“ਗੁਜਰਾਤ ਦੇ ਸ਼ਹਿਰ ਬੜੌਦਾ ਦੇ ਇਕਲੌਤੇ ਹਵਾਈ ਅੱਡੇ ’ਤੇ ਇੱਕ ਜਹਾਜ਼ ਉਡਾਣ ਭਰਨ ਲਈ ਤਿਆਰ ਖੜ੍ਹਾ ਸੀ। ਪਿਛਲੇ ਦੋ ਦਿਨਾਂ ਤੋਂ ਇਸ ਰਨਵੇਅ ’ਤੇ ਸਮਾਨ ਨਾਲ ਭਰੀਆਂ ਕਾਰਾਂ ਆ ਰਹੀਆਂ ਸਨ ਅਤੇ ਉਸ ਜਹਾਜ਼ ਦੇ ਅਮਰੀਕੀ ਪਾਇਲਟ ਨੂੰ ਪੂਰਾ ਅੰਦਾਜ਼ਾ ਸੀ ਕਿ ਇੱਥੇ ਕੀ ਚੱਲ ਰਿਹਾ ਸੀ।”
“ਭਾਰਤ ਨੂੰ ਆਜ਼ਾਦ ਹੋਇਆਂ 2 ਸਾਲ ਹੋ ਗਏ ਸਨ। ਅਮਰੀਕੀ ਪਾਇਲਟ ਇਹ ਡਕੋਟਾ ਜਹਾਜ਼ ਦੋ ਸਾਲ ਪਹਿਲਾਂ ਹੀ ਬ੍ਰਿਟਸ਼ ਫੌਜ ਤੋਂ ਖਰੀਦ ਕੇ ਭਾਰਤ ਲਿਆਏ ਸਨ ਅਤੇ ਇਸ ਵਿੱਚ ਕੁਝ ਸੁਧਾਰ ਕਰਕੇ ਉਹ ਇਸ ਨੂੰ ਸਮਾਨ ਅਤੇ ਯਾਤਰੀਆਂ ਨੂੰ ਲਿਜਾਣ ਵਾਲੇ ਇੱਕ ਨਿੱਜੀ ਜਹਾਜ਼ ਵਜੋਂ ਵਰਤ ਰਹੇ ਸਨ।”
“ਬੜੌਦਾ ਅਸਟੇਟ ਤੋਂ ਕੀਮਤੀ ਸਮਾਨ ਲੈ ਜਾਣ ਦੀ ਤਿਆਰੀ ਜਾਰੀ ਸੀ ਅਤੇ ਪਾਇਲਟ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖ ਰਿਹਾ ਸੀ।”
“ ਇਸ ਦੌਰਾਨ ਹਵਾਈ ਅੱਡੇ ਦੇ ਰਨਵੇਅ ’ਤੇ ਇੱਕ ਰੋਲਸ-ਰਾਇਸ ਕਾਰ ਪਹੁੰਚੀ, ਜਿਸ ’ਚੋਂ ਇੱਕ ਸੁੰਦਰ ਔਰਤ ਬਾਹਰ ਨਿਕਲੀ। ਲਗਭਗ 30 ਸਾਲਾਂ ਦੀ ਇਹ ਔਰਤ ਜਹਾਜ਼ ’ਚ ਸਾਮਾਨ ਲੱਦੇ ਜਾਣ ਤੋਂ ਬਾਅਦ ਪਾਇਲਟ ਦੀ ਕਾਕਪਿੱਟ ਦੀ ਪਿਛਲੀ ਸੀਟ ’ਤੇ ਜਾ ਕੇ ਬੈਠ ਗਈ। ਉਨ੍ਹਾਂ ਦੇ ਨਾਲ ਦੋ ਹੋਰ ਔਰਤਾਂ ਵੀ ਸਨ।”
ਜਿਵੇਂ ਹੀ ਜਹਾਜ਼ ਨੇ ਉਡਾਣ ਭਰੀ ਤਾਂ ਪਾਇਲਟ ਨੇ ਉਸ ਔਰਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਜਾਣਦਾ ਹੈ ਕਿ ਇਸ ਜਹਾਜ਼ ’ਚ ਲੱਦੇ ਸਮਾਨ ’ਚ ਕੀ ਕੁਝ ਹੈ, ਇਸ ਲਈ ਉਹ ਇਸ ਸਮਾਨ ਨੂੰ ਲਿਜਾਣ ਲਈ ਜ਼ਿਆਦਾ ਪੈਸੇ ਲਵੇਗਾ।
ਪਾਇਲਟ ਦੀ ਇਸ ਗੱਲ ਨੂੰ ਸੁਣ ਕੇ ਉਸ ਔਰਤ ਨੂੰ ਕੋਈ ਹੈਰਾਨੀ ਨਹੀਂ ਹੋਈ। ਸ਼ਾਇਦ ਉਹ ਗੱਲ ਤੋਂ ਜਾਣੂ ਸੀ ਕਿ ਅਜਿਹਾ ਹੋ ਸਕਦਾ ਹੈ।
ਇਸ ਲਈ ਉਨ੍ਹਾਂ ਨੇ ਪਾਇਲਟ ਦੀ ਗੱਲ ਸੁਣ ਕੇ ਤੁਰੰਤ ਆਪਣੇ ਪਰਸ ’ਚੋਂ ਇੱਕ ਰਿਵਾਲਵਰ ਕੱਢਿਆ ਅਤੇ ਪਾਇਲਟ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਕਿਹਾ, “ ਤੁਹਾਨੂੰ ਜਿਵੇਂ ਕਰਨ ਨੂੰ ਕਿਹਾ ਗਿਆ ਹੈ ਉਵੇਂ ਹੀ ਕਰੋ।”
ਇਸ ਤੋਂ ਬਾਅਦ ਪਾਇਲਟ ਨੂੰ ਇਹ ਅਹਿਸਾਸ ਹੋਇਆ ਕਿ ਸ਼ਾਇਦ ਉਸ ਨੇ ਇਹ ਗੱਲ ਕਰਕੇ ਕੋਈ ਗਲਤੀ ਕਰ ਲਈ ਹੈ।
ਇਹ ਔਰਤ ਕੋਈ ਹੋਰ ਨਹੀਂ ਬਲਕਿ ਮਹਾਰਾਣੀ ਸੀਤਾ ਦੇਵੀ ਸੀ। ਬੜੌਦਾ ਦੇ ਮਹਾਰਾਜਾ ਪ੍ਰਤਾਪ ਸਿੰਘ ਰਾਓ ਗਾਇਕਵਾੜ ਦੀ ਦੂਜੀ ਪਤਨੀ।
ਉਸ ਜਹਾਜ਼ ਵਿੱਚ ਕੀਮਤੀ ਸਾਮਾਨ ਦੇ 56 ਬਕਸੇ ਸਨ, ਜਿਨ੍ਹਾਂ ਵਿੱਚ ਬੜੌਦਾ ਦੇ ਸ਼ਾਹੀ ਖਜ਼ਾਨੇ ਦਾ ਇੱਕ ਕੀਮਤੀ ਹਿੱਸਾ ਵੀ ਸੀ।
ਭਾਰਤ ਵਿੱਚੋਂ ਨਿਕਲਣ ਤੋਂ ਬਾਅਦ ਮਹਾਰਾਣੀ ਪੈਰਿਸ ਪਹੁੰਚੀ ਅਤੇ ਜਦੋਂ ਉਨ੍ਹਾਂ ਨੇ ਉੱਥੇ ਰਹਿਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਆਪਣੇ ਕੁਝ ਵਫ਼ਾਦਾਰਾਂ ਨੂੰ ਇਹ ਕਹਾਣੀ ਸੁਣਾਈ।
ਹੁਣ ਉਨ੍ਹਾਂ ’ਤੇ ਨਿਰਭਰ ਕਰਦਾ ਸੀ ਕਿ ਉਹ ਇਸ ਕਹਾਣੀ ਨੂੰ ਮੰਨਦੇ ਜਾਂ ਫਿਰ ਨਹੀਂ। ਪਰ ਇੰਨੀ ਹਿੰਮਤ ਅਤੇ ਵਿਸ਼ਵਾਸ ਦੇ ਨਾਲ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ?
ਜਵੈਲਰ, ਫੈਸ਼ਨ ਡਿਜ਼ਾਈਨਰ ਅਤੇ ਲੇਖਕ ਮਿਲਾਨ ਵਿਲਸਨ ਨੇ ਆਪਣੀ ਕਿਤਾਬ ‘ਵਨ ਕਲੀਫ਼ ਐਂਡ ਆਰਪਲਸ: ਟ੍ਰੇਜ਼ਰਜ਼ ਐਂਡ ਲੈਜੇਂਡਜ਼’ ਵਿੱਚ ਇਸ ਕਹਾਣੀ ਦਾ ਜ਼ਿਕਰ ਕੀਤਾ ਹੈ। ਮਿਲਾਨ ਵਿਲਸਨ ਨੇ ਪੁਰਾਣੇ (ਵਿੰਟੇਜ) ਗਹਿਣਿਆਂ ’ਤੇ ਵਿਆਪਕ ਖੋਜ ਕੀਤੀ ਹੈ ਅਤੇ ਇਸ ਵਿਸ਼ੇ ’ਤੇ ਉਹ ਕਈ ਕਿਤਾਬਾਂ ਦੇ ਲੇਖਕ ਵੀ ਹਨ।
ਸੀਤਾ ਦੇਵੀ ਦਾ ਨਾਮ ਭਾਰਤ ਦੇ ਇਤਿਹਾਸ ’ਚ ਵਿਸ਼ੇਸ਼ ਕਿਉਂ ਹੈ?
