ਰਾਸ਼ਟਰ ਦਾ ਧਿਆਨ ਹੁਣ 4 ਰਾਜਾਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵੱਲ ਕੇਂਦਰਿਤ ਹੋ ਗਿਆ ਹੈ, ਜਿੱਥੇ ਵਿਰੋਧੀ ਸਿਆਸੀ ਪਾਰਟੀਆਂ ਲਈ ਦਾਅ ਬਹੁਤ ਉੱਚੇ ਹਨ ਪਰ ਗੈਰ-ਭਾਜਪਾ ਅਤੇ ਖੇਤਰੀ ਪਾਰਟੀਆਂ ਲਈ ਇਹ ਹੋਰ ਵੀ ਵੱਧ ਮਹੱਤਵਪੂਰਨ ਹੈ।
ਪਿਛਲੀਆਂ ਲੋਕ ਸਭਾ ਚੋਣਾਂ ’ਚ ਇਕ ਝਟਕੇ ਤੋਂ ਬਾਅਦ, ਜਿਸ ’ਚ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਨੇ ਸੱਤਾ ਤਾਂ ਬਰਕਰਾਰ ਰੱਖੀ ਪਰ ਘੱਟ ਫਰਕ ਦੇ ਨਾਲ, ਸੱਤਾਧਾਰੀ ਪਾਰਟੀ ਹੁਣ ਵਿਧਾਨ ਸਭਾ ਚੋਣਾਂ ’ਚ ਜਿੱਤ ਦੀ ਲਹਿਰ ’ਤੇ ਸਵਾਰ ਹੈ। ਇਸ ਦੀ ਪਹਿਲੀ ਸਫਲਤਾ ਹਰਿਆਣਾ ’ਚ ਮਿਲੀ ਅਣਕਿਆਸੀ ਜਿੱਤ ਸੀ, ਜਿੱਥੇ ਕਾਂਗਰਸ ਨੂੰ ਚੋਣ ਜਿੱਤਣ ਲਈ ਪਸੰਦੀਦਾ ਮੰਨਿਆ ਜਾ ਰਿਹਾ ਸੀ। ਇਸ ਤੋਂ ਬਾਅਦ ਪਾਰਟੀ ਨੇ ਮਹਾਰਾਸ਼ਟਰ, ਦਿੱਲੀ ਅਤੇ ਬਿਹਾਰ ’ਚ ਵੀ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਜ਼ਾਹਿਰ ਹੈ ਕਿ ਪੱਛਮੀ ਬੰਗਾਲ, ਅਾਸਾਮ, ਤਾਮਿਲਨਾਡੂ ਅਤੇ ਕੇਰਲ ਦੀਆਂ ਵਿਧਾਨ ਸਭਾ ਚੋਣਾਂ ’ਚ ਉਹ ਪੂਰੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਉਤਰ ਰਹੀ ਹੈ।
ਹਾਲਾਂਕਿ ਉਹ ਚੋਣਾਂ ਵਾਲੇ ਹੋਰ ਰਾਜਾਂ ’ਚ ਵੀ ਕੋਈ ਕਸਰ ਨਹੀਂ ਛੱਡੇਗੀ ਪਰ ਉਸ ਨੇ ਆਪਣਾ ਸਭ ਤੋਂ ਵੱਡਾ ਦਾਅ ਪੱਛਮੀ ਬੰਗਾਲ ’ਤੇ ਲਾਇਆ ਹੈ, ਜਿੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਸੱਤਾ ਦੀ ਭਾਲ ’ਚ ਹਨ। ਦਿਲਚਸਪ ਗੱਲ ਇਹ ਹੈ ਕਿ ਪਿਛਲੇ 60 ਸਾਲਾਂ ’ਚ ਇਸ ਰਾਜ ’ਤੇ ਕੇਵਲ 2 ਪਾਰਟੀਆਂ ਦਾ ਸ਼ਾਸਨ ਰਿਹਾ ਹੈ। ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਸਰਕਾਰ ਅਤੇ ਉਸ ਤੋਂ ਬਾਅਦ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ।
