੱਛੀ ਜਾ ਰਹੀ ਹੈ।”
ਉਹ ਸਵਾਲ ਕਰਦੇ ਹਨ ਕਿ,“ਜ਼ਮਾਨਤ ਲਈ ਵਾਰ-ਵਾਰ ਅੜਿੱਕੇ ਕਿਉਂ ਖੜ੍ਹੇ ਕੀਤੇ ਜਾ ਰਹੇ ਹਨ? ਇਸ ਦੇ ਬਾਵਜੂਦ ਈਡੀ ਦੇ ਸੰਮਨ ਦਾ ਮਤਲਬ ਸਮਝਿਆ ਜਾ ਸਕਦਾ ਹੈ।”
ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਕਰ 2 ਨਵੰਬਰ ਨੂੰ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਤੋਂ ਬਾਅਦ ਹਿਰਾਸਤ ''ਚ ਲਿਆ ਗਿਆ ਤਾਂ ਇਸ ਨਾਲ ਪਾਰਟੀ ਲਈ ਵੱਡਾ ਖ਼ਤਰਾ ਪੈਦਾ ਹੋ ਜਾਵੇਗਾ। ਪਾਰਟੀ ਦੇ ਤਕਰੀਬਨ ਸਾਰੇ ਵੱਡੇ ਆਗੂ ਇਸ ਵੇਲੇ ਜੇਲ੍ਹ ਵਿੱਚ ਹਨ।
ਸ਼ਰਦ ਗੁਪਤਾ ਦਾ ਕਹਿਣਾ ਹੈ, "ਅਜਿਹੀ ਸਥਿਤੀ ਵਿੱਚ ਆਮ ਆਦਮੀ ਪਾਰਟੀ ਦੇ ਸਾਹਮਣੇ ਵਿਕਲਪ ਸੀਮਤ ਹੋ ਜਾਣਗੇ। ਅਜਿਹੀ ਸਥਿਤੀ ਵਿੱਚ ਪਾਰਟੀ ਦਾ ਭਵਿੱਖ ਡਾਵਾਂਡੋਲ ਹੋ ਜਾਵੇਗਾ।"
ਕੀ ਭਾਜਪਾ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਹਮਲਾਵਰ ਹੈ ਕਿਉਂਕਿ ਉਹ ਇਸ ਨੂੰ ਆਪਣਾ ਸਭ ਤੋਂ ਵੱਡਾ ਵਿਰੋਧੀ ਸਮਝ ਰਹੀ ਹੈ?
ਸ਼ਰਦ ਗੁਪਤਾ ਦਾ ਕਹਿਣਾ ਹੈ, "ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਉਤਾਰ ਕੇ ਭਾਜਪਾ ਦੀ ਮਦਦ ਕਰ ਰਹੀ ਹੈ, ਜਦੋਂ ਕਿ ਇਨ੍ਹਾਂ ਥਾਵਾਂ ’ਤੇ ਉਸਦਾ ਕੋਈ ਆਧਾਰ ਨਹੀਂ ਹੈ। ਗੁਜਰਾਤ ਵਿੱਚ ਵੀ ਇਸ ਨੇ ਅਜਿਹਾ ਹੀ ਕੀਤਾ ਸੀ।"
“ਇਹ ਸਪੱਸ਼ਟ ਹੈ ਕਿ ਆਮ ਆਦਮੀ ਦੇ ਉਮੀਦਵਾਰਾਂ ਕਾਰਨ ਕਾਂਗਰਸ ਦੀਆਂ ਵੋਟਾਂ ਘਟਣਗੀਆਂ। ਇਸ ਨਾਲ ਭਾਜਪਾ ਨੂੰ ਹੀ ਫ਼ਾਇਦਾ ਹੋਵੇਗਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ਦੀ ਮਦਦ ਕਰਨ ਦੇ ਬਾਵਜੂਦ ਆਮ ਆਦਮੀ ਪਾਰਟੀ ਇਸ ਦੀ ਮਾਰ ਝੱਲ ਰਹੀ ਹੈ।”
ਕੀ ਭਾਜਪਾ ਲਈ ਸਭ ਤੋਂ ਵੱਡਾ ਖ਼ਤਰਾ ਆਮ ਆਦਮੀ ਪਾਰਟੀ ਹੈ?