ਬੜੌਦਾ ਦੀ ਇਸ ਰਾਣੀ ਦੀ ਪ੍ਰੇਮ ਕਹਾਣੀ ਤਾਂ ਕਾਫ਼ੀ ਚਰਚਾ ’ਚ ਸੀ ਅਤੇ ਉਸ ਸਮੇਂ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਵਿਵਾਦ ਵੀ ਹੋਇਆ ਸੀ। ਸੀਤਾ ਦੇਵੀ ਨੂੰ ਬੜੌਦਾ ਦੇ ਮਹਾਰਾਜ ਪ੍ਰਤਾਪ ਸਿੰਘ ਰਾਓ ਗਾਇਕਵਾੜ ਨਾਲ ਪਿਆਰ ਹੋ ਗਿਆ ਸੀ।
ਜਦੋਂ ਇਸ ਪਿਆਰ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਸੀਤਾ ਦੇਵੀ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ। ਪਹਿਲੇ ਪਤੀ ਤੋਂ ਉਨ੍ਹਾਂ ਦਾ ਇੱਕ ਬੱਚਾ ਵੀ ਸੀ। ਦੂਜੇ ਪਾਸੇ ਮਹਾਰਾਜਾ ਪ੍ਰਤਾਪ ਸਿੰਘ ਵੀ ਪਹਿਲਾਂ ਤੋਂ ਵਿਆਹੇ ਹੋਏ ਸਨ ਅਤੇ 8 ਬੱਚਿਆਂ ਦੇ ਪਿਓ ਸਨ।
ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਵਿਆਹ ਦੀ ਰਾਹ ਵਿੱਚ ਕਈ ਅੜਿੱਕੇ ਸਨ। ਪਰ ਉਸ ਸਮੇਂ ਸੀਤਾ ਦੇਵੀ ਨੇ ਜੋ ਕਦਮ ਚੁੱਕਿਆ ਸੀ, ਉਸ ਨੂੰ ਭਾਰਤੀ ਸ਼ਾਹੀ ਪਰਿਵਾਰ ਦੇ ਇਤਿਹਾਸ ਵਿੱਚ ਵੱਖਰੀ ਥਾਂ ਹਾਸਲ ਹੈ।
ਜਦੋਂ ਵੀ ਭਾਰਤ ਦੇ ਸ਼ਾਹੀ ਪਰਿਵਾਰਾਂ ਦੀ ਪ੍ਰੇਮ ਕਹਾਣੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਸੀਤਾ ਦੇਵੀ ਦਾ ਨਾਮ ਜ਼ਰੂਰ ਆਉਂਦਾ ਹੈ।
ਨਾ ਸਿਰਫ਼ ਸੀਤਾ ਦੇਵੀ ਦੀ ਸ਼ਖਸੀਅਤ ਬਲਕਿ ਉਨ੍ਹਾਂ ਦੇ ਗਹਿਣਿਆਂ ਅਤੇ ਪਹਿਰਾਵੇ ਦੀ ਵੀ ਚਰਚਾ ਉਸ ਸਮੇਂ ਹਰ ਕਿਸੇ ਦੀ ਜ਼ੁਬਾਨ ’ਤੇ ਆਮ ਹੀ ਹੋਇਆ ਕਰਦੀ ਸੀ।
ਜਾਣਕਾਰਾਂ ਦੇ ਅਨੁਸਾਰ ਉਹ ਆਪਣੇ ਸਮੇਂ ਦੀ ਸਭ ਤੋਂ ਵੱਧ ਗਲੈਮਰਸ ਸ਼ਖਸੀਅਤ ਦੀ ਮਾਲਕਣ ਸਨ ਅਤੇ ਉਨ੍ਹਾਂ ਨੇ ਬਹੁਤ ਹੀ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਬਤੀਤ ਕੀਤੀ ਸੀ।
ਜਿਸ ਦੌਰ ਵਿੱਚ ਸ਼ਾਹੀ ਪਰਿਵਾਰ ਦੀਆਂ ਔਰਤਾਂ ਸਿਰ ਢੱਕਦੀਆਂ ਅਤੇ ਪਰਦਾ ਕਰਦੀਆਂ ਸਨ, ਉਨ੍ਹਾਂ ਨੇ ਉਸ ਸਮੇਂ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਰੂੜੀਆਂਂ ਦੇ ਖਿਲਾਫ ਬਗ਼ਾਵਤ ਕੀਤੀ।
ਸੀਤਾ ਦੇਵੀ ਕੌਣ ਸਨ ਅਤੇ ਕੀ ਸੀ ਉਨ੍ਹਾਂ ਦੇ ਪਿਆਰ ਦੀ ਕਹਾਣੀ
ਸੀਤਾ ਦੇਵੀ ਦਾ ਜਨਮ 12 ਮਈ 1917 ਨੂੰ ਉਸ ਸਮੇਂ ਦੀ ਰਿਆਸਤ ਮਦਰਾਸ (ਮੌਜੂਦ ਚੇਨਈ) ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸ਼੍ਰੀ ਰਾਜ ਰਾਵ ਵੈਂਕਟ ਕੁਮਾਰ ਮਹਾਪਤੀ ਸੂਰਿਆ ਰਾਓ ਬਹਾਦੁਰ ਗਾਰੋ ਸੀ ਅਤੇ ਉਨ੍ਹਾਂ ਦੀ ਮਾਤਾ ਦਾ ਨਾਮ ਰਾਣੀ ਚਿਨੰਬਾ ਸੀ। ਪੀਤਾਪੁਰਮ ਮਦਰਾਸ ਰਿਆਸਤ ਦੀ ਮਹੱਤਵਪੂਰਨ ਰਾਜਧਾਨੀ ਸੀ।
ਸੀਤਾ ਦੇਵੀ ਦਾ ਪਹਿਲਾ ਵਿਆਹ ਵੀਵਰ ਦੇ ਇੱਕ ਵੱਡੇ ਜ਼ਿਮੀਂਦਾਰ ਨਾਲ ਹੋਇਆ ਸੀ ਅਤੇ ਉਸ ਵਿਆਹ ਤੋਂ ਉਨ੍ਹਾਂ ਦਾ ਇੱਕ ਪੁੱਤਰ ਵੀ ਸੀ।
ਗਾਇਕਵਾੜ ਪਰਿਵਾਰ ਦੇ ਇੱਕ ਮੈਂਬਰ ਅਤੇ ਪ੍ਰਤਾਪ ਸਿੰਘ ਰਾਓ ਦੇ ਭਤੀਜੇ ਜਿਤੇਂਦਰ ਸਿੰਘ ਗਾਇਕਵਾੜ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, “1943 ਵਿੱਚ ਸੀਤਾ ਦੇਵੀ ਅਤੇ ਮਹਾਰਾਜ ਪ੍ਰਤਾਪ ਸਿੰਘ ਰਾਓ ਦੀ ਮੁਲਾਕਾਤ ਮਦਰਾਸ ਦੇ ਇੱਕ ਰੇਸ ਕੋਰਸ ’ਚ ਹੋਈ ਸੀ। ਉਨ੍ਹਾਂ ਨੂੰ ਪਹਿਲੀ ਹੀ ਨਜ਼ਰ ਵਿੱਚ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ।”
“ਸੀਤਾ ਦੇਵੀ ਦੀ ਖੂਬਸੂਰਤੀ ਹੈਰਾਨ ਕਰਨ ਵਾਲੀ ਸੀ। ਮਹਾਰਾਜ ਪ੍ਰਤਾਪ ਸਿੰਘ ਉਨ੍ਹਾਂ ਦੀ ਸੁੰਦਰਤਾ ਦੇ ਜਾਦੂ ਵਿੱਚ ਫਸ ਗਏ ਅਤੇ ਸੀਤਾ ਦੇਵੀ ਵੀ ਮਹਾਰਾਜਾ ਦੀ ਸ਼ਖਸੀਅਤ ਵੱਲ ਖਿੱਚੇ ਗਏ ਅਤੇ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।”
ਪੀ ਮੈਨਨ ਨੇ ਆਪਣੀ ਕਿਤਾਬ ‘ਇੰਟੀਗ੍ਰੇਸ਼ਨ ਆਫ਼ ਦਿ ਇੰਡੀਅਨ ਸਟੇਟਸ’ ਵਿੱਚ ਲਿਖਿਆ ਹੈ ਕਿ 1939 ਵਿੱਚ ਬੜੌਦਾ ਦੀ ਗੱਦੀ ਉੱਤੇ ਬੈਠਣ ਤੋਂ 3-4 ਸਾਲਾਂ ਦੇ ਅੰਦਰ ਉਨ੍ਹਾਂ ਨੇ ਸਲਾਹਕਾਰਾਂ ਦੇ ਕਹਿਣ ’ਤੇ ਮੁੜ ਵਿਆਹ ਕਰ ਲਿਆ।
“ਇਸ ਨਾਲ ਉਨ੍ਹਾਂ ਦੀ ਸਾਖ ਨੂੰ ਧੱਕਾ ਲੱਗਿਆ।”
ਉਨ੍ਹਾਂ ਦੇ ਪਿਆਰ ਵਿੱਚ ਪਹਿਲੀ ਰੁਕਾਵਟ ਸੀਤਾ ਦੇਵੀ ਦੇ ਪਤੀ ਸਨ, ਜੋ ਕਿ ਆਪਣੀ ਪਤਨੀ ਨੂੰ ਛੱਡਣ ਲਈ ਤਿਆਰ ਨਹੀਂ ਸਨ। ਇਸ ਲਈ ਪ੍ਰਤਾਪ ਸਿੰਘ ਰਾਓ ਨੇ ਕਾਨੂੰਨੀ ਸਲਾਹ ਲਈ। ਸਲਾਹਕਾਰਾਂ ਨੇ ਉਹ ਗੱਲ ਦੱਸੀ ਜਿਸ ਨੇ ਭਾਰਤੀ ਸੰਸਥਾਵਾਂ ਦੇ ਇਤਿਹਾਸ ਵਿੱਚ ਇੱਕ ਵਿਵਾਦਪੂਰਨ ਅਧਿਆਏ ਜੋੜ ਦਿੱਤਾ ਸੀ।
ਸੀਤਾ ਦੇਵੀ ਨੇ ਆਪਣੇ ਪਹਿਲੇ ਪਤੀ ਤੋਂ ਤਲਾਕ ਲੈਣ ਦੇ ਲਈ ਇਸਲਾਮ ਕਬੂਲ ਕਰ ਲਿਆ।
ਪੀ ਮੈਨਨ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਪ੍ਰਤਾਪ ਸਿੰਘ ਰਾਓ ਨੇ 1929 ਵਿੱਚ ਪਹਿਲਾ ਵਿਆਹ ਮਹਾਰਾਣੀ ਸ਼ਾਂਤਾ ਦੇਵੀ ਨਾਲ ਕੀਤਾ ਸੀ। ਸ਼ਾਤਾ ਦੇਵੀ ਦਾ ਸਬੰਧ ਕੋਲਹਾਪੁਰ ਦੇ ਇੱਕ ਵੱਡੇ ਜ਼ਿਮੀਂਦਾਰ ਪਰਿਵਾਰ ਨਾਲ ਸੀ। ਇਸ ਵਿਆਹ ਤੋਂ ਦੋਵਾਂ ਦੇ 8 ਬੱਚੇ ਸਨ।”
ਇਸਲਾਮ ਕਬੂਲ ਕਰਨ ਤੋਂ ਬਾਅਦ ਅਕਤੂਬਰ 1944 ਵਿੱਚ ਸੀਤਾ ਦੇਵੀ ਨੇ ਖੁਲਾ (ਤਲਾਕ ਲੈਣਾ) ਲੈਣ ਲਈ ਮੁਕੱਦਮਾ ਦਾਇਰ ਕੀਤਾ ਅਤੇ ਨਾਲ ਹੀ ਅਦਾਲਤ ਵਿੱਚ ਹਲਫ਼ਨਾਮਾ ਦਿੱਤਾ ਕਿ ਉਹ ਇਸਲਾਮ ਕਬੂਲ ਕਰ ਚੁੱਕੇ ਹਨ।
ਕਿਤਾਬ ਦੇ ਅਨੁਸਾਰ ਸੀਤਾ ਦੇਵੀ ਨੇ ਇਸਲਾਮ ਕਬੂਲ ਕੀਤਾ ਅਤੇ ਫਿਰ ਆਪਣੇ ਪਹਿਲੇ ਪਤੀ ਨੂੰ ਇਸਲਾਮ ਕਬੂਲ ਕਰਨ ਲਈ ਬੇਨਤੀ ਕੀਤੀ,ਪਰ ਉਨ੍ਹਾਂ ਦੇ ਪਹਿਲੇ ਪਤੀ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ।
ਇਸ ਲਈ ਸੀਤਾ ਦੇਵੀ ਨੇ ਆਪਣੇ ਪਤੀ ਤੋਂ ਤਲਾਕ ਲੈਣ ਲਈ ਮਦਰਾਸ ਦੀ ਸਿਟੀ ਕੋਰਟ ਵਿੱਚ ਅਰਜ਼ੀ ਦਿੱਤੀ, ਜਿਸ ਦੇ ਨਤੀਜੇ ਵੱਜੋਂ ਅਦਾਲਤ ਵਿੱਚ ਮੁਸਲਿਮ ਕਾਨੂੰਨ ਤਹਿਤ ਤਲਾਕ ਕਰਵਾ ਦਿੱਤਾ ਗਿਆ।
ਆਪਣੇ ਪਹਿਲੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਸੀਤਾ ਦੇਵੀ ਨੇ ਮੁੜ ਹਿੰਦੂ ਧਰਮ ਅਪਣਾ ਲਿਆ ਅਤੇ ਮਹਾਰਾਜਾ ਪ੍ਰਤਾਪ ਸਿੰਘ ਰਾਓ ਗਾਇਕਵਾੜ ਨਾਲ ਵਿਆਹ ਕੀਤਾ।
ਪੀ ਮੈਨਨ ਲਿਖਦੇ ਹਨ ਕਿ 26 ਅਤੇ 31 ਦਸੰਬਰ ਦੇ ਦਰਮਿਆਨ ਉਨ੍ਹਾਂ ਨੇ ਆਰੀਆ ਸਮਾਜ ਦੇ ਰੀਤੀ-ਰਿਵਾਜ਼ਾਂ ਅਨੁਸਾਰ ਹਿੰਦੂ ਧਰਮ ਅਪਣਾਇਆ ਅਤੇ ਫਿਰ ਪ੍ਰਤਾਪ ਸਿੰਘ ਨਾਲ ਵਿਆਹ ਕੀਤਾ।
‘ਵਨ ਕਲੀਫ਼ ਐਂਡ ਆਰਪਲਸ: ਟ੍ਰੇਜ਼ਰਜ਼ ਐਂਡ ਲੈਜੇਂਡਜ਼’ ਵਿੱਚ ਉਨ੍ਹਾਂ ਦੇ ਵਿਆਹ ਦੀ ਤਾਰੀਖ 31 ਦਸੰਬਰ ਦੱਸੀ ਗਈ ਹੈ।
ਮਹਾਰਾਜਾ ਪ੍ਰਤਾਪ ਸਿੰਘ ਨਾਲ ਵਿਆਹ ਕਰਵਾਉਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਵਿੱਚ ਕਮੀ ਨਾ ਆਈ।
ਮਹਾਰਾਜਾ ਦੇ ਰਾਜ ਵਿੱਚ ਪਹਿਲੀ ਪਤਨੀ ਦੇ ਜ਼ਿੰਦਾ ਹੋਣ ਦੀ ਸੂਰਤ ’ਚ ਦੂਜੇ ਵਿਆਹ ’ਤੇ ਪਾਬੰਦੀ ਸੀ, ਕਿਉਂਕਿ ਗਾਇਕਵਾੜ ਸਰਕਾਰ ਨੇ ਦੂਜੇ ਵਿਆਹ ’ਤੇ ਪਾਬੰਦੀ ਲਗਾਉਣ ਲਈ ਕਾਨੂੰਨ ਬਣਾਇਆ ਸੀ, ਪਰ ਪ੍ਰਤਾਪ ਸਿੰਘ ਨੇ ਆਪਣੀ ਹੀ ਰਿਆਸਤ ਦੇ ਕਾਨੂੰਨ ਨੂੰ ਇਹ ਕਹਿ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਕਾਨੂੰਨ ਮਹਾਰਾਜਾ ’ਤੇ ਲਾਗੂ ਨਹੀਂ ਹੁੰਦਾ ਹੈ।
ਗੁਜਰਾਤ ਦੇ ਇਤਿਹਾਸਕਾਰ ਰਿਜ਼ਵਾਨ ਕਾਦਰੀ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਿੰਨ ਜਨਵਰੀ ਨੂੰ ਮਹਾਰਾਜਾ ਦੇ ਵਿਆਹ ਦੀ ਖ਼ਬਰ ਅਖ਼ਬਾਰ ‘ਸੰਦੇਸ਼’ ’ਚ ਪ੍ਰਕਾਸ਼ਿਤ ਹੋਈ ਸੀ।
ਰਿਜ਼ਵਾਨ ਕਾਦਰੀ ਨੇ 15 ਜਨਵਰੀ 1944 ਨੂੰ ਪ੍ਰਕਾਸ਼ਿਤ ‘ਵੰਦੇ ਮਾਤਰਮ’ ਅਖ਼ਬਾਰ ’ਚ ਪ੍ਰਕਾਸ਼ਿਤ ਇੱਕ ਖ਼ਬਰ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਉਸ ਸਮੇਂ ਔਰਤਾਂ ਦੇ ਸੰਗਠਨਾਂ ਨੇ ਵੀ ਮਹਾਰਾਜਾ ਦੇ ਦੂਜੇ ਵਿਆਹ ਦਾ ਵਿਰੋਧ ਕੀਤਾ ਸੀ। ਪ੍ਰਜਾ ਮੰਡਲ ਦੇ ਕੁਝ ਆਗੂਆਂ ਨੇ ਵੀ ਇਸ ਦਾ ਵਿਰੋਧ ਕੀਤਾ ਸੀ। ਪ੍ਰਜਾ ਮੰਡਲ ਦੇ ਆਗੂਆਂ ਨੇ ਸਵਾਲ ਕੀਤਾ ਸੀ ਕਿ ਕਾਨੂੰਨ ਬਣਾਉਣ ਵਾਲਾ ਹੀ ਕਾਨੂੰਨ ਕਿਵੇਂ ਤੋੜ ਸਕਦਾ ਹੈ?
