ਚੋਣ ਕਮਿਸ਼ਨ ਅਨੁਸਾਰ ਇਸ ਸਾਲ ਮਹਾਰਾਸ਼ਟਰ ਅਤੇ ਝਾਰਖੰਡ ’ਚ 1000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਅਤੇ ਨਕਦੀ, ਸ਼ਰਾਬ, ਡਰੱਗਜ਼ ਅਤੇ ਮੁਫਤੇ ਤੋਹਫੇ ਜ਼ਬਤ ਕੀਤੇ ਗਏ ਹਨ ਜਿਨ੍ਹਾਂ ਨੂੰ ਵੋਟਰਾਂ ’ਚ ਵੰਡਿਆ ਜਾਣਾ ਸੀ।
ਮਹਾਰਾਸ਼ਟਰ ’ਚ ਵੋਟਿੰਗ ਤੋਂ ਇਕ ਦਿਨ ਪਹਿਲਾਂ 19 ਨਵੰਬਰ ਨੂੰ ਭਾਜਪਾ ਦੇ ਕੌਮੀ ਜਨਰਲ ਸਕੱਤਰ ‘ਵਿਨੋਦ ਤਾਵੜੇ’ ਵਲੋਂ ਨਾਲਾਸੋਪਾਰਾ ’ਚ ਵੋਟਰਾਂ ਨੂੰ ਪੈਸੇ ਵੰਡਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
‘ਬਹੁਜਨ ਵਿਕਾਸ ਅਘਾੜੀ’ ਦੇ ਵਿਧਾਇਕ ‘ਹਿਤੇਂਦਰ ਠਾਕੁਰ’ ਅਨੁਸਾਰ 19 ਨਵੰਬਰ ਨੂੰ ‘ਵਿਨੋਦ ਤਾਵੜੇ’ ਵਿਰਾਰ ਦੇ ਇਕ ਹੋਟਲ ’ਚ 5 ਕਰੋੜ ਰੁਪਏ ਲੈ ਕੇ ਪੁੱਜੇ। ਵੋਟਰਾਂ ਨੂੰ ਰੁਪਏ ਵੰਡਣ ਦੀ ਸੂਚਨਾ ਮਿਲਣ ’ਤੇ ਉਨ੍ਹਾਂ ਨੇ ਆਪਣੇ ਬੇਟੇ ਸ਼ਿਤਿਜ ਠਾਕੁਰ ਅਤੇ ਪਾਰਟੀ ਵਰਕਰਾਂ ਨਾਲ ਹੋਟਲ ’ਚ ਵੜ ਕੇ ‘ਵਿਨੋਦ ਤਾਵੜੇ’ ਨੂੰ ਫੜਿਆ।
‘ਵਿਨੋਦ ਤਾਵੜੇ’ ਕੋਲੋਂ ਇਕ ਡਾਇਰੀ ਵੀ ਮਿਲੀ ਜਿਸ ’ਚ ਕਈ ਲੋਕਾਂ ਦੇ ਅੱਗੇ 300K ਅਤੇ 400K (K ਮਤਲਬ ਹਜ਼ਾਰ) ਲਿਖਿਆ ਹੈ। ਇਨ੍ਹਾਂ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ‘ਵਿਨੋਦ ਤਾਵੜੇ’ ਦੇ ਕਮਰੇ ’ਚੋਂ 9 ਲੱਖ ਰੁਪਏ ਬਰਾਮਦ ਕਰ ਕੇ ਉਨ੍ਹਾਂ ਦੇ ਅਤੇ ਨਾਲਾਸੋਪਾਰਾ ਤੋਂ ਭਾਜਪਾ ਉਮੀਦਵਾਰ ‘ਰਾਜਨ ਨਾਇਕ’ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾਈ ਹੈ।
‘ਵਿਨੋਦ ਤਾਵੜੇ’ ਨੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਉਹ ਮੂਰਖ ਨਹੀਂ ਹਨ ਕਿ ਆਪਣੇ ਸਿਆਸੀ ਵਿਰੋਧੀਆਂ ਦੇ ਹੋਟਲ ’ਚ ਲੋਕਾਂ ਨੂੰ ਪੈਸੇ ਵੰਡਣਗੇ। ‘ਵਿਨੋਦ ਤਾਵੜੇ’ ਨੇ ਇਹ ਵੀ ਕਿਹਾ ਕਿ ਹੋਟਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਵਾ ਲਈ ਜਾਵੇ ਪਰ ‘ਹਿਤੇਂਦਰ ਠਾਕੁਰ’ ਦਾ ਦੋਸ਼ ਹੈ ਕਿ ਉਹ ਜਿਸ ਹੋਟਲ ’ਚ ਸਨ ਉੱਥੇ ਕੈਮਰੇ ਚੱਲ ਹੀ ਨਹੀਂ ਰਹੇ ਸਨ।
ਹਾਲ ਦੀ ਘੜੀ, ਪੈਸੇ ਦੇ ਕੇ ਵੋਟ ਖਰੀਦਣ ਦੇ ਦੋਸ਼-ਪ੍ਰਤੀਦੋਸ਼ ਦੇ ਦਰਮਿਆਨ ਵੋਟਰਾਂ ਨੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਦਿੱਤਾ ਹੈ ਜਿਸ ਦਾ ਪਤਾ 23 ਨਵੰਬਰ ਨੂੰ ਲੱਗੇਗਾ ਪਰ ਵੋਟਿੰਗ ਤੋਂ ਇਕ ਦਿਨ ਪਹਿਲਾਂ ਸਾਹਮਣੇ ਆਈ ਉਕਤ ਘਟਨਾ ਨਾਲ ਬਿਨਾਂ ਸ਼ੱਕ ਭਾਜਪਾ ਦੇ ਅਕਸ ਨੂੰ ਢਾਅ ਲੱਗੀ ਹੈ।
ਇਸ ਲਈ ਇਸ ਤਰ੍ਹਾਂ ਦੇ ਮਾਮਲਿਆਂ ’ਤੇ ਰੋਕ ਲਾਉਣ ਲਈ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਲੋੜ ਹੈ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ।
-ਵਿਜੇ ਕੁਮਾਰ
ਐੱਮ. ਐੱਸ. ਐੱਮ. ਈਜ਼. ਨੂੰ ਆਸਾਨ ਅਤੇ ਸਸਤੇ ਕਰਜੇ ਲਈ ‘ਸਪੈਸ਼ਲ ਬੈਂਕ’ ਦੀ ਲੋੜ
NEXT STORY