ਰਾਜਧਾਨੀ ‘ਦਿੱਲੀ’ ਸਮੇਤ ਦੇਸ਼ ਦੇ ਅਨੇਕ ਹਿੱਸਿਆਂ ’ਚ ਸਰਗਰਮ ਗੈਂਗਸਟਰ ਅਤੇ ਉਨ੍ਹਾਂ ਦੇ ਗੁਰਗਿਆਂ ਦੇ ‘ਜਬਰੀ ਵਸੂਲੀ ਗਿਰੋਹ’ (ਰੰਗਦਾਰੀ ਮੰਗਣ ਵਾਲੇ) ਕਾਨੂੰਨ-ਵਿਵਸਥਾ ਦੇ ਲਈ ਚੁਣੌਤੀ ਬਣੇ ਹੋਏ ਹਨ, ਜੋ ਮੰਗੀ ਗਈ ਰਕਮ ਨਾ ਮਿਲਣ ’ਤੇ ਹੱਤਿਆ ਤੱਕ ਕਰ ਦੇਣ ਤੋਂ ਸੰਕੋਚ ਨਹੀਂ ਕਰਦੇ। ਇਨ੍ਹਾਂ ਦੀਆਂ ਕਰਤੂਤਾਂ ਦੀਆਂ ਪਿਛਲੇ ਡੇਢ ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 10 ਜੁਲਾਈ ਨੂੰ ‘ਅਲਵਰ’ (ਰਾਜਸਥਾਨ) ਦੇ ‘ਧੌਲਾਗੜ੍ਹ ਦੇਵੀ’ ਥਾਣਾ ਦੀ ਪੁਲਸ ਨੇ ਇਕ ਨੌਜਵਾਨ ਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਉਸ ਦਾ ਅਗਵਾ ਕਰਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ 3 ਲੱਖ ਰੁਪਏ ਫਿਰੌਤੀ ਮੰਗਣ ਦੇ ਦੋਸ਼ ’ਚ ਗਿਰੋਹ ਦੇ ਸਰਗਣੇ ‘ਮੋਨੂੰ ਮੀਣਾ’ ਨੂੰ ਗ੍ਰਿਫਤਾਰ ਕੀਤਾ।
* 28 ਜੁਲਾਈ ਨੂੰ ‘ਸਾਦੂਲ ਸ਼ਹਿਰ’ (ਰਾਜਸਥਾਨ) ਦੀ ਪੁਲਸ ਨੇ ਇਕ ਵਪਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਤੋਂ ਪੌਣੇ 2 ਲੱਖ ਰੁਪਏ ਦੀ ਰਕਮ ਵਸੂਲ ਕਰਨ ਤੋਂ ਬਾਅਦ ਵੀ ਵਾਰ-ਵਾਰ ਫਿਰੌਤੀ ਦੀ ਮੰਗ ਕਰਨ ਵਾਲੇ ਇਕ ਗਿਰੋਹ ਦੇ 3 ਮੈਂਬਰਾਂ ‘ਪੰਕਜ ਕੁਮਾਰ’, ‘ਦੇਵਾਂਸ਼ੂ’ ਅਤੇ ‘ਫਿਰੋਜ਼ਖਾਨ’ ਨੂੰ ਗ੍ਰਿਫਤਾਰ ਕੀਤਾ।
* 28 ਜੁਲਾਈ ਨੂੰ ਹੀ ‘ਕੁਸ਼ੀ ਨਗਰ’ (ਯੂ.ਪੀ.) ’ਚ ਇਕ ਵਿਅਕਤੀ ਨੂੰ ਉਸ ਦੇ ਬੇਟੇ ਦਾ ਅਗਵਾ ਕਰ ਲੈਣ ਦੀ ਧਮਕੀ ਦੇ ਕੇ 5 ਕਰੋੜ ਰੁਪਏ ਫਿਰੌਤੀ ਮੰਗਣ ਦੇ ਦੋਸ਼ ’ਚ ਪੁਲਸ ਨੇ ਰੰਗਦਾਰੀ ਵਸੂਲ ਕਰਨ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕੀਤਾ।