ਬ੍ਰਿਟਿਸ਼ ਅਧਿਕਾਰੀਆਂ ਨੇ ਸ਼ੁਰੂ ਵਿੱਚ ਪ੍ਰਤਾਪ ਸਿੰਘ ਦੇ ਦੂਜੇ ਵਿਆਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਬਾਅਦ ਵਿੱਚ ਇਸ ਸ਼ਰਤ ’ਤੇ ਵਿਆਹ ਨੂੰ ਮਨਜ਼ੂਰੀ ਦਿੱਤੀ ਕਿ ਉਨ੍ਹਾਂ ਦੇ ਰਾਜ ਦਾ ਵਾਰਿਸ ਉਨ੍ਹਾਂ ਦਾ ਬੇਟਾ ਹੋਵੇਗਾ।
ਕਿਹਾ ਜਾਂਦਾ ਹੈ ਕਿ ਇੱਕ ਦਿਨ ਪ੍ਰਤਾਪ ਸਿੰਘ ਸੀਤਾ ਦੇਵੀ ਨੂੰ ਆਪਣੇ ‘ਨਜ਼ਰ ਬਾਗ਼ ਮਹੱਲ’ ਵਿੱਚ ਲੈ ਗਏ ਅਤੇ ਉਨ੍ਹਾਂ ਨੂੰ ਸ਼ਾਹੀ ਖਜ਼ਾਨੇ ਵਿਖਾਏ। ਸੀਤਾ ਦੇਵੀ ਦੁਨੀਆ ਦੇ ਬਹੁਤ ਸਾਰੇ ਦੁਰਲੱਭ ਹੀਰੇ-ਮੋਤੀ ਅਤੇ ਪੱਥਰਾਂ ਨੂੰ ਵੇਖ ਕੇ ਦੰਗ ਰਹਿ ਗਏ।
ਸੀਤਾ ਦੇਵੀ ਸੈਰਾਂ ਅਤੇ ਖਰੀਦਦਾਰੀ ਕਰਨ ਦੀ ਸ਼ੌਕੀਨ
ਉਸ ਸਮੇਂ ਗਾਇਕਵਾੜ ਦੀ ਰਿਆਸਤ ਭਾਰਤ ਦੀ ਤੀਜੀ ਸਭ ਤੋਂ ਅਮੀਰ ਰਿਆਸਤ ਸੀ।
‘ਵਨ ਕਲੀਫ਼ ਐਂਡ ਆਰਪਲਸ: ਟ੍ਰੇਜ਼ਰਜ਼ ਐਂਡ ਲੈਜੇਂਡਜ਼’ ਵਿੱਚ ਪ੍ਰਤਾਪ ਸਿੰਘ ਰਾਓ ਨੂੰ ਭਾਰਤ ਦਾ ਦੂਜਾ ਸਭ ਤੋਂ ਅਮੀਰ ਮਹਾਰਾਜਾ ਦੱਸਿਆ ਗਿਆ ਹੈ।
ਪ੍ਰਤਾਪ ਸਿੰਘ ਮਹਾਰਾਜ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ।
ਸੀਤਾ ਦੇਵੀ ਨੂੰ ਵਿਦੇਸ਼ ਦੌਰੇ, ਮਹਿੰਗੇ ਸਾਮਾਨ ਖਰੀਦਣ ਅਤੇ ਸ਼ਾਹੀ ਪਾਰਟੀਆਂ ਦਾ ਬਹੁਤ ਸ਼ੌਕ ਸੀ। ਉਹ ਹਮੇਸ਼ਾ ਹੀ ਮਹਿੰਗੇ ਬ੍ਰਾਂਡਡ ਸਾਮਾਨ ਲੈਣ ਨੂੰ ਤਰਜੀਹ ਦਿੰਦੇ ਸਨ।
ਸੀਤਾ ਦੇਵੀ ਦੇ ਆਉਣ ਨਾਲ ਸ਼ਾਹੀ ਪਰਿਵਾਰ ’ਚ ਹਫੜਾ-ਦਫੜੀ ਵੀ ਵੱਧ ਗਈ ਸੀ।
ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਮਹਾਰਾਜਾ ਪ੍ਰਤਾਪ ਸਿੰਘ ਦੀ ਪਹਿਲੀ ਪਤਨੀ ਸ਼ਾਂਤਾ ਦੇਵੀ ਅਤੇ ਸੀਤਾ ਦੇਵੀ ਦਰਮਿਆਨ ਝਗੜਾ ਹੋਇਆ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਗਾਇਕਵਾੜ ਪਰਿਵਾਰ ’ਤੇ ਖੋਜ ਕਰਨ ਵਾਲੇ ਚੰਦਰਸ਼ੇਖਰ ਪਟੇਲ ਨੇ ਦੱਸਿਆ ਕਿ ਦੋਵੇਂ ਰਾਣੀਆਂ ਵੱਖ-ਵੱਖ ਰਹਿੰਦੀਆਂ ਸਨ।
“ਲਕਸ਼ਮੀ ਵਿਲਾਸ ਪੈਲੇਸ ਵਿੱਚ ਸ਼ਾਂਤਾ ਦੇਵੀ ਅਤੇ ਮਕਰਪੁਰ ਦੇ ਮਹਿਲ ਵਿੱਚ ਸੀਤਾ ਦੇਵੀ।”
ਜਿਤੇਂਦਰ ਸਿੰਘ ਗਾਇਕਵਾੜ ਕਹਿੰਦੇ ਹਨ, “ਸੀਤਾ ਦੇਵੀ ਨੂੰ ਸ਼ਿਕਾਰ, ਗੰਨ ਸ਼ੂਟਿੰਗ ਅਤੇ ਘੋੜ ਸਵਾਰੀ ਦਾ ਸ਼ੌਕ ਸੀ। ਉਹ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਸਨ। ਉਨ੍ਹਾਂ ਨੂੰ ਕਈ ਯੂਰਪੀ ਭਾਸ਼ਾਵਾਂ ਅਤੇ ਫੈਸ਼ਨ ਦਾ ਗਿਆਨ ਸੀ।”
1946 ਵਿੱਚ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਪ੍ਰਤਾਪ ਸਿੰਘ ਰਾਓ ਅਤੇ ਸੀਤਾ ਦੇਵੀ ਵਿਦੇਸ਼ ਦੌਰੇ ’ਤੇ ਚਲੇ ਗਏ। ਦੋਵੇਂ ਦੋ ਵਾਰ ਅਮਰੀਕਾ ਗਏ ਅਤੇ ਉਨ੍ਹਾਂ ਨੇ ਬਹੁਤ ਪੈਸੇ ਖਰਚ ਕੀਤੇ। ਸੀਤਾ ਦੇਵੀ ਨੇ ਬਹੁਤ ਮਹਿੰਗੀਆਂ ਚੀਜ਼ਾਂ ਖਰੀਦੀਆਂ ਸਨ।
ਉਨ੍ਹਾਂ ਨੂੰ ਗੱਡੀਆਂ ਦਾ ਵੀ ਸ਼ੌਕ ਸੀ। ਉਨ੍ਹਾਂ ਦੇ ਕੋਲ ਮਰਸਡੀਜ਼ ਡਬਲਯੂ 126 ਸੀ। ਇਸ ਕਾਰ ਨੂੰ ਮਰਸਡੀਜ਼ ਕੰਪਨੀ ਨੇ ਖਾਸ ਸੀਤਾ ਦੇਵੀ ਦੇ ਲਈ ਡਿਜ਼ਾਈਨ ਕੀਤਾ ਸੀ।
ਪਰ ਜਿਤੇਂਦਰ ਗਾਇਕਵਾੜ ਦਾ ਕਹਿਣਾ ਹੈ ਕਿ ਇੱਥੇ ਚੰਗੀਆਂ ਚੀਜ਼ਾਂ ਵਿਦੇਸ਼ ਤੋਂ ਆਉਂਦੀਆਂ ਸਨ ਅਤੇ ਆਧੁਨਿਕ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਸੀ। ਨਵੀਂ ਤਕਨਾਲੋਜੀ ਭਾਰਤ ਵਿੱਚ ਆਉਂਦੀ ਅਤੇ ਲੋਕ ਉਸ ਤੋਂ ਫਾਇਦਾ ਉਠਾਉਂਦੇ ਸਨ।
ਬੜੌਦਾ ਦੇ ਖਜ਼ਾਨੇ ’ਚੋਂ ਕੀਮਤੀ ਸਾਮਾਨ ਗਾਇਬ
ਮਹਾਰਾਜਾ ਪ੍ਰਤਾਪ ਸਿੰਘ ਨੇ ਸੀਤਾ ਦੇਵੀ ਦੇ ਨਾਲ ਅਮਰੀਕਾ ਅਤੇ ਯੂਰਪ ਦੇ ਦੌਰੇ ਦੇ ਲਈ ਸਰਕਾਰੀ ਖਜ਼ਾਨੇ ਵਿੱਚੋਂ ਲੱਖਾਂ ਰੁਪਏ ਖਰਚ ਕੀਤੇ ਸਨ।
ਰਿਕਾਰਡ ਅਨੁਸਾਰ ਭਾਰਤ ਸਰਕਾਰ ਨੂੰ ਇਹ ਵੀ ਪਤਾ ਲੱਗਿਆ ਸੀ ਕਿ ਉਨ੍ਹਾਂ ਨੇ ਸ਼ਾਹੀ ਖਜ਼ਾਨੇ ਵਿੱਚੋਂ ਕੀਮਤੀ ਸਾਮਾਨ ਅਤੇ ਗਹਿਣੇ ਕੱਢ ਕੇ ਇੰਗਲੈਂਡ ਭੇਜੇ ਸਨ।
