ਖਾਲਿਸਤਾਨ ਹਮਾਇਤੀ ਹਰਦੀਪ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ-ਕੈਨੇਡਾ ਦਰਮਿਆਨ ਡਿਪਲੋਮੈਟਿਕ ਵਿਵਾਦ ਜਾਰੀ ਹੈ। ਕੈਨੇਡਾ ਅੱਤਵਾਦੀਆਂ, ਕੱਟੜਪੰਥੀਆਂ ਦੀ ਸ਼ਰਨ ਵਾਲੀ ਥਾਂ ਬਣ ਗਿਆ ਹੈ। ਖਾਲਿਸਤਾਨ ਹਮਾਇਤੀ ਦੀ ਹੱਤਿਆ ’ਤੇ ਭਾਰਤ ਵਿਰੁੱਧ ਜਸਟਿਸ ਟਰੂਡੋ ਦੇ ਦੋਸ਼ਾਂ ’ਚ ਪੂਰਵਗ੍ਰਹਿ ਹੈ। ਉਨ੍ਹਾਂ ਦੇ ਦੋਸ਼ ਹੱਤਿਆ ਤੋਂ ਕੁਝ ਮਹੀਨਿਆਂ ਬਾਅਦ ਆਏ ਹਨ। ਕੈਨੇਡਾ ਦਾ ਭਾਰਤ ਵਿਰੋਧੀ ਅੱਤਵਾਦੀਆਂ ਪ੍ਰਤੀ ਨਰਮ ਰੁਖ ਦਾ ਤਿੱਖਾ ਵਿਰੋਧ ਬਹੁਤ ਜ਼ਰੂਰੀ ਸੀ। ਭਾਰਤ ਦੇ ਤਾਜ਼ਾ ਕਦਮਾਂ ’ਚ ਕੈਨੇਡਾ ਸਥਿਤ ਭਾਰਤੀ ਹਾਈ ਕਮਿਸ਼ਨ ’ਚ ਅਗਲੀ ਸੂਚਨਾ ਤਕ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨਾ ਸ਼ਾਮਲ ਹੈ।
ਡਿਪਲੋਮੈਟ ਹਟਾਉਣ ਤੋਂ ਲੈ ਕੇ ਵੀਜ਼ਾ ਰੋਕਣ ਤਕ ਭਾਰਤ ਨੇ 3 ਦਿਨ ’ਚ 3 ਝਟਕੇ ਟਰੂਡੋ ਨੂੰ ਦਿੱਤੇ ਹਨ। ਬੁੱਧਵਾਰ ਭਾਰਤੀ ਨਾਗਰਿਕਾਂ, ਕੈਨੇਡਾ ’ਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਕੈਨੇਡਾ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਉਚਿਤ ਸਲਾਹ ਦਿੱਤੀ ਗਈ ਸੀ।
ਭਾਰਤ-ਕੈਨੇਡਾ ਦਰਮਿਆਨ ਤਲਖੀ ’ਚ ਹਰ ਰੋਜ਼ ਵਾਧਾ ਜਿੱਥੇ ਚਿੰਤਾਜਨਕ ਹੈ, ਉੱਥੇ ਕੈਨੇਡਾ ਦਾ ਭਾਰਤ ਵਿਰੋਧੀ ਅੱਤਵਾਦੀਆਂ ਪ੍ਰਤੀ ਜੋ ਨਰਮ ਰੁਖ ਹੈ, ਉਸ ਲਈ ਸਖਤ ਵਿਰੋਧ ਲਈ ਭਾਰਤੀ ਪਹਿਲ ਬਹੁਤ ਜ਼ਰੂਰੀ ਹੈ। ਇਹ ਅਜਿਹਾ ਮੌਕਾ ਹੈ ਜਦੋਂ ਦੇਸ਼ਹਿੱਤ ’ਚ ਗੈਰ-ਹਰਮਨਪਿਆਰੇ ਫੈਸਲੇ ਲੈਣ ਲਈ ਮਜਬੂਰ ਹੋਣਾ ਹੀ ਪਵੇਗਾ। ਵੀਜ਼ਾ ਸਬੰਧੀ ਕੰਮ ਦੇਖਣ ਵਾਲੀ ਕੰਪਨੀ ਬੀ. ਐੱਲ. ਐੱਸ. ਇੰਟਰਨੈਸ਼ਨਲ ਮੁਤਾਬਕ ਇੱਛੁਕ ਵੀਜ਼ਾ ਬਿਨੈਕਾਰਾਂ ਨੂੰ ਸਲਾਹ ਿਦੱਤੀ ਗਈ ਹੈ ਕਿ ਉਹ ਇਸ ਮੁੱਦੇ ’ਤੇ ਅੱਗੋਂ ਦੀ ਅਪਡੇਟ ਲਈ ਬੀ. ਐੱਲ. ਐੱਸ. ਦੀ ਵੈੱਬਸਾਈਟ ਨੂੰ ਦੇਖਦੇ ਰਹਿਣ।
ਇਹ ਬਹੁਤ ਗੰਭੀਰ ਗੱਲ ਹੈ ਕਿ 2 ਦੇਸ਼ਾਂ ਵਿਚਾਲੇ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਭਾਰਤੀ ਵਿਰੋਧੀ ਗਿਣਤੀ ਦੇ ਅੱਤਵਾਦੀਆਂ ਨੇ ਕੈਨੇਡਾ ’ਚ ਰਹਿ ਰਹੇ ਹਿੰਦੂਆਂ ਨੂੰ ਸਿੱਧੀ ਧਮਕੀ ਦਿੱਤੀ ਹੈ। ਭਾਰਤ ਦੇ ਗੁਆਂਢ ਤੋਂ ਸਿਖਲਾਈ ਪ੍ਰਾਪਤ ਇਨ੍ਹਾਂ ਅੱਤਵਾਦੀਆਂ ਦੀ ਪਿੱਠ ਪਿੱਛੇ ਕੈਨੇਡਾ ਦਾ ਹੱਥ ਹੈ ਤਾਂ ਉਨ੍ਹਾਂ ਦੀ ਬੋਲੀ ਹਮਲਾਵਰ ਹੋ ਗਈ ਹੈ। ਕੈਨੇਡਾ ਸਰਕਾਰ ਦਾ ਰਵੱਈਆ ਸੰਤੁਲਿਤ ਅਤੇ ਨਿਆਂ ਭਰਪੂਰ ਨਹੀਂ ਹੈ।
ਟਰੂਡੋ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੈਨੇਡਾ ’ਚ ਜਦੋਂ ‘ਕਿੱਲ ਇੰਡੀਆ’ ਦਾ ਘਾਤਕ ਪੋਸਟਰ ਲੱਗਾ ਤਾਂ ਉਨ੍ਹਾਂ ਦੇ ਮੂੰਹ ’ਚ ਦਹੀਂ ਕਿਉਂ ਜੰਮ ਗਿਆ? ਨਿੱਝਰ ’ਤੇ ਭਾਰਤ ’ਚ ਕਈ ਮਾਮਲੇ ਦਰਜ ਸਨ। ਭਾਰਤ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਉਸ ਦੇ ਜਾਂ ਹੋਰਨਾਂ ਅੱਤਵਾਦੀਆਂ ਪ੍ਰਤੀ ਕੈਨੇਡਾ ਦਾ ਨਰਮ ਰੁਖ ਨਿਖੇਧੀਯੋਗ ਹੈ। ਹੈਰਾਨੀ ਦੀ ਗੱਲ ਹੈ ਕਿ ਕੁਝ ਅੱਤਵਾਦੀਆਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਕੈਨੇਡਾ ਸਰਕਾਰ ਦੁਨੀਆ ਦੇ ਸਭ ਤੋਂ ਪੁਰਾਤਨ ਸੰਸਕ੍ਰਿਤੀ ਵਾਲੇ ਦੇਸ਼ ਭਾਰਤ ਨਾਲ ਆਪਣੇ ਸਬੰਧਾਂ ਨੂੰ ਖਰਾਬ ਕਰਨ ’ਚ ਲੱਗੀ ਹੋਈ ਹੈ। ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਦੇਸ਼ਾਂ ਨੇ ਅੱਤਵਾਦੀਆਂ ਨੂੰ ਸ਼ਰਨ ਦਿੱਤੀ, ਉਨ੍ਹਾਂ ਨੂੰ ਬਾਅਦ ’ਚ ਉਸ ਦੀ ਕੀਮਤ ਅਦਾ ਕਰਨੀ ਪਈ।
ਇਸੇ ਡਿਪਲੋਮੈਸੀ ਵਾਲੇ ਵਿਵਾਦ ਦਰਮਿਆਨ ਪੰਜਾਬ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ’ਚੋਂ ਇਕ ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੀ ਅਗਿਆਤ ਲੋਕਾਂ ਨੇ ਕੈਨੇਡਾ ’ਚ ਵਿਨੀਪੈਗ ਸ਼ਹਿਰ ’ਚ ਹੱਤਿਆ ਕਰ ਦਿੱਤੀ। ਉਹ ਕਥਿਤ ਤੌਰ ’ਤੇ ਖਾਲਿਸਤਾਨ ਹਮਾਇਤੀ ਸੰਗਠਨਾਂ ਨਾਲ ਜੁੜਿਆ ਹੋਇਆ ਸੀ। ਸੂਤਰਾਂ ਮੁਤਾਬਕ ਉਹ ਕੈਨੇਡਾ ਸਥਿਤ ਖਾਲਿਸਤਾਨ ਆਪ੍ਰੇਟਿਵ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਨਾਲ ਜੁੜਿਆ ਹੋਇਆ ਸੀ।
ਇਸੇ ਸਾਲ ਵਿਦੇਸ਼ਾਂ ’ਚ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਪਹਿਲਾਂ 3 ਬਦਨਾਮ ਖਾਲਿਸਤਾਨੀ ਅੱਤਵਾਦੀਆਂ ਦੀ ਮੌਤ ਹੋਈ ਹੈ ਪਰ ਰੌਲਾ ਸਿਰਫ ਕੈਨੇਡਾ ਦੇ ਸਰੀ ’ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਤੇ ਹੀ ਪਾਇਆ ਜਾ ਰਿਹਾ ਹੈ। ਤਿੰਨੇ ਮੌਤਾਂ ਜਾਂ ਕਤਲ 3 ਅਜਿਹੇ ਦੇਸ਼ਾਂ ’ਚ ਹੋਏ ਹਨ ਜਿੱਥੋਂ ਖਾਲਿਸਤਾਨ ਪੱਖੀ ਸੰਗਠਨ ਚੱਲਦੇ ਹਨ।
ਮਾਮਲੇ ਨਾਲ ਜੁੜੇ ਕੁਝ ਮਾਹਿਰਾਂ ਅਤੇ ਰੱਖਿਆ ਸਲਾਹਕਾਰਾਂ ਦੀ ਨਜ਼ਰ ਤੋਂ ਦੇਖੀਏ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਖਾਲਿਸਤਾਨੀ ਸੰਗਠਨਾਂ ਅਤੇ ਗੈਂਗਸਟਰਾਂ ਦੇ ਗੱਠਜੋੜ ਦਾ ਨਤੀਜਾ ਹੋ ਸਕਦੀਆਂ ਹਨ।
