ਬਿਹਾਰ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਮੁੱਖ ਮੰਤਰੀ, ਨਿਤੀਸ਼ ਕੁਮਾਰ ਨੇ ਰਾਜ ਸਭਾ ਮੈਂਬਰ ਦੇ ਰੂਪ ’ਚ ਸਹੁੰ ਚੁੱਕੀ ਹੈ, ਜੋ ਰਾਜ ’ਚ ਇਕ ਨਵੀਂ ਸਰਕਾਰ ਲਈ ਰਾਹ ਪੱਧਰਾ ਕਰਦਾ ਅਤੇ ਇਸ ਦੇ ਸਿਆਸੀ ਦ੍ਰਿਸ਼ ’ਚ ਇਕ ਵੱਡੇ ਅਤੇ ਮਹੱਤਵਪੂਰਨ ਤਬਦੀਲੀ ਦਾ ਸੰਕੇਤ ਦਿੰਦਾ ਹੈ। ਨਵੇਂ ਮੁੱਖ ਮੰਤਰੀ ਦੀ ਨਿਯੁਕਤੀ ਅਤੇ ਕੈਬਨਿਟ ਗਠਨ ਦੀਆਂ ਰਸਮਾਂ 13 ਅਪ੍ਰੈਲ ਤੋਂ ਬਾਅਦ ਸ਼ੁਰੂ ਹੋਣ ਦੀ ਉਮੀਦ ਹੈ, ਜਦੋਂ ‘ਖਰਮਾਸ’ ਦੀ ਮਿਆਦ (ਜਿਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ) ਖ਼ਤਮ ਹੋ ਜਾਵੇਗੀ। ਐੱਨ. ਡੀ. ਏ. ਵੱਲੋਂ 14 ਅਪ੍ਰੈਲ ਨੂੰ ਇਕ ਨਵੇਂ ਨੇਤਾ ਦੀ ਚੋਣ ਕੀਤੇ ਜਾਣ ਦੀ ਉਮੀਦ ਹੈ, ਇਕ ਅਜਿਹਾ ਐਲਾਨ ਜੋ ਬਿਹਾਰ ਦੀ ਸੱਤਾ ਦੀ ਗਤੀਸ਼ੀਲਤਾ ਨੂੰ ਫਿਰ ਤੋਂ ਪਰਿਭਾਸ਼ਿਤ ਕਰ ਸਕਦਾ ਹੈ। ਹਾਲਾਂਕਿ, ਪੂਰੀ ਸੰਭਾਵਨਾ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਭਾਜਪਾ ਮੁੱਖ ਮੰਤਰੀ ਅਹੁਦੇ ’ਤੇ ਆਪਣਾ ਦਾਅਵਾ ਪੇਸ਼ ਕਰੇਗੀ।
ਦਾਅਵੇਦਾਰਾਂ ’ਚ, ਸਮਰਾਟ ਚੌਧਰੀ ਨੂੰ ਉਨ੍ਹਾਂ ਦੀ ਮਜ਼ਬੂਤ ਸੰਗਠਨਾਤਮਕ ਭੂਮਿਕਾ ਅਤੇ ਲੀਡਰਸ਼ਿਪ ਮੌਜੂਦਗੀ ਦੇ ਕਾਰਨ ਪ੍ਰਮੁੱਖ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ, ਜਦਕਿ ਨਿਤਿਆਨੰਦ ਰਾਏ ਦੇ ਨਾਂ ’ਤੇ ਵੀ ਉਨ੍ਹਾਂ ਦੇ ਸਿਆਸੀ ਪ੍ਰਭਾਵ ਅਤੇ ਜਾਤੀਗਤ ਅਪੀਲ ਲਈ ਵਿਚਾਰ ਕੀਤਾ ਜਾ ਰਿਹਾ ਹੈ। ਦਿਲੀਪ ਜੈਸਵਾਲ ਅਤੇ ਸੰਜੇ ਜੈਸਵਾਲ ਵਰਗੇ ਹੋਰ ਨਾਂ ਵੀ ਚਰਚਾ ’ਚ ਸਾਹਮਣੇ ਆਏ ਹਨ ਪਰ ਅੰਤਿਮ ਫੈਸਲਾ ਭਾਜਪਾ ਦੀ ਅੰਦਰੂਨੀ ਰਣਨੀਤੀ ਅਤੇ ਗੱਠਜੋੜ ਦੀ ਗਤੀਸ਼ੀਲਤਾ ’ਤੇ ਨਿਰਭਰ ਕਰੇਗਾ। ਇਕ ਹੈਰਾਨੀਜਨਕ ਬਦਲ ਦੀ ਵੀ ਅਟਕਲ ਹੈ, ਸੰਭਵ ਤੌਰ ’ਤੇ ਈ. ਬੀ. ਸੀ., ਦਲਿਤ ਜਾਂ ਓ. ਬੀ. ਸੀ. ਭਾਈਚਾਰਿਆਂ ਤੋਂ ਕੋਈ ਔਰਤ ਨੇਤਾ। ਦੂਜੇ ਪਾਸੇ, ਜਦ (ਯੂ) ਚਾਹੁੰਦਾ ਹੈ ਕਿ ਨਿਤੀਸ਼ ਦੇ ਬੇਟੇ ਨਿਸ਼ਾਂਤ ਪ੍ਰਮੁੱਖ ਵਿਭਾਗਾਂ ਦੇ ਨਾਲ ਉਪ-ਮੁੱਖ ਮੰਤਰੀ ਬਣਨ।
ਮੋਹਸਿਨਾ ਕਿਦਵਈ ਨੇ 28 ਸਾਲ ਦੀ ਉਮਰ ’ਚ ਸਿਆਸਤ ਨੂੰ ਸਮਰਪਿਤ ਕਰ ਦਿੱਤਾ ਸੀ ਜੀਵਨ
ਪ੍ਰਮੁੱਖ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮੋਹਸਿਨਾ ਕਿਦਵਈ ਦੇ ਦਿਹਾਂਤ ਨਾਲ, ਜੋ ਲੱਗਭਗ 6 ਦਹਾਕਿਆਂ ਤੱਕ ਕਾਂਗਰਸ ਨਾਲ ਸਰਗਰਮ ਰੂਪ ’ਚ ਜੁੜੀ ਰਹੀ, ਪੁਰਾਣੀ ਪਾਰਟੀ ਨੇ ਆਪਣੇ ਉਨ੍ਹਾਂ ਪ੍ਰਮੁੱਖ ਨੇਤਾਵਾਂ ’ਚੋਂ ਇਕ ਨੂੰ ਗੁਆ ਦਿੱਤਾ ਹੈ, ਜਿਨ੍ਹਾਂ ਦਾ ਨਹਿਰੂ-ਗਾਂਧੀ ਪਰਿਵਾਰ ਨਾਲ ਨਜ਼ਦੀਕੀ ਸਬੰਧ ਸੀ। ਕਿਦਵਈ ਦਾ ਸਿਆਸੀ ਕਰੀਅਰ 1960 ’ਚ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੀ ਚੋਣ ਜਿੱਤੀ। ਉਸ ਸਮੇਂ ਸਿਰਫ 28 ਸਾਲ ਦੀ ਉਮਰ ’ਚ, ਉਨ੍ਹਾਂ ਨੇ ਆਪਣਾ ਜੀਵਨ ਸਿਆਸਤ ਅਤੇ ਜਨਸੇਵਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦਾ ਅੰਤਿਮ ਵਰਣਨਯੋਗ ਸਿਆਸੀ ਕਾਰਜ ਅਕਤੂਬਰ 2022 ’ਚ ਮਲਿਕਾਰਜੁਨ ਖੜਗੇ ਦੇ ਵਿਰੁੱਧ ਕਾਂਗਰਸ ਪ੍ਰਧਾਨ ਅਹੁਦੇ ਲਈ ਸ਼ਸ਼ੀ ਥਰੂਰ ਦੀ ਨਾਮਜ਼ਦਗੀ ਦਾ ਪ੍ਰਸਤਾਵ ਅਤੇ ਸਮਰਥਨ ਕਰਨਾ ਸੀ। ਅਵਧ ਦੇ ਇਕ ਰੂੜੀਵਾਦੀ ਮੁਸਲਿਮ ਪਰਿਵਾਰ ਤੋਂ ਆਉਣ ਵਾਲੀ ਮੋਹਸਿਨਾ ਕਿਦਵਈ ਨੇ ਤਿੰਨ ਵਾਰ, 1978, 