ਅਦਾਕਾਰਾ ਦੀਆ ਮਿਰਜ਼ਾ
ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰ ਵਜੋਂ ਦੀਆ ਮਿਰਜ਼ਾ ਜਿੱਥੇ ਵੀ ਜਾਂਦੇ ਹਨ ਧਿਆਨ ਖਿੱਚਦੇ ਹਨ।
ਕਈ ਵਾਰ ਦੀਆ ਮਿਰਜ਼ਾ ਉਸ ਧਿਆਨ ਨੂੰ ਆਪਣੇ ਫਾਇਦੇ ਲਈ ਵਰਤ ਸਕਦੇ ਹਨ। ਜਿਵੇਂ ਕਿ ਜਦੋਂ ਜਲਵਾਯੂ ਪਰਿਵਰਤਨ ਬਾਰੇ ਮੁਹਿੰਮ ਦੀ ਗੱਲ ਹੋਵੇ, ਜਿਸ ਬਾਰੇ ਉਹ ਬੇਹੱਦ ਭਾਵੁਕ ਹਨ। ਪਰ ਕਈ ਵਾਰ ਇਹ ਔਖਾ ਹੋ ਸਕਦਾ ਹੈ।
ਬੀਬੀਸੀ 100 ਵੂਮੈਨ ਲਈ ਸਾਡੀ ਇੰਟਰਵਿਊ ਦੇ ਵਿਚਕਾਰ, ਜਦੋਂ ਜਲਵਾਯੂ ਪਰਿਵਰਤਨ ਦੇ ਕਾਰਨਾਂ ਬਾਰੇ ਚਰਚਾ ਚੱਲ ਰਹੀ ਸੀ ਤਾਂ ਦਰਵਾਜ਼ੇ ਦੀ ਘੰਟੀ ਵੱਜੀ।
ਕੋਈ ਦੀਆ ਨੂੰ ਫ਼ੁੱਲਾਂ ਦਾ ਗੁਲਦਸਤਾ ਦੇਣ ਆਇਆ ਸੀ। ਦੀਆ ਦਾ ਵਾਤਾਵਰਣ ਪ੍ਰਤੀ ਸਮਰਪਣ ਇਸ ਗੱਲ ਤੋਂ ਵੀ ਜ਼ਾਹਰ ਹੋਇਆ ਕਿ ਉਨ੍ਹਾਂ ਜਲਦੀ ਹੀ ਫ਼ੁੱਲ ਸਵਿਕਾਰ ਕਰ ਉਨ੍ਹਾਂ ਨੂੰ ਤੋਰ ਦਿੱਤਾ ਅਤੇ ਗੱਲ ਮੁੜ ਸ਼ੁਰੂ ਕਰ ਲਈ।
ਮਿਰਜ਼ਾ ਨੇ ਦੱਸਿਆ ਕਿ ਉਹ ਮੰਨਦੇ ਹਨ ਕਿ,“ਜਲਵਾਯੂ ਲਈ ਸਭ ਤੋਂ ਵੱਡਾ ਮੁੱਦਾ ਉਨ੍ਹਾਂ ਮਰਦਾਂ ਦੀ ਹਾਊਮੈ ਹੈ ਜੋ ਬਦਲਣਾ ਨਹੀਂ ਚਾਹੁੰਦੇ ਤੇ ਸਥਿਤੀਆਂ ਤੋਂ ਇਨਕਾਰੀ ਹਨ।"
"ਪ੍ਰਦੂਸ਼ਣ ਕਰਨ ਵਾਲੇ ਜਾਣਦੇ ਹਨ ਕਿ ਉਹ ਜੋ ਕਰ ਰਹੇ ਹਨ ਉਹ ਲੋਕਾਂ ਨੂੰ ਮਾਰਨ ਵਾਲਾ ਹੈ, ਇਸ ਲਈ ਉਨ੍ਹਾਂ ਕੋਲ ਨਾ ਬਦਲਣ ਦਾ ਕੋਈ ਬਹਾਨਾ ਨਹੀਂ ਹੈ।"