ਅਜਿਹੇ ਕੀ ਕਾਰਨ ਹਨ ਕਿ ਆਮ ਆਦਮੀ ਪਾਰਟੀ ਜਿਸ ਸਮੇਂ ਭਾਜਪਾ ਲਈ ਵੱਡਾ ਖਤਰਾ ਨਹੀਂ ਵੀ ਹੈ ਤਦ ਵੀ ਉਨ੍ਹਾਂ ਦੇ ਹਮਲਿਆਂ ਦਾ ਸ਼ਿਕਾਰ ਹੋ ਰਹੀ ਹੈ।
ਸ਼ਰਦ ਗੁਪਤਾ ਦਾ ਕਹਿਣਾ ਹੈ, ''''ਭਾਜਪਾ ਇੱਕ ਸਫ਼ਲ ਸਿਆਸੀ ਪਾਰਟੀ ਹੈ। ਅਤੇ ਇੱਕ ਸਫ਼ਲ ਸਿਆਸੀ ਪਾਰਟੀ ਦੀ ਨਿਸ਼ਾਨੀ ਇਹ ਹੈ ਕਿ ਇਹ ਆਪਣੀਆਂ ਵਿਰੋਧੀ ਪਾਰਟੀਆਂ ਨੂੰ ਵਧਣ-ਫੁੱਲਣ ਦਾ ਥੋੜ੍ਹਾ ਜਿਹਾ ਮੌਕਾ ਵੀ ਨਹੀਂ ਦਿੰਦੀ। ਇਹੀ ਕੰਮ ਭਾਜਪਾ ਕਰ ਰਹੀ ਹੈ। ਉਹ ਆਪਣੇ ਵਿਰੋਧੀਆਂ ਨੂੰ ਖ਼ਤਮ ਕਰਨ ਦੀਆਂ ਬਹੁਤ ਬੇਰਹਿਮੀ ਨਾਲ ਕੋਸ਼ਿਸ਼ਾਂ ਕਰ ਰਹੀ ਹੈ।”
ਸ਼ਰਦ ਗੁਪਤਾ ਦਾ ਕਹਿਣਾ ਹੈ, ''''ਮੋਦੀ ਅਤੇ ਅਮਿਤ ਸ਼ਾਹ ਦੀ ਆਲੋਚਨਾ ਕਰਨ ਵਾਲਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਵਿੱਤੀ ਲੈਣ-ਦੇਣ ਸਪੱਸ਼ਟ ਹੈ।”
“ਪਰ ਸਮੱਸਿਆ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬਣਾਈ ਗਈ ਸ਼ਰਾਬ ਨੀਤੀ ''ਚ ਹੈ ਜਿਸ ਵਿੱਚ ਗੜਬੜੀ ਸਾਹਮਣੇ ਆ ਰਹੀ ਹੈ ਅਤੇ ਅਜਿਹੀ ਸਥਿਤੀ ''ਚ ਮੋਦੀ ਸਰਕਾਰ ਆਮ ਆਦਮੀ ਪਾਰਟੀ ਨੂੰ ਕਿੱਥੇ ਛੱਡਣ ਵਾਲੀ ਹੈ?”
ਸ਼ਰਦ ਗੁਪਤਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਕਿ ਉਸ ਨੇ ਜੋ ਸ਼ਰਾਬ ਨੀਤੀ ਬਣਾਈ ਸੀ, ਉਹ ਹੀ ਹਰਿਆਣਾ ਵਿੱਚ ਚੱਲ ਰਹੀ ਹੈ। ਪਰ ਮੋਦੀ ਸਰਕਾਰ ਹਰਿਆਣਾ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ।
ਜੇਕਰ ਅਜਿਹਾ ਹੈ ਤਾਂ ਆਮ ਆਦਮੀ ਇਸ ਦਾ ਪਰਦਾਫਾਸ਼ ਕਿਉਂ ਨਹੀਂ ਕਰਦੀ? ਪਰ ਮਹਿਜ਼ ਅਜਿਹਾ ਕਹਿਣ ਨਾਲ ਕੰਮ ਨੀਂ ਚੱਲ ਸਕਦਾ ਕਿ ਮੋਦੀ ਸਰਕਾਰ ਕੇਜਰੀਵਾਲ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਵਿੱਚ ਕਿੰਨੀ ਕੁ ਸਾਰਥਿਕਤਾ ਹੈ?