ਪੀ ਮੈਨਨ ਲਿਖਦੇ ਹਨ, “ਉਨ੍ਹਾਂ ਨੂੰ ਸਾਲਾਨਾ ਮਿਲਣ ਵਾਲੇ 50 ਲੱਖ ਰੁੁਪਏ ਤੋਂ ਇਲਾਵਾ ਪ੍ਰਤਾਪ ਸਿੰਘ ਨੇ ਰਿਆਸਤ ਵਿੱਚ ਪੂੰਜੀ ਨਿਵੇਸ਼ ਦੇ ਖਜ਼ਾਨਿਆਂ ਭਾਵ ਜਨਤਕ ਫੰਡ ਵਿੱਚੋਂ 6 ਕਰੋੜ ਰੁਪਾਏ ਕੱਢੇ ਸਨ।''''
''''ਉਨ੍ਹਾਂ ਨੇ ਮੋਤੀਆਂ ਦੇ 7 ਹਾਰ, ਕੀਮਤੀ ਹੀਰੇ-ਜਵਾਹਰਾਤ ਅਤੇ ਮੋਤੀਆਂ ਦਾ ਇੱਕ ਗਲੀਚਾ ਖਰੀਦਿਆ। ਇਸ ਤੋਂ ਇਲਾਵਾ ਵੀ ਕਈ ਕੀਮਤੀ ਚੀਜ਼ਾਂ ਇੰਗਲੈਂਡ ਭੇਜੀਆਂ ਗਈਆਂ ਸਨ।''''
ਰਿਜ਼ਵਾਨ ਕਾਦਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰੋੜਾਂ ਰੁਪਏ ਦੀ ਕੀਮਤ ਦਾ ਖਜ਼ਾਨਾ ਬੜੌਦਾ ਤੋਂ ਯੋਜਨਾਬੱਧ ਤਰੀਕੇ ਨਾਲ ਵਿਦੇਸ਼ ਭੇਜਿਆ ਸੀ।
ਪੀ ਮੈਨਨ ਲਿਖਦੇ ਹਨ ਕਿ ਬੜੌਦਾ ਵਿੱਚ ਜਵਾਹਰਖਾਨੇ ਦੇ ਖਾਤਿਆਂ ਵਿੱਚੋਂ ਵੀ ਡੇਢ ਕਰੋੜ ਰੁਪਾਏ ਦੇ ਨਵੇਂ ਗਹਿਣਿਆਂ ਦੀ ਖਰੀਦਦਾਰੀ ਦਾ ਪਤਾ ਲੱਗਦਾ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜਾਂ ਤਾਂ ਗੁਆਚ ਗਈਆਂ ਸਨ ਜਾਂ ਫਿਰ ਟੁੱਟ ਗਈਆਂ ਸਨ, ਜਿਨ੍ਹਾਂ ਨੂੰ ਨਵੇਂ ਗਹਿਿਣਆਂ ਵਿੱਚ ਬਦਲ ਦਿੱਤਾ ਗਿਆ ਸੀ।
ਜਵਾਹਰਖਾਨੇ ਵਿੱਚੋਂ ਕਈ ਗੈਰ-ਕਾਨੂੰਨੀ ਕੀਮਤੀ ਚੀਜ਼ਾਂ ਵੀ ਬਰਾਮਦ ਹੋਈਆਂ ਸਨ।
ਪੀ ਮੈਨਨ ਲਿਖਦੇ ਹਨ ਕਿ ਭਾਰਤ ਸਰਕਾਰ ਨੇ ਇਸ ਪੂਰੇ ਮਾਮਲੇ ਦਾ ਆਡਿਟ ਕਰਨ ਦੇ ਲਈ ਇੱਕ ਵਿਸ਼ੇਸ਼ ਅਧਿਕਾਰੀ ਨੂੰ ਭੇਜਿਆ ਪਰ ਪ੍ਰਤਾਪ ਸਿੰਘ ਨੇ ਜਾਂਚ-ਪੜਤਾਲ ਵਿੱਚ ਕੋਈ ਮਦਦ ਨਾ ਕੀਤੀ।
ਚੰਦਰਸ਼ੇਖਰ ਪਟੇਲ ਦਾ ਕਹਿਣਾ ਹੈ, “ਭਾਰਤੀ ਸ਼ਾਹੀ ਪਰਿਵਾਰ ਦੇ ਲੋਕ ਆਪਣੇ ਰੁਤਬੇ ਦੀ ਵਰਤੋਂ ਕਰਕੇ ਪਾਸਪੋਰਟ ਬਿਨ੍ਹਾਂ ਚੈੱਕ ਕਰਵਾਏ ਹੀ ਵਿਦੇਸ਼ ਯਾਤਰਾ ਕਰਦੇ ਸਨ। ਬਹੁਤ ਸਾਰੀਆਂ ਮਹਿੰਗੀਆਂ ਪੇਂਟਿੰਗਾਂ, ਜਿਨ੍ਹਾਂ ਵਿੱਚ ਐਡਗਰ ਡੇਗਾਸ ਅਤੇ ਪਿਕਾਸੋ ਦੀ ਪੇਟਿੰਗ ਵੀ ਸ਼ਾਮਲ ਹੈ, ਦੇ ਬਾਰੇ ਵੀ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਸੂਟਕੇਸ ਵਿੱਚ ਪਾ ਕੇ ਵਿਦੇਸ਼ ਭੇਜਿਆ ਗਿਆ ਸੀ।”
ਗਾਇਕਵਾੜ ਪਰਿਵਾਰ ਦੇ ਮੈਂਬਰ ਜਿਤੇਂਦਰ ਗਾਇਕਵਾੜ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਵੀ ਨਹੀਂ ਚੋਰੀ ਕੀਤਾ ਹੈ। ਇਹ ਉਨ੍ਹਾਂ ਦੀ ਜਾਇਦਾਦ ਸੀ ਅਤੇ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਸੀ।
ਬੜੌਦਾ ਅਤੇ ਦੂਜੀਆਂ ਰਿਆਸਤਾਂ ਵਿੱਚ ਰਿਵਾਜ਼ ਸੀ ਕਿ ਸਰਕਾਰੀ ਖਜ਼ਾਨੇ ਦਾ ਸਮਾਨ ਨਿੱਜੀ ਵਰਤੋਂ ਤੋਂ ਬਾਅਦ ਖਜ਼ਾਨੇ ਵਿੱਚ ਵਾਪਸ ਰੱਖ ਦਿੱਤਾ ਜਾਂਦਾ ਸੀ। ਭਾਰਤ ਸਰਕਾਰ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਗੁੰਮਸ਼ੁਦਗੀ ਦਾ ਸ਼ੱਕ ਪ੍ਰਤਾਪ ਸਿੰਘ ਰਾਓ ’ਤੇ ਕੀਤਾ।
ਇਸ ਤੋਂ ਇਲਾਵਾ ਭਾਰਤ ਸਰਕਾਰ ਬੜੌਦਾ ਰਿਆਸਤ ਦੇ ਭਾਰਤ ਵਿੱਚ ਰਲੇਵੇਂ ਸਬੰਧੀ ਉਨ੍ਹਾਂ ਦੇ ਮਾਮਲਿਆਂ ਵਿੱਚ ਨਾਖੁਸ਼ ਸੀ।
ਪਰ ਮਹਾਰਾਜਾ ਪ੍ਰਤਾਪ ਸਿੰਘ ਨੇ ਆਪਣੇ ’ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਆਪਣੇ ਵੱਲੋਂ ਕੀਤੇ ਸਾਰੇ ਖਰਚ ਦੀ ਵਾਪਸੀ ਦਾ ਵਾਅਦਾ ਕੀਤਾ।
ਪੀ ਮੈਨਨ ਲਿਖਦੇ ਹਨ ਕਿ ਇਸ ਦੇ ਕਾਰਨ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1951 ਵਿੱਚ ਧਾਰਾ 366 (22) ਦੇ ਤਹਿਤ ਮਹਾਰਾਜਾ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਦੀ ਥਾਂ ਉਤੇ ਉਨ੍ਹਾਂ ਦੇ ਵੱਡੇ ਪੁੱਤਰ ਯੁਵਰਾਜ ਫਤਿਹ ਸਿੰਘ ਨੂੰ ਬੜੌਦਾ ਦੀ ਗੱਦੀ ’ਤੇ ਬਿਰਾਜਮਾਨ ਕੀਤਾ।
ਇੱਕ ਪਾਸੇ ਮਹਾਰਾਜਾ ਪ੍ਰਤਾਪ ਸਿੰਘ ਦੀ ਗੱਦੀ ਖੁੱਸ ਗਈ ਸੀ ਪਰ ਦੂਜੇ ਪਾਸੇ ਸੀਤਾ ਦੇਵੀ ਦੇ ਮਹਿੰਗੇ ਸ਼ੌਕ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਹੇ ਸਨ।