ਮਿਰਜ਼ਾ ਇਸ ਸਾਲ ਬੀਬੀਸੀ ਦੀਆਂ 100 ਵੂਮੈਨ ਦੀ ਸੂਚੀ ਵਿੱਚ ਸ਼ਾਮਲ ਔਰਤਾਂ ਵਿੱਚੋਂ ਇੱਕ ਹੈ।
ਇਸ ਸੂਚੀ ਵਿੱਚ ਹਰ ਸਾਲ ਦੁਨੀਆਂ ਭਰ ਦੀਆਂ 100 ਪ੍ਰੇਰਣਾਦਾਇਕ ਅਤੇ ਪ੍ਰਭਾਵਸ਼ਾਲੀ ਔਰਤਾਂ ਦੇ ਨਾਮ ਸ਼ਾਮਲ ਹੁੰਦੇ ਹਨ।
2023 ਵਿੱਚ, ਇਹ ਸੂਚੀ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਾਲੀਆਂ ਔਰਤਾਂ ਬਾਰੇ ਹੈ।
ਸਾਡੀ ਬਹੁਤੀ ਗੱਲਬਾਤ ਜਲਵਾਯੂ ਪਰਿਵਰਤਨ ਦੇ ਸਬੰਧ ਵਿੱਚ ਲਿੰਗ ਸਮਾਨਤਾ ''ਤੇ ਕੇਂਦਰਿਤ ਹੈ, ਪਰ ਇੱਕ ਫਿਲਮ ਸਟਾਰ ਵਜੋਂ ਉਨ੍ਹਾਂ ਦੇ ਅਨੁਭਵਾਂ ਬਾਰੇ ਵੀ।
ਮਿਰਜ਼ਾ ਦੇ ਅਨੁਭਵ
ਮਿਰਜ਼ਾ ਸਿਰਫ 19 ਸਾਲ ਦੇ ਸਨ ਜਦੋਂ ਉਨ੍ਹਾਂ ਨੇ ਸਾਲ 2000 ਵਿੱਚ ਮਿਸ ਏਸ਼ੀਆ ਪੈਸੀਫਿਕ ਸੁੰਦਰਤਾ ਮੁਕਾਬਲੇ ਦਾ ਖਿਤਾਬ ਜਿੱਤਿਆ ਸੀ।
ਉਨ੍ਹਾਂ ਨੇ ਜਲਦੀ ਹੀ ਮਾਡਲਿੰਗ ਵਿੱਚ ਆਪਣਾ ਕਰੀਅਰ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਸੰਭਾਵਿਤ ਤੌਰ ''ਤੇ ਕੁਝ ਜ਼ਿਆਦਾ ਦੀ ਸੁੰਦਰ ਅਤੇ ਜ਼ਿਆਦਾ ਗੋਰੇ ਸਨ ਅਤੇ ਮਾਡਲ ਬਣਨ ਲਈ ਨਿਸ਼ਚਤ ਤੌਰ ''ਤੇ ਬਹੁਤ ਛੋਟੇ ਸਨ।
ਮਿਰਜ਼ਾ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੇ ਕਹੇ ਨੇ ਮੈਨੂੰ ਬਹੁਤਾ ਪ੍ਰਭਾਵਿਤ ਕੀਤਾ, ਜਿੰਨਾ ਮੈਂ ਇਸ ਤੱਥ ਤੋਂ ਪ੍ਰਭਾਵਿਤ ਹੋਈ ਸੀ ਕਿ ਕੋਈ ਵਿਅਕਤੀ ਜੋ ਮੇਰੇ ਬਾਰੇ ਕੁਝ ਨਹੀਂ ਜਾਣਦਾ ਸੀ, ਮੈਨੂੰ ਇੱਕ ਸਾਂਚੇ ਵਿੱਚ ਪਾ ਰਿਹਾ ਸੀ ਅਤੇ ਮੇਰੇ ਲਈ ਫ਼ੈਸਲਾ ਕਰ ਰਿਹਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਜਾਂ ਕੀ ਨਹੀਂ। "
