ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਸਪੀਚ ਪੜ੍ਹਦੇ ਸੁਣਿਆ ਹੁੰਦਾ ਤਾਂ ਤੁਹਾਨੂੰ ਲੱਗਦਾ ਕਿ ਇਹ ਸ਼ਬਦ ਬਾਲ ਗੰਗਾਧਰ ਤਿਲਕ ਜਾਂ ਜਵਾਹਰ ਲਾਲ ਨਹਿਰੂ ਜਾਂ ਜੈ ਪ੍ਰਕਾਸ਼ ਨਾਰਾਇਣ ਜਾਂ ਨੈਲਸਨ ਮੰਡੇਲਾ ਦੇ ਹਨ ਅਤੇ ਤੁਸੀਂ ਗਲਤ ਹੁੰਦੇ ਹੋ। ਸਪੀਕਰ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨ।
ਇਹ ਸ਼ਬਦ ਉਨ੍ਹਾਂ ਰਿਪੋਰਟਰਾਂ ਲਈ ਸੰਗੀਤ ਵਾਂਗ ਹੋਣਗੇ ਜਿਨ੍ਹਾਂ ਨੇ 11 ਸਾਲ ਤੱਕ ਪ੍ਰਧਾਨ ਮੰਤਰੀ ਨਾਲ ਪ੍ਰੈੱਸ ਕਾਨਫਰੰਸ ਕਰਵਾਉਣ ਦੀ ਬੇਕਾਰ ਕੋਸ਼ਿਸ਼ ਕੀਤੀ ਹੈ। ਉਹ ਉਮੀਦ ਕਰ ਸਕਦੇ ਹਨ ਕਿ ਆਖਿਰਕਾਰ ਮੋਦੀ ਲਾਈਵ ਟੈਲੀਵਿਜ਼ਨ ਪ੍ਰੈੱਸ ਕਾਨਫਰੰਸ ’ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਾ ਦੇਣ ਦਾ ਆਪਣਾ ਇਰਾਦਾ ਤੋੜ ਦੇਣਗੇ। ਇਹ ਸ਼ਬਦ ਸੰਪਾਦਕੀ ਲਿਖਣ ਵਾਲਿਆਂ ਨੂੰ ਭਰੋਸਾ ਦਿਵਾਉਣਗੇ ਕਿ ਉਨ੍ਹਾਂ ਨੂੰ ਹਮੇਸ਼ਾ ਚੌਕਸ ਰਹਿਣ ਅਤੇ ‘ਇਕ ਪਾਸੇ’ ਅਤੇ ‘ਦੂਜੇ ਪਾਸੇ’ ਵਰਗੇ ਸ਼ਬਦਾਂ ਨਾਲ ਭਰੇ ‘ਬੈਲੇਂਸਡ’ ਸੰਪਾਦਕੀ ਲਿਖਣ ਦੀ ਲੋੜ ਨਹੀਂ ਹੈ। ਇਹ ਸ਼ਬਦ ਸ਼ਰਾਰਤੀ ਕਲਾਕਾਰ ਨੂੰ ਆਪਣੀ ਪੈਨਸਲ ਕੱਢਣ ਅਤੇ ਅਜਿਹੇ ਕਾਰਟੂਨ ਬਣਾਉਣ ਲਈ ਮੋਟੀਵੇਟ ਕਰਨਗੇ। ‘ਕਿਸੇ ਨੂੰ ਨਹੀਂ ਬਖਸ਼ਾਂਗੇ, ਪ੍ਰਧਾਨ ਮੰਤਰੀ ਨੂੰ ਵੀ ਨਹੀਂ।’ ਇਹ ਸ਼ਬਦ ਉਨ੍ਹਾਂ ਸੰਪਾਦਕਾਂ ਲਈ ਹਿੰਮਤ ਵਧਾਉਣ ਵਾਲੇ ਹੋਣਗੇ ਜਿਨ੍ਹਾਂ ਨੇ ਕਈ ਸਟੋਰੀਆਂ ਨੂੰ ‘ਦਫਨਾ’ ਦਿੱਤਾ ਹੈ ਅਤੇ ਦੁਆ ਕੀਤੀ ਹੈ ‘ਰੀਡਰ ਮੈਨੂੰ ਮੁਆਫ ਕਰਨਾ, ਮੈਨੂੰ ਪਤਾ ਹੈ ਮੈਂ ਕੀ ਕਰਦਾ ਹਾਂ।’