ਫੈਸ਼ਨ ਅਤੇ ਗਹਿਣਿਆਂ ਦਾ ਸ਼ੌਕ
ਸੀਤਾ ਦੇਵੀ ਦਾ ਰੇਸ਼ਮੀ ਸਾੜੀਆਂ ਅਤੇ ਗਹਿਣਆਂ ਲਈ ਭਰਪੂਰ ਜਨੂੰਨ ਉਸ ਸਮੇਂ ਫੈਸ਼ਨ ਦੀ ਦੁਨੀਆ ਵਿੱਚ ਇੱਕ ਗਰਮਾਇਆ ਹੋਇਆ ਮੁੱਦਾ ਸੀ।
ਜਿਤੇਂਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ, “ਮਹਾਰਾਣੀ ਸੀਤਾ ਦੇਵੀ ਨੂੰ ਭਾਰਤ ਦੀ ਵਾਲੇਸ ਸਿੰਪਸਨ ਕਿਹਾ ਜਾਂਦਾ ਸੀ। ਸਿੰਪਸਨ ਇੱਕ ਅਮਰੀਕੀ ਸੋਸ਼ਲਾਈਟ ਸੀ। ਇੰਗਲੈਂਡ ਦੇ ਮਹਾਰਾਜਾ ਐਡਵਰਡ ਅੱਠਵੇਂ ਨੂੰ ਉਨ੍ਹਾਂ ਨਾਲ ਪਿਆਰ ਹੋ ਗਿਆ ਸੀ।''''
''''ਪਰ ਕਿਉਂਕਿ ਉਹ ਤਲਾਕਸ਼ੁਦਾ ਸਨ, ਇਸ ਲਈ ਰੂੜੀਵਾਦੀ ਬ੍ਰਿਟਿਸ਼ ਸਮਾਜ ਉਨ੍ਹਾਂ ਨੂੰ ਅਪਣਾਉਣ ਲਈ ਤਿਆਰ ਨਹੀਂ ਸੀ। ਫਿਰ ਵੀ ਕਿੰਗ ਐਡਵਰਡ ਨੇ ਉਨ੍ਹਾਂ ਨਾਲ ਵਿਆਹ ਕੀਤਾ।''''
ਵਾਲੇਸ ਸਿੰਪਸਨ ਅਤੇ ਸੀਤਾ ਦੇਵੀ ਦੀ ਕਹਾਣੀ ਇੱਕੋ ਜਿਹੀ ਸੀ, ਜਿਸ ਦੇ ਕਾਰਨ ਲੋਕ ਸੀਤਾ ਦੇਵੀ ਨੂੰ ਇੰਡੀਅਨ ਸਿੰਪਸਨ ਕਹਿਣ ਲੱਗੇ।
ਉਨ੍ਹਾਂ ਦਾ ਰੂਬੀ, ਹੀਰੇ ਅਤੇ ਮੋਤੀਆਂ ਦੇ ਗਹਿਣਿਆਂ ਦਾ ਸੰਗ੍ਰਹਿ ਬਹੁਤ ਹੀ ਅਦਭੁੱਤ ਸੀ। ਉਨ੍ਹਾਂ ਦਾ ਜੀਵਨ ਉਨ੍ਹਾਂ ਕੀਮਤੀ ਹੀਰੇ ਜਵਾਹਰਾਤ ’ਤੇ ਨਿਰਭਰ ਕਰਦਾ ਸੀ। ਉਨ੍ਹਾਂ ਦੇ ਕੋਲ ਸੈਂਕੜੇ ਹੀ ਮਹਿੰਗੀਆਂ ਸਾੜੀਆਂ, ਪਰਸ , ਜੁੱਤੀਆਂ ਅਤੇ ਗਹਿਣੇ ਸਨ।
1949’ਚ ਸੀਤਾ ਦੇਵੀ ਦੀ 78.5 ਕੈਰੇਟ ਇੰਗਲਿਸ਼ ਡਰੈਸਡਨ ਹੀਰਿਆਂ ਦੇ ਹਾਰ ਨਾਲ ਇੱਕ ਫੋਟੋ ਚਰਚਾ ਦਾ ਵਿਸ਼ਾ ਬਣੀ ਸੀ। ਪੱਛਮੀ ਫੈਸ਼ਨ ਦੀਆਂ ਮੈਗਜ਼ੀਨਾਂ ਵਿੱਚ ਫੈਸ਼ਨ ਅਤੇ ਗਹਿਣਿਆਂ ਨਾਲ ਉਨ੍ਹਾਂ ਦੇ ਪਿਆਰ ਦੀ ਕਾਫ਼ੀ ਚਰਚਾ ਹੁੰਦੀ ਸੀ।
ਕਿਤਾਬ ‘ਵਨ ਕਲੀਫ਼ ਐਂਡ ਆਰਪਲਸ: ਟ੍ਰੇਜ਼ਰਜ਼ ਐਂਡ ਲੈਜੇਂਡਜ਼’ ’ਚ ਦੱਸਿਆ ਗਿਆ ਹੈ ਕਿ ਸੀਤਾ ਦੇਵੀ ਦੇ ਕੋਲ ਬੇਸ਼ਕੀਮਤੀ ਮੋਤੀਆਂ ਦਾ ਹਾਰ ਸੀ। ਇਹ ਮੋਤੀ ਬਿਸਰਾ ਮੋਤੀ ਸਨ, ਜੋ ਲਾਲ ਸਾਗਰ ਵਿੱਚ ਪਾਏ ਜਾਣ ਵਾਲੇ ਦੁਰਲੱਭ ਮੋਤੀ ਹਨ। ਉਸ ਸਮੇਂ ਇਸ ਹਾਰ ਦੀ ਕੀਮਤ 5,99,200 ਡਾਲਰ ਬਣਦੀ ਸੀ।
ਉਨ੍ਹਾਂ ਦੇ ਕੋਲ ਦੋ ਹਾਰ ਹੋਰ ਸਨ, ਜਿਨ੍ਹਾਂ ਦੀ ਕੀਮਤ ਉਸ ਸਮੇਂ ਦੇ ਹਿਸਾਬ ਨਾਲ 50,400 ਡਾਲਰ ਸੀ।
ਉਨ੍ਹਾਂ ਦੇ ਕੋਲ 4200 ਡਾਲਰ ਦੀ ਕੀਮਤ ਦੇ ਦੋ ਕਾਲੇ ਮੋਤੀਆਂ ਦੇ ਹਾਰ ਵੀ ਸਨ। 33,600 ਡਾਲਰ ਦੀ ਕੀਮਤ ਦੀ ਇੱਕ ਅੰਗੂਠੀ ਵੀ ਸੀ।
ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ ਉਹ ਗਲੀਚਾ ਵੀ ਸੀ ਜਿਸ ’ਤੇ ਮੋਤੀ ਜੜੇ ਹੋਏ ਸਨ।
ਚੰਦਰਸ਼ੇਖਰ ਪਟੇਲ ਕਹਿੰਦੇ ਹਨ, “ਮਹਾਰਾਜਾ ਖੰਡ ਰਾਓ ਦਾ ਕੋਈ ਪੁੱਤਰ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਕੁਝ ਮੌਲਵੀਆਂ ਨੇ ਸਲਾਹ ਦਿੱਤੀ ਕਿ ਜੇਕਰ ਤੁਸੀਂ ਮਦੀਨਾ ਵਿੱਚ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਦੀ ਪਵਿੱਤਰ ਸਥਾਨ ’ਤੇ ਚਾਦਰ ਚੜਾਓਗੇ ਤਾਂ ਤੁਹਾਡੇ ਘਰ ਪੁੱਤਰ ਹੋਵੇਗਾ।''''
''''ਇਸ ਲਈ ਖੰਡ ਰਾਓ ਨੇ ਚੜਾਵੇ ਦੇ ਲਈ ਅਣਗਿਣਤ ਮੋਤੀਆਂ ਨਾਲ ਤਿਆਰ ਕੀਤਾ ਗਲੀਚਾ ਬਣਵਾਇਆ ਪਰ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਅਤੇ ਉਹ ਗਲੀਚਾ ਕਦੇ ਵੀ ਮਦੀਨਾ ਨਹੀਂ ਪਹੁੰਚਿਆ।”
ਮੋਤੀਆਂ ਨਾਲ ਬਣਿਆ ਇਹ ਗਲੀਚਾ ਅਨਮੋਲ ਸੀ। ਅੱਠ ਫੁੱਟ ਲੰਮੇ ਇਸ ਗਲੀਚੇ ’ਤੇ ਬੇਸ਼ੁਮਾਰ ਮੋਤੀ ਸਨ ਜਿਨ੍ਹਾਂ ’ਚ ਪੁਖਰਾਜ, ਹੀਰੇ ਅਤੇ ਕੀਮਤੀ ਪੱਥਰ ਜੜੇ ਹੋਏ ਸਨ।
ਪਰ ਬਾਅਦ ’ਚ ਇਹ ਗਲੀਚਾ ਸੀਤਾ ਦੇਵੀ ਤੱਕ ਪਹੁੰਚ ਗਿਆ। ਸੀਤਾ ਦੇਵੀ ਦਾ ਇਹ ਗਲੀਚਾ ਕਤਰ ਦੇ ਨੈਸ਼ਨਲ ਮਿਊਜ਼ੀਅਮ ’ਚ ਕਿਵੇਂ ਅਤੇ ਕਦੋਂ ਪਹੁੰਚਿਆ, ਇਸ ਦੇ ਬਾਰੇ ਕਈ ਰੋਚਕ ਕਹਾਣੀਆਂ ਹਨ।
ਉਨ੍ਹਾਂ ਸਾਰੀਆਂ ਕਹਾਣੀਆਂ ’ਚੋਂ ਇੱਕ ਸੱਚੀ ਕਹਾਣੀ ਇਹ ਹੈ ਕਿ ਇਹ ਗਲੀਚਾ ਹੁਣ ਕਤਰ ਦੇ ਨੈਸ਼ਨਲ ਮਿਊਜ਼ੀਅਮ ਦਾ ਹਿੱਸਾ ਹੈ।
