ਜਦੋਂ ਮੈਂ ਪਹਿਲੀ ਵਾਰ ਸੂਈ ਆਪਣੀ ਬਾਂਹ ਵਿਚ ਚੁਭੋਈ ਤਾਂ ਮੈਨੂੰ ਇੰਝ ਲੱਗਾ ਜਿਵੇਂ ਦੁਨੀਆ ਦੀਆਂ ਸਾਰੀਆਂ ਮੁਸੀਬਤਾਂ ਖਤਮ ਹੋ ਗਈਆਂ ਹੋਣ ਪਰ ਅਸਲ ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਇਹ ਨਸ਼ਾ ਮੇਰੀ ਰੋਜ਼ਾਨਾ ਲੋੜ ਬਣ ਗਿਆ। ਪਰਿਵਾਰ ਛੁੱਟ ਗਿਆ, ਦੋਸਤ ਦੂਰ ਹੋ ਗਏ ਅਤੇ ਇਕ ਸਮਾਂ ਆਇਆ ਜਦੋਂ ਮੈਂ ਆਪਣੇ ਆਪ ਨੂੰ ਵੀ ਗੁਆ ਬੈਠਾ। ਚਾਰ ਸਾਲ ਪਹਿਲਾਂ ਨਸ਼ਿਆਂ ਦੇ ਹਨੇਰੇ ਖੂਹ ਵਿਚ ਡਿੱਗੇ ਰੋਹਿਤ (ਬਦਲਿਆ ਹੋਇਆ ਨਾਂ) ਦੀ ਆਵਾਜ਼ ਕੰਬ ਰਹੀ ਸੀ। ਇਸ ਨੌਜਵਾਨ ਲਈ ਜਿਸਨੇ ਸੜਕਾਂ ’ਤੇ ਭੀਖ ਮੰਗ ਕੇ ਆਪਣੇ ਦਿਨ ਬਿਤਾਏ, ਨਸ਼ੇ ਹੀ ਜ਼ਿੰਦਗੀ ਸਨ ਅਤੇ ਜ਼ਿੰਦਗੀ ਨਸ਼ਿਆਂ ਵਿਚ ਹੀ ਖਤਮ ਹੋ ਰਹੀ ਸੀ।
ਇਕ ਦਿਨ ਕੁਝ ਅਜਿਹਾ ਹੋਇਆ ਜਿਸ ਨੇ ਰੋਹਿਤ ਦੀ ਦੁਨੀਆ ਬਦਲ ਦਿੱਤੀ। ਇਕ ਪੁਲਸ ਅਫ਼ਸਰ ਨੇ ਮੈਨੂੰ ਸੜਕ ਕਿਨਾਰੇ ਪਿਆ ਦੇਖਿਆ। ਮੈਨੂੰ ਜੇਲ ਵਿਚ ਸੁੱਟਣ ਦੀ ਬਜਾਏ ਉਨ੍ਹਾਂ ਨੇ ਮੈਨੂੰ ਮੁੜ ਵਸੇਬਾ ਕੇਂਦਰ ਭੇਜ ਦਿੱਤਾ। ਉੱਥੇ ਕੌਂਸਲਿੰਗ ਅਤੇ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਮੈਨੂੰ ਸਮਝ ਆਈ ਕਿ ਮੇਰੀ ਅਸਲ ਲੜਾਈ ਬਾਹਰੀ ਦੁਨੀਆ ਨਾਲ ਨਹੀਂ, ਸਗੋਂ ਆਪਣੇ ਆਪ ਨਾਲ ਸੀ।
ਅੱਜ ਉਹੀ ਰੋਹਿਤ ਨਸ਼ਾ ਮੁਕਤ ਜੀਵਨ ਲਈ ਹਰਿਆਣਾ ਦੇ ‘ਬਕੇਟ ਚੈਲੇਂਜ’ ਵਿਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ ਅਤੇ ਦੂਜਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਨਸੀਹਤ ਦੇ ਰਿਹਾ ਹੈ। ਉਹ ਹਰ ਰੋਜ਼ ਇਕ ਬਾਲਟੀ ਗੰਦਾ ਪਾਣੀ ਦੂਰ ਸੁੱਟਦਾ ਹੈ, ਆਪਣੇ ਅਤੀਤ ਨੂੰ ਪਿੱਛੇ ਛੱਡਦਿਆਂ , ਦੂਜਿਆਂ ਨੂੰ ਵੀ ਇਹ ਤਬਦੀਲੀ ਲਿਆਉਣ ਲਈ ਪ੍ਰੇਰਿਤ ਕਰ ਰਿਹਾ ਹੈ।
