ਇਕ ਬਹੁਤ ਸੁੰਦਰ ਸੁਭਾਸ਼ਿਤ ਹੈ, “ਵ੍ਰਿੱਕਸ਼ ਕਬਹੂੰ ਨਹੀਂ ਫਲ ਭਖੈ, ਨਦੀ ਨ ਸੰਚੈ ਨੀਰ। ਪਰਮਾਰਥ ਕੇ ਕਾਰਨੇ, ਸਾਧੁਨ ਧਰਾ ਸਰੀਰ।” ਇਸ ਦਾ ਅਰਥ ਹੈ ਕਿ ਰੁੱਖ ਕਦੇ ਆਪਣੇ ਫ਼ਲ ਖੁਦ ਨਹੀਂ ਖਾਂਦਾ, ਨਦੀ ਆਪਣਾ ਪਾਣੀ ਆਪਣੇ ਕੋਲ ਨਹੀਂ ਰੱਖਦੀ। ਇਸੇ ਤਰ੍ਹਾਂ, ਸੰਤ ਸੁਭਾਅ ਵਾਲੇ ਲੋਕ ਵੀ ਆਪਣੇ ਆਪ ਨੂੰ ਪਹਿਲ ਨਹੀਂ ਦਿੰਦੇ, ਸਗੋਂ ਹਮੇਸ਼ਾ ਦੂਜਿਆਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ ਅਤੇ ਆਪਣਾ ਜੀਵਨ ਲੋਕ-ਭਲਾਈ ਲਈ ਸਮਰਪਿਤ ਕਰ ਦਿੰਦੇ ਹਨ। ਸਦੀਆਂ ਤੋਂ ਸਾਡੇ ਰਿਸ਼ੀਆਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਜੀਵਨ ਦਾ ਮਹੱਤਵ ਵਿਅਕਤੀਗਤ ਪ੍ਰਾਪਤੀਆਂ ਨਾਲੋਂ ਕਿਤੇ ਵੱਧ ਹੁੰਦਾ ਹੈ। ਸਤਿਕਾਰਯੋਗ ਅਸ਼ੋਕ ਸਿੰਘਲ ਜੀ ਦਾ ਜੀਵਨ ਇਸ ਭਾਵਨਾ ਦੀ ਇਕ ਨੇਕ ਮਿਸਾਲ ਹੈ।
27 ਸਤੰਬਰ ਤੋਂ ਅਸੀਂ ਸਵਰਗੀ ਅਸ਼ੋਕ ਸਿੰਘਲ ਜੀ ਦਾ ਜਨਮ-ਸ਼ਤਾਬਦੀ ਵਰ੍ਹਾ ਮਨਾਉਣ ਜਾ ਰਹੇ ਹਾਂ। ਇਹ ਇਕ ਮਹਾਨ ਹਸਤੀ ਦੇ ਸਨਮਾਨ ਦਾ ਸ਼ੁੱਭ ਮੌਕਾ ਹੈ। ਉਨ੍ਹਾਂ ਨੇ ਅਧਿਆਤਮਕ ਸਾਧਨਾ, ਸੱਭਿਆਚਾਰਕ ਜਾਗਰਣ ਅਤੇ ਦਹਾਕਿਆਂ ਤੱਕ ਸਮਰਪਿਤ ਭਾਵਨਾ ਨਾਲ ਸਮਾਜ ਅਤੇ ਸੰਗਠਨ ਦੇ ਕਾਰਜਾਂ ਨੂੰ ਅੱਗੇ ਵਧਾਇਆ।
ਇਹ ਮੇਰੇ ਲਈ ਸੁਭਾਗ ਦੀ ਗੱਲ ਹੈ ਕਿ ਮੈਨੂੰ ਸਵਰਗੀ ਅਸ਼ੋਕ ਜੀ ਨਾਲ ਲੰਬੇ ਸਮੇਂ ਤੱਕ ਕੰਮ ਕਰਨ, ਉਨ੍ਹਾਂ ਤੋਂ ਸਿੱਖਣ, ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦਾ ਪ੍ਰੇਮ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਮੈਨੂੰ 1981 ਦਾ ਇਕ ਪ੍ਰਸੰਗ ਯਾਦ ਆਉਂਦਾ ਹੈ। ਉਸ ਸਮੇਂ ਮੈਂ ਇਕ ਨੌਜਵਾਨ ਕਾਰਕੁੰਨ ਦੇ ਰੂਪ ਵਿਚ ਸੰਗਠਨ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਨਿਭਾਅ ਰਿਹਾ ਸੀ। ਤਦ ਮੈਨੂੰ ਅਸ਼ੋਕ ਜੀ ਦੀ ਆਪਣੇ ਹੱਥ ਨਾਲ ਲਿਖੀ ਇਕ ਚਿੱਠੀ ਮਿਲੀ। ਉਨ੍ਹਾਂ ਨੇ ਚਿੱਠੀ ਵਿਚ ਆਉਣ ਵਾਲੇ ਇਕ ਮਹੱਤਵਪੂਰਨ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਮੈਨੂੰ ਕੁਝ ਜ਼ਿੰਮੇਵਾਰੀਆਂ ਸੌਂਪੀਆਂ ਸਨ। ਉਸ ਸਮੇਂ ਅਸ਼ੋਕ ਸਿੰਘਲ ਜੀ ਤੋਂ ਚਿੱਠੀ ਹਾਸਲ ਕਰਨਾ ਮੇਰੇ ਲਈ ਬਹੁਤ ਖ਼ਾਸ ਅਤੇ ਯਾਦਗਾਰ ਪਲ ਬਣ ਗਿਆ ਸੀ।
ਮੈਂ ਉਨ੍ਹਾਂ ਨੂੰ ਕਈ ਦਹਾਕਿਆਂ ਤੱਕ ਦਿਨ-ਰਾਤ ਕੰਮ ਕਰਦੇ ਦੇਖਿਆ। ਉਹ ਦੇਸ਼ ਦੇ ਦੂਰ-ਦੁਰਾਡੇ ਖੇਤਰਾਂ ਦੀਆਂ ਲੰਬੀਆਂ ਅਤੇ ਕਈ ਵਾਰ ਮੁਸ਼ਕਲ ਯਾਤਰਾਵਾਂ ਕਰਿਆ ਕਰਦੇ ਸਨ। ਉਹ ਲਗਾਤਾਰ ਇਸ ਗੱਲ ’ਤੇ ਚਿੰਤਨ ਕਰਦੇ ਰਹਿੰਦੇ ਸਨ ਕਿ ਸਮਾਜ ਦੇ ਵਾਂਝੇ ਅਤੇ ਅੰਤਿਮ ਕਤਾਰ ਵਿਚ ਖੜ੍ਹੇ ਲੋਕਾਂ ਲਈ ਹੋਰ ਕੀ ਕੀਤਾ ਜਾ ਸਕਦਾ ਹੈ। ਜਦੋਂ ਵੀ ਦੇਸ਼ ਵਿਚ ਕਿਤੇ ਕੁਦਰਤੀ ਆਫ਼ਤ ਆਉਂਦੀ, ਤਾਂ ਅਸ਼ੋਕ ਸਿੰਘਲ ਜੀ ਸਭ ਤੋਂ ਪਹਿਲਾਂ ਉੱਥੇ ਪਹੁੰਚਣ ਵਾਲਿਆਂ ਵਿਚ ਹੁੰਦੇ ਜਾਂ ਫਿਰ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕਾਰਕੁੰਨਾਂ ਨੂੰ ਮਾਰਗਦਰਸ਼ਨ ਦਿੰਦੇ। ਸਾਲ 2001 ਵਿਚ ਕੱਛ ਵਿਚ ਆਏ ਭੂਚਾਲ ਤੋਂ ਬਾਅਦ ਉਨ੍ਹਾਂ ਦੇ ਨਾਲ ਦਾ ਮੇਰਾ ਤਜਰਬਾ ਯਾਦਗਾਰ ਬਣ ਗਿਆ।