ਸੀਤਾ ਦੇਵੀ ਦੇ ਦੇਹਾਂਤ ਤੋਂ ਬਾਅਦ ਇਹ ਗਲੀਚਾ ਜਿਨੇਵਾ ਦੇ ਇੱਕ ਲਾਕਰ ਵਿੱਚ ਮਿਲਿਆ ਸੀ।
ਕਿਹਾ ਜਾਂਦਾ ਹੈ ਕਿ ਸੀਤਾ ਦੇਵੀ ਦੇ ਕੋਲ ਸੋਨੇ ਅਤੇ ਚਾਂਦੀ ਦੀਆਂ ਪਲੇਟਾਂ ਵੀ ਸਨ। ਕਿਤਾਬ ‘ਵਨ ਕਲੀਫ਼ ਐਂਡ ਆਰਪਲਸ: ਟ੍ਰੇਜ਼ਰਜ਼ ਐਂਡ ਲੈਜੇਂਡਜ਼’ ਦੇ ਅਨੁਸਾਰ 2009 ’ਚ ਉਨ੍ਹਾਂ ਦਾ ਇੱਕ ਹਾਰ 20 ਲੱਖ ਯੂਰੋ ’ਚ ਵਿਕਿਆ ਸੀ।
“ਉਹ ਫਰਾਂਸ ’ਚ ਸੈਟਲ ਹੋਣ ਤੋਂ ਪਹਿਲਾਂ ਅਕਸਰ ਹੀ ਵਾਨ ਕਲੀਫ਼ ਅਤੇ ਆਰਪਲਸ ਦੇ ਬੁਟੀਕਾਂ ’ਚ ਜਾਇਆ ਕਰਦੇ ਸਨ। ਉਨ੍ਹਾਂ ਨੇ ਜੈਕ ਆਰਪਲਸ ਨੂੰ ਬਹੁਤ ਸਾਰਾ ਫੈਸ਼ਨੇਬਲ ਸਮਾਨ ਬਣਾਉਣ ਦਾ ਕੰਮ ਸੌਂਪਿਆ ਸੀ। ਉਨ੍ਹਾਂ ਦਾ ‘ਹਿੰਦੂ ਹਾਰ’ ਇੱਕ ਸ਼ਾਨਦਾਰ ਗਹਿਣਾ ਸੀ।''''
“ਇਹ ਹਾਰ ਬੜੌਦਾ ਦੇ ਸ਼ਾਹੀ ਖਜ਼ਾਨੇ ਤੋਂ ਲਿਆਂਦੇ ਕੀਮਤੀ ਹੀਰਿਆਂ ਅਤੇ 150 ਕੈਰੇਟ ਤੋਂ ਵੱਧ ਭਾਰ ਦੇ ਕੋਲੰਬੀਆ ਦੇ ਪੰਨੇ ਤੋਂ ਬਣਿਆ ਸੀ।”
ਇਸ ਤਰ੍ਹਾਂ ਉਹ ਆਪਣੇ ਹੀਰੇ ਅਤੇ ਮੋਤੀਆਂ ਦੇ ਗਹਿਣਿਆਂ ਦੇ ਕਾਰਨ ਉਸ ਜ਼ਮਾਨੇ ਵਿੱਚ ਪੈਰਿਸ ਦੀ ਮਹਾਰਾਣੀ ਵੀ ਕਹਾਉਂਦੇ ਸਨ।
ਜਿਤੇਂਦਰ ਸਿੰਘ ਗਾਇਕਵਾੜ ਦਾ ਕਹਿਣਾ ਹੈ ਕਿ ਸੀਤਾ ਦੇਵੀ ਨੂੰ ਗਹਿਣਿਆਂ ਅਤੇ ਉਸ ਦੇ ਡਿਜ਼ਾਈਨ ਦੀ ਵੀ ਪੂਰੀ ਸਮਝ ਸੀ।
ਸੀਤਾ ਦੇਵੀ ਅਤੇ ਪ੍ਰਤਾਪ ਸਿੰਘ ਰਾਓ ਦਾ ਵੱਖ ਹੋਣਾ
ਪ੍ਰਤਾਪ ਸਿੰਘ ਅਤੇ ਸੀਤਾ ਦੇਵੀ ਨੇ ਯੂਰਪ ''ਚ ਰਹਿਣ ਦਾ ਫੈਸਲਾ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਮੋਨਾਕੋ ਦੇ ਨਜ਼ਦੀਕ ਮੋਂਟੇ ਕਾਰਲੋ ’ਚ ਇੱਕ ਹਵੇਲੀ ਖਰੀਦੀ।
ਇਹ ਜੋੜਾ ਅਕਸਰ ਹੀ ਇੱਥੇ ਆਇਆ ਕਰਦਾ ਸੀ। ਉਸ ਸਮੇਂ ਇਹ ਸੀਤਾ ਦੇਵੀ ਦਾ ਸਥਾਈ ਪਤਾ ਸੀ। ਕਿਹਾ ਜਾਂਦਾ ਹੈ ਕਿ ਪ੍ਰਤਾਪ ਸਿੰਘ ਰਾਓ ਨੇ ਬੜੌਦਾ ਦੇ ਖਜ਼ਾਨੇ ’ਚੋਂ ਕੁਝ ਕੀਮਤੀ ਚੀਜ਼ਾਂ ਇੱਥੇ ਲਿਆਂਦੀਆਂ ਸਨ।
ਇਸ ਤੋਂ ਬਾਅਦ ਸੀਤਾ ਦੇਵੀ ਨੇ ਪੈਰਿਸ ’ਚੋਂ ਘਰ ਵੀ ਲੈ ਲਿਆ ਸੀ।
ਕਿਤਾਬ ‘ਵਨ ਕਲੀਫ਼ ਐਂਡ ਆਰਪਲਸ: ਟ੍ਰੇਜ਼ਰਜ਼ ਐਂਡ ਲੈਜੇਂਡਜ਼’ ’ਚ ਮਿਲਾਨ ਨੇ ਮਹਾਰਾਣੀ ਸੀਤਾ ਦੇਵੀ ’ਤੇ ਇੱਕ ਪੂਰਾ ਅਧਿਆਏ ਲਿਖਿਆ ਹੈ। ਇਸ ’ਚ ਉਹ ਲਿਖਦੇ ਹਨ ਕਿ ਸੀਤਾ ਦੇਵੀ ਅਤੇ ਪ੍ਰਤਾਪ ਸਿੰਘ ਰਾਓ ਨੇ ਆਪਣੇ ਅਮਰੀਕੀ ਦੌਰੇ ਦੌਰਾਨ ਉਸ ਸਮੇਂ ’ਚ 1 ਕਰੋੜ ਡਾਲਰ ਖਰਚ ਕੀਤੇ ਸਨ।
8 ਮਾਰਚ, 1945 ਨੂੰ ਉਨ੍ਹਾਂ ਨੇ ਇੱਥੇ ਇੱਕ ਪੁੱਤਰ ਨੂੰ ਜਨਮ ਦਿੱਤਾ। ਪ੍ਰਤਾਪ ਸਿੰਘ ਰਾਓ ਨੇ ਉਸ ਦਾ ਨਾਮ ਆਪਣੇ ਦਾਦਾ ਜੀ ਦੇ ਨਾਮ ’ਤੇ ਸਿਆਜੀ ਰਾਓ ਰੱਖਿਆ ਅਤੇ ਉਨ੍ਹਾਂ ਨੂੰ ਪਿਆਰ ਨਾਲ ਸ਼ਹਿਜ਼ਾਦਾ ਕਿਹਾ ਜਾਂਦਾ ਸੀ।
ਪਰ ਕੁਝ ਸਮੇਂ ਬਾਅਦ ਦੋਵਾਂ ਦਰਮਿਆਨ ਦੂਰੀ ਵਧਣ ਲੱਗੀ ਅਤੇ ਉਹ ਵੱਖ ਹੋ ਗਏ। ਉਨ੍ਹਾਂ ਦਾ ਪੁੱਤਰ ਸੀਤਾ ਦੇਵੀ ਕੋਲ ਰਿਹਾ।
ਪ੍ਰਤਾਪ ਸਿੰਘ ਤੋਂ ਵੱਖ ਹੋਣ ਦੇ ਬਾਵਜੂਦ ਉਨ੍ਹਾਂ ਨੇ ਮਹਾਰਾਣੀ ਦਾ ਅਹੁਦਾ ਕਾਇਮ ਰੱਖਿਆ। ਉਨ੍ਹਾਂ ਦੇ ਕੋਲ ਜੋ ਰੋਲਸ-ਰਾਇਸ ਕਾਰ ਸੀ, ਉਸ ’ਚ ਬੜੌਦਾ ਦੇ ਸ਼ਾਹੀ ਪਰਿਵਾਰ ਦੇ ਪ੍ਰਤੀਕ ਵੀ ਮੌਜੂਦ ਸਨ।
ਚੰਦਰਸ਼ੇਖਰ ਪਟੇਲ ਦਾ ਕਹਿਣਾ ਹੈ, “ਸੀਤਾ ਦੇਵੀ ਬਹੁਤ ਫ਼ਿਜ਼ੂਲ ਖਰਚ ਕਰਦੇ ਸਨ। ਉਹ ਮਨੋਰੰਜਨ ’ਤੇ ਬਹੁਤ ਪੈਸਾ ਉਡਾਉਂਦੇ ਸਨ, ਜਿਸ ਦੇ ਕਾਰਨ ਦੋਵਾਂ ਦਰਮਿਆਨ ਮਨ ਮੁਟਾਵ ਹੋ ਗਿਆ ਅਤੇ 1956 ’ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ।”
ਜਿਤੇਂਦਰ ਸਿੰਘ ਗਾਇਕਵਾੜ ਕਹਿੰਦੇ ਹਨ, “ਮਹਾਰਾਜਾ ਪ੍ਰਤਾਪ ਸਿੰਘ ਰਾਓ ਨੇ ਇੰਗਲੈਂਡ ’ਚ ਘੋੜਿਆਂ ਦਾ ਫਾਰਮ ਬਣਾਇਆ ਸੀ। ਸੀਤਾ ਦੇਵੀ ਤੋਂ ਤਲਾਕ ਲੈਣ ਤੋਂ ਬਾਅਦ ਉਹ ਉੱਥੇ ਹੀ ਰਹੇ ਅਤੇ ਸਾਲ 1968 ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।”