ਭਾਜਪਾ ਪੱਛਮੀ ਬੰਗਾਲ ’ਚ ਆਪਣੀ ਸਰਕਾਰ ਬਣਾਉਣ ਲਈ ਬੇਤਾਬ ਰਹੀ ਹੈ ਅਤੇ ਲੰਬੇ ਸਮੇਂ ਤੋਂ ਇਸ ਦੀ ਤਿਆਰੀ ਕਰ ਰਹੀ ਹੈ। ਕਾਂਗਰਸ, ਜੋ ਕਦੇ ਮੁੱਖ ਵਿਰੋਧੀ ਪਾਰਟੀ ਹੁੰਦੀ ਸੀ, ਹੁਣ ਹਾਸ਼ੀਏ ’ਤੇ ਸਿਮਟ ਗਈ ਹੈ। ਖੱਬੇ ਪੱਖੀਆਂ ਪਾਰਟੀਆਂ ਵੀ ਪੂਰੀ ਤਰ੍ਹਾਂ ਪਸਤ ਹੋ ਚੁੱਕੀਆਂ ਹਨ।
ਹਾਲਾਂਕਿ, ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ’ਚ ਆਪਣੀਆਂ ਸੀਟਾਂ ਦੀ ਗਿਣਤੀ ਵਧਾਉਣ ’ਚ ਅਸਮਰਥ ਰਹੀ ਸੀ। ਟੀ. ਐੱਮ. ਸੀ. ਨੇ 28 ਸੀਟਾਂ ਜਿੱਤੀਆਂ ਜਦਕਿ ਭਾਜਪਾ ਦੀ ਗਿਣਤੀ ਘਟ ਕੇ 12 ਰਹਿ ਗਈ। ਹੁਣ ਉਹ ਉਮੀਦ ਕਰ ਰਹੀ ਹੈ ਕਿ ਹਰਿਆਣਾ, ਮਹਾਰਾਸ਼ਟਰ, ਦਿੱਲੀ ਅਤੇ ਬਿਹਾਰ ’ਚ ਆਪਣੀ ਵਾਪਸੀ ਵਾਂਗ, ਉਹ ਵਿਧਾਨ ਸਭਾ ਚੋਣਾਂ ’ਚ ਬਿਹਤਰ ਪ੍ਰਦਰਸ਼ਨ ਕਰੇਗੀ। ‘ਦੀਦੀ’ ਦੇ ਰੂਪ ’ਚ ਭਾਜਪਾ ਨੂੰ ਇਕ ਔਖੇ ਅਤੇ ਹਮਲਾਵਰ ਵਿਰੋਧੀ ਦਾ ਸਾਹਮਣਾ ਕਰਨਾ ਹੋਵੇਗਾ। ਰਾਜ ’ਚ ਭਾਜਪਾ ਲਈ ਆਪਣੇ ਵੋਟ ਸ਼ੇਅਰ ਜਾਂ ਸੀਟਾਂ ਦੀ ਗਿਣਤੀ ’ਚ ਵਾਧਾ ਵੀ ਇਕ ਹਾਂਪੱਖੀ ਨਤੀਜਾ ਹੋਵੇਗਾ।
ਅਾਸਾਮ ਇਕ ਹੋਰ ਰਾਜ ਹੈ ਜਿੱਥੇ ਭਾਜਪਾ ਆਪਣੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਹਮਲਾਵਰ ਮੁਹਿੰਮ ਚਲਾ ਰਹੀ ਹੈ, ਜੋ ਖੁੱਲ੍ਹੇਆਮ ਆਪਣੇ ਫਿਰਕੂ ਏਜੰਡੇ ਨੂੰ ਹਵਾ ਦੇ ਰਹੇ ਹਨ। ਚੋਣ ਹਲਕਿਆਂ ਦੀ ਵਿਵਾਦਤ ਹੱਦਬੰਦੀ ਤੋਂ ਬਾਅਦ ਰਾਜ ’ਚ ਇਹ ਪਹਿਲੀ ਚੋਣ ਹੈ, ਜਿਸ ਨੇ ਚੋਣ ਹਲਕਿਆਂ ਦੀ ਜਨਸੰਖਿਆ ਦੀ ਪ੍ਰਕਿਰਤੀ ਨੂੰ ਮਹੱਤਵਪੂਰਨ ਰੂਪ ’ਚ ਬਦਲ ਦਿੱਤਾ ਹੈ।