ਹਿੰਮਤ ਨੂੰ ਸਲਾਮ : ਮਿਸਟਰ ਮੋਦੀ ਦੇ ਸ਼ਬਦ ਸੱਚ ’ਚ ਇੰਸਪਾਇਰਿੰਗ ਸਨ। ਰਾਮਨਾਥ ਗੋਇਨਕਾ ਦਾ ਮੋਟੋ ਸੀ ਹਿੰਮਤ ਵਾਲੀ ਪੱਤਰਕਾਰਿਤਾ। ਇਹ ਉਸ ਅਖਬਾਰ ਦਾ ਮੋਟੋ ਬਣ ਗਿਆ ਜਿਸ ਨੂੰ ਉਨ੍ਹਾਂ ਨੇ ਸ਼ੁਰੂ ਕੀਤਾ ਸੀ ਅਤੇ ਹਰ ਦਿਨ ਉਹੀ ਸ਼ਬਦ ਉਸ ਦੇ ਹੈੱਡਲਾਈਨ ’ਤੇ ਛਪਦੇ ਸਨ। ਰਾਮਨਾਥ ਗੋਇਨਕਾ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, ‘‘ਰਾਮਨਾਥ ਜੀ ਬ੍ਰਿਟਿਸ਼ ਜ਼ੁਲਮ ਵਿਰੁੱਧ ਮਜ਼ਬੂਤੀ ਨਾਲ ਖੜ੍ਹੇ ਰਹੇ। ਆਪਣੇ ਇਕ ਐਡੀਟੋਰੀਅਲ ’ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਬ੍ਰਿਟਿਸ਼ ਆਰਡਰ ਮੰਨਣ ਦੀ ਬਜਾਏ ਆਪਣੀ ਅਖਬਾਰ ਬੰਦ ਕਰਨਾ ਪਸੰਦ ਕਰਨਗੇ। ਇਸ ਤਰ੍ਹਾਂ, ਜਦੋਂ ਐਮਰਜੈਂਸੀ ਦੇ ਰੂਪ ’ਚ ਦੇਸ਼ ਨੂੰ ਫਿਰ ਤੋਂ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਰਾਮਨਾਥ ਜੀ ਮਜ਼ਬੂਤੀ ਨਾਲ ਖੜ੍ਹੇ ਰਹੇ ਅਤੇ ਇਸ ਸਾਲ ਐਮਰਜੈਂਸੀ ਲਾਗੂ ਹੋਏ 50 ਸਾਲ ਹੋ ਗਏ ਹਨ।’’
