ਜਦ ਤੋਂ ਡੋਨਾਲਡ ਟਰੰਪ ਸੱਤਾ ’ਚ ਆਏ ਹਨ, ਹਰ ਰੋਜ਼ ਅਜਿਹਾ ਕੋਈ ਨਾ ਕੋਈ ਬਿਆਨ ਦੇ ਰਹੇ ਹਨ ਕਿ ਲਗਾਤਾਰ ਚਰਚਾ ’ਚ ਹਨ। ਫਿਲਹਾਲ ਉਨ੍ਹਾਂ ਦੀ ਟੈਰਿਫ ਜੰਗ ਕਾਰਨ ਦੁਨੀਆ ਕੰਬ ਰਹੀ ਹੈ। ਉਹ ਕਿਸ ਦੇਸ਼ ’ਤੇ ਕਿੰਨਾ ਟੈਰਿਫ ਲਾ ਰਹੇ ਹਨ, ਇਸ ਬਾਰੇ ਲਗਾਤਾਰ ਐਲਾਨ ਕਰ ਰਹੇ ਹਨ। ਦੁਨੀਆ ਦੇ ਬਹੁਤ ਸਾਰੇ ਦੇਸ਼ ਇਸ ਗੱਲ ’ਤੇ ਖੁਸ਼ ਹੋ ਰਹੇ ਹਨ ਕਿ ਚੱਲੋ ਸਾਡੇ ’ਤੇ ਓਨਾ ਟੈਰਿਫ ਨਹੀਂ ਲਾਇਆ ਗਿਆ, ਜਿੰਨਾ ਚੀਨ ’ਤੇ ਲੱਗਾ ਹੈ। ਕਈ ਵਾਰ ਲੱਗਦਾ ਹੈ ਕਿ ਕਿਤੇ ਚੀਨ ਅਤੇ ਅਮਰੀਕਾ ’ਚ ਨੂਰਾ ਕੁਸ਼ਤੀ ਤਾਂ ਨਹੀਂ ਚੱਲ ਰਹੀ। ਜਦੋਂ ਦੂਜੇ ਦੇਸ਼ ਆਪਣੇ ’ਤੇ ਲੱਗੇ ਟੈਕਸ ’ਚੋਂ ਕਿਸੇ ਨਾ ਕਿਸੇ ਤਰ੍ਹਾਂ ਸਹਿਮਤ ਹੋ ਜਾਣਗੇ, ਤਾਂ ਚੀਨ ’ਤੇ ਟੈਰਿਫ ਘਟ ਕਰ ਦਿੱਤਾ ਜਾਵੇਗਾ। ਬਦਲੇ ’ਚ ਚੀਨ ਵੀ ਅਜਿਹਾ ਹੀ ਕਰੇਗਾ। ਤੁਸੀਂ ਵੀ ਖੁਸ਼, ਅਸੀਂ ਵੀ ਖੁਸ਼।
ਟਰੰਪ ਦੇ ਖਾਸ ਸਹਿਯੋਗੀ ਐਲੋਨ ਮਸਕ ਵਲੋਂ ਕੁਝ ਦਿਨ ਪਹਿਲਾਂ ਦਿੱਤੇ ਗਏ ਬਿਆਨ ਤੋਂ ਅਜਿਹਾ ਸ਼ੱਕ ਵੀ ਹੋਇਆ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਚੀਨ ’ਤੇ ਇੰਨੇ ਟੈਕਸ ਨਾ ਲਾਉਣ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਮਸਕ ਦੀ ਕੰਪਨੀ ਟੈਸਲਾ ਨੂੰ ਭਾਰੀ ਨੁਕਸਾਨ ਹੋਇਆ ਹੈ ਪਰ ਪਿਛਲੇ ਦਿਨੀਂ ਚੀਨ ਸੰਬੰਧੀ ਅਮਰੀਕਾ ਦੀ ਇਕ ਖਾਸ ਰਿਪੋਰਟ ਨੇ ਧਿਆਨ ਖਿੱਚਿਆ। ਅਮਰੀਕੀ ਸਮਾਜ ਦੇ ਬਾਰੇ ’ਚ ਕਿਹਾ ਜਾਂਦਾ ਹੈ ਕਿ ਉਹ ਇਕ ਖੁੱਲ੍ਹਾ ਸਮਾਜ ਹੈ। ਉੱਥੇ ਹਰ ਤਰ੍ਹਾਂ ਦੀ ਆਜ਼ਾਦੀ ਹੈ। ਪ੍ਰੇਮ ਕਰਨ ’ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ। ਗੋਰੇ ਕਾਲਿਆਂ ਨਾਲ ਪ੍ਰੇਮ ਕਰ ਸਕਦੇ ਹਨ, ਅਤੇ ਕਾਲੇ ਗੋਰਿਆਂ ਨਾਲ। ਕਿਸੇ ਵੀ ਧਰਮ, ਨਸਲ ਦਾ ਕੋਈ ਵੀ ਵਿਅਕਤੀ ਕਿਸੇ ਨਾਲ ਵੀ ਪ੍ਰੇਮ ਕਰੇ, ਵਿਆਹ ਕਰੇ, ਇਸ ’ਤੇ ਕੋਈ ਸਵਾਲ ਨਹੀਂ ਉੱਠਦਾ ਹੈ।
ਪਰ ਪਿਛਲੇ ਦਿਨੀਂ ਇਕ ਵੱਡੀ ਅੰਗਰੇਜ਼ੀ ਅਖਬਾਰ ’ਚ ਕਈ ਕਾਲਮਾਂ ’ਚ ਛਪੀ ਇਕ ਖਬਰ ਨੇ ਧਿਆਨ ਖਿੱਚਿਆ। ਇਸ ’ਚ ਦੱਸਿਆ ਗਿਆ ਸੀ ਕਿ ਅਮਰੀਕਾ ਸਰਕਾਰ ਨੇ ਆਪਣੇ ਦੂਤਘਰਾਂ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ, ਹੋਰ ਅਧਿਕਾਰੀਆਂ ਅਤੇ ਇੱਥੋਂ ਤੱਕ ਕਿ ਠੇਕੇਦਾਰਾਂ ’ਤੇ ਚੀਨੀ ਮੁੰਡੇ-ਕੁੜੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧ ਰੱਖਣ ’ਤੇ ਰੋਕ ਲਾ ਦਿੱਤੀ ਹੈ। ਨਾ ਤਾਂ ਇਨ੍ਹਾਂ ਮੁੰਡਿਆਂ-ਕੁੜੀਆਂ ਨਾਲ ਪ੍ਰੇਮ ਕੀਤਾ ਜਾ ਸਕਦਾ ਹੈ, ਨਾ ਵਿਆਹ, ਨਾ ਹੀ ਲਿਵ-ਇਨ ਅਤੇ ਨਾ ਹੀ ਕਿਸੇ ਤਰ੍ਹਾਂ ਸੈਕਸ ਸੰਬੰਧ। ਦੱਸਿਆ ਜਾਂਦਾ ਹੈ ਕਿ ਇਹ ਕਾਨੂੰਨ ਚੀਨ ਤੇ ਹਾਂਗਕਾਂਗ ’ਚ ਬਰਾਬਰ ਢੰਗ ਨਾਲ ਲਾਗੂ ਹੋਵੇਗਾ। ਹਾਂਗਕਾਂਗ ਵੀ ਚੀਨ ਦਾ ਹੀ ਹੈ। ਖਬਰ ’ਚ ਇਹ ਵੀ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਕਾਨੂੰਨ ਨੂੰ ਬਣਾਉਣ ਸੰਬੰਧੀ ਜਨਵਰੀ ’ਚ ਹੀ ਸੋਚਿਆ ਗਿਆ ਸੀ ਪਰ ਲਾਗੂ ਹੁਣ ਕੀਤਾ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਬਹੁਤ ਸਾਰੀਆਂ ਅਮਰੀਕੀ ਏਜੰਸੀਆਂ ’ਤੇ ਇਸ ਤਰ੍ਹਾਂ ਦਾ ਨਿਯਮ ਪਹਿਲਾਂ ਤੋਂ ਹੀ ਲਾਗੂ ਹੈ।
ਪਰ ਠੰਢੀ ਜੰਗ ਪਿੱਛੋਂ ਇਸ ਤਰ੍ਹਾਂ ਦੀਆਂ ਗੱਲਾਂ ਜਨਤਕ ਤੌਰ ’ਤੇ ਨਹੀਂ ਸੁਣੀਆਂ ਗਈਆਂ। ਕਿਉਂਕਿ ਅਕਸਰ ਅਮਰੀਕੀ ਲੋਕ ਵਿਦੇਸ਼ੀ ਕੁੜੀਆਂ ਨਾਲ ਪ੍ਰੇਮ ਕਰਦੇ ਹਨ, ਉਨ੍ਹਾਂ ਨਾਲ ਸੰਬੰਧ ਬਣਾਉਂਦੇ ਹਨ। ਕਈ ਵਾਰ ਉਨ੍ਹਾਂ ਨਾਲ ਵਿਆਹ ਵੀ ਕਰ ਲੈਂਦੇ ਹੋ। ਹਾਲਾਂਕਿ ਕੁਝ ਲੋਕਾਂ ਨੇ ਇਸ ਤਰ੍ਹਾਂ ਦੇ ਨਿਯਮ ਬਣਾਉਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਕਾਨੂੰਨਾਂ ਨਾਲ ਦੋਹਾਂ ਦੇਸ਼ਾਂ ਦੇ ਸੰਬੰਧ ਵਿਗੜ ਵੀ ਸਕਦੇ ਹਨ। ਇਸ ਸੰਦਰਭ ’ਚ ਬਹੁਤ ਸਾਰੀਆਂ ਸਰਕਾਰਾਂ ਦੇ ਮਨ ’ਚ ਡਰ ਬੈਠਾ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਹਨੀ ਟ੍ਰੈਪ ’ਚ ਫਸਾ ਕੇ, ਕੁਝ ਅਜਿਹੀਆਂ ਜਾਣਕਾਰੀਆਂ ਹਾਸਲ ਨਾ ਕਰ ਲਈਆਂ ਜਾਣ ਜਿਨ੍ਹਾਂ ਦਾ ਖਮਿਆਜ਼ਾ ਉਸ ਦੇਸ਼ ਨੂੰ ਭੁਗਤਣਾ ਪਵੇ, ਜਿਸ ਦੇ ਅਧਿਕਾਰੀਆਂ ਨੂੰ ਇਸ ਤਰ੍ਹਾਂ ਜਾਲ ’ਚ ਫਸਾਇਆ ਗਿਆ ਸੀ। ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਵੀ ਰਹਿੰਦੀਆਂ ਹਨ ਅਤੇ ਸਾਹਮਣੇ ਆਉਂਦੀਆਂ ਹਨ।