ਆਪਣੇ ਪੂਰੇ ਕਰੀਅਰ ਦੌਰਾਨ, ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕੁੜੀ ਹੋਣ ਕਾਰਨ ਵਖਰੇਵੇਂ ਦਾ ਅਨੁਭਵ ਕੀਤਾ।
"ਮੇਰੇ ਪੁਰਸ਼ ਹਮਰੁਤਬਾ ਦੇਰ ਨਾਲ ਆਉਂਦੇ, ਸੈਟ ਉੱਤੇ ਉਨ੍ਹਾਂ ਦਾ ਰਵੱਈਆ ਗੈਰ-ਪੇਸ਼ੇਵਰ ਹੁੰਦਾ ਸੀ ਪਰ ਉਨ੍ਹਾਂ ਨੂੰ ਪੈਸੇ ਵੱਧ ਮਿਲਦੇ ਸਨ।"
“ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀ ਉਸ ਸਮੇਂ ਸੈੱਟ ਉੱਤੇ ਔਰਤਾਂ ਬਹੁਤ ਘੱਟ ਹੁੰਦੀਆਂ ਸਨ।”
“ਜੇ ਕੋਈ ਅਦਾਕਾਰਾ ਲੇਟ ਹੋ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਗੈਰ-ਪੇਸ਼ੇਵਰ ਕਰਾਰ ਦਿੱਤਾ ਜਾਵੇਗਾ। ਉਨ੍ਹਾਂ ਲਈ ਵੈਨਿਟੀ ਵੈਨ ਛੋਟੀ ਹੁੰਦੀ ਸੀ।''''
"ਪਹਿਲਾਂ ਸਾਡੇ ਕੋਲ ਬਾਹਰੀ ਥਾਵਾਂ ''ਤੇ ਮਹਿਲਾ ਅਦਾਕਾਰਾਂ ਲਈ ਟਾਇਲਟ ਵੀ ਨਹੀਂ ਸਨ। ਨਿੱਜਦਾ ਦਾ ਅਧਿਕਾਰ ਕਿਤੇ ਹੈ ਹੀ ਨਹੀਂ ਸੀ।"
ਔਰਤਾਂ ਨਾਲ ਵਿਤਕਰਾ
ਮੈਂ ਉਨ੍ਹਾਂ ਨੂੰ ਪੁੱਛਿਆ ਕਿ ਭਾਰਤੀ ਸਿਨੇਮਾ ਵਿੱਚ ਵਹੀਦਾ ਰਹਿਮਾਨ ਵਰਗੀਆਂ ਮੁੱਠੀ ਭਰ ਔਰਤਾਂ ਨੂੰ ਇਸ ਦੇ 100 ਸਾਲਾਂ ਤੋਂ ਵੱਧ ਇਤਿਹਾਸ ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਕਿਉਂ ਮਿਲਿਆ ਹੈ?