ਸਰਮਾ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਕਿਸੇ ਵਿਕਾਸ ਜਾਂ ਤਰੱਕੀ ਲਈ ਨਹੀਂ, ਬਲਕਿ ਨਾਜਾਇਜ਼ ਮੁਸਲਿਮ ਪ੍ਰਵਾਸੀਆਂ ਦੇ ਮੁੱਦੇ ’ਤੇ ਵੋਟ ਮੰਗ ਰਹੇ ਹਨ, ਜਿਨ੍ਹਾਂ ਨੂੰ ਉਹ ‘ਮੀਆਂ’ ਕਹਿੰਦੇ ਹਨ। ਰਾਜ ’ਚ ਕਾਂਗਰਸ ਦੇ ਜਥੇਬੰਦਕ ਢਾਂਚੇ ਅਤੇ ਲੀਡਰਸ਼ਿਪ ਨੂੰ ਦੇਖਦੇ ਹੋਏ, ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੋਵੇਗਾ, ਜੇਕਰ ਉਹ ਰਾਜ ’ਚ ਭਾਜਪਾ ਨੂੰ ਸੱਤਾ ਤੋਂ ਬੇਦਖ਼ਲ ਕਰ ਸਕੇ।
ਤਾਮਿਲਨਾਡੂ ਇਕ ਹੋਰ ਰਾਜ ਹੈ ਜਿੱਥੇ ਖੇਤਰੀ ਪਾਰਟੀਆਂ ਦਾ ਦਬਦਬਾ ਹੈ ਅਤੇ ਰਾਸ਼ਟਰੀ ਪਾਰਟੀਆਂ ਇਨ੍ਹਾਂ ਪਾਰਟੀਆਂ ਦੇ ਸਹਾਰੇ ਚੱਲਣ ਲਈ ਮਜਬੂਰ ਹਨ। ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੀ ਅਗਵਾਈ ਵਾਲੀ ਸੱਤਾਧਾਰੀ ਡੀ. ਐੱਮ. ਕੇ. ਆਪਣੇ ਦੂਜੇ ਕਾਰਜਕਾਲ ਦੀ ਭਾਲ ’ਚ ਹੈ ਅਤੇ ਉਸ ਨੇ ਪਿਛਲੀਆਂ ਲੋਕ ਸਭਾ ਚੋਣਾਂ ’ਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਅੰਨਾ ਡੀ. ਐੱਮ. ਕੇ. ਦੀ ਅਗਵਾਈ ਵਾਲੇ ਵਿਰੋਧੀ ਧਿਰ ਕੋਲ ਸਟਾਲਿਨ ਵਰਗਾ ਕੋਈ ਕ੍ਰਿਸ਼ਮਈ ਨੇਤਾ ਨਹੀਂ ਹੈ ਪਰ ਇਸ ਨੂੰ ਕੱਦਾਵਰ ਚੋਣ ਰਣਨੀਤੀਕਾਰ ਅਮਿਤ ਸ਼ਾਹ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ, ਵਿਰੋਧੀ ਪਾਰਟੀਆਂ ਲਈ ਸਟਾਲਿਨ ਦੇ ਰਾਹ ’ਚ ਰੋੜੇ ਅਟਕਾਉਣਾ ਇਕ ਔਖਾ ਕਾਰਜ ਹੋਵੇਗਾ।
ਕੇਰਲ ’ਚ ਖੱਬੇ-ਪੱਖੀ ਦੇਸ਼ ’ਚ ਆਪਣੀ ਇਕੋ-ਇਕ ਸਰਕਾਰ ਦੀ ਹੋਂਦ ਦੀ ਲੜਾਈ ਲੜ ਰਹੇ ਹਨ। ਇਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਵਿਕਾਸ ਦੀ ਕਮੀ ਸਮੇਤ ਗੰਭੀਰ ਉਲਟ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਦੀ ਅਗਵਾਈ ਵਾਲਾ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ. ਡੀ. ਐੱਫ.) ਇਸ ਦਾ ਮੁੱਖ ਵਿਰੋਧੀ ਬਣਿਆ ਹੋਇਆ ਹੈ, ਹਾਲਾਂਕਿ ਭਾਜਪਾ ਰਾਜ ’ਚ ਆਪਣਾ ਆਧਾਰ ਵਧਾਉਣ ਦਾ ਯਤਨ ਕਰ ਰਹੀ ਹੈ।