* 12 ਅਗਸਤ ਨੂੰ ‘ਦਿੱਲੀ’ ਪੁਲਸ ਨੇ ਜੇਲ ’ਚ ਬੰਦ ਇਕ ਗੈਂਗਸਟਰ ਦੇ ਗਿਰੋਹ ਦਾ ਮੈਂਬਰ ਦੱਸ ਕੇ ਇਕ ਜਿਊਲਰੀ ਸ਼ੋਅ-ਰੂਮ ਦੇ ਮਾਲਕ ਤੋਂ 25 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ।
* 18 ਅਗਸਤ ਨੂੰ ‘ਬਰੇਲੀ’ (ਉੱਤਰ ਪ੍ਰਦੇਸ਼) ’ਚ ਫਿਰੌਤੀ ਦੇ ਲਈ ਅਗਵਾ ਕੀਤੇ ਗਏ 10 ਸਾਲਾ ਬੱਚੇ ਦੀ ਹੱਤਿਆ ਕਰਨ ਦੇ ਦੋਸ਼ ’ਚ ਪੁਲਸ ਨੇ ‘ਵਸੀਮ’ ਨਾਂ ਦੇ ਇਕ ਮੁਲਜ਼ਮ ਨੂੰ ਐਨਕਾਊਂਟਰ ’ਚ ਜ਼ਖਮੀ ਕਰ ਕੇ ਗ੍ਰਿਫਤਾਰ ਕੀਤਾ।
* 23 ਅਗਸਤ ਨੂੰ ‘ਪਾਨੀਪਤ’ (ਹਰਿਆਣਾ) ਦੇ ‘ਐਂਟੀ ਨਾਰਕੋਟਿਕਸ ਸੈੱਲ’ ਦੀ ਟੀਮ ਨੇ ਫਿਰੌਤੀ ਮੰਗਣ ਦੀ ਨੀਅਤ ਨਾਲ ਇਕ ਵਪਾਰੀ ਨੂੰ ਅਗਵਾ ਕਰਨ ਦਾ ਯਤਨ ਕਰਨ ਵਾਲੇ 2 ਮੁਲਜ਼ਮਾਂ ਨੂੰ ‘ਸਮਾਲਖਾ’ ਤੋਂ ਗ੍ਰਿਫਤਾਰ ਕੀਤਾ।
* 25 ਅਗਸਤ ਨੂੰ ‘ਚੂਰੁ’ (ਰਾਜਸਥਾਨ) ’ਚ ਇਕ ਹੱਤਿਆਕਾਂਡ ਦੇ ਚਸ਼ਮਦੀਦ ਅਗਵਾ ਨੂੰ ਪੈਰੋਲ ਦੇ ਦੌਰਾਨ ਜਾਨੋਂ ਮਾਰਨ ਦੀ ਧਮਕੀ ਦੇ ਕੇ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗੈਂਗਸਟਰ ‘ਦਿਨੇਸ਼ ਡਾਗਰ’ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।
* 26 ਅਗਸਤ ਨੂੰ ‘ਦਮਨ’ (ਗੁਜਰਾਤ) ਤੋਂ ਆਏ ਇਕ ਸੈਲਾਨੀ ਅਤੇ ਉਸ ਦੇ ਦੋ ਦੋਸਤਾਂ ਨੂੰ ਸ਼ਰਾਬ ਦੀਆਂ ਬੋਤਲਾਂ ਦੇ ਨਾਲ ਫੜਨ ਤੋਂ ਬਾਅਦ ਉਨ੍ਹਾਂ ਤੋਂ 10 ਲੱਖ ਰੁਪਏ ਰੰਗਦਾਰੀ ਮੰਗਣ ਦੇ ਦੋਸ਼ ’ਚ 9 ਪੁਲਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਿਗਆ।
* 26 ਅਗਸਤ ਨੂੰ ਹੀ ‘ਜਮੁਈ’ (ਿਬਹਾਰ) ’ਚ 5 ਬਦਮਾਸ਼ਾਂ ਨੇ ‘ਦੇਵਾਸ਼ੀਸ਼ ਕੁਮਾਰ’ ਨਾਂ ਦੇ ਇਕ ਵਪਾਰੀ ਦਾ ਅਗਵਾ ਕਰ ਕੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਅਤੇ 5 ਲੱਖ ਰੁਪਏ ਮਿਲਣ ਤੋਂ ਬਾਅਦ ਕੁੱਟਮਾਰ ਕਰ ਕੇ ਉਸ ਨੂੰ ਜੰਗਲ ’ਚ ਛੱਡ ਕੇ ਦੌੜ ਗਏ।