ਦੀਆ ਮਿਰਜ਼ਾ ਕਹਿੰਦੇ ਹਨ, ਵਹੀਦਾ ਜੀ ਇੱਕ ਆਈਕਨ ਹਨ ਅਤੇ ਉਨ੍ਹਾਂ ਨੂੰ ਇਹ ਬਹੁਤ ਦੇਰ ਨਾਲ ਮਿਲਿਆ।
ਉਨ੍ਹਾਂ ਕਿਹਾ, “ਸਾਨੂੰ ਇਸ ਹਕੀਕਤ ਨੂੰ ਸਮਝਣਾ ਹੋਵੇਗਾ ਕਿ ਅੱਜ ਵੀ ਫ਼ਿਲਮਾਂ ਵਿੱਚ ਔਰਤਾਂ ਦੀ ਨੁਮਾਇੰਦਗੀ ਘੱਟ ਹੈ, ਭਾਵੇਂ ਉਹ ਨਿਰਦੇਸ਼ਨ ਹੋਵੇ, ਨਿਰਮਾਣ ਹੋਵੇ ਜਾਂ ਲੇਖਣੀ ਹੋਵੇ।”
“ਜਦੋਂ ਤੱਕ ਔਰਤਾਂ ਦੀ ਇਨ੍ਹਾਂ ਖੇਤਰਾਂ ’ਚ ਗਿਣਤੀ ਅਤੇ ਔਰਤਾਂ ਦੀ ਨੁਮਾਇੰਦਗੀ ਨਹੀਂ ਬਦਲਦੀ, ਹਾਲਾਤ ਨਹੀਂ ਸੁਧਰਣਗੇ।”
ਆਪਣੇ ਸ਼ੁਰੂਆਤੀ ਤਜ਼ਰਬਿਆਂ ਦੇ ਬਾਵਜੂਦ, ਮਿਰਜ਼ਾ ਭਵਿੱਖ ਬਾਰੇ ਸਕਾਰਾਤਮਕ ਹਨ ਅਤੇ ਕਹਿੰਦੇ ਹਨ ਕਿ ਅਜਿਹੇ ਸੰਕੇਤ ਹਨ ਕਿ ਚੀਜ਼ਾਂ ਵਿੱਚ ਸੁਧਾਰ ਹੋ ਰਿਹਾ ਹੈ।
ਉਹ ਕਹਿੰਦੇ ਹਨ, "ਭਾਰਤੀ ਸਿਨੇਮਾ ਵਿੱਚ ਇੱਕ ਦੌਰ ਸੀ ਜਦੋਂ ਇੱਕ ਖਾਸ ਉਮਰ ਤੋਂ ਵੱਧ ਦੀ ਔਰਤਾਂ ਨੂੰ ਮੁੱਖ ਭੂਮਿਕਾਵਾਂ ਦੀ ਪੇਸ਼ਕਸ਼ ਨਹੀਂ ਕੀਤੀ ਜਾਂਦੀ ਸੀ ਜਿਵੇਂ ਕਿ ਪੁਰਸ਼ਾਂ ਦੀ ਪੇਸ਼ਕਸ਼ ਕੀਤੀ ਜਾਂਦੀ ਸੀ।"
"ਅਸੀਂ ਹੁਣੇ ਹੀ ਇੱਕ ਫਿਲਮ ਦਕ-ਦਕ ਰਿਲੀਜ਼ ਕੀਤੀ ਹੈ, ਜੋ ਕਿ ਚਾਰ ਵੱਖ-ਵੱਖ ਉਮਰ ਸਮੂਹਾਂ ਦੀਆਂ ਚਾਰ ਔਰਤਾਂ ਬਾਰੇ ਇੱਕ ਚੰਗੀ ਕਹਾਣੀ ਹੈ ਜੋ ਮੋਟਰਸਾਈਕਲ ਦੀ ਸਵਾਰੀ ਕਰਦੀਆਂ ਹਨ।”
"ਇਸ ਤਰ੍ਹਾਂ ਦੀ ਕਹਾਣੀ ਸੁਣਾਉਣ ਲਈ ਭਾਰਤੀ ਫਿਲਮ ਉਦਯੋਗ ਨੂੰ ਕਰੀਬ 110 ਸਾਲ ਲੱਗੇ ਹਨ। ਮੈਂ ਇਸ ਤਰ੍ਹਾਂ ਦੀ ਇੱਕ ਭੂਮਿਕਾ ਨਿਭਾਉਣ ਲਈ 23 ਸਾਲ ਉਡੀਕ ਕੀਤੀ ਹੈ।"