ਕੌਮਾਂਤਰੀ ਅਤੇ ਕੌਮੀ ਪੱਧਰ ’ਤੇ ਅਕਸਰ ਜਾਸੂਸੀ ਏਜੰਸੀਆਂ ਇਸ ਤਰ੍ਹਾਂ ਦੇ ਕੰਮਾਂ ਨੂੰ ਅੰਜਾਮ ਦਿੰਦੀਆਂ ਹਨ, ਉਹ ਬਹੁਤ ਹੀ ਦਿਲ-ਖਿੱਚਵੇਂ ਮੁੰਡੇ-ਕੁੜੀਆਂ ਨੂੰ ਇਨ੍ਹਾਂ ਕੰਮਾਂ ਲਈ ਚੁਣਦੀਆਂ ਹਨ, ਤਾਂ ਜੋ ਨਾਜ਼ੁਕ ਮਾਮਲਿਆਂ ਦੀਆਂ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ ਜਾ ਸਕਣ। ਬਹੁਤ ਸਾਰੀਆਂ ਏਜੰਸੀਆਂ ਇਸ ਗੱਲ ਲਈ ਬਦਨਾਮ ਵੀ ਹਨ। ਚੀਨ ਸੰਬੰਧੀ ਅਜਿਹੀਆਂ ਖਬਰਾਂ ਆਉਂਦੀਆਂ ਵੀ ਰਹਿੰਦੀਆਂ ਹਨ। ਅਮਰੀਕੀ ਕਾਨੂੰਨ ਨੇ ਉਨ੍ਹਾਂ ਲੋਕਾਂ ਨੂੰ ਇਸ ਤੋਂ ਛੋਟ ਦਿੱਤੀ ਹੈ ਜੋ ਪਹਿਲਾਂ ਤੋਂ ਇਸ ਤਰ੍ਹਾਂ ਦੇ ਸੰਬੰਧ ’ਚ ਹਨ।
ਸੀ. ਆਈ. ਏ. ਲਈ ਕੰਮ ਕਰਨ ਵਾਲੇ ਇਕ ਸਾਬਕਾ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਘੱਟੋ-ਘੱਟ ਦੋ ਅਜਿਹੇ ਮਾਮਲਿਆਂ ਦੀ ਜਾਣਕਾਰੀ ਹੈ ਜਿਨ੍ਹਾਂ ’ਚ ਅਮਰੀਕੀ ਅਧਿਕਾਰੀਆਂ ਨਾਲ ਚੀਨ ’ਚ ਅਜਿਹਾ ਕੀਤਾ ਗਿਆ। ਕਈ ਮਾਮਲਿਆਂ ’ਚ ਅਜਿਹਾ ਵੀ ਤਾਂ ਹੋ ਸਕਦਾ ਹੈ ਕਿ ਪ੍ਰੇਮ ਅਸਲ ਹੋਵੇ। ਉਹ ਕਿਸੇ ਸਾਜ਼ਿਸ਼ ਦਾ ਹਿੱਸਾ ਨਾ ਹੋਵੇ ਪਰ ਇਸ ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਸ ਲਈ ਪ੍ਰੇਮ ਭਾਵੇਂ ਕਿੰਨਾ ਸਹੀ ਹੋਵੇ, ਉਸ ਨੂੰ ਨਹੀਂ ਕੀਤਾ ਜਾ ਸਕਦਾ। ਇਕ ਸਮੇਂ ’ਚ ਜਰਮਨੀ ’ਚ ਹਿਟਲਰ ਨੇ ਵੀ ਅਜਿਹੇ ਨਿਯਮ ਬਣਾਏ ਸਨ ਜਿਨ੍ਹਾਂ ਕਾਰਨ ਕੋਈ ਜਰਮਨ ਮੁੰਡਾ ਜਾਂ ਕੁੜੀ ਕਿਸੇ ਯਹੂਦੀ ਨਾਲ ਪ੍ਰੇਮ ਨਹੀਂ ਕਰ ਸਕਦੇ ਸਨ। ਅਜਿਹਾ ਕਰਨਾ ਗੰਭੀਰ ਅਪਰਾਧ ਸੀ।