ਇਹ ਕਹਾਣੀ ਇਕੱਲੇ ਰੋਹਿਤ ਦੀ ਨਹੀਂ ਹੈ। ਇਹ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਦੀ ਕਹਾਣੀ ਹੈ ਜੋ ਕਦੇ ਨਸ਼ਿਆਂ ਦੀ ਦਲਦਲ ਵਿਚ ਫਸੇ ਹੋਏ ਸਨ ਪਰ ਅੱਜ ਆਪਣੇ ਲਈ ਇਕ ਨਵੀਂ ਜ਼ਿੰਦਗੀ ਸਿਰਜ ਰਹੇ ਹਨ। ਇਹ ਸਿਰਫ਼ ਸਰਕਾਰ ਦੀ ਲੜਾਈ ਨਹੀਂ ਹੈ, ਸਗੋਂ ਹਰ ਨਾਗਰਿਕ ਦੀ ਲੜਾਈ ਹੈ - ਹਰ ਉਹ ਵਿਅਕਤੀ ਜਿਸ ਨੇ ਆਪਣੇ ਪਿਆਰੇ ਨੂੰ ਨਸ਼ੇ ਦੀ ਲਤ ਕਾਰਨ ਗੁਆ ਦਿੱਤਾ ਹੈ, ਜਿਸ ਨੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਸ ਦੇ ਚੁੰਗਲ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜਿਸ ਨੇ ਕਦੇ ਉਮੀਦ ਗੁਆ ਦਿੱਤੀ ਸੀ ਪਰ ਅੱਜ ਦੁਬਾਰਾ ਜਿਊਣ ਦੇ ਰਾਹ ’ਤੇ ਹੈ।
ਇਨ੍ਹੀਂ ਦਿਨੀਂ ਹਰਿਆਣਾ ਵਿਚ, ‘ਬਕੇਟ ਚੈਲੇਂਜ’ ਸਿਰਫ਼ ਇਕ ਸੋਸ਼ਲ ਮੀਡੀਆ ਰੁਝਾਨ ਨਹੀਂ ਸਗੋਂ ਇਕ ਜਨ ਅੰਦੋਲਨ ਬਣ ਗਿਆ ਹੈ। ਲੋਕ ਨਾ ਸਿਰਫ਼ ਡਿਜੀਟਲ ਦੁਨੀਆ ਵਿਚ ਇਸ ਨਾਲ ਜੁੜ ਰਹੇ ਹਨ, ਸਗੋਂ ਇਸ ਨੂੰ ਆਪਣੇ ਪਰਿਵਾਰਾਂ, ਪਿੰਡਾਂ ਅਤੇ ਭਾਈਚਾਰਿਆਂ ਤੱਕ ਵੀ ਲਿਜਾ ਰਹੇ ਹਨ। ਗੰਦੇ ਪਾਣੀ ਦੀ ਇਕ ਬਾਲਟੀ ਸੁੱਟਣਾ ਸਿਰਫ਼ ਇਕ ਪ੍ਰਤੀਕਾਤਮਕ ਕੰਮ ਨਹੀਂ, ਸਗੋਂ ਨਸ਼ੇ ਦੇ ਵਿਰੁੱਧ ਬਗਾਵਤ ਪ੍ਰਗਟ ਕਰਨ ਦਾ ਇਕ ਨਵਾਂ ਤਰੀਕਾ ਬਣ ਚੁੱਕਾ ਹੈ।