ਠੀਕ ਕਿਹਾ ਪਰ ਅੱਜ ਮੀਡੀਆ ਦੀ ਅਸਲੀਅਤ ਕੀ ਹੈ? ਭਾਰਤ ਦੀਆਂ ਵੱਡੀਆਂ ਅਖਬਾਰਾਂ ਆਜ਼ਾਦੀ ਦੀ ਲੜਾਈ ਦੀ ਭੱਠੀ ’ਚ ਤਪ ਕੇ ਬਣੀਆਂ ਹਨ। ਬਹੁਤ ਘੱਟ ਲੋਕਾਂ ਨੇ ਸੋਚਿਆ ਹੋਵੇਗਾ ਕਿ ਆਜ਼ਾਦੀ ਦੇ 78 ਸਾਲ ਬਾਅਦ ਉਨ੍ਹਾਂ ਨੂੰ ‘ਗੋਦੀ ਮੀਡੀਆ’ ਸ਼ਬਦ ਬਣਾਉਣਾ ਪਵੇਗਾ। ਹਜ਼ਾਰਾਂ ਦੀ ਗਿਣਤੀ ’ਚ ਪੜ੍ਹਨ ਵਾਲੇ ਅਤੇ ਦੇਖਣ ਵਾਲੇ ਉਨ੍ਹਾਂ ਨੂੰ ਛੱਡ ਕੇ ਚਲੇ ਗਏ, ਫਿਰ ਵੀ ਕਈ ਅਖਬਾਰ ਅਤੇ ਚੈਨਲ ਸਰਕਾਰੀ ਮਦਦ ਦੇ ਕਾਰਨ ਫਲ-ਫੁਲ ਰਹੇ ਹਨ।
ਮਿਸਟਰ ਮੋਦੀ ਨੇ ਅੱਗੇ ਕਿਹਾ, ‘‘50 ਸਾਲ ਪਹਿਲਾਂ, ਇੰਡੀਅਨ ਐਕਸਪ੍ਰੈੱਸ ਨੇ ਦਿਖਾਇਆ ਸੀ ਕਿ ਖਾਲੀ ਐਡੀਟੋਰੀਅਲ ਵੀ ਗੁਲਾਮ ਬਣਾਉਣ ਵਾਲੀ ਸੋਚ ਨੂੰ ਚੁਣੌਤੀ ਦੇ ਸਕਦੇ ਹਨ। ਇਹ ਕਹਾਣੀਆਂ ਸਾਨੂੰ ਦੱਸਦੀਆਂ ਹਨ ਕਿ ਰਾਮਨਾਥ ਜੀ ਹਮੇਸ਼ਾ ਸੱਚ ਦੇ ਨਾਲ ਖੜ੍ਹੇ ਰਹੇ, ਹਮੇਸ਼ਾ ਡਿਊਟੀ ਨੂੰ ਸਭ ਤੋਂ ਉਪਰ ਰੱਖਿਆ ਭਾਵੇਂ ਉਨ੍ਹਾਂ ਖਿਲਾਫ ਖੜ੍ਹੀਆਂ ਤਾਕਤਾਂ ਕਿੰਨੀਆਂ ਵੀ ਤਾਕਤਵਰ ਕਿਉਂ ਨਾ ਹੋਣ।’’
ਕੌੜੀ ਸੱਚਾਈ : ਚੌਥੇ ਥੰਮ੍ਹ ਦੀ ਪ੍ਰੇਰਣਾ ਦੇਣ ਵਾਲੀਆਂ ਕਹਾਣੀਆਂ ਨੇ ਇਕ ਵੱਖਰੀ ਸ਼ੈਲੀ ਨੂੰ ਜਗ੍ਹਾ ਦਿੱਤੀ ਹੈ। ਉਦਾਹਰਣ ਲਈ, ਇਕ ਐਡੀਟਰ ਦੀ ਕਹਾਣੀ ਹੈ ਜਿਸ ਨੂੰ ਉਸ ਦੇ ਕੰਟ੍ਰੈਕਟ ਦੇ ਬਚੇ ਹੋਏ ਸਾਲਾਂ ਦੀ ਸੈਲਰੀ ਦਾ ਚੈੱਕ ਦਿੱਤਾ ਗਿਆ ਅਤੇ ਦਿਨ ਦੇ ਅਖੀਰ ਤੱਕ ਆਪਣੀ ਡੈਸਕ ਖਾਲੀ ਕਰਨ ਨੂੰ ਕਿਹਾ ਗਿਆ ਸੀ। ਇਕ ਐਂਕਰ ਦੀ ਕਹਾਣੀ ਹੈ ਜਿਸ ਦੀ ਟੈਲੀਵਿਜ਼ਨ ’ਤੇ ਸਭ ਤੋਂ ਵੱਧ ਵਿਊਰਸ਼ਿਪ ਸੀ, ਜਿਸ ਨੂੰ ਚੈਨਲ ਦਾ ਮਾਲਕ ਬਦਲਣ ’ਤੇ ਆਪਣਾ ਬੈਗ ਪੈਕ ਕਰਨ ਨੂੰ ਕਿਹਾ ਗਿਆ, ਜਿਸ ਨੂੰ ਇੰਡਸਟ੍ਰੀਜ਼ ’ਚ ਅੱਧੀ ਰਾਤ ਦਾ ਤਖਤਾਪਲਟ ਮੰਨਿਆ ਜਾਂਦਾ ਹੈ। ਪਿਛਲੇ 10 ਸਾਲਾਂ ’ਚ ਕਈ ਮਸ਼ਹੂਰ ਪੱਤਰਕਾਰਾਂ ਦੀਆਂ ਹੈਰਾਨ ਕਰਨ ਵਾਲੀਆਂ ਕਹਾਣੀਆਂ ਹਨ, ਜਿਨ੍ਹਾਂ ਨੇ ਆਪਣੀ ਨੌਕਰੀ ਗੁਆ ਦਿੱਤੀ ਅਤੇ ਅੱਜ ਵੀ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ ਪਾ ਰਹੀ ਹੈ।
ਕੁਝ ਦਿਨ ਪਹਿਲਾਂ, ਮਿਸਟਰ ਯਸ਼ਵੰਤ ਸਿਨਹਾ ਨੇ ਪ੍ਰੈੱਸ ਕਲੱਬ ਆਫ ਇੰਡੀਆ ’ਚ ਇਕ ਮੀਟਿੰਗ ਦੀ ਕਹਾਣੀ ਸੁਣਾਈ, ਜਿਸ ’ਚ ਉਨ੍ਹਾਂ ਨੂੰ ਇਕ ਸਪੀਚ ਦੇਣ ਲਈ ਬੁਲਾਇਆ ਗਿਆ ਸੀ। ਸਪੀਚ ਤੋਂ ਬਾਅਦ, ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਹਲਕੇ ਜਿਹੇ ਉਨ੍ਹਾਂ ਨੂੰ ਡਾਂਟਿਆ ਕਿ ਉਹ ਕਦੇ-ਕਦੇ ਉਨ੍ਹਾਂ ਦੀਆਂ ਕਹੀਆਂ ਗੱਲਾਂ ਨੂੰ ਪ੍ਰਕਾਸ਼ਿਤ ਨਾ ਕਰਨ। ਸਭ ਚੁੱਪ ਸਨ ਪਰ ਇਕ ਨੌਜਵਾਨ ਪੱਤਰਕਾਰ ਬੋਲਿਆ। ਉਸ ਨੇ ਕਿਹਾ, ‘‘ਸਰ, ਮੈਂ ਤੁਹਾਡੀਆਂ ਗੱਲਾਂ ਨੂੰ ਰਿਪੋਰਟ ਕਰਾਂਗਾ। ਜੇਕਰ ਮੇਰੀ ਨੌਕਰੀ ਚਲੀ ਗਈ ਤਾਂ ਕੀ ਤੁਸੀਂ ਮੇਰੇ ਲਈ ਇਕ ਨੌਕਰੀ ਲੱਭ ਦੇਵੋਗੇ?’’ ਮਿਸਟਰ ਸਿਨਹਾ ਨੇ ਕਿਹਾ ਕਿ ਉਹ ਹੈਰਾਨ ਰਹਿ ਗਏ ਅਤੇ ਬਸ ਇੰਨਾ ਕਿਹਾ, ‘‘ਨੌਜਵਾਨ, ਪਲੀਜ਼ ਆਪਣੀ ਨੌਕਰੀ ਬਚਾ ਲਓ।’’