ਕੁੜੀਆਂ ਖ਼ੁਦ ਨੂੰ ਸਵਿਕਾਰ ਕਰਨ
ਇੱਕ ਸਾਬਕਾ ਸੁੰਦਰਤਾ ਮੁਕਾਬਲੇ ਦੀ ਜੇਤੂ ਹੋਣ ਵਜੋਂ ਦੀਆ ਮਿਰਜ਼ਾ ਦਾ ਜਵਾਨ ਕੁੜੀਆਂ ਨੂੰ ਇਹ ਕਹਿਣਾ ਹੈ, "ਕਦੇ ਵੀ ਕਿਸੇ ਨੂੰ ਤੁਹਾਡੇ ''ਤੇ ਇਤਰਾਜ਼ ਨਾ ਕਰਨ ਦਿਓ।"
"ਮੈਂ ਮਿਸ ਏਸ਼ੀਆ ਪੈਸੀਫਿਕ ਮੁਕਾਬਲੇ ਦੌਰਾਨ ਟੂ ਪੀਸ ਸਵਿਮ ਸੂਟ ਪਹਿਨਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮੈਂ ਇਸ ਵਿੱਚ ਚੰਗਾ ਨਹੀਂ ਸੀ ਮਹਿਸੂਸ ਕਰਦੀ।"
ਫਿਲਮ ਇੰਡਸਟਰੀ ਤੋਂ ਬਾਹਰ, ਮਿਰਜ਼ਾ ਹੋਰ ਖੇਤਰਾਂ ਵਿੱਚ ਵੀ ਲਿੰਗਕ ਬਰਾਬਰਤਾ ਨੂੰ ਉਤਸ਼ਾਹਿਤ ਕਰਨ ਲਈ ਉਤਸੁਕ ਹਨ।
2021 ਵਿੱਚ, ਉਨ੍ਹਾਂ ਨੇ ਰਵਾਇਤੀ ਭਾਰਤੀ ਰਸਮਾਂ ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਪਰ ਜ਼ਿਆਦਾਤਰ ਵਿਆਹਾਂ ਦੇ ਉਲਟ, ਉਨ੍ਹਾਂ ਦੇ ਫ਼ੇਰੇ ਇੱਕ ਔਰਤ ਪੁਜਾਰੀ ਨੇ ਪੜ੍ਹੇ।
ਉਹ ਕਹਿੰਦੇ ਹਨ, “ਮੇਰੇ ਇੱਕ ਦੋਸਤ ਦੇ ਵਿਆਹ ਵਿੱਚ ਔਰਤ ਪੁਜਾਰੀ ਨੇ ਰਸਮਾਂ ਨਿਭਾਈਆਂ ਸਨ, ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹੋਈ। ਅਤੇ ਮੈਨੂੰ ਪਤਾ ਸੀ ਕਿ ਮੈਂ ਵੀ ਇਹੀ ਚਾਹੁੰਦੀ ਸੀ।
“ਇੱਕ ਮਹਿਲਾ ਪਾਦਰੀ ਰੱਖਣ ਦੇ ਇਸ ਫੈਸਲੇ ਨੇ ਭਾਰਤ ਵਿੱਚ ਇੱਕ ਵੱਡੀ ਔਨਲਾਈਨ ਬਹਿਸ ਛੇੜ ਦਿੱਤੀ ਹੈ ਕਿ ਕਿਉਂ ਔਰਤਾਂ ਨੂੰ ਅਜੇ ਵੀ ਕੁਝ ਫਰਜ਼ ਨਿਭਾਉਣ ਦੀ ਇਜਾਜ਼ਤ ਨਹੀਂ ਹੈ?"
ਇਹ ਇਕੱਲੀ ਰਵਾਇਤ ਨਹੀਂ ਸੀ ਜਿਸ ਨੂੰ ਉਨ੍ਹਾਂ ਨੇ ਤੋੜਿਆ ਸੀ।
ਉਨ੍ਹਾਂ ਨੇ ਆਪਣੇ ਵਿਆਹ ਵਿੱਚ ਕੰਨਿਆਦਾਨ ਦੀ ਰਸਮ ਦੀ ਪਾਲਣਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ।
“ਮੇਰੇ ਨਾਨਾ ਜੀ ਕਹਿੰਦੇ ਸਨ ਕਿ ਮੇਰੀਆਂ ਧੀਆਂ ਕੋਈ ਵਸਤੂ ਨਹੀਂ ਹਨ ਕਿ ਮੈਂ ਉਨ੍ਹਾਂ ਨੂੰ ਵਿਆਹ ਦੌਰਾਨ ‘ਦਾਨ’ ਕਰਾਂ।
ਇਹ ਇੱਕ ਬਹੁਤ ਹੀ ਜ਼ਬਰਦਸਤ ਵਿਚਾਰ ਸੀ।”
“ਇਸ ਲਈ ਮੇਰੀ ਮਾਂ ਨੇ ਵੀ ਇਹ ਕਿਹਾ ਕਿ ਮੇਰੇ ਵਿਆਹ ਦੌਰਾਨ ਕੰਨਿਆਦਾਨ ਦੀ ਰਸਮ ਨਹੀਂ ਕੀਤੀ ਜਾਵੇਗੀ।”
ਇੱਕ ਬਾਲੀਵੁੱਡ ਰਿਪੋਰਟਰ ਵਜੋਂ, ਮੈਂ ਮਿਰਜ਼ਾ ਦੇ ਕਰੀਅਰ ਬਾਰੇ ਜਾਣਦੀ ਹਾਂ।
ਲੋਕ ਗਲੈਮਰ ''ਤੇ ਧਿਆਨ ਕੇਂਦਰਿਤ ਕਰ ਸਕਦੇ ਹਨ ਪਰ ਇੱਕ ਜਲਵਾਯੂ ਹਮਾਇਤੀ ਵਜੋਂ ਹਮੇਸ਼ਾ ਵਚਨਬੱਧਤਾ ਨੂੰ ਧਿਆਨ ਵਿੱਚ ਨਹੀਂ ਰੱਖਦੇ।
ਕੁਦਰਤ ਨਾਲ ਘਿਰੇ ਦੱਖਣੀ ਭਾਰਤ ਵਿੱਚ ਜੰਮੇ ਅਤੇ ਵੱਡੇ ਹੋਏ, ਮਿਰਜ਼ਾ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ ਕਿ ਉਨ੍ਹਾਂ ਨੇ ਮੌਸਮੀ ਬਦਲਾਅ ਵਿਰੁੱਧ ਕੰਮ ਕਰਨ ਨੂੰ ਅਪਣਾਇਆ। ਭਾਵੇਂ ਕਿ ਮਾਡਲਿੰਗ ਅਤੇ ਫਿਲਮਾਂ ਵਿੱਚ ਉਨ੍ਹਾਂ ਦਾ ਕਰੀਅਰ 20 ਸਾਲ ਪਹਿਲਾਂ ਸ਼ੁਰੂ ਹੋਇਆ ਸੀ।
ਉਹ 2017 ਵਿੱਚ ਸੰਯੁਕਤ ਰਾਸ਼ਟਰ ਦੇ ਸਦਭਾਵਨਾ ਰਾਜਦੂਤ ਬਣੇ ਅਤੇ ਵਾਤਾਵਰਣ ਬਾਰੇ ਉਨ੍ਹਾਂ ਪ੍ਰਚਾਰ ਵੀ ਕੀਤਾ।
ਦੀਆ ਮਿਰਜ਼ਾ
ਕਹੇ ਉੱਤੇ ਪਹਿਰਾ ਦੇਣਾ