ਇਹ ਲਹਿਰ ਸਿਰਫ਼ ਜਾਗਰੂਕਤਾ ਤੱਕ ਸੀਮਿਤ ਨਹੀਂ ਹੈ, ਸਗੋਂ ਕਾਨੂੰਨੀ ਕਾਰਵਾਈ ਅਤੇ ਭਾਈਚਾਰਕ ਹਿੱਸੇਦਾਰੀ ਨਾਲ ਵੀ ਜੁੜ ਗਈ ਹੈ। ਪੁਲਸ ਨੇ ਸੈਂਕੜੇ ਮਾਮਲੇ ਦਰਜ ਕੀਤੇ ਹਨ, ਕਈ ਵੱਡੇ ਡਰੱਗ ਮਾਫੀਆ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਡਰੱਗ ਨੈੱਟਵਰਕ ਨੂੰ ਖਤਮ ਕਰਨ ਲਈ ਨਵੇਂ ਕਦਮ ਚੁੱਕੇ ਹਨ ਪਰ ਅਸਲ ਲੜਾਈ ਉਦੋਂ ਤੱਕ ਨਹੀਂ ਜਿੱਤੀ ਜਾ ਸਕਦੀ ਜਦੋਂ ਤੱਕ ਸਮਾਜ ਨਸ਼ੇ ਦੀ ਲਤ ਨੂੰ ਪੂਰੀ ਤਰ੍ਹਾਂ ਅਸਵੀਕਾਰਨਯੋਗ ਨਹੀਂ ਬਣਾ ਦਿੰਦਾ।
ਹਰਿਆਣਾ ਦੀ ਭੂਗੋਲਿਕ ਸਮੱਸਿਆ ਇਹ ਹੈ ਕਿ ਇਹ ‘ਗੋਲਡਨ ਕ੍ਰੇਸੈਂਟ’ ਦੇ ਨੇੜੇ ਹੈ - ਉਹ ਖੇਤਰ ਜਿੱਥੋਂ ਦੁਨੀਆ ਦੀ ਜ਼ਿਆਦਾਤਰ ਹੈਰੋਇਨ ਅਤੇ ਅਫੀਮ ਆਉਂਦੀ ਹੈ। ਇਹ ਜ਼ਹਿਰ ਦਿੱਲੀ, ਪੰਜਾਬ ਅਤੇ ਹਰਿਆਣਾ ਵਰਗੇ ਰਾਜਾਂ ਤੱਕ ਪਹੁੰਚਦਾ ਹੈ ਅਤੇ ਫਿਰ ਹਜ਼ਾਰਾਂ ਜ਼ਿੰਦਗੀਆਂ ਨੂੰ ਤਬਾਹ ਕਰ ਦਿੰਦਾ ਹੈ। ਸਰਕਾਰੀ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਭਾਰਤ ਵਿਚ 2.26 ਕਰੋੜ ਲੋਕ ਨਸ਼ੇ ਦੇ ਜਾਲ ਵਿਚ ਫਸੇ ਹੋਏ ਹਨ। ਇਹ ਸੰਕਟ ਹਰਿਆਣਾ ਵਿਚ ਵੀ ਡੂੰਘਾ ਹੁੰਦਾ ਜਾ ਰਿਹਾ ਸੀ ਪਰ ਹੁਣ ਇਸ ਨੂੰ ਹਰ ਪਿੰਡ ਅਤੇ ਸ਼ਹਿਰ ਤੋਂ ਚੁਣੌਤੀ ਦਿੱਤੀ ਜਾ ਰਹੀ ਹੈ। ਸਰਕਾਰ ਹੁਣ ਸਿਰਫ਼ ਛੋਟੇ-ਛੋਟੇ ਨਸ਼ਾ ਸਮੱਗਲਰਾਂ ਨੂੰ ਹੀ ਨਹੀਂ ਸਗੋਂ ਪੂਰੇ ਨੈੱਟਵਰਕ ਨੂੰ ਤਬਾਹ ਕਰਨ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ।