ਕਾਂਗਰਸ ਪਾਰਟੀ ਦੇ ਅੰਦਰੂਨੀ ਅਸੰਤੋਸ਼ ਅਤੇ ਗੁੱਟਬੰਦੀ ਨਾਲ ਜੂਝ ਰਹੀ ਹੈ, ਜਿਸ ਨੇ ਅਸਲ ’ਚ ਆਪਣੇ ਪ੍ਰਮੱਖ ਨੇਤਾ ਸ਼ਸ਼ੀ ਥਰੂਰ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਹੈ। ਪਾਰਟੀ ’ਚ ਮੁੱਖ ਮੰਤਰੀ ਅਹੁਦੇ ਦੇ ਕੁਝ ਹੋਰ ਦਾਅਵੇਦਾਰ ਵੀ ਹਨ। ਭਾਜਪਾ ਦਾ ਰਾਜ ’ਚ ਬਹੁਤ ਜ਼ਿਆਦਾ ਪ੍ਰਭਾਵ ਨਹੀਂ ਹੈ ਪਰ ਉਹ ਵਿਧਾਨ ਸਭਾ ’ਚ ਆਪਣੀ ਮੌਜੂਦਾ ਇਕਮਾਤਰ ਸੀਟ ਤੋਂ ਆਪਣੀ ਗਿਣਤੀ ’ਚ ਸੁਧਾਰ ਕਰਨਾ ਚਾਹੇਗੀ। ਪਾਰਟੀ ਨੇ ਤਦ ਸਭ ਨੂੰ ਹੈਰਾਨ ਕਰ ਦਿੱਤਾ ਸੀ, ਜਦੋਂ ਪਿਛਲੀਆਂ ਚੋਣਾਂ ’ਚ ਪਹਿਲੀ ਵਾਰ ਉਸ ਨੇ ਇਕੋ-ਇਕ ਲੋਕ ਸਭਾ ਸੀਟ ਜਿੱਤੀ ਸੀ।
ਭਾਜਪਾ ਅਤੇ ਉਸ ਦੇ ਨੇਤਾ ਇਕ ‘ਵੈੱਲ-ਆਇਲਡ’ ਇਲੈਕਸ਼ਨ ਮਸ਼ੀਨ (ਸੁਵਿਵਸਥਿਤ ਚੋਣ ਮਸ਼ੀਨ) ਹੋਣ ਦਾ ਸਿਹਰਾ ਪਾਉਣ ਦੇ ਹੱਕਦਾਰ ਹਨ। ਉਹ ਆਪਣੀ ਰਣਨੀਤੀ ਬਹੁਤ ਪਹਿਲਾਂ ਤੋਂ ਤਿਆਰ ਕਰਦੇ ਹਨ ਅਤੇ ਚੋਣ ਜਿੱਤਣ ਲਈ ਜੋ ਵੀ ਲੋੜੀਂਦਾ ਹੋਵੇ, ਉਹ ਕਰਦੇ ਹਨ। ਹਾਲਾਂਕਿ, ਇਸ ਪ੍ਰਕਿਰਿਆ ’ਚ ਆਸਾਮ ਦੇ ਸਰਮਾ ਵਰਗੇ ਇਸ ਦੇ ਕੁਝ ਨੇਤਾ ਅੱਤ ਕਰ ਦਿੰਦੇ ਹਨ। ਚੋਣ ਬਿਆਨਬਾਜ਼ੀ ਦੇ ਮਾਮਲੇ ’ਚ ਪਾਰਟੀ ਨੂੰ ਸੰਜਮ ਵਰਤਣ ਦੀ ਲੋੜ ਹੈ।
ਕੁੱਲ ਮਿਲਾ ਕੇ, ਜਿੱਥੇ ਭਾਜਪਾ ਆਪਣੇ ਪ੍ਰਦਰਸ਼ਨ ’ਚ ਸੁਧਾਰ ਲਈ ਉਤਸੁਕ ਹੋਵੇਗੀ, ਉੱਥੇ ਹੀ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਲਈ ਦਾਅ ਵੱਧ ਉੱਚੇ ਹਨ, ਕਿਉਂਕਿ ਜੇਕਰ ਗੱਠਜੋੜ ਦੇ ਸਹਿਯੋਗੀ ਚੰਗਾ ਪ੍ਰਦਰਸ਼ਨ ਨਹੀਂ ਕਰਦੇ, ਤਾਂ ਉਸ ਕੋਲ ਗੁਆਉਣ ਲਈ ਬਹੁਤ ਕੁਝ ਹੈ।
ਵਿਪਿਨ ਪੱਬੀ
ਰਾਹੁਲ ਗਾਂਧੀ ਦੇ ਨਾਂ ਖੁੱਲ੍ਹਾ ਪੱਤਰ
NEXT STORY