ਸਤਿਕਾਰਯੋਗ ਅਸ਼ੋਕ ਜੀ ਬਹੁਤ ਹੀ ਮਾਣਮੱਤੇ ਅਤੇ ਧਨਵਾਨ ਪਰਿਵਾਰ ਨਾਲ ਸਬੰਧਤ ਸਨ। ਉਨ੍ਹਾਂ ਦੇ ਪਿਤਾ ਸ਼੍ਰੀ ਮਹਾਵੀਰ ਜੀ ਦੀ ਇਕ ਪ੍ਰਸ਼ਾਸਕ ਦੇ ਰੂਪ ਵਿਚ ਪਛਾਣ ਸੀ। ਉਨ੍ਹਾਂ ਦੇ ਇਕ ਭਰਾ ਸ਼੍ਰੀ ਬੀ. ਪੀ. ਸਿੰਘਲ ਜੀ ਪੁਲਸ ਅਧਿਕਾਰੀ ਬਣੇ ਅਤੇ ਬਾਅਦ ਵਿਚ ਸੰਸਦ ਮੈਂਬਰ ਵੀ ਰਹੇ। ਦੂਜੇ ਭਰਾ ਸ਼੍ਰੀ ਵੀ. ਪੀ. ਸਿੰਘਲ ਜੀ ਤ੍ਰਿਪੁਰਾ ਦੇ ਤਤਕਾਲੀ ਮੁੱਖ ਸਕੱਤਰ ਬਣੇ, ਜਦੋਂ ਇਹ ਨਵਾਂ ਰਾਜ ਬਣਿਆ ਸੀ। ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਵਣਜ ਅਤੇ ਖੇਤੀਬਾੜੀ ਦੇ ਖੇਤਰ ਵਿਚ ਸਫਲਤਾ ਹਾਸਲ ਕੀਤੀ ਪਰ ਸ਼ੁਰੂ ਤੋਂ ਹੀ ਅਸ਼ੋਕ ਜੀ ਦਾ ਰੁਝਾਨ ਬਿਲਕੁਲ ਵੱਖਰੀ ਦਿਸ਼ਾ ਵੱਲ ਸੀ। ਬਹੁਤ ਘੱਟ ਉਮਰ ਵਿਚ ਹੀ ਉਨ੍ਹਾਂ ਦੇ ਵਿਹਾਰ ਵਿਚ ਦੂਜਿਆਂ ਪ੍ਰਤੀ ਦਇਆ ਅਤੇ ਸੇਵਾ ਦੀ ਅਦਭੁਤ ਭਾਵਨਾ ਦਿਖਾਈ ਦੇਣ ਲੱਗੀ ਸੀ। ਉਹ ਚਾਹੁੰਦੇ ਸਨ ਕਿ ਭਾਰਤ ਤਰੱਕੀ ਕਰੇ ਅਤੇ ਮਾਂ ਭਾਰਤੀ ਦੀਆਂ ਸੰਤਾਨਾਂ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ। ਪ੍ਰਯਾਗਰਾਜ ਵਿਚ ਵੱਡੇ ਹੋਏ ਅਸ਼ੋਕ ਜੀ ਕਈ ਘੰਟੇ ਸੰਗਮ ਦੇ ਕੰਢੇ ’ਤੇ ਬੈਠਿਆ ਕਰਦੇ ਸਨ। ਨਦੀ ਪ੍ਰਤੀ ਉਨ੍ਹਾਂ ਦਾ ਕੁਦਰਤੀ ਆਕਰਸ਼ਣ ਸੀ। ਉੱਥੇ ਆਉਣ ਵਾਲੇ ਸਾਧੂ-ਸੰਤਾਂ ਅਤੇ ਸ਼ਰਧਾਲੂਆਂ ਨਾਲ ਵੀ ਉਨ੍ਹਾਂ ਦੀ ਬਹੁਤ ਆਤਮਿਕਤਾ ਸੀ। ਇਸ ਨਾਲ ਭਾਰਤ ਦੇ ਸੱਭਿਆਚਾਰਕ ਲੋਕਾਚਾਰ ਬਾਰੇ ਉਨ੍ਹਾਂ ਦੀ ਸਮਝ ਹੋਰ ਵਧੀ। ਸਮਾਜ ਲਈ ਕੁਝ ਕਰਨ ਦਾ ਉਨ੍ਹਾਂ ਦਾ ਸੰਕਲਪ ਵੀ ਹੋਰ ਦ੍ਰਿੜ੍ਹ ਹੋਇਆ। ਦੂਜਿਆਂ ਲਈ ਜਿਊਣ ਦੀ ਇਹੀ ਲਗਨ ਉਨ੍ਹਾਂ ਨੂੰ ਰਾਸ਼ਟਰੀ ਸਵੈਮਸੇਵਕ ਸੰਘ ਵਿਚ ਲੈ ਆਈ।