ਆਮ ਆਦਮੀ ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਦੇ ਇਲਜ਼ਾਮ ਹਨ ਵਿੱਚ ਕਿੰਨਾ ਕੁ ਵਜ਼ਨ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਸੰਮਨ ਭੇਜਣਾ ਪਾਰਟੀ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਹੈ?
ਇਸ ਸਵਾਲ ਦਾ ਜਵਾਬ ਦਿੰਦਿਆਂ ਪੱਤਰਕਾਰ ਕ੍ਰਿਸ਼ਨ ਮੋਹਨ ਸ਼ਰਮਾ, ਜੋ ਕਿ ਆਮ ਆਦਮੀ ਪਾਰਟੀ ਨੂੰ ਲੰਮੇ ਸਮੇਂ ਤੋਂ ਕਵਰ ਕਰ ਚੁੱਕੇ ਹਨ, ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਹਮਣੇ ਖ਼ਤਰੇ ਕਾਫ਼ੀ ਵੱਧ ਗਏ ਹਨ।
ਕ੍ਰਿਸ਼ਨ ਮੋਹਨ ਸ਼ਰਮਾ ਦਾ ਕਹਿਣਾ ਹੈ, "ਸਤੇਂਦਰ ਜੈਨ, ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਵਰਗੇ ਵੱਡੇ ਪਾਰਟੀ ਆਗੂਆਂ ਦੇ ਜੇਲ੍ਹ ਵਿੱਚ ਹੋਣ ਅਤੇ ਹੁਣ ਪਾਰਟੀ ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਸੰਮਨ ਕੀਤੇ ਜਾਣ ਨਾਲ ਆਮ ਆਦਮੀ ਪਾਰਟੀ ਦੇ ਹਾਸ਼ੀਏ ''ਤੇ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ।"
ਉਹ ਕਹਿੰਦੇ ਹਨ, "ਸੂਤਰਾਂ ਦੇ ਮੁਤਾਬਕ ਈਡੀ ਕੋਲ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਇੰਨੇ ਸਬੂਤ ਹਨ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।"
“ਜੇਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤਾਂ ਇਸ ਨਾਲ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਟੁੱਟ ਜਾਵੇਗੀ।”
“ਉਨ੍ਹਾਂ ਦੀ ਥਾਂ ''ਤੇ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਸੌਰਭ ਭਾਰਦਵਾਜ ਜਾਂ ਆਤਿਸ਼ੀ ਨੂੰ ਸੀਐੱਮ ਬਣਾਇਆ ਜਾ ਸਕਦਾ ਹੈ ਪਰ ਇਸ ਨਾਲ ਕੁਝ ਹੋਵੇਗਾ ਨਹੀਂ।”
ਉਹ ਕਹਿੰਦੇ ਹਨ, "ਅਰਵਿੰਦ ਦੀ ਗ੍ਰਿਫ਼ਤਾਰੀ ਆਮ ਆਦਮੀ ਪਾਰਟੀ ਨੂੰ ਵੱਡੀ ਮੁਸ਼ਕਿਲ ਵਿੱਚ ਪਾ ਸਕਦੀ ਹੈ। ਇਨ੍ਹਾਂ ਲੋਕਾਂ ਵਿੱਚੋਂ ਕੋਈ ਵੀ ਦਿੱਲੀ ਦੀ ਅਗਵਾਈ ਕਰਨ ਦੀ ਸਮਰੱਥਾ ਨਹੀਂ ਰੱਖਦਾ।"
"ਅਜਿਹੀ ਸਥਿਤੀ ਵਿੱਚ, ਇਹ ਮੰਨਿਆ ਜਾਣਾ ਚਾਹੀਦਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨਾਲ, ਆਮ ਆਦਮੀ ਪਾਰਟੀ ਆਪਣੇ ਪਤਨ ਦੀ ਰਾਹ ’ਤੇ ਪੈ ਜਾਵੇਗੀ।"
ਕੀ ਭਾਜਪਾ ਆਮ ਆਦਮੀ ਪਾਰਟੀ ਵਿਰੁੱਧ ਜ਼ਿਆਦਾ ਹਮਲਾਵਰ ਹੈ ਕਿਉਂਕਿ ਉਹ ਇਸ ਨੂੰ ਆਪਣੇ ਲਈ ਸਭ ਤੋਂ ਵੱਡਾ ਖ਼ਤਰਾ ਮੰਨਦੀ ਹੈ?
