ਤਲਵੰਡੀ ਸਾਬੋ (ਮੁਨੀਸ਼) : ਕਾਫ਼ੀ ਸਮਾਂ ਪਹਿਲਾਂ ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਵਪਾਰੀਆਂ ਤੋਂ ਫ਼ਿਰੌਤੀਆਂ ਮੰਗਣ ਦਾ ਜ਼ੋਰ-ਸ਼ੋਰ ਨਾਲ ਉੱਠਿਆ ਮਾਮਲਾ ਭਾਵੇਂ ਸਮੇਂ ਨਾਲ ਦੱਬ ਗਿਆ ਸੀ ਪਰ ਲੰਘੇ ਦਿਨ ਨਗਰ ਦੇ ਇਕ ਪ੍ਰਾਪਰਟੀ ਡੀਲਰ ਤੋਂ 15 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦਾ ਕੇਸ ਮੁੜ ਸੁਰਖੀਆਂ 'ਚ ਹੈ। ਇਸ ਮਾਮਲੇ 'ਚ ਤਲਵੰਡੀ ਸਾਬੋ ਪੁਲਸ ਨੇ ਨਾਮੀ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਸਮੇਤ ਕੁੱਲ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਜਿਥੇ ਮੰਨਾ ਨੂੰ ਹੁਸ਼ਿਆਰਪੁਰ ਜੇਲ ਵਿਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਉਸ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਉੱਥੇ ਹੀ ਇਕ ਹੋਰ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਤਲਵੰਡੀ ਸਾਬੋ ਦੇ ਇਕ ਵਪਾਰੀ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਵਿਦੇਸ਼ੀ ਨੰਬਰ ਤੋਂ ਫ਼ੋਨ ਕਾਲ ਕਰਕੇ ਨਾਮੀ ਗੈਂਗਸਟਰ ਮਨਪ੍ਰੀਤ ਮੰਨਾ ਦੇ ਨਾਂ ’ਤੇ ਉਸ ਕੋਲੋਂ 15 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ।
ਦੂਜੇ ਦਿਨ ਫਿਰ ਉਸ ਨੂੰ ਵਿਦੇਸ਼ ਦੇ ਹੀ ਕਿਸੇ ਹੋਰ ਨੰਬਰ ਤੋਂ ਫ਼ੋਨ ਕਰ ਕੇ ਫ਼ਿਰੌਤੀ ਮੰਗੀ ਗਈ, ਤਾਂ ਉਸ ਨੇ ਇੰਨੀ ਰਕਮ ਦੇਣ ਤੋਂ ਅਸਮਰੱਥਾ ਪ੍ਰਗਟਾਈ, ਜਿਸ ’ਤੇ ਫ਼ੋਨ ਕਰਨ ਵਾਲੇ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸ਼ਿਕਾਇਤਕਰਤਾ ਅਨੁਸਾਰ ਧਮਕੀ ਕਾਰਨ ਉਹ ਡਰ ਗਿਆ ਅਤੇ ਕਿਸੇ ਨੂੰ ਕੁੱਝ ਵੀ ਨਹੀਂ ਦੱਸਿਆ ਪਰ ਉਸ ਨੇ ਆਪਣੇ ਪੱਧਰ ’ਤੇ ਜਾਂਚ-ਪੜਤਾਲ ਦੌਰਾਨ ਪਤਾ ਲਗਾਇਆ ਕਿ ਉਸ ਤੋਂ ਫ਼ਿਰੌਤੀ ਮੰਗਣ ਵਾਲੇ ਵਿਅਕਤੀ ਨਜ਼ਦੀਕੀ ਪਿੰਡ ਬਾਘਾ ਨਾਲ ਸਬੰਧਿਤ ਹਨ, ਜੋ ਵਿਦੇਸ਼ ਰਹਿੰਦੇ ਹਨ ਅਤੇ ਉਨ੍ਹਾਂ ਨੇ ਮਨਪ੍ਰੀਤ ਮੰਨਾ ਦੇ ਕਹਿਣ ’ਤੇ ਹੀ ਫ਼ਿਰੌਤੀ ਮੰਗੀ ਹੈ। ਇਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਣਕਾਰੀ ਉਸ ਨੇ ਤਲਵੰਡੀ ਸਾਬੋ ਪੁਲਸ ਨੂੰ ਦਿੱਤੀ। ਓਧਰ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤਲਵੰਡੀ ਸਾਬੋ ਪੁਲਸ ਨੇ ਪੀੜਤ ਵਪਾਰੀ ਦੇ ਬਿਆਨਾਂ ’ਤੇ ਜਸਵਿੰਦਰ ਸ਼ਰਮਾ ਪੁੱਤਰ ਅਸ਼ਵਨੀ ਸ਼ਰਮਾ ਵਾਸੀ ਬਾਘਾ ਹਾਲ ਮੈਲਬੋਰਨ, ਆਸਟ੍ਰੇਲੀਆ, ਉਸ ਦੇ ਪਿਤਾ ਅਸ਼ਵਨੀ ਸ਼ਰਮਾ ਅਤੇ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ, ਜੋ ਹੁਸ਼ਿਆਰਪੁਰ ਜੇਲ੍ਹ 'ਚ ਬੰਦ ਹੈ, ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਅਧਿਕਾਰੀਆਂ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਮਨਪ੍ਰੀਤ ਸਿੰਘ ਮੰਨਾ ਨੂੰ ਹੁਸ਼ਿਆਰਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਸਥਾਨਕ ਅਦਾਲਤ 'ਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਦੋਂ ਕਿ ਅਸ਼ਵਨੀ ਸ਼ਰਮਾ ਦੀ ਗ੍ਰਿਫ਼ਤਾਰੀ ਕਰ ਕੇ ਉਸ ਦਾ ਵੀ ਦੋ ਦਿਨਾਂ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਡੀ. ਐੱਸ. ਪੀ. ਤਲਵੰਡੀ ਸਾਬੋ ਜਸਜੋਤ ਸਿੰਘ ਨੇ ਦੱਸਿਆ ਕਿ ਪੁਲਸ ਇਨ੍ਹਾਂ ਦੋਵਾਂ ਤੋਂ ਪੁੱਛਗਿੱਛ ਕਰੇਗੀ, ਜਿਸ ਤੋਂ ਕੋਈ ਵੱਡਾ ਖ਼ੁਲਾਸਾ ਜ਼ਰੂਰ ਹੋਣ ਦੀ ਉਮੀਦ ਹੈ।
ਰਾਜਪਾਲ ਕਟਾਰੀਆ ਦੇ ਕਾਫ਼ਲੇ ਨਾਲ ਹਾਦਸਾ, ਇਨੋਵਾ-ਐਂਬੂਲੈਂਸ ਵਿਚਾਲੇ ਭਿਆਨਕ ਟੱਕਰ
NEXT STORY