ਅਸ਼ੋਕ ਸਿੰਘਲ ਜੀ ਨੇ ਆਪਣੇ ਨਿਰੰਤਰ ਯਤਨਾਂ ਅਤੇ ਅਣਥੱਕ ਮਿਹਨਤ ਨਾਲ ਅਨੇਕ ਸੰਸਥਾਵਾਂ ਅਤੇ ਅੰਦੋਲਨਾਂ ਨੂੰ ਮਜ਼ਬੂਤ ਕੀਤਾ। ਆਪਣੇ ਜੋਸ਼ੀਲੇ ਬੋਲਾਂ ਅਤੇ ਪ੍ਰਗਟਾਵੇ ਦੀ ਅਦਭੁਤ ਸ਼ੈਲੀ ਨਾਲ ਉਹ ਪੂਰੀ ਸਭਾ ਨੂੰ ਮੰਤਰਮੁਗਧ ਕਰ ਦਿੰਦੇ ਸਨ। ਜੋ ਵੀ ਉਨ੍ਹਾਂ ਦੇ ਸੰਪਰਕ ਵਿਚ ਆਉਂਦਾ, ਉਹ ਉਨ੍ਹਾਂ ਦੀ ਸਾਦਗੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦਾ ਸੀ। ਦੇਸ਼ ਭਰ ਦੇ ਸਾਧੂ-ਸੰਤਾਂ ਵਿਚ ਵੀ ਉਨ੍ਹਾਂ ਦਾ ਕਾਫ਼ੀ ਸਨਮਾਨ ਸੀ। ਸੰਤ ਲੋਕ ਉਨ੍ਹਾਂ ਦੀ ਸਲਾਹ ਨੂੰ ਮਹੱਤਵ ਦਿੰਦੇ ਸਨ ਅਤੇ ਉਨ੍ਹਾਂ ਦੀਆਂ ਗੱਲਾਂ ਨੂੰ ਪੂਰੇ ਆਦਰ-ਭਾਵ ਨਾਲ ਸੁਣਦੇ ਸਨ।
ਮੇਰੀ ਯਾਦ ਵਿਚ ਅਜਿਹੀਆਂ 2 ਘਟਨਾਵਾਂ ਉੱਭਰ ਰਹੀਆਂ ਹਨ, ਜਿਨ੍ਹਾਂ ਰਾਹੀਂ ਸ਼੍ਰੀ ਅਸ਼ੋਕ ਸਿੰਘਲ ਜੀ ਦੀ ਵੱਡੀ ਹਸਤੀ ਨੂੰ ਸਮਝਿਆ ਜਾ ਸਕਦਾ ਹੈ। ਪਹਿਲੀ ਘਟਨਾ 1993 ਦੀ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸਵਾਮੀ ਵਿਵੇਕਾਨੰਦ ਜੀ ਦੇ ਸ਼ਿਕਾਗੋ ਸੰਬੋਧਨ ਦੇ 100 ਸਾਲ ਪੂਰੇ ਹੋਣ ਦੇ ਮੌਕੇ ’ਤੇ ਅਮਰੀਕਾ ਵਿਚ ਇਕ ਸੰਮੇਲਨ ਆਯੋਜਿਤ ਕੀਤਾ ਸੀ। ਵਿਦੇਸ਼ ਵਿਚ ਅਜਿਹੇ ਸ਼ਾਨਦਾਰ ਸੰਮੇਲਨ ਦੀ ਸੋਚ, ਉਸ ਦੀ ਯੋਜਨਾ ਅਤੇ ਵੱਖ-ਵੱਖ ਸਮੂਹਾਂ ਨੂੰ ਇਕ ਮੰਚ ’ਤੇ ਲਿਆਉਣ ਦਾ ਵੱਡਾ ਯਤਨ ਸ਼੍ਰੀ ਅਸ਼ੋਕ ਜੀ ਦੇ ਅਦੁੱਤੀ ਸੰਗਠਨਾਤਮਕ ਹੁਨਰ ਦਾ ਸੂਚਕ ਸੀ।