1980 ਅਤੇ 1984 ’ਚ ਲੋਕ ਸਭਾ ਚੋਣ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਸੀ। ਉਨ੍ਹਾਂ ਦੀ ਸੰਸਦੀ ਸਾਖ ਵਰਣਨਯੋਗ ਸੀ। ਉਨ੍ਹਾਂ ਨੇ ਪੂਰਬੀ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਤੋਂ ਉਪ-ਚੋਣ ਜਿੱਤੀ, ਜਿਸ ਨੇ ਇੰਦਰਾ ਗਾਂਧੀ ਦੀ ਸ਼ਾਨਦਾਰ ਵਾਪਸੀ ਨੂੰ ਦਰਸਾਇਆ ਅਤੇ ਬਾਅਦ ’ਚ ਰਾਜ ਦੇ ਪੱਛਮੀ ਹਿੱਸੇ ਮੇਰਠ ਤੋਂ ਜਿੱਤ ਹਾਸਲ ਕੀਤੀ।
ਉਨ੍ਹਾਂ ਨੇ ਪਹਿਲਾਂ ਇੰਦਰਾ ਗਾਂਧੀ ਅਤੇ ਫਿਰ ਰਾਜੀਵ ਗਾਂਧੀ ਦੀ ਅਗਵਾਈ ’ਚ ਸੀਨੀਅਰ ਕੈਬਨਿਟ ਅਹੁਦਿਆਂ ’ਤੇ ਕਾਰਜ ਕੀਤਾ ਅਤੇ ਪਾਰਟੀ ਦੇ ਹਰ ਪੱਧਰ ’ਤੇ ਆਪਣੀ ਅਣਥੱਕ ਮਿਹਨਤ ਰਾਹੀਂ ਉਨ੍ਹਾਂ ਦਾ ਵਿਸ਼ਵਾਸ ਹਾਸਲ ਕੀਤਾ। ਉਹ 80 ਦੇ ਦਹਾਕੇ ਦੇ ਅੰਤ ਤੱਕ ਰਾਜ ਸਭਾ ’ਚ ਬਣੀ ਰਹੀ, ਉਨ੍ਹਾਂ ਦੀ ਉਮਰ ਉਨ੍ਹਾਂ ਦੀ ਵਚਨਬੱਧਤਾ ਅਤੇ ਜਨਸੇਵਾ ’ਚ ਸਰਗਰਮ ਭਾਗੀਦਾਰੀ ’ਚ ਕਦੇ ਰੁਕਾਵਟ ਨਹੀਂ ਬਣੀ। ਉਨ੍ਹਾਂ ਨੇ ਆਪਣੀਆਂ ਯਾਦਾਂ ਦੀ ਕਿਤਾਬ ‘ਮਾਈ ਲਾਈਫ ਇਨ ਇੰਡੀਅਨ ਪੋਲੀਟਿਕਸ’ ਪ੍ਰਕਾਸ਼ਿਤ ਕੀਤੀ, ਜਿਸ ’ਚ ਉਨ੍ਹਾਂ ਨੇ ਆਪਣੀ ਲੰਬੀ ਸਿਆਸੀ ਯਾਤਰਾ ਦਾ ਵੇਰਵਾ ਦਿੱਤਾ। ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਮੁੱਖ ਨੇਤਾ ਡਾ. ਅਰਵਿੰਦ ਚੋਪੜਾ ਉਨ੍ਹਾਂ ਨੂੰ ਇਕ ਕੁਸ਼ਲ ਬੁਲਾਰਨ ਅਤੇ ਦਲਿਤਾਂ ਤੇ ਪੱਛੜੇ ਵਰਗਾਂ ਦੀ ਤਰੱਕੀ ’ਤੇ ਧਿਆਨ ਕੇਂਦਰਿਤ ਕਰਨ ਵਾਲੀ ਨੇਤਾ ਦੇ ਰੂਪ ’ਚ ਬਿਆਨ ਕਰਦੇ ਹਨ। ਉਨ੍ਹਾਂ ਦੇ ਦਿਹਾਂਤ ਨਾਲ ਕਾਂਗਰਸ ਅਤੇ ਦੇਸ਼ ਨੇ ਖ਼ਤਮ ਹੋ ਰਹੀ ਪੀੜ੍ਹੀ ਦਾ ਇਕ ਹੋਰ ਨੇਤਾ ਗੁਆ ਦਿੱਤਾ ਹੈ।