* 27 ਅਗਸਤ ਨੂੰ ‘ਮੋਹਾਲੀ’ (ਪੰਜਾਬ) ਦੀ ਪੁਲਸ ਨੇ ਪੰਜਾਬੀ ਗਾਇਕ ‘ਮਨਕਿਰਤ ਔਲਖ’ ਨੂੰ ਧਮਕੀ ਦੇਣ ਅਤੇ ਫੋਨ ’ਤੇ ਫਿਰੌਤੀ ਮੰਗਣ ਦੇ ਮਾਮਲੇ ’ਚ ‘ਹਰਜਿੰਦਰ ਸਿੰਘ’ ਨਾਂ ਦੇ ਇਕ ਮੁਲਜ਼ਮ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ।
*29 ਅਗਸਤ ਨੂੰ ‘ਊਨਾ’ (ਹਿਮਾਚਲ) ਜ਼ਿਲੇ ਦੇ ‘ਭਡੋਲੀਆ ਖੁਰਦ’ ਪਿੰਡ ’ਚ ਇਕ ਢਾਬੇ ਦੇ ਮਾਲਕ ਤੋਂ ਰੰਗਦਾਰੀ ਵਸੂਲਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਕਾਰ ਸਵਾਰ 4 ਨੌਜਵਾਨਾਂ ਦੇ ਵਿਰੁੱਧ ਕੇਸ ਦਰਜ ਕੀਤਾ ਿਗਆ।
*29 ਅਗਸਤ ਨੂੰ ਹੀ ਜਲੰਧਰ (ਪੰਜਾਬ) ਦੇਹਾਤੀ ਪੁਲਸ ਨੇ ਲੋਕਾਂ ਨੂੰ ਡਰਾਉਣ, ਧਮਕਾਉਣ, ਫਿਰੌਤੀ ਮੰਗਣ ਅਤੇ ਨਾਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਹਥਿਆਰ, ਕਾਰਤੂਸ ਅਤੇ ਇਕ ਕਾਰ ਬਰਾਮਦ ਕੀਤੀ। ਇਹ ਕਾਰਵਾਈ ਇਕ ਐੱਨ.ਆਰ.ਆਈ. (ਪ੍ਰਵਾਸੀ ਭਾਰਤੀ) ਦੀ ਸ਼ਿਕਾਇਤ ’ਤੇ ਕੀਤੀ ਗਈ। ਜਿਸ ਦੀ ਧੀ ਨੂੰ ਅਗਵਾ ਕਰ ਕੇ ਮੁਲਜ਼ਮ ਉਸ ਤੋਂ 3 ਲੱਖ ਰੁਪਏ ਦੀ ਮੰਗ ਕਰ ਰਹੇ ਸਨ।
ਇਸ ਕਿਸਮ ਦੀਆਂ ਘਟਨਾਵਾਂ ਦੇ ਵਿਸ਼ੇ ’ਚ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਸੂਲੀ ਦੀ ਕਾਲ ਆਉਣ ਤੋਂ ਬਾਅਦ ਵਿਚੋਲੀਏ ਵੀ ਸਮਝੌਤਾ ਕਰਵਾਉਣ ਲਈ ਸਰਗਰਮ ਹੋ ਜਾਂਦੇ ਹਨ ਅਤੇ ਇਨ੍ਹਾਂ ’ਚ ਕਈ ਪੁਲਸ ਵਾਲੇ ਵੀ ਸ਼ਾਮਲ ਹਨ।
ਇਸ ਲਈ ਅਜਿਹੇ ਗਿਰੋਹਾਂ ਨੂੰ ਸਖਤੀ ਨਾਲ ਫੌਲਾਦੀ ਹੱਥਾਂ ਨਾਲ ਕੁਚਲਣ ਦੀ ਲੋੜ ਹੈ ਤਾਂ ਕਿ ਦੇਸ਼ ਦੇ ਆਮ ਅਤੇ ਖਾਸ ਨਾਗਰਿਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਨਿਡਰਤਾ ਨਾਲ ਆਪਣਾ ਕੰਮਕਾਜ ਕਰ ਸਕਣ।
–ਵਿਜੇ ਕੁਮਾਰ
ਮਹਾਰਾਸ਼ਟਰ ’ਚ ਮਰਾਠੀ-ਭਾਸ਼ਾ ਅਤੇ ਮਰਾਠੀ-ਮਾਨੁਸ਼ ਦੇ ਝੰਡੇ ਹੇਠ ਇਕ ਗੱਠਜੋੜ ਦੇ ਸੰਕੇਤ
NEXT STORY