ਜਦੋਂ ਜਨਵਰੀ 2025 ਵਿਚ ਮੁਹਿੰਮ ਤੇਜ਼ ਹੋ ਰਹੀ ਸੀ, ਪੁਲਸ ਨੇ ਸੈਂਕੜੇ ਐੱਫ.ਆਈ.ਆਰਜ਼ ਦਰਜ ਕੀਤੀਆਂ, ਦਰਜਨਾਂ ਵੱਡੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਡਰੱਗ ਸਿੰਡੀਕੇਟਾਂ ਵਿਰੁੱਧ ਫੈਸਲਾਕੁੰਨ ਹਮਲੇ ਕੀਤੇ। ਹੁਣ ਤੱਕ 47 ਵੱਡੇ ਵਪਾਰਕ ਮਾਤਰਾ ਵਾਲੇ ਨਸ਼ੀਲੇ ਪਦਾਰਥਾਂ ਦੇ ਡੀਲਰਾਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ। ਸਰਕਾਰ ਦਾ ਟੀਚਾ 2025 ਦੇ ਅੰਤ ਤੱਕ 600 ਵੱਡੇ ਮਗਰਮੱਛਾਂ ਨੂੰ ਰੰਗੇ ਹੱਥੀਂ ਫੜ ਕੇ ਸਾਲਾਂ ਲਈ ਜੇਲ ਭੇਜਣ ਦਾ ਹੈ।
ਪਰ ਇਹ ਲੜਾਈ ਸਿਰਫ਼ ਪੁਲਸ ਦੇ ਭਰੋਸੇ ਨਹੀਂ ਛੱਡੀ ਜਾ ਸਕਦੀ। ਇਸੇ ਲਈ ਪਿੰਡਾਂ ਅਤੇ ਸਕੂਲਾਂ ਨੂੰ ਇਸ ਮੁਹਿੰਮ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ। ‘ਨਮਕ ਲੋਟਾ ਅਭਿਆਨ’ ਪੇਂਡੂ ਖੇਤਰਾਂ ਵਿਚ ਸ਼ੁਰੂ ਕੀਤਾ ਗਿਆ ਸੀ, ਜਿੱਥੇ ਲੋਕ ਇਕੱਠੇ ਹੋ ਰਹੇ ਹਨ ਅਤੇ ਨਸ਼ੇ ਦੇ ਵਿਰੁੱਧ ਸਹੁੰ ਚੁੱਕ ਰਹੇ ਹਨ। ‘ਸ਼ੇਪ ਦ ਫਿਊਚਰ ਅੈਵਾਰਡਜ਼’ ਦੇ ਤਹਿਤ ਸਕੂਲਾਂ ਵਿਚ ਬਹਿਸ, ਲੇਖ ਲਿਖਣ ਮੁਕਾਬਲੇ ਅਤੇ ਨੁੱਕੜ ਨਾਟਕ ਆਯੋਜਿਤ ਕੀਤੇ ਜਾ ਰਹੇ ਹਨ। ਇਸ ਅੰਦੋਲਨ ਦਾ ਸਭ ਤੋਂ ਖਾਸ ਪਹਿਲੂ ਇਹ ਹੈ ਕਿ ਹੁਣ ਇਹ ਸਰਕਾਰ ਤੋਂ ਪਰ੍ਹੇ ਹੋ ਕੇ ਇਕ ਲੋਕ ਲਹਿਰ/ਜਨ ਅੰਦੋਲਨ ਬਣ ਗਿਆ ਹੈ।
ਬਕੇਟ ਚੈਲੇਂਜ ਦੀ ਤੁਲਨਾ ਅਕਸਰ 2014 ਵਿਚ ਆਈਸ ਬਕੇਟ ਚੈਲੇਂਜ ਨਾਲ ਕੀਤੀ ਜਾਂਦੀ ਹੈ, ਜਿਸ ਨੇ ਏ. ਐੱਲ. ਐੱਸ. ਬੀਮਾਰੀ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਸੀ ਪਰ ਆਈਸ ਬਕੇਟ ਚੈਲੇਂਜ ਛੇਤੀ ਹੀ ਫਿੱਕਾ ਪੈ ਗਿਆ ਕਿਉਂਕਿ ਇਸ ਵਿਚ ਸੰਸਥਾਗਤ ਸਹਾਇਤਾ ਅਤੇ ਕਾਨੂੰਨੀ ਤੌਰ ’ਤੇ ਲਾਗੂ ਕਰਨ ਦੀ ਘਾਟ ਸੀ ਪਰ ਹਰਿਆਣਾ ਦੀ ਪਹਿਲਕਦਮੀ ਨੇ ਕਾਨੂੰਨੀ ਕਾਰਵਾਈ ਅਤੇ ਭਾਈਚਾਰਕ ਯਤਨਾਂ ਨੂੰ ਜੋੜਿਆ ਤਾਂ ਕਿ ਇਸ ਦਾ ਅਸਰ ਲੰਬੇ ਸਮੇਂ ਤੱਕ ਰਹੇ।