ਦੂਜੀ ਘਟਨਾ ਸਾਲ 2000 ਦੀ ਹੈ, ਜਦੋਂ ਤ੍ਰਿਨੀਦਾਦ ਅਤੇ ਟੋਬੈਗੋ ਦੇ ਪੋਰਟ ਆਫ਼ ਸਪੇਨ ਵਿਚ ਵਿਸ਼ਵ ਹਿੰਦੂ ਸੰਮੇਲਨ ਦਾ ਆਯੋਜਨ ਹੋਇਆ ਸੀ। ਉਸ ਸਮੇਂ ਮੈਂ ਵੀ ਉੱਥੇ ਸੀ। ਅਸ਼ੋਕ ਸਿੰਘਲ ਜੀ ਦੀ ਮੌਜੂਦਗੀ ਨੇ ਹੋਰ ਪ੍ਰਤੀਨਿਧੀਆਂ ਵਿਚ ਉਤਸ਼ਾਹ ਭਰ ਦਿੱਤਾ ਸੀ। ਮੇਰੇ ਸੰਬੋਧਨ ਤੋਂ ਬਾਅਦ ਉਨ੍ਹਾਂ ਨੇ ਜਿਸ ਤਰ੍ਹਾਂ ਮੇਰੀ ਸ਼ਲਾਘਾ ਕੀਤੀ, ਉਹ ਮੇਰੇ ਲਈ ਬਹੁਤ ਭਾਵੁਕ ਕਰ ਦੇਣ ਵਾਲਾ ਅਹਿਸਾਸ ਸੀ।
ਰਾਮ ਜਨਮਭੂਮੀ ਅੰਦੋਲਨ ਵਿਚ ਅਸ਼ੋਕ ਸਿੰਘਲ ਜੀ ਦੀ ਇਤਿਹਾਸਕ ਭੂਮਿਕਾ ਨੂੰ ਯਾਦ ਕੀਤੇ ਬਿਨਾਂ ਉਨ੍ਹਾਂ ਦਾ ਕੋਈ ਵੀ ਜ਼ਿਕਰ ਅਧੂਰਾ ਹੈ। ਸਾਲ 1991 ਦੀ ਬੋਟ ਕਲੱਬ ਰੈਲੀ ਵਿਚ ਦਿੱਤੇ ਗਏ ਉਨ੍ਹਾਂ ਦੇ ਓਜਸਵੀ ਸੰਬੋਧਨ ਨੂੰ ਕੌਣ ਭੁੱਲ ਸਕਦਾ ਹੈ? ਜਾਂ ਅੰਦੋਲਨ ਦੇ ਸਿਖ਼ਰ ’ਤੇ ਲਹੂ-ਲੁਹਾਨ ਅਤੇ ਜ਼ਖ਼ਮੀ ਅਵਸਥਾ ਵਿਚ ਅਸ਼ੋਕ ਜੀ ਦੀ ਉਹ ਇਤਿਹਾਸਕ ਤਸਵੀਰ ਭਲਾ ਕਿਸ ਦੀ ਯਾਦ ਤੋਂ ਮਿਟ ਸਕਦੀ ਹੈ? ਅੱਜ ਅਯੁੱਧਿਆ ਵਿਚ ਸ਼ਾਨਦਾਰ ਰਾਮ ਮੰਦਰ ਹੈ, ਤਾਂ ਇਸ ਦੇ ਪਿੱਛੇ ਅਸ਼ੋਕ ਜੀ ਵਰਗੀਆਂ ਹਸਤੀਆਂ ਦਾ ਨਿਸ਼ਕਾਮ ਸਮਰਪਣ ਹੈ, ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਉਣ ਦੇ ਯਤਨ ਵਿਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਖਪਾ ਦਿੱਤਾ।
ਸਵਰਗੀ ਅਸ਼ੋਕ ਸਿੰਘਲ ਜੀ ਸਪੱਸ਼ਟ ਰੂਪ ਵਿਚ ਮੰਨਦੇ ਸਨ ਕਿ ਸਮਾਜ ਵਿਚ ਸਦਭਾਵਨਾ ਦੇ ਨਾਲ ਹੀ ਭਾਈਚਾਰੇ ਦਾ ਸੁਨੇਹਾ ਮਜ਼ਬੂਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਮਾਜਿਕ ਏਕਤਾ ਅਤੇ ਬਰਾਬਰੀ ਲਈ ਨਿਰੰਤਰ ਕੰਮ ਕੀਤਾ। ਉਨ੍ਹਾਂ ਦੀ ਸਪੱਸ਼ਟ ਸੋਚਣੀ ਸੀ ਕਿ ਹਰੇਕ ਵਿਅਕਤੀ ਬਰਾਬਰ ਮਰਿਆਦਾ ਅਤੇ ਸਨਮਾਨ ਦਾ ਹੱਕਦਾਰ ਹੈ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਅਯੁੱਧਿਆ ਵਿਚ ਰਾਮ ਮੰਦਰ ਦੀ ਪਹਿਲੀ ਇੱਟ ਰੱਖਣ ਨੂੰ ਲੈ ਕੇ ਆਪਣੇ ਵਿਚਾਰ ਸਪੱਸ਼ਟ ਰੂਪ ਵਿੱਚ ਰੱਖੇ। ਉਨ੍ਹਾਂ ਨੇ ਹੀ ਕਿਹਾ ਸੀ ਕਿ ਇਹ ਪੁੰਨ ਦਾ ਕੰਮ ਬਿਹਾਰ ਦੇ ਵੀ. ਐੱਚ. ਪੀ. ਕਾਰਕੁੰਨ ਅਤੇ ਵਾਂਝੇ ਵਰਗ ਨਾਲ ਸਬੰਧਤ ਸ਼੍ਰੀ ਕਾਮੇਸ਼ਵਰ ਚੌਪਾਲ ਜੀ ਦੇ ਹੱਥਾਂ ਨਾਲ ਹੋਵੇ। ਕਾਸ਼ੀ ਵਿਚ ਇਕ ਧਰਮ ਸੰਸਦ ਦੌਰਾਨ ਉਨ੍ਹਾਂ ਨੇ ਡੋਮ ਰਾਜਾ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਅਤੇ ਕਈ ਭਾਈਚਾਰਕ ਮੁਹਿੰਮਾਂ ਵਿਚ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕੀਤਾ।
ਰਾਸ਼ਟਰ-ਨਿਰਮਾਣ ਦੇ ਨਾਲ ਹੀ ਅਸ਼ੋਕ ਸਿੰਘਲ ਜੀ ਦੇ 2 ਅਜਿਹੇ ਪਸੰਦੀਦਾ ਖੇਤਰ ਸਨ, ਜੋ ਉਨ੍ਹਾਂ ਦੇ ਹਿਰਦੇ ਦੇ ਬਹੁਤ ਨੇੜੇ ਸਨ। ਸਿੱਖਿਆ (ਵਿਸ਼ੇਸ਼ ਤੌਰ ’ਤੇ ਵੈਦਿਕ ਸਿੱਖਿਆ) ਅਤੇ ਸੰਗੀਤ। ਮੈਨੂੰ ਇਸ ਗੱਲ ’ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਜਿੱਥੇ ਦੀ ਮੈਂ ਨੁਮਾਇੰਦਗੀ ਕਰਦਾ ਹਾਂ, ਉਸ ਸਦੀਵੀ ਕਾਸ਼ੀ ਨੇ ਅਸ਼ੋਕ ਸਿੰਘਲ ਜੀ ਦੇ ਜੀਵਨ ਵਿਚ ਇਕ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਬੀ. ਐੱਚ. ਯੂ. ਤੋਂ ਸਿੱਖਿਆ ਹਾਸਲ ਕੀਤੀ ਸੀ ਅਤੇ ਉਹ ਇਕ ਹੋਣਹਾਰ ਵਿਦਿਆਰਥੀ ਦੇ ਰੂਪ ਵਿਚ ਜਾਣੇ ਜਾਂਦੇ ਸਨ। ਉਹ ਨੌਜਵਾਨ ਕਾਰਕੁੰਨਾਂ ਨੂੰ ਸਦਾ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ।