ਪੱਛਮੀ ਬੰਗਾਲ ’ਚ ਦੋਸ਼-ਪ੍ਰਤੀਦੋਸ਼ ਦਾ ਸਿਲਸਿਲਾ
ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਥਿਤ ਕੁਸ਼ਾਸਨ ਲਈ ਸਖਤ ਹਮਲਾ ਕੀਤਾ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੂੰ ਸੱਤਾ ਤੋਂ ਬੇਦਖਲ ਕਰਨ ਦੀ ਵੋਟਰਾਂ ਨੂੰ ਅਪੀਲ ਕੀਤੀ ਹੈ। ਹਲਦੀਆ ’ਚ ਇਕ ਸਭਾ ਨੂੰ ਸੰਬੋਧਨ ਕਰਦਿਆਂ, ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਰਾਜ ਦੀ ਸੱਤਾਧਾਰੀ ਵਿਵਸਥਾ ਬੰਗਾਲ ਨੂੰ ‘ਪਿੱਛੇ ਖਿੱਚ ਰਹੀ ਹੈ’ ਅਤੇ ਭਾਜਪਾ ਦੇ ਚੋਣ ਜਿੱਤਣ ’ਤੇ ਲੋਕਾਂ ਨਾਲ 6 ਗਾਰੰਟੀਆਂ ਦਾ ਵਾਅਦਾ ਕੀਤਾ। ਉਨ੍ਹਾਂ ਵਾਅਦਾ ਕੀਤਾ ਕਿ ਰਾਜ ’ਚ ਭਾਜਪਾ ਸਰਕਾਰ ਟੀ. ਐੱਮ. ਸੀ. ਦੇ ‘ਡਰ’ ਦੇ ਸ਼ਾਸਨ ਨੂੰ ‘ਭਰੋਸੇ’ ਦੇ ਸ਼ਾਸਨ ਨਾਲ ਬਦਲ ਦੇਵੇਗੀ। ਦੂਜੇ ਪਾਸੇ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ’ਤੇ ਰਾਜ ’ਚ ਸੱਤਾ ਹਥਿਆਉਣ ਲਈ ਵੋਟਰ ਸੂਚੀ ’ਚੋਂ 90 ਲੱਖ ਤੋਂ ਵੱਧ ਲੋਕਾਂ ਦੇ ਨਾਂ ਹਟਾਉਣ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਆਗਾਮੀ ਚੋਣਾਂ ਜਿੱਤੇਗੀ। ਉੱਤਰ 24 ਪਰਗਨਾ ਦੇ ਮੀਨਾਖਾਨ ’ਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ, ਟੀ. ਐੱਮ. ਸੀ. ਸੁਪਰੀਮੋ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਇਹ ਯਕੀਨੀ ਬਣਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਏਗੀ ਕਿ ਵੋਟਰ ਸੂਚੀ ’ਚੋਂ ਹਟਾਏ ਗਏ ਸਾਰੇ ਲੋਕਾਂ ਦੇ ਨਾਂ ਫਿਰ ਤੋਂ ਬਹਾਲ ਕੀਤੇ ਜਾਣ।