ਮੇਰੇ ਕੋਲ ਵੀ ਇਕ ਕਹਾਣੀ ਹੈ। ਸਰਦੀਆਂ ਦੀ ਇਕ ਠੰਢੀ ਸ਼ਾਮ ਨੂੰ ਮੈਂ ਇਕ ਪੱਤਰਕਾਰ ਦੇ ਨਾਲ ਇਕ ਛੋਟੇ ਜਿਹੇ ਰੈਸਟੋਰੈਂਟ ’ਚ ਡਿਨਰ ਕਰ ਰਿਹਾ ਸੀ। ਰਾਤ ਕਰੀਬ 10 ਵਜੇ, ਉਨ੍ਹਾਂ ਦੇ ਆਫਿਸ ਤੋਂ ਫੋਨ ਆਇਆ। ਉਨ੍ਹਾਂ ਨੂੰ ਤੁਰੰਤ ਆਪਣੇ ਘਰ ਵਾਪਸ ਜਾਣ ਲਈ ਕਿਹਾ ਗਿਆ, ਜਿੱਥੇ ਇਕ ਓ. ਬੀ. ਵੈਨ ਉਡੀਕ ਕਰ ਰਹੀ ਸੀ। ਉਨ੍ਹਾਂ ਦਾ ਕੰਮ ਪਹਿਲਾਂ ਤੋਂ ਤਿਆਰ ਬਿਆਨ ਪੜ੍ਹਨਾ ਸੀ। ਉਨ੍ਹਾਂ ਨੇ ਤੁਰੰਤ ਮੁਆਫੀ ਮੰਗੀ ਅਤੇ ਜਾਣ ਲਈ ਤਿਆਰ ਹੋ ਗਏ। ਮੈਂ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਨੇ ਨਾਂਹ ਕਿਉਂ ਨਹੀਂ ਕੀਤੀ ਅਤੇ ਆਪਣੇ ਬੌਸ ਨੂੰ ਕਿਉਂ ਨਹੀਂ ਕਿਹਾ ਕਿ ਉਹ ਇਹ ਕੰਮ ਕਿਸੇ ਦੂਜੇ ਰਿਪੋਰਟਰ ਨੂੰ ਦੇ ਦੇਣ ਜੋ ਪਹਿਲਾਂ ਤੋਂ ਹੀ ਘਰ ’ਚ ਸੀ। ਉਨ੍ਹਾਂ ਨੇ ਗੰਭੀਰਤਾ ਨਾਲ ਕਿਹਾ, ‘‘ਮੇਰੇ ਮਾਤਾ-ਪਿਤਾ ਹਨ, ਦੋਵੇਂ ਬੁੱਢੇ ਹਨ ਅਤੇ ਮੇਰੇ ’ਤੇ ਨਿਰਭਰ ਹਨ ਅਤੇ ਮੇਰੇ ਘਰ ਦੀ ਈ. ਐੱਮ. ਆਈ. ਬਾਕੀ ਹੈ।’’ ਉਹ ਬਹੁਤ ਮੁਆਫੀ ਮੰਗਦੇ ਹੋਏ ਚਲੇ ਗਏ।
ਕੁਝ ਪੱਤਰਕਾਰ ਲਾਲਚ ’ਚ ਜਿਊਂਦੇ ਹਨ ਅਤੇ ਕਾਮਯਾਬ ਹੁੰਦੇ ਦਿਸਦੇ ਹਨ। ਦੂਜੇ ਡਰ ’ਚ ਜਿਊਂਦੇ ਹਨ। ਲਾਲਚ ’ਚ ਜਿਊਂਦੇ ਲੋਕ ਇਸ ਬਿਜ਼ਨੈੱਸ ’ਚ ਸਭ ਤੋਂ ਵੱਧ ਚੀਕਦੇ ਹਨ, ਗਾਲ੍ਹਾਂ ਕੱਢਦੇ ਹਨ ਅਤੇ ਅਜੀਬ ਸਟੋਰੀਆਂ ਬਣਾਉਂਦੇ ਹਨ। ਉਦਾਹਰਣ ਲਈ, ‘ਆਪ੍ਰੇਸ਼ਨ ਸਿੰਧੂਰ’ ਦੇ ਦੌਰਾਨ, ਕੁਝ ਪੱਤਰਕਾਰਾਂ ਨੇ ਇਹ ਸਟੋਰੀ ਚਲਾਈ ਕਿ ਭਾਰਤੀ ਸਮੁੰਦਰੀ ਫੌਜ ਦੇ ਜਹਾਜ਼ਾਂ ਨੇ ਕਰਾਚੀ ਪੋਰਟ ਨੂੰ ਘੇਰ ਲਿਆ ਹੈ ਅਤੇ ਭਾਰਤੀ ਸੈਨਿਕ ਕਰਾਚੀ ਸ਼ਹਿਰ ’ਚ ਵੜਨ ਵਾਲੇ ਹਨ!