ਗੁਰਦੁਆਰੇ ਦੀ ਹਿੰਸਕ ਘਟਨਾ ਸਿਆਸਤ ਨਾਲ ਜੁੜੀ ਹੋਈ ਸੀ। ਨਿੱਝਰ ਲੰਬੇ ਸਮੇਂ ਤੋਂ ਕੈਨੇਡਾ ’ਚ ਗੁਰਦੁਆਰਿਆਂ ਦੀ ਸਿਆਸਤ ਨਾਲ ਜੁੜਿਆ ਹੋਇਆ ਸੀ। ਉਹ 1985 ਦੇ ਕਨਿਸ਼ਕ ਹਵਾਈ ਜਹਾਜ਼ ਦੇ ਪ੍ਰਮੁੱਖ ਸਾਜ਼ਿਸ਼ਕਰਤਾ ਰਿਪੁਦਨਮ ਸਿੰਘ ਮਲਿਕ ਨਾਲ ਲੰਬੇ ਸਮੇਂ ਤੱਕ ਟਕਰਾਅ ’ਚ ਵੀ ਉਲਝਿਆ ਰਿਹਾ। ਉਕਤ ਹਵਾਈ ਹਾਦਸੇ ’ਚ 329 ਵਿਅਕਤੀ ਮਾਰੇ ਗਏ ਸਨ।
ਨਿੱਝਰ ਨੇ ਮਲਿਕ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਛਪਾਈ ਅਤੇ ਵੰਡ ’ਤੇ ਇਤਰਾਜ਼ ਕੀਤਾ ਸੀ। ਇਨ੍ਹਾਂ ਪਵਿੱਤਰ ਸਰੂਪਾਂ ਦੇ ਨਾਲ-ਨਾਲ ਮਲਿਕ ਦੀ ਛਪਾਈ ਵਾਲੇ ਯੂਨਿਟ ਨੂੰ ਵੀ ਜ਼ਬਤ ਕੀਤਾ ਗਿਆ ਸੀ। ਮਲਿਕ ਨੇ ਨਿੱਝਰ ’ਤੇ ਸਪੱਸ਼ਟ ਰੂਪ ਨਾਲ ਵਿਦੇਸ਼ੀ ਸਰਕਾਰ ਦੀਆਂ ਕੁਝ ਏਜੰਸੀਆਂ ਦੇ ਇਸ਼ਾਰੇ ’ਤੇ ਕੰਮ ਕਰਨ ਦਾ ਦੋਸ਼ ਲਾਇਆ ਸੀ। ਜਾਣਕਾਰੀ ਮੁਤਾਬਕ 23 ਜਨਵਰੀ 2022 ਨੂੰ ਸਰੀ ’ਚ ਨਿੱਝਰ ਨੇ ਮਲਿਕ ਵਿਰੁੱਧ 1 ਘੰਟੇ ਤੋਂ ਵੱਧ ਸਮੇਂ ਤੱਕ ਹੰਗਾਮਾ ਕੀਤਾ ਸੀ ਅਤੇ ਉਸ ਨੂੰ ਕੌਮ ਦਾ ਗੱਦਾਰ ਅਤੇ ਏਜੰਟ ਦੱਸਿਆ ਸੀ।
ਇਸ ਤੋਂ ਬਾਅਦ ਮਲਿਕ ਦੀ 22 ਜੂਨ 2022 ਨੂੰ 2 ਵਿਅਕਤੀਆਂ ਨੇ ਹੱਤਿਆ ਕਰ ਦਿੱਤੀ ਸੀ। ਸਪੱਸ਼ਟ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਵੀ ਤਾਂ ਜਾਂਚ ਦੌਰਾਨ ਇਕ-ਦੂਜੇ ਨਾਲ ਜੋੜਿਆ ਜਾ ਸਕਦਾ ਸੀ। ਸ਼ੁਰੂ ’ਚ ਅਸਲ ਨਿਸ਼ਾਨਾ ਤਾਂ ਦੋਹਾਂ ਦਾ ਭਾਰਤ ਵਿਰੋਧੀ ਹੋਣ ਦਾ ਹੀ ਰਿਹਾ ਹੈ।