ਯੂ. ਪੀ. ’ਚ ‘ਧੁਰੰਧਰ’ ਪੋਸਟਰ ਮੁਹਿੰਮ
ਉੱਤਰ ਪ੍ਰਦੇਸ਼ ’ਚ ਇਕ ‘ਧੁਰੰਧਰ’ ਪੋਸਟਰ ਮੁਹਿੰਮ ਸ਼ੁਰੂ ਹੋਈ ਹੈ, ਜਿਸ ’ਚ ਇਕ ਯੁਵਾ ਸੰਗਠਨ ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਨੂੰ ‘ਅਖਿਲੇਸ਼ ਯਾਦਵ ਦੇ ਲਿਆਰੀ ਰਾਜ’ ਅਤੇ ‘ਧੁਰੰਧਰ’ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਵਿਚਾਲੇ ਇਕ ਬਦਲ ਦੇ ਰੂਪ ’ਚ ਉਜਾਗਰ ਕਰ ਰਿਹਾ ਹੈ। ਹੋਰਡਿੰਗਜ਼ ’ਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੂੰ ‘ਰਹਿਮਾਨ ਡਕੈਤ’ (ਫਿਲਮ ਦੇ ਇਕ ਪਾਕਿਸਤਾਨੀ ਗੈਂਗਸਟਰ) ਦੇ ਰੂਪ ’ਚ ਚਿਤਰਿਆ ਗਿਆ ਹੈ, ਜਿਸ ’ਚ ਸਪਾ ਸਰਕਾਰ ਦੌਰਾਨ ਹੋਏ ਕਥਿਤ ਅਪਰਾਧਾਂ ਦੀਆਂ ਅਖ਼ਬਾਰਾਂ ਦੀਆਂ ਕਤਰਨਾਂ ਲਗਾਈਆਂ ਗਈਆਂ ਹਨ। ਹੋਰਡਿੰਗਜ਼ ਅਤੇ ਪੋਸਟਰਾਂ ਦੇ ਦੂਜੇ ਪਾਸੇ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ‘ਧੁਰੰਧਰ ਸੀ. ਐੱਮ.’ ਦੇ ਰੂਪ ’ਚ ਦਿਖਾਇਆ ਗਿਆ ਹੈ, ਜੋ ਧਾਰਮਿਕ ਅਨੁਸ਼ਠਾਨ ਕਰ ਰਹੇ ਹਨ, ਨਾਲ ਹੀ ਮੁਖਤਾਰ ਅੰਸਾਰੀ ਅਤੇ ਅਤੀਕ ਅਹਿਮਦ ਵਰਗੇ ਗੈਂਗਸਟਰਾਂ ਦੀ ਮੌਤ ਬਾਰੇ ਕਤਰਨਾਂ ਦਿੱਤੀਆਂ ਗਈਆਂ ਹਨ।
ਇਸ ਦੌਰਾਨ, ਲਖਨਊ, ਆਜ਼ਮਗੜ੍ਹ, ਜੌਨਪੁਰ ਅਤੇ ਉੱਤਰ ਪ੍ਰਦੇਸ਼ ਦੇ ਹੋਰ ਹਿੱਸਿਆਂ ’ਚ ਬਾਲੀਵੁੱਡ ਫਿਲਮ ‘ਧੁਰੰਧਰ’ ਤੋਂ ਪ੍ਰੇਰਿਤ ਹੋਰਡਿੰਗਜ਼ ਅਤੇ ਪੋਸਟਰ ਸਾਹਮਣੇ ਆਉਣ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਵੱਡੇ ਪੱਧਰ ’ਤੇ ਅੰਦੋਲਨ ਕੀਤਾ।
—ਰਾਹਿਲ ਨੋਰਾ ਚੋਪੜਾ
ਭਾਰਤ ਦੇ ਦਿਵਯ ਮਾਰਗਦਰਸ਼ਕ : ਮਹਾਤਮਾ ਜਯੋਤੀਰਾਵ ਫੂਲੇ
NEXT STORY