ਕ੍ਰਿਸ਼ਨ ਮੋਹਨ ਸ਼ਰਮਾ ਕਹਿੰਦੇ ਹਨ, "ਐਸੀ ਕੋਈ ਗੱਲ ਨਹੀਂ ਹੈ। ਦਿੱਲੀ ਦੀਆਂ ਸਾਰੀਆਂ ਸੱਤ ਸੰਸਦੀ ਸੀਟਾਂ ਭਾਜਪਾ ਕੋਲ ਹਨ। ਨਗਰ ਨਿਗਮ ਵਿੱਚ ਵੀ ਇਸ ਦੀਆਂ 104 ਸੀਟਾਂ ਹਨ।”
“ਜਦੋਂ ਕਿ ਪਹਿਲਾਂ ਇਹ ਉਮੀਦ ਨਹੀਂ ਸੀ ਕਿ ਇੰਨੀਆਂ ਸੀਟਾਂ ਆਉਣਗੀਆਂ। ਭਾਜਪਾ ਇੱਕ ਮਜ਼ਬੂਤ ਪਾਰਟੀ ਹੈ। ਇਸ ਲਈ ਆਮ ਆਦਮੀ ਪਾਰਟੀ ਉਸ ਲਈ ਸਭ ਤੋਂ ਵੱਡੀ ਚੁਣੌਤੀ ਨਹੀਂ ਹੈ।”
ਕੀ ਹਮਲਾਵਰ ਰਵੱਈਏ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਵੇਗਾ?
ਕੀ ਭਾਜਪਾ ਆਮ ਆਦਮੀ ਪਾਰਟੀ ਨੂੰ ਇਸ ਲਈ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ ਉਹ ਮੋਦੀ ਸਰਕਾਰ ਖ਼ਿਲਾਫ਼ ਬਹੁਤ ਆਵਾਜ਼ ਉਠਾ ਰਹੀ ਹੈ?
ਅਤੇ ਉਹ ਮੋਦੀ ਅਤੇ ਅਮਿਤ ਸ਼ਾਹ ਵਰਗੇ ਵੱਡੇ ਆਗੂਆਂ ''ਤੇ ਬਹੁਤ ਹਮਲਾਵਰ ਤਰੀਕੇ ਨਾਲ ਇਲਜ਼ਾਮ ਲਾਉਂਦੀ ਹੈ?
ਕ੍ਰਿਸ਼ਨ ਮੋਹਨ ਸ਼ਰਮਾ ਦਾ ਕਹਿਣਾ ਹੈ, "ਆਮ ਆਦਮੀ ਪਾਰਟੀ ਹਰ ਕਿਸੇ ਨੂੰ ਭ੍ਰਿਸ਼ਟ ਆਖਦੀ ਰਹੀ ਹੈ। ਇਨ੍ਹਾਂ ਵਿੱਚ ਦੇਸ਼ ਦੇ ਕਈ ਵੱਡੇ ਆਗੂ ਰਾਹੁਲ ਗਾਂਧੀ, ਸ਼ੀਲਾ ਦੀਕਸ਼ਤ, ਸੋਨੀਆ ਗਾਂਧੀ, ਅਡਾਨੀ ਅਤੇ ਅੰਬਾਨੀ ਸ਼ਾਮਲ ਹਨ।”
“ਪਰ ਉਨ੍ਹਾਂ ਖ਼ਿਲਾਫ਼ ਆਮ ਆਦਮੀ ਪਾਰਟੀ ਕੋਲ ਵੀ ਸਬੂਤ ਨਹੀਂ ਸੀ। ਹੁਣ ਉਹੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਉਸ ਦੇ ਆਗੂਆਂ ਨੂੰ ਬਿਨਾਂ ਕਿਸੇ ਸਬੂਤ ਦੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ।”
“ਪਰ ਇਹ ਵੀ ਸੱਚ ਹੈ ਕਿ ਜੇਕਰ ਇਨ੍ਹਾਂ ਆਗੂਆਂ ਵਿਰੁੱਧ ਕੋਈ ਸਬੂਤ ਨਹੀਂ ਸੀ ਤਾਂ ਇਹ ਕੇਸ ਅਦਾਲਤਾਂ ਵਿੱਚ ਇੰਨੇ ਲੰਬੇ ਸਮੇਂ ਤੱਕ ਕਿਵੇਂ ਚੱਲਦੇ ਰਹੇ ਹਨ।”
ਸ਼ਰਮਾ ਦਾ ਕਹਿਣਾ ਹੈ, "ਸੁਪਰੀਮ ਕੋਰਟ ਨੇ ਵੀ ਮਨੀ ਟ੍ਰੇਲ ਦੀ ਗੱਲ ਕੀਤੀ ਹੈ। ਸੰਭਾਵਨਾ ਹੈ ਕਿ ''ਆਪ'' ਆਗੂਆਂ ਖ਼ਿਲਾਫ਼ ਕੋਈ ਸਾਜ਼ਿਸ਼ ਹੋਵੇ ਪਰ ਅਜਿਹੀ ਸਾਜ਼ਿਸ਼ ਨਹੀਂ ਹੋ ਸਕਦੀ ਕਿ ਸਾਦੇ ਕਾਗਜ਼ ਦੇ ਆਧਾਰ ''ਤੇ ਸਾਰਿਆਂ ਨੂੰ ਦੋਸ਼ੀ ਬਣਾ ਕੇ ਜੇਲ੍ਹ ਭੇਜ ਦਿੱਤਾ ਜਾਵੇ।"