ਸਾਊਥ ਏਸ਼ੀਆ ਟੈਰਾਰਿਜ਼ਮ ਪੋਰਟਲ ਅਤੇ ਇੰਸਟੀਚਿਊਟ ਆਫ ਕਨਫਲਿਕਟ ਮੈਨੇਜਮੈਂਟ ਦੇ ਕਾਰਜਕਾਰੀ ਨਿਰਦੇਸ਼ਕ ਅਜੇ ਸਾਹਨੀ ਨੇ ਆਪਣੇ ਇਕ ਲੇਖ ’ਚ ਲਿਖਿਆ ਹੈ ਕਿ 45 ਦਿਨ ਦੀ ਤੁਲਨਾ ’ਚ ਥੋੜ੍ਹੇ ਸਮੇਂ ’ਚ ਵਿਦੇਸ਼ਾਂ ’ਚ ਵੱਡੀ ਪੱਧਰ ’ਤੇ ਖਿਲਰੀਆਂ ਥਾਵਾਂ ’ਚ 3 ਖਾਲਿਸਤਾਨੀ ਕੱਟੜਪੰਥੀਆਂ ਦੀ ਹੱਤਿਆ ਯਕੀਨੀ ਤੌਰ ’ਤੇ ਹੈਰਾਨੀਜਨਕ ਹੈ। ਇਸ ਦੀ ਬਾਰੀਕੀ ਨਾਲ ਜਾਂਚ ਦੀ ਲੋੜ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਹ ਅਪਰਾਧਿਕ ਗੱਠਜੋੜਾਂ ਅਤੇ ਸਰਗਰਮੀਆਂ ਦੇ ਵਿਆਪਕ ਸੰਦਰਭ ’ਚ ਫਿੱਟ ਬੈਠਦਾ ਹੈ ਜਿਸ ਅਧੀਨ ਹਿੰਸਾ ਦੀਆਂ ਕਈ ਘਟਨਾਵਾਂ ਦੇਖੀਆਂ ਗਈਆਂ ਹਨ। ਸਾਹਨੀ ਕਹਿੰਦੇ ਹਨ ਕਿ ਖਾਲਿਸਤਾਨੀ ਡਾਇਸਪੋਰਾ ਨੇ ਮੌਤ ਦੀ ਪ੍ਰਚਾਰ ਸਮਰੱਥਾ ਨੂੰ ਤੁਰੰਤ ਫੜ ਲਿਆ ਹੈ।
ਵਿਸ਼ੇਸ਼ ਤੌਰ ’ਤੇ ਕੈਨੇਡਾ ’ਚ ਨਿੱਝਰ ਦੀ ਹੱਤਿਆ ਤੋਂ 3 ਦਿਨ ਬਾਅਦ ਭਾਰਤ ’ਤੇ ਦੋਸ਼ ਲਾ ਕੇ ਤੂਫਾਨ ਖੜ੍ਹਾ ਕਰ ਦਿੱਤਾ ਗਿਆ। ਮੌਤ ਦੀ ਮੌਜੂਦਾ ਜਾਂਚ ਹੁਣ ਇਸ ਤਰ੍ਹਾਂ ਦੀਆਂ ਭੜਕਾਊ ਅਟਕਲਾਂ ਨੂੰ ਹਫਤਿਆਂ ਅਤੇ 6 ਮਹੀਨਿਆਂ ਤੱਕ ਪੈਦਾ ਹੋਣ ਦੇਵੇਗੀ, ਜਦੋਂ ਤੱਕ ਕਿ ਪੁੱਛਗਿੱਛ ਰਿਪੋਰਟ ਵੱਲੋਂ ਇਸ ਮੁੱਦੇ ਦਾ ਆਖਰੀ ਹੱਲ ਨਹੀਂ ਹੋ ਜਾਂਦਾ।
ਭਾਰਤ ਹਮੇਸ਼ਾ ਤੋਂ ਸਭ ਦੇਸ਼ਾਂ ਨਾਲ ਸੁਖਾਵੇਂ ਸਬੰਧ ਬਣਾਉਣ ਲਈ ਯਤਨਸ਼ੀਲ ਰਿਹਾ ਹੈ। ‘ਵਸੂਧੈਵ ਕੁਟੁੰਬਕਮ’ ਦੀ ਧਾਰਨਾ ਸਾਡੀ ਵਿਦੇਸ਼ ਨੀਤੀ ਦਾ ਮੂਲ ਆਧਾਰ ਰਿਹਾ ਹੈ।
ਸੁਖਦੇਵ ਵਸ਼ਿਸ਼ਠ
ਖਾਲਿਸਤਾਨ ਮੁੱਦੇ ਨੇ ਭਾਰਤ-ਕੈਨੇਡਾ ਰਿਸ਼ਤਿਆਂ ਨੂੰ ਗ੍ਰਹਿਣ ਲਾ ਦਿੱਤਾ
NEXT STORY