ਪਿਛਲੇ ਮਹੀਨੇ ਤਰਨਤਾਰਨ ’ਚ ਹੋਈ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੀ ਜਿੱਤ ਅਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਉਮੀਦਵਾਰ ਦੇ ਤੀਜੇ ਨੰਬਰ ’ਤੇ ਆਉਣ ਕਾਰਨ ਪੰਜਾਬ ਦੇ ਸਿਆਸੀ ਹਲਕਿਆਂ ’ਚ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਜਿਹੜੇ ਲੀਡਰ ਇਕ ਸਾਲ ਪਹਿਲਾਂ ਵੱਡੇ ਬਹੁਮਤ ਨਾਲ ਜਿੱਤ ਪ੍ਰਾਪਤ ਕਰਨ ’ਚ ਸਫਲ ਹੋਏ ਸਨ, ਹੁਣ ਉਨ੍ਹਾਂ ਦਾ ਉਮੀਦਵਾਰ ਤੀਜੇ ਨੰਬਰ ’ਤੇ ਕਿਉਂ ਰਹਿ ਗਿਆ।
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਇਸੇ ਦਲ ਦੇ ਵੱਡੇ ਆਗੂ ਸਰਬਜੀਤ ਸਿੰਘ ਖਾਲਸਾ ਦੋ ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ’ਚ ਅਾਜ਼ਾਦ ਉਮੀਦਵਾਰਾਂ ਵਜੋਂ ਜਿੱਤੇ ਸਨ। ਅੰਮ੍ਰਿਤਪਾਲ ਸਿੰਘ ਤਾਂ ਪੰਜਾਬ ਵਿਚੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਸਨ ਅਤੇ ਇਕੱਲੇ ਤਾਰਨਤਾਰਨ ਤੋਂ 44703 ਵੋਟਾਂ ਹਾਸਲ ਕਾਰਨ ’ਚ ਕਾਮਯਾਬ ਰਹੇ ਸਨ। ਬਾਅਦ ਵਿਚ ਇਸ ਜਿੱਤ ਨਾਲ ਵਧੇ ਹੌਸਲੇ ਕਾਰਨ ਇਨ੍ਹਾਂ ਦੋਨਾਂ ਆਗੂਆਂ ਨੇ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਅਤੇ ਹੋਰ ਆਗੂਆਂ ਨਾਲ ਮਿਲ ਕੇ ਤਰਨਤਾਰਨ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨਾਂ ਦੀ ਪਾਰਟੀ ਬਣਾਈ।
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਆਗੂਆਂ ਨੂੰ ਉਮੀਦ ਸੀ ਕਿ ਤਰਨਤਾਰਨ ਦੇ ਜਿਹੜੇ ਵੋਟਰਾਂ ਨੇ ਲੋਕ ਸਭਾ ਚੋਣਾਂ ’ਚ ਅੰਮ੍ਰਿਤਪਾਲ ਸਿੰਘ ਨੂੰ ਇੰਨੀ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਇਆ ਸੀ, ਨਿਸ਼ਚਿਤ ਹੀ ਉਹ ਹੁਣ ਵੀ ਉਨ੍ਹਾਂ ਦੇ ਉਮੀਦਵਾਰ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਉਣਗੇ। ਇਸ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਅਤੇ ਜੇਲ ਅੰਦਰ ਸਜ਼ਾ ਭੁਗਤ ਰਹੇ ਪੁਲਸ ਇੰਸਪੈਕਟਰ ਸੂਬਾ ਸਿੰਘ ਨੂੰ ਕਤਲ ਕਰਨ ਦੇ ਦੋਸ਼ੀ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਨੂੰ ਉਮੀਦਵਾਰ ਬਣਾਇਆ।
ਪਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਮੁਕਾਬਲੇ ਵਿਰੋਧੀ ਅਕਾਲੀ ਦਲ ਬਾਦਲ ਨੇ ਕਾਫੀ ਸਮਾਂ ਪਹਿਲਾਂ ਹੀ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਅਕਾਲੀ ਦਲ ਬਾਦਲ ਨੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੁੰ ਬਹੁਤ ਹੀ ਸੋਚੀ-ਸਮਝੀ ਰਣਨੀਤੀ ਅਧੀਨ ਆਪਣਾ ਉਮੀਦਵਾਰ ਬਣਾਇਆ ਸੀ, ਕਿਉਂਕਿ ਬੀਬੀ ਰੰਧਾਵਾ ਪਹਿਲਾਂ ਹੀ ਇਲਾਕੇ ਵਿਚ ਇਕ ਵੱਡੇ ਅਾਜ਼ਾਦ ਗਰੁੱਪ ਨੂੰ ਲੀਡ ਕਰ ਰਹੀ ਸੀ। ਇਸ ਗਰੁੱਪ ਵਿਚ ਤਕਰੀਬਨ 40 ਸਰਪੰਚ ਅਤੇ ਤਰਨਤਾਰਨ ਸ਼ਹਿਰ ਦੇ 7-8 ਕੌਂਸਲਰਾਂ ਦੀ ਸ਼ਮੂਲੀਅਤ ਸੀ ਅਤੇ ਇਨ੍ਹਾਂ ਸਭ ਨੂੰ ਜਿਤਾਉਣ ’ਚ ਬੀਬੀ ਰੰਧਾਵਾ ਅਤੇ ਉਸ ਦੇ ਪਰਿਵਾਰ ਦਾ ਬਹੁਤ ਵੱਡਾ ਹੱਥ ਸੀ। ਇਸ ਤਰ੍ਹਾਂ ਬੀਬੀ ਰੰਧਾਵਾ ਨੂੰ ਉਮੀਦਵਾਰ ਬਣਾ ਕੇ ਅਕਾਲੀ ਦਲ ਬਾਦਲ ਨੇ ਖੁਦ-ਬ-ਖੁਦ ਆਪਣੇ ਨਾਲ ਇਕ ਵੱਡਾ ਵੋਟ ਬੈਂਕ ਜੋੜ ਲਿਆ ਸੀ।
ਅਕਾਲੀ ਦਲ ਬਾਦਲ ਦੇ ਮੁਕਾਬਲੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਮਨਦੀਪ ਸਿੰਘ ਨੂੰ ਉਮੀਦਵਾਰ ਐਲਾਨਣ ਵਿਚ ਬਹੁਤ ਸਮਾਂ ਲੱਗਿਆ ਅਤੇ ਚੋਣ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੂੰ ਉਮੀਦਵਾਰ ਐਲਾਨਿਆ ਗਿਆ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਆਗੂਆਂ ਵੱਲੋਂ ਮਨਦੀਪ ਸਿੰਘ ਨੂੰ ਉਮੀਦਵਾਰ ਐਲਾਨਣ ਸਮੇਂ ਨਾ ਤਾਂ ਬਾਕੀ ਅਕਾਲੀ ਧੜਿਆਂ ਨਾਲ ਕੋਈ ਸਲਾਹ-ਮਸ਼ਵਰਾ ਕੀਤਾ ਗਿਆ ਅਤੇ ਨਾ ਹੀ ਭਾਈ ਮਨਦੀਪ ਸਿੰਘ ਦੇ ਨਾਂ ’ਤੇ ਕੋਈ ਸਹਿਮਤੀ ਹੀ ਲਈ ਗਈ। ਇਸ ਤਰ੍ਹਾਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਸਾਂਝਾ ਉਮੀਦਵਾਰ ਪੇਸ਼ ਕਰਨ ਦੀ ਜਗ੍ਹਾ ਮਨਦੀਪ ਸਿੰਘ ਨੂੰ ਨਿਰੋਲ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਉਮੀਦਵਾਰ ਬਣਾ ਦਿੱਤਾ।
ਅਕਾਲੀ ਦਲ ਦੇ ਬਾਕੀ ਧੜੇ ਖਾਸ ਕਰ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਇਸ ਵਤੀਰੇ ਤੋਂ ਨਾਖੁਸ਼ ਸਨ ਪ੍ਰੰਤੂ ਉਨ੍ਹਾਂ ਕੋਲ ਕੋਈ ਹੋਰ ਰਸਤਾ ਨਾ ਹੋਣ ਕਾਰਨ ਉਨ੍ਹਾਂ ਨੁੰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਉਮੀਦਵਾਰ ਦੀ ਹਮਾਇਤ ਦਾ ਐਲਾਨ ਕਰਨਾ ਪਿਆ।
ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਇਸ ਹਮਾਇਤ ਨੂੰ ਇਹ ਸਮਝਣ ਦੀ ਗਲਤੀ ਕੀਤੀ ਕਿ ਸ਼ਾਇਦ ਉਨ੍ਹਾਂ ਦੇ ਉਮੀਦਵਾਰ ਦੀ ਜਿੱਤ ਯਕੀਨੀ ਹੈ ਜਿਸ ਕਾਰਨ ਬਾਕੀ ਧੜਿਆਂ ਨੂੰ ਉਨ੍ਹਾਂ ਦੇ ਉਮੀਦਵਾਰ ਦੀ ਹਮਾਇਤ ਕਰਨ ਲਈ ਅੱਗੇ ਆਉਣਾ ਪਿਆ ਹੈ।
ਇਸੇ ਕਾਰਨ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਆਗੂਆਂ ਨੇ ਚੋਣ ਪ੍ਰਚਾਰ ਵਿਚ ਵੀ ਬਾਕੀ ਧੜਿਆਂ ਨੂੰ ਤਵੱਜੋ ਦੇਣ ਦੀ ਲੋੜ ਨਹੀਂ ਸਮਝੀ। ਅਸੀਂ ਇਨ੍ਹਾਂ ਕਾਲਮਾਂ ਵਿਚ ਚੋਣ ਤੋਂ ਪਹਿਲਾਂ ਹੀ ਇਹ ਲਿਖ ਦਿੱਤਾ ਸੀ ਕਿ ਅਕਾਲੀ ਦਲ ਪੁਨਰ ਸੁਰਜੀਤ ਦੀ ਲੀਡਰਸ਼ਿਪ ਦਾ ਇਕ ਹਿੱਸਾ ਇਸ ਚੋਣ ਪ੍ਰਚਾਰ ਵਿਚ ਖੁੱਲ੍ਹ ਕੇ ਚੱਲਣ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕਰ ਰਿਹਾ ਹੈ।
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਬਾਦਲ ਦੀ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਉਮੀਦਵਾਰ ਬਣਨ ਕਾਰਨ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਾਉਣ ’ਚ ਵੀ ਨਾਕਾਮ ਰਿਹਾ ਕਿ ਲੋਕ ਸਭਾ ਚੋਣਾਂ ਸਮੇਂ ਬੀਬੀ ਰੰਧਾਵਾ ਅਤੇ ਉਨ੍ਹਾਂ ਦੇ ਸਾਰੇ ਗਰੁੱਪ ਦੀਆਂ ਵੋਟਾਂ ਅੰਮ੍ਰਿਤਪਾਲ ਸਿੰਘ ਨੂੰ ਪਈਆਂ ਸਨ ਅਤੇ ਹੁਣ ਉਹ ਵੋਟਾਂ ਉਨ੍ਹਾਂ ਦੇ ਉਮੀਦਵਾਰ ਨੂੰ ਨਹੀਂ ਪੈਣਗੀਆਂ।
ਇਨ੍ਹਾਂ ਕਾਰਨਾਂ ਕਰਕੇ ਤਰਨਤਾਰਨ ਜ਼ਿਮਣੀ ਚੋਣ ਦੇ ਨਤੀਜੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਆਸ ਤੋਂ ਉਲਟ ਰਹੇ ਅਤੇ ਉਨ੍ਹਾਂ ਦਾ ਉਮੀਦਵਾਰ ਕੇਵਲ 19620 ਵੋਟਾਂ ਤਕ ਸਿਮਟ ਗਿਆ। ਇਨ੍ਹਾਂ ਕਾਰਨਾਂ ਦੀ ਪੁਸ਼ਟੀ ਅਕਾਲੀ ਦਲ ਪੁਨਰ ਸੁਰਜੀਤ ਦੇ ਬੁਲਾਰੇ ਜਗਜੀਤ ਸਿੰਘ ਕੋਹਲ਼ੀ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਨਤੀਜੇ ਆਉਣ ਤੋਂ ਬਾਅਦ ਦਿੱਤੇ ਗਏ ਬਿਆਨਾਂ ’ਚੋਂ ਝਲਕਦੀ ਨਾਰਾਜ਼ਗੀ ਤੋਂ ਵੀ ਸਪੱਸ਼ਟ ਹੁੰਦੀ ਹੈ।
ਇਕਬਾਲ ਸਿੰਘ ਚੰਨੀ
ਦਿੱਲੀ ਦੀ ਹਵਾ ਨੀਤੀ : ਇਕ ਦਹਾਕੇ ਦੀ ਅਣਦੇਖੀ ਤੋਂ ਬਾਅਦ ਰੇਖਾ ਗੁਪਤਾ ਸਰਕਾਰ ਵਲੋਂ ਢਾਂਚਾਗਤ ਸੁਧਾਰ
NEXT STORY