“ਸ਼ਰਦ ਗੁਪਤਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਉਸ ਦੇ ਆਗੂਆਂ ਨੂੰ ਝੂਠੇ ਅਤੇ ਮਨਘੜਤ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਪਰ ਇਹੀ ਕੰਮ ਇਹ ਖ਼ੁਦ ਪੰਜਾਬ ਵਿੱਚ ਕਰ ਰਹੀ ਹੈ।”
“ਜਿੱਥੇ ਉਹ ਕਾਂਗਰਸੀ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ। ਯਾਨੀ ਆਮ ਆਦਮੀ ਖੁਦ ਸ਼ੀਸ਼ੇ ਦੇ ਘਰ ਵਿੱਚ ਬੈਠ ਕੇ ਦੂਜਿਆਂ ''ਤੇ ਪੱਥਰ ਸੁੱਟ ਰਹੀ ਹੈ।”
ਮਾਮਲਾ ਕੀ ਹੈ?
ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਦੇ ਮਾਮਲੇ ਵਿੱਚ ਸੀਬੀਆਈ ਨੇ ਇਸ ਸਾਲ ਅਪ੍ਰੈਲ ਵਿੱਚ ਕੇਜਰੀਵਾਲ ਤੋਂ ਪੁੱਛਗਿੱਛ ਕੀਤੀ ਹੈ।
ਹਾਲਾਂਕਿ ਸੀਬੀਆਈ ਦੀ ਐੱਫ਼ਆਈਆਰ ਵਿੱਚ ਕੇਜਰੀਵਾਲ ਨੂੰ ਮੁਲਜ਼ਮ ਨਹੀਂ ਬਣਾਇਆ ਗਿਆ ਸੀ।
ਹੁਣ ਈਡੀ ਨੇ ਇਸ ਮਾਮਲੇ ਵਿੱਚ ਕੇਜਰੀਵਾਲ ਨੂੰ ਤਲਬ ਕੀਤਾ ਹੈ। ਇਸ ਮਾਮਲੇ ਵਿੱਚ ਸਾਬਕਾ ਡਿਪਟੀ ਮੁੱਖ ਮੰਤਰੀ, ਦਿੱਲੀ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਦੀ ਗ੍ਰਿਫ਼ਤਾਰ ਪਹਿਲਾਂ ਹੀ ਹੋ ਚੁੱਕੀ ਹੈ।
ਸੋਮਵਾਰ ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ''ਚ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ।
ਈਡੀ ਵੱਲੋਂ ਕੇਜਰੀਵਾਲ ਨੂੰ ਜਾਰੀ ਸੰਮਨ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ 338 ਕਰੋੜ ਰੁਪਏ ਦੇ ‘ਮਨੀ ਟ੍ਰੇਲ’ ਦੇ ਸਬੂਤ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
''84 ਦੇ ਸਿੱਖ ਕਤਲੇਆਮ ਦੇ ਪੀੜਤ ਬੱਚਿਆਂ ਨੂੰ ਪੈਰਾਂ ’ਤੇ ਖੜ੍ਹੇ ਕਰਨ ਵਾਲੇ ਕੁਲਬੀਰ ਸਿੰਘ ਨੇ ਕਿਵੇਂ ਕਈਆਂ...
NEXT STORY