ਇੰਟਰਵਿਊ ਦੌਰਾਨ ਉਹ ਵਾਰ-ਵਾਰ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹਨ, ਜਦੋਂ ਕੱਪੜੇ ਹਮੇਸ਼ਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਪਹਿਨਣ ਲਈ ਦਿੱਤੇ ਜਾਂਦੇ ਸਨ ਅਤੇ ਸਾਲ ਦਰ ਸਾਲ ਵਸਤੂਆਂ ਦੀ ਮੁੜ ਵਰਤੋਂ ਕਰਨ ਵਿੱਚ ਕੋਈ ਸ਼ਰਮ ਨਹੀਂ ਸੀ।
ਇਹ ਇੱਕ ਅਭਿਆਸ ਹੈ ਜੋ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਘਰ ਵਿੱਚ ਮੁੜ ਸੁਰਜੀਤ ਕੀਤਾ ਹੈ, ਉਦਾਹਰਣ ਲਈ ਆਪਣੇ ਪੁੱਤਰ ਦੇ ਹਾਲ ਹੀ ਦੇ ਦੂਜੇ ਜਨਮਦਿਨ ਦੇ ਜਸ਼ਨਾਂ ਵਿੱਚ, ਇੱਕ ਜ਼ੀਰੋ ਪਲਾਸਟਿਕ, ਜ਼ੀਰੋ ਵੇਸਟ ਪਾਰਟੀ ਦਾ ਪ੍ਰਬੰਧ ਕੀਤਾ।
ਇਸ ਸਮਾਗਮ ਵਿੱਚ ਸਾਰੀਆਂ ਸਜਾਵਟ ਦੀਆਂ ਚੀਜ਼ਾਂ ਭਵਿੱਖ ਦੇ ਸਮਾਗਮਾਂ ਵਿੱਚ ਮੁੜ ਵਰਤੋਂਯੋਗ ਸਨ।
ਉਹ ਕਈ ਵਾਰ ਕਹਿੰਦੇ ਹਨ, "ਆਪਣੇ ਕਹੇ ਉੱਤੇ ਚੱਲਣਾ ਅਤੇ ਉਦਾਹਰਣ ਦੇ ਕੇ ਅਗਵਾਈ ਕਰਨਾ ਜ਼ਰੂਰੀ ਹੈ।"
ਨੌਜਵਾਨਾਂ ਤੋਂ ਆਸ
ਮਿਰਜ਼ਾ ਨੇ ਹੋਟਲ ਦੁਆਰਾ ਦਿੱਤੀਆਂ ਗਈਆਂ ਪਲਾਸਟਿਕ ਦੀਆਂ ਪਾਣੀ ਦੀਆਂ ਬੋਤਲਾਂ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ, ਇਸਦੀ ਬਜਾਇ ਉਨ੍ਹਾਂ ਨੇ ਆਪਣੀ ਖੁਦ ਦੀ ਧਾਤੂ ਦੀ ਬੋਤਲ ਵਰਤੀ।
ਉਹ ਪੁੱਛਦੇ ਹਨ, "ਜੇ ਮੈਂ ਖੁਦ ਇਸਦਾ ਅਭਿਆਸ ਨਹੀਂ ਕਰਦੀ ਤਾਂ ਮੈਂ ਉਸ ਤਰ੍ਹਾਂ ਦੀ ਜ਼ਿੰਦਗੀ ਦੀ ਵਕਾਲਤ ਕਿਵੇਂ ਕਰ ਸਕਦੀ ਹਾਂ?"
“ਮੈਨੂੰ ਨੌਜਵਾਨਾਂ ਨੂੰ ਇਹ ਦੱਸਣ ਦਾ ਕੀ ਹੱਕ ਹੋਵੇਗਾ ਕਿ ਆਦਤਾਂ ਬਦਲਣ ਦੀ ਲੋੜ ਹੈ?