ਸਤਿਕਾਰਯੋਗ ਅਸ਼ੋਕ ਜੀ ਨੂੰ ਨੇੜਿਓਂ ਜਾਣਨ ਵਾਲਿਆਂ ਨੂੰ ਪਤਾ ਹੈ ਕਿ ਉਹ ਕਿੰਨਾ ਵਧੀਆ ਗਾਉਂਦੇ ਸਨ। ਮੈਨੂੰ ਨਾਗਪੁਰ ਦੀਆਂ ਉਨ੍ਹਾਂ ਬੈਠਕਾਂ ਦੀ ਯਾਦ ਆਉਂਦੀ ਹੈ, ਜਿਨ੍ਹਾਂ ਵਿਚ ਉਹ ‘ਏਕਲ ਗੀਤ’ ਗਾਇਆ ਕਰਦੇ ਸਨ। ਉਨ੍ਹਾਂ ਦਾ ਗਾਉਣਾ ਸਾਰਿਆਂ ਨੂੰ ਮੰਤਰਮੁਗਧ ਕਰ ਦਿੰਦਾ ਸੀ ਅਤੇ ਪੂਰੀ ਬੈਠਕ ਵਿਚ ਨਵੀਂ ਊਰਜਾ ਭਰ ਜਾਂਦੀ ਸੀ। ਸਾਲ 2015 ਵਿਚ ਉਨ੍ਹਾਂ ਦੇ 90ਵੇਂ ਜਨਮਦਿਨ ਸਮਾਗਮ ਦਾ ਇਕ ਵੀਡੀਓ ਖੂਬ ਵਾਇਰਲ ਹੋਇਆ ਸੀ, ਜਿਸ ਵਿਚ ਉਨ੍ਹਾਂ ਨੇ ‘ਹੇ ਮਾਤ੍ਰਭੂਮੀ ਮੇਰੀ, ਹੇ ਪਿਤ੍ਰਭੂਮੀ ਮੇਰੀ’ ਗਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
ਸਵਰਗੀ ਅਸ਼ੋਕ ਸਿੰਘਲ ਜੀ ਨੇ ਆਪਣੇ ਜੀਵਨ ਵਿਚ ਹਰ ਪਲ ਇਸ ਮਹਾਨ ਰਾਸ਼ਟਰ ਦੇ ਪ੍ਰਫੁੱਲਿਤ ਹੋਣ ਦਾ ਹੀ ਸੁਪਨਾ ਦੇਖਿਆ ਸੀ। ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਇਸ ਪਾਵਨ ਮੌਕੇ ’ਤੇ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਨੌਜਵਾਨ ਉਨ੍ਹਾਂ ਦੀ ਵੱਡੀ ਸ਼ਖ਼ਸੀਅਤ ਅਤੇ ਮਹਾਨਤਾ ਤੋਂ ਜਾਣੂ ਹੋਣ। ਆਓ, ਅਸੀਂ ਆਪਣੇ ਰਾਸ਼ਟਰ ਅਤੇ ਦੇਸ਼ਵਾਸੀਆਂ ਲਈ ਅਸ਼ੋਕ ਸਿੰਘਲ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਸੰਕਲਪ ਨੂੰ ਇਕ ਵਾਰ ਫਿਰ ਦੁਹਰਾਈਏ।
-ਨਰਿੰਦਰ ਮੋਦੀ
ਭਾਰਤ ’ਚ ਸੱਚੇ ਸੰਤਾਂ ਦੀ ਘਾਟ ਨਹੀਂ!
NEXT STORY