ਲੜਾਈ ਸੌਖੀ ਨਹੀਂ ਹੈ। ਭਾਵੇਂ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ, ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਰਹੇ ਹਨ ਅਤੇ ਸਮੱਗਲਰਾਂ ਨੂੰ ਫੜਿਆ ਜਾ ਰਿਹਾ ਹੈ - ਅਸਲ ਤਬਦੀਲੀ ਤਾਂ ਹੀ ਆਵੇਗੀ ਜਦੋਂ ਲੋਕ ਨਸ਼ਿਆਂ ਨੂੰ ਪੂਰੀ ਤਰ੍ਹਾਂ ਠੁਕਰਾ ਦੇਣਗੇ। ਜੇਕਰ ਸਾਰੇ ਮਾਪੇ ਇਹ ਫੈਸਲਾ ਕਰ ਲੈਣ ਕਿ ਉਨ੍ਹਾਂ ਦਾ ਪੁੱਤਰ ਜਾਂ ਧੀ ਨਸ਼ਿਆਂ ਤੋਂ ਦੂਰ ਰਹਿਣਗੇ, ਜੇਕਰ ਹਰ ਪਿੰਡ ਇਹ ਪ੍ਰਣ ਲਵੇ ਕਿ ਉਹ ਆਪਣੇ ਇਲਾਕੇ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਦਾਖਲ ਨਹੀਂ ਹੋਣ ਦੇਵੇਗਾ, ਜੇਕਰ ਹਰ ਸਕੂਲ ਇਹ ਫੈਸਲਾ ਕਰ ਲਵੇ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਨਸ਼ਿਆਂ ਬਾਰੇ ਸਹੀ ਜਾਣਕਾਰੀ ਦੇਵੇਗਾ -ਤਾਂ ਹੀ ਇਹ ਸਮੱਸਿਆ ਖਤਮ ਹੋ ਸਕੇਗੀ।
ਜਦੋਂ ਤੱਕ ਸਮਾਜ ਨਸ਼ੇ ਵਿਰੁੱਧ ਇਕਜੁੱਟ ਨਹੀਂ ਹੁੰਦਾ, ਇਹ ਲੜਾਈ ਅਧੂਰੀ ਰਹੇਗੀ। ‘ਬਕੇਟ ਚੈਲੇਂਜ’ ਸਿਰਫ਼ ਨਸ਼ੇ ਵਿਰੁੱਧ ਇਕ ਮੁਹਿੰਮ ਨਹੀਂ ਹੈ, ਸਗੋਂ ਇਹ ਇਕ ਨਵੇਂ ਵਿਚਾਰ, ਇਕ ਨਵੇਂ ਸੰਕਲਪ ਅਤੇ ਇਕ ਨਵੇਂ ਹਰਿਆਣਾ ਦੀ ਕਹਾਣੀ ਲਿਖਣ ਦੀ ਸ਼ੁਰੂਆਤ ਹੈ।
ਓ. ਪੀ. ਸਿੰਘ (ਡੀ. ਜੀ. ਪੀ., ਹਰਿਆਣਾ ਨਾਰਕੋਟਿਕਸ ਕੰਟਰੋਲ ਬਿਊਰੋ)
ਸਿਆਸਤ ’ਚ ਕੰਮ ਦੀ ਗੱਲ ਸਿਖਾਈ ਹੈ ਦਿੱਲੀ ਨੇ
NEXT STORY