ਡਰ ਜਾਂ ਆਜ਼ਾਦੀ : ਮਿਸਟਰ ਸਿਨਹਾ, ਮੈਂ ਅਤੇ ਦੂਜਿਆਂ ਨੇ ਜੋ ਕਹਾਣੀਆਂ ਸੁਣਾਈਆਂ ਹਨ, ਉਹ ਉਸ ਡਰ ਨੂੰ ਦਿਖਾਉਂਦੀਆਂ ਹਨ ਜੋ ਪੂਰੇ ‘ਫੋਰਥ ਅਸਟੇਟ’ ’ਚ ਫੈਲਿਆ ਹੋਇਆ ਹੈ। ਮੇਰਾ ਯਕੀਨ ਮੰਨੋ, ਜਾਣਕਾਰ ਲੋਕਾਂ ਨੇ ਜੋ ਮੈਨੂੰ ਦੱਸਿਆ ਹੈ ਅਤੇ ਜੋ ਮੈਂ ਇਕੱਠਾ ਕੀਤਾ ਹੈ, ਉਸ ਦੇ ਹਿਸਾਬ ਨਾਲ ਇਕ ਅਣਦੇਖਿਆ ਸੈਂਸਰ ਹੈ, ਸਾਰੀਆਂ ਵੱਡੀਆਂ ਅਖਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ’ਤੇ 24 ਗੁਣਾ 7 ਮਾਨੀਟਰਿੰਗ ਹੁੰਦੀ ਹੈ। ਐਡੀਟਰਸ ਨੂੰ ਹੌਲੀ ਜਿਹੇ ਫੋਨ ਕਾਲ ਕੀਤੇ ਜਾਂਦੇ ਹਨ, ਐਡਵਾਈਜ਼ਰੀ ਜਾਰੀ ਹੁੰਦੀ ਹੈ ਅਤੇ ਜੇਕਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਪ੍ਰੇਸ਼ਾਨੀ ਹੁੰਦੀ ਹੈ। ਕਈ ਕਹਾਣੀਆਂ ਪੈਦਾ ਹੀ ਨਹੀਂ ਹੁੰਦੀਆਂ, ਕਈ ਖਤਮ ਹੋ ਜਾਂਦੀਆਂ ਹਨ। ਅਜਿਹਾ ਲੱਗਦਾ ਹੈ ਕਿ ਸਿਰਫ ਭਾਰਤੀ ਭਾਸ਼ਾਵਾਂ ਦੇ ਛੋਟੇ ਮੀਡੀਆ ਆਊਟਲੈੱਟ ਹੀ ਬਚੇ ਹਨ, ਹਿੰਦੀ ਮੀਡੀਆ ਨੂੰ ਛੱਡ ਕੇ। ਡਰ ਆਜ਼ਾਦੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਭਾਰਤ ’ਚ ਜਾਂ ਤਾਂ ਡਰਪੋਕ ਪ੍ਰੈੱਸ ਹੋ ਸਕਦੀ ਹੈ ਜਾਂ ਫਿਰ ਆਜ਼ਾਦ ਪ੍ਰੈੱਸ।
–ਪੀ. ਚਿਦਾਂਬਰਮ
‘ਵਿਦੇਸ਼ ਭੇਜਣ ਦੇ ਨਾਂ ’ਤੇ’ ਜਾਰੀ ਹੈ ਜਾਅਲਸਾਜ਼ ਏਜੰਟਾਂ ਦੀ ਠੱਗੀ!
NEXT STORY