ਵਾਲੇਸ ਸਿੰਪਸਨ ਦੇ ਨਾਲ ਸੀਤਾ ਦੇਵੀ ਦੀ ਬਹਿਸ
ਪ੍ਰਤਾਪ ਸਿੰਘ ਰਾਓ ਤੋਂ ਤਲਾਕ ਤੋਂ ਬਾਅਦ ਸੀਤਾ ਦੇਵੀ ਨੇ ਬਹੁਤ ਸਾਰੀਆਂ ਕੀਮਤੀਆਂ ਚੀਜ਼ਾਂ ਵੇਚ ਦਿੱਤੀਆਂ ਸਨ।
ਚੰਦਰਸ਼ੇਖਰ ਪਟੇਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਐਸ਼ੋ-ਆਰਾਮ ਦੇ ਲਈ ਪੈਸਿਆਂ ਦੀ ਜ਼ਰੂਰਤ ਸੀ। ਇਸ ਲਈ ਉਨ੍ਹਾਂ ਨੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕੁਝ ਕੀਮਤੀ ਚੀਜ਼ਾਂ ਵੇਚ ਦਿੱਤੀਆਂ ਸਨ।
ਕਿਤਾਬ ‘ਵਨ ਕਲੀਫ਼ ਐਂਡ ਆਰਪਲਸ: ਟ੍ਰੇਜ਼ਰਜ਼ ਐਂਡ ਲੈਜੇਂਡਜ਼’ ਵਿੱਚ ਸੀਤਾ ਦੇਵੀ ਅਤੇ ਡਚੇਸ ਆਫ਼ ਵਿੰਡਰਸ ਵਾਲਸੇਨ ਸਿੰਪਸਨ ਦਰਮਿਆਨ ਇੱਕ ਪਾਰਟੀ ਵਿੱਚ ਗਹਿਣਿਆਂ ਕਾਰਨ ਹੋਈੇ ਲੜਾਈ ਦਾ ਜ਼ਿਕਰ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਸੀਤਾ ਦੇਵੀ ਨੇ ਉਹ ਗਹਿਣਾ ਵੇਚ ਦਿੱਤਾ ਸੀ ਜੋ ਵਾਲੇਸ ਸਿੰਪਸਨ ਨੇ ਪਾਇਆ ਹੋਇਆ ਸੀ। ਸਿੰਪਸਨ ਨੇ ਉਸ ਨੂੰ ਖਰੀਦ ਕੇ ਉਸ ਦੇ ਡਿਜ਼ਾਈਨ ਵਿੱਚ ਕੁਝ ਬਦਲਾਅ ਕੀਤਾ ਸੀ ਅਤੇ ਕੁਝ ਨਵੇਂ ਹੀਰੇ ਅਤੇ ਕੀਮਤੀ ਪੱਥਰ ਉਸ ਵਿੱਚ ਸ਼ਾਮਲ ਕੀਤੇ ਸਨ ਤਾਂ ਜੋ ਉਹ ਦਰਸਾਇਆ ਜਾ ਸਕੇ ਇਹ ਹਾਰ ਨਵਾਂ ਹੈ।
ਪਰ ਸੀਤਾ ਦੇਵੀ ਨੇ ਉਸ ਹਾਰ ਨੂੰ ਪਛਾਣ ਲਿਆ ਸੀ, ਜਿਸ ਕਾਰਨ ਸਿੰਪਸਨ ਨੂੰ ਗੁੱਸਾ ਆ ਗਿਆ ਸੀ।
ਹਾਲਾਂਕਿ ਇਸ ਹਾਰ ਨੂੰ ਬਣਾਉਣ ਵਾਲੇ ਜੌਹਰੀ ਨੇ ਵੀ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ , ਪਰ ਸਿੰਪਸਨ ਨੇ ਇਸ ਘਟਨਾ ਤੋਂ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਅਤੇ ਉਨ੍ਹਾਂ ਗਹਿਣਿਆਂ ਨੂੰ ਜੌਹਰੀ ਨੂੰ ਵਾਪਸ ਕਰ ਦਿੱਤਾ।
ਇਸ ਘਟਨਾ ਤੋਂ ਬਾਅਦ ਸਿੰਪਸਨ ਅਤੇ ਸੀਤਾ ਦੇਵੀ ਇੱਕ ਦੂਜੇ ਦੇ ਸਾਹਮਣੇ ਆਉਣ ਤੋਂ ਕਤਰਾਉਣ ਲੱਗੀਆਂ। ਉਸ ਸਮਾਗਮ ਤੋਂ ਪਹਿਲਾਂ ਦੋਵਾਂ ਨੂੰ ਪੱਛਮੀ ਫੈਸ਼ਨ ਵਿੱਚ ਵੇਖਿਆ ਗਿਆ ਸੀ। ਪਾਰਟੀਆਂ ਦੀ ਮੇਜ਼ਬਾਨੀ ਸ਼ਾਹੀ ਅਤੇ ਅਮੀਰ ਲੋਕਾਂ ਨੇ ਕੀਤੀ ਸੀ।
ਸੀਤਾ ਦੇਵੀ ਨੂੰ ਸਿਗਰਟ ਪੀਣ ਦਾ ਵੀ ਸ਼ੌਕ ਸੀ। ਉਹ ਦੁਨੀਆਂ ਦੀਆ ਸਭ ਤੋਂ ਮਹਿੰਗੀਆਂ ਸਿਗਰਟਾਂ ਅਤੇ ਸਿਗਾਰ ਪੀਂਦੇ ਸਨ। ਹਵਾਨਾ ਦੇ ਸਿਗਾਰ ਉਨ੍ਹਾਂ ਦੇ ਮਨਪਸੰਦ ਸਿਗਾਰਾਂ ਵਿੱਚੋਂ ਇੱਕ ਸਨ।
ਉਨ੍ਹਾਂ ਦਾ ਸਿਗਰਟ ਕੇਸ ਵਾਨ ਕਲੀਫ਼ ਐਂਡ ਆਰਪਲਸ ਨੇ ਡਿਜ਼ਾਈਨ ਕੀਤਾ ਸੀ ਅਤੇ ਉਸ ਵਿੱਚ ਕੀਮਤੀ ਪੱਥਰ ਵੀ ਜੜੇ ਹੋਏ ਸਨ।
ਕਿਤਾਬ ‘ਵਨ ਕਲੀਫ਼ ਐਂਡ ਆਰਪਲਸ: ਟ੍ਰੇਜ਼ਰਜ਼ ਐਂਡ ਲੈਜੇਂਡਜ਼’ ਵਿੱਚ ਲਿਖਿਆ ਗਿਆ ਹੈ ਕਿ ਇੱਕ ਅਫ਼ਵਾਹ ਇਹ ਵੀ ਸੀ ਕਿ ਉਨ੍ਹਾਂ ਦੀ ਸੁੰਦਰਤਾ ਦਾ ਰਾਜ਼ ਭਾਰਤੀ ਸ਼ਰਾਬ ਵਿੱਚ ਛੁਪਿਆ ਹੋਇਆ ਸੀ। ਇਹ ਅਫ਼ਵਾਹ ਸੀ ਕਿ ਉਹ ਸ਼ਰਾਬ ਮੋਰ ਅਤੇ ਹਿਰਨ ਦੇ ਖੂਨ, ਸੁੱਚੇ ਮੋਤੀਆਂ ਦੇ ਪਾਊਡਰ , ਕੇਸਰ ਅਤੇ ਸ਼ਹਿਦ ਨੂੰ ਮਿਲਾ ਕੇ ਤਿਆਰ ਕੀਤੀ ਜਾਂਦੀ ਸੀ।
ਜਿਤੇਂਦਰ ਸਿੰਘ ਗਾਇਕਵਾੜ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਾਰੇ ਬਹੁਤ ਸਾਰੀਆਂ ਨਕਾਰਾਤਮਕ ਅਤੇ ਅਪਮਾਨਜਨਕ ਗੱਲਾਂ ਲਿਖੀਆਂ ਗਈਆਂ ਹਨ, ਪਰ ਉਹ ਅਜਿਹੇ ਨਹੀਂ ਸਨ। ਉਹ ਪੜ੍ਹੇ-ਲਿਖੇ ਅਤੇ ਫੈਸ਼ਨ ਆਈਕਨ ਸਨ।
ਉਹ ਸਮਝਦਾਰੀ ਅਤੇ ਬੇਮਿਸਾਲ ਖੂਬਸੂਰਤੀ ਦੀ ਮੂਰਤ ਸਨ।
ਉਹ ਆਪਣੇ ਪੁੱਤਰ ਦੀ ਇੱਕ ਹਾਦਸੇ ’ਚ ਮੌਤ ਤੋਂ ਬਾਅਦ ਸਦਮੇ ਵਿੱਚ ਚਲੇ ਗਏ ਸਨ ਅਤੇ ਉਸ ਘਟਨਾ ਤੋਂ ਚਾਰ ਸਾਲ ਬਾਅਦ 1989 ਵਿੱਚ ਉਨ੍ਹਾਂ ਦਾ ਵੀ ਦੇਹਾਂਤ ਹੋ ਗਿਆ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਨਿਤੀਸ਼ ਕੁਮਾਰ ਨੇ ਦਿੱਤਾ ਅਸਤੀਫ਼ਾ, ਜਾਣੋ ਦੇਸ਼ ਦੀ ਰਾਜਨੀਤੀ ’ਚ ਨਿਤੀਸ਼ ਨੂੰ ‘ਦਲ ਬਦਲੂ’ ਕਿਉਂ ਕਿਹਾ ਜਾਂਦਾ...
NEXT STORY