ਜਦੋਂ ਵੀ ਅਸੀਂ ਵਾਤਾਵਰਣ ਨੂੰ ਹੋਏ ਨੁਕਸਾਨ ਬਾਰੇ ਗੱਲ ਕਰਦੇ ਹਾਂ ਤਾਂ ਨਿਰਾਸ਼ਾ ਦੀ ਭਾਵਨਾ ਹੁੰਦੀ ਹੈ।
ਉਹ ਕਹਿੰਦੇ ਹਨ, "ਇਸ ਸਮੇਂ, ਮੈਂ ਦੁਨੀਆ ਵਿੱਚ ਹਰ ਜਗ੍ਹਾ ਜੋ ਹੋ ਰਿਹਾ ਹੈ ਉਸ ਕਾਰਨ ਥੋੜਾ ਨਿਰਾਸ਼ ਮਹਿਸੂਸ ਕਰ ਰਹੀ ਹਾਂ।"
"ਪਰ ਮੈਨੂੰ ਉਮੀਦ ਹੈ ਨੌਜਵਾਨਾਂ ਦੀਆਂ ਕਾਢਾਂ ਤੋਂ, ਉਨ੍ਹਾਂ ਵਲੋਂ ਲੱਭੇ ਹੱਲਾਂ ਤੋਂ, ਉਨ੍ਹਾਂ ਦੀ ਵਕਾਲਤ ਤੋਂ ਤੇ ਸਭ ਤੋਂ ਅਹਿਮ ਦੁਨੀਆਂ ਲਈ ਉਨ੍ਹਾਂ ਦੀ ਹਮਦਰਦੀ ਅਤੇ ਉਨ੍ਹਾਂ ਦੇ ਪਿਆਰ ਤੋਂ ਆਸ ਹੈ।"
ਦੀਆ ਇੰਟਰਵਿਊ ਖ਼ਤਮ ਹੋਣ ਦੀ ਉਡੀਕ ’ਚ ਨਜ਼ਰ ਆਉਂਦੇ ਹਨ ਤਾਂ ਜੋ ਹੇਠਾਂ ਬੈਠੇ ਆਪਣੇ ਬੇਟੇ ਨੂੰ ਮੁੜ ਮਿਲ ਸਕਣ, ਮੈਂ ਉਨ੍ਹਾਂ ਨੂੰ ਇੱਕ ਆਖਰੀ ਸਵਾਲ ਪੁੱਛਦੀ ਹਾਂ।
ਇੱਕ ਅਦਾਕਾਰਾ, ਜਲਵਾਯੂ ਪ੍ਰਚਾਰਕ ਅਤੇ ਸੰਯੁਕਤ ਰਾਸ਼ਟਰ ਰਾਜਦੂਤ ਵਜੋਂ ਉਨ੍ਹਾਂ ਦੀਆਂ ਕਈ ਭੂਮਿਕਾਵਾਂ ਵਿੱਚੋਂ ਦੀਆ ਦੇ ਦਿਲ ਦੇ ਸਭ ਤੋਂ ਕਰੀਬ ਕਿਹੜੀ ਹੈ?
ਉਨ੍ਹਾਂ ਫ਼ੌਰਨ ਜਵਾਬ ਦਿੱਤਾ,"ਮਾਂ ਬਣਨਾ।"
"ਮੇਰੇ ਕੋਲ ਦੁਨੀਆ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਣਤਰ ਦੇਣ ਦਾ ਮੌਕਾ ਹੈ।"
(ਇਸ ਰਿਪੋਰਟ ਵਿੱਚ ਅਮੇਲੀਆ ਬਟਰਲੀ ਨੇ ਵੀ ਯੋਗਦਾਨ ਪਾਇਆ ਹੈ।)
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮੋਬਾਈਲ ਫੋਨ, ਜਿਸ ਨੂੰ ਤੁਸੀਂ ਖ਼ੁਦ ਵੀ ਰਿਪੇਅਰ ਕਰ ਸਕਦੇ ਹੋ
NEXT STORY