ਪਿਛਲੇ ਦਿਨੀਂ ਜਿੱਥੇ ਦੇਸ਼ ’ਚ ਕੋਲਕਾਤਾ ਦੀ ਇਕ ਰੈਜ਼ੀਡੈਂਟ ਡਾਕਟਰ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦਾ ਮਾਮਲਾ ਚਰਚਾ ’ਚ ਰਿਹਾ, ਉੱਥੇ ਹੀ ਹੁਣ ਡਾਕਟਰਾਂ ਨਾਲ ਮਾਰ-ਕੁੱਟ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਚੰਦ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 18 ਅਗਸਤ ਰਾਤ ਨੂੰ ਮੁੰਬਈ ਦੇ ‘ਸਾਯਨ ਹਸਪਤਾਲ’ ’ਚ ਇਕ ਮਰੀਜ਼ ਨਾਲ ਆਏ ਸ਼ਰਾਬ ਦੇ ਨਸ਼ੇ ’ਚ ਧੁੱਤ ਉਸ ਦੇ ਰਿਸ਼ਤੇਦਾਰਾਂ ਨੇ ਵਾਰਡ ’ਚ ਡਿਊਟੀ ਦੇ ਰਹੀ ਮਹਿਲਾ ਡਾਕਟਰ ਨਾਲ ਗਾਲੀ-ਗਲੋਚ ਕਰ ਦਿੱਤੀ। ਮਰੀਜ਼ ਨੇ ਵੀ ਆਪਣੇ ਚਿਹਰੇ ਤੋਂ ਉਤਾਰੀਆਂ ਗਈਆਂ ਖੂਨ ਨਾਲ ਲਿੱਬੜੀਆਂ ਪੱਟੀਆਂ ਡਾਕਟਰ ਦੇ ਚਿਹਰੇ ’ਤੇ ਮਲਣ ਦੀ ਕੋਸ਼ਿਸ਼ ਕੀਤੀ।
* 10 ਸਤੰਬਰ ਨੂੰ ਕਰਨਾਟਕ ’ਚ ਚਿਕਮੰਗਲੂਰ ਦੇ ਜ਼ਿਲਾ ਹਸਪਤਾਲ ’ਚ ਮੈਡੀਕਲ ਕਰਵਾਉਣ ਲਈ ਪੁੱਜੀ ਇਕ ਮਹਿਲਾ ਨੇ ਕਿਸੇ ਗੱਲ ’ਤੇ ਗੁੱਸੇ ’ਚ ਆ ਕੇ ਡਾਕਟਰ ਨੂੰ ਕੁੱਟ ਦਿੱਤਾ।
* 14 ਸਤੰਬਰ ਨੂੰ ਗੁਜਰਾਤ ਦੇ ਭਾਵਨਗਰ ’ਚ ਕੁਝ ਵਿਅਕਤੀ ਇਕ ਮਹਿਲਾ ਦੇ ਸਿਰ ’ਤੇ ਲੱਗੀ ਸੱਟ ਦੇ ਇਲਾਜ ਲਈ ਪੁੱਜੇ। ਜਦ ਡਾਕਟਰਾਂ ਨੇ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਐਮਰਜੈਂਸੀ ਵਾਰਡ ਤੋਂ ਬਾਹਰ ਆਪਣੀਆਂ ਚੱਪਲਾਂ ਉਤਾਰਨ ਲਈ ਕਿਹਾ ਤਾਂ ਉਨ੍ਹਾਂ ਨੇ ਇਕ ਡਾਕਟਰ ਨੂੰ ਬੁਰੀ ਤਰ੍ਹਾਂ ਕੁੱਟਿਆ।
* ਅਤੇ ਹੁਣ 19 ਸਤੰਬਰ ਨੂੰ ਲਖਨਊ ਦੇ ਲੋਕਬੰਧੂ ਹਸਪਤਾਲ ’ਚ ਮਰੀਜ਼ ਨਾਲ ਆਏ ਤੀਮਾਰਦਾਰਾਂ ਨੇ ਡਿਊਟੀ ’ਤੇ ਤਾਇਨਾਤ ਇਕ ਮਹਿਲਾ ਡਾਕਟਰ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਨੂੰ ਵਾਲਾਂ ਤੋਂ ਖਿੱਚ ਕੇ ਘੜੀਸਿਆ ਅਤੇ ਗਾਲਾਂ ਦਿੱਤੀਆਂ। ਇਸ ਦੌਰਾਨ ਮਰੀਜ਼ ਨਾਲ ਆਏ ਤੀਮਾਰਦਾਰ ਆਪਣੇ ਮਰੀਜ਼ ਨੂੰ ਬਿਨਾਂ ਡਿਸਚਾਰਜ ਕਰਵਾਏ ਆਪਣੇ ਨਾਲ ਲੈ ਕੇ ਚਲੇ ਗਏ।
ਡਾਕਟਰਾਂ ਦੇ ਪੇਸ਼ੇ ਨੂੰ ਸਭ ਤੋਂ ਆਦਰਸ਼ ਪੇਸ਼ਾ ਮੰਨਿਆ ਜਾਂਦਾ ਹੈ ਜੋ ਮੌਤ ਦੇ ਮੂੰਹ ’ਚ ਪਹੁੰਚੇ ਹੋਏ ਲੋਕਾਂ ਨੂੰ ਜੀਵਨ ਦਾਨ ਦਿੰਦੇ ਹਨ। ਅਜਿਹੇ ’ਚ ਉਨ੍ਹਾਂ ਨਾਲ ਜੇ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾਵੇਗਾ ਤਾਂ ਉਹ ਮਰੀਜ਼ਾਂ ਦਾ ਇਲਾਜ ਕਿਸ ਤਰ੍ਹਾਂ ਕਰ ਸਕਣਗੇ।
ਇਸ ਤਰ੍ਹਾਂ ਦੇ ਹਾਲਾਤ ਨੂੰ ਦੇਖਦੇ ਹੋਏ ਜਿੱਥੇ ਹਸਪਤਾਲਾਂ ’ਚ ਸਖਤ ਸੁਰੱਖਿਆ ਪ੍ਰਬੰਧ ਕਰਨ ਦੀ ਲੋੜ ਹੈ, ਉੱਥੇ ਹੀ ਇਸ ਤਰ੍ਹਾਂ ਦੇ ਅਪਰਾਧਾਂ ’ਚ ਸ਼ਾਮਲ ਲੋਕਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨਾ ਵੀ ਸਮੇਂ ਦੀ ਮੰਗ ਹੈ ਤਾਂ ਕਿ ਇਸ ਰੁਝਾਨ ’ਤੇ ਰੋਕ ਲੱਗ ਸਕੇ।
-ਵਿਜੇ ਕੁਮਾਰ
ਨਿਊਡ ਵੀਡੀਓ ਕਾਲ ਕਰ ਕੇ ਬਲੈਕਮੇਲ ਕਰਨ ਵਾਲੀਆਂ ਰੂਪਮਤੀਆਂ ਤੋਂ ਸਾਵਧਾਨ
NEXT STORY