ਆਪਣੇ ਦੇਸ਼ ਦੀ ਸਥਿਤੀ ਸਾਨੂੰ ਸਾਰਿਆਂ ਨੂੰ ਪਤਾ ਹੈ ਜਿੱਥੇ ਅੱਜ ਤੱਕ ਪ੍ਰੇਮ ਕਰਨਾ ਇੰਨਾ ਵੱਡਾ ਅਪਰਾਧ ਹੈ ਕਿ ਆਪਣੇ ਪਰਿਵਾਰਕ ਮੈਂਬਰ ਹੀ ਮੁੰਡਿਆਂ-ਕੁੜੀਆਂ ਨੂੰ ਮਰਵਾ ਦਿੰਦੇ ਹਨ। ਇਹ ਤਾਂ ਦੋ ਦੇਸ਼ਾਂ ਦੇ ਮਾਮਲੇ ਨਹੀਂ ਹੁੰਦੇ। ਕਿਸੇ ਨੇ ਜਾਤੀ ਤੋਂ ਬਾਹਰ ਵਿਆਹ ਕਰਵਾ ਲਿਆ, ਕਿਸੇ ਨੇ ਧਰਮ ਤੋਂ ਬਾਹਰ ਕਰਵਾ ਲਿਆ, ਕਿਸੇ ਨੇ ਆਪਣੀ ਜਾਤ ’ਚ ਹੀ ਵਿਆਹ ਕਰਵਾ ਲਿਆ ਜਾਂ ਇਨ੍ਹਾਂ ’ਚੋਂ ਕੁਝ ਵੀ ਨਹੀਂ ਸੀ, ਫਿਰ ਵੀ ਆਪਣੀ ਮਰਜ਼ੀ ਨਾਲ ਵਿਆਹ ਕਿਉਂ ਕੀਤਾ, ਇਹੀ ਸਭ ਤੋਂ ਵੱਡਾ ਅਪਰਾਧ ਹੋ ਗਿਆ। ਇਸ ਕਾਰਨ ਬੱਚਿਆਂ ਦੀ ਸ਼ਾਮਤ ਆ ਗਈ। ਆਪਣੇ ਹੀ ਪਰਿਵਾਰ ਦੇ ਮੈਂਬਰ ਉਨ੍ਹਾਂ ਦੇ ਦੁਸ਼ਮਣ ਬਣ ਗਏ। ਅਜਿਹੀਆਂ ਖਬਰਾਂ ਲਈ ਕਿਤੇ ਦੂਰ ਜਾਣ ਦੀ ਲੋੜ ਨਹੀਂ ਪੈਂਦੀ। ਹਰ ਰੋਜ਼ ਵੱਖ-ਵੱਖ ਚੈਨਲਾਂ ਅਤੇ ਅਖਬਾਰਾਂ ’ਚ ਅਜਿਹੀਆਂ ਖਬਰਾਂ ਬਹੁਤ ਹੁੰਦੀਆਂ ਹਨ। ਖੈਰ ਜੋ ਵੀ ਹੋਵੇ, ਅਮਰੀਕਾ ਵਲੋਂ ਪ੍ਰੇਮ ’ਤੇ ਪਾਬੰਦੀ ਲਾਉਣੀ ਹੈਰਾਨੀ ਤਾਂ ਜ਼ਰੂਰ ਪੈਦਾ ਕਰਦੀ ਪਰ ਇਹ ਵੀ ਸੱਚ ਹੈ ਕਿ ਪ੍ਰੇਮ ਦੀਆਂ ਕੋਮਲ ਭਾਵਨਾਵਾਂ ਨੂੰ ਕਿਸੇ ਕਾਨੂੰਨ ਨਾਲ ਨਹੀਂ ਰੋਕਿਆ ਜਾ ਸਕਦਾ। ਹਾਂ ਸੁਰੱਖਿਆ ਦੇ ਮਸਲੇ ਵੱਖ ਹੋ ਸਕਦੇ ਹਨ।
–ਸ਼ਮਾ ਸ਼ਰਮਾ
ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ : ਆਧੁਨਿਕ ਭਾਰਤ ’ਚ ਬਰਾਬਰੀ ਅਤੇ ਨਿਆਂ ਦੇ ਨਿਰਮਾਤਾ
NEXT STORY