ਇਹ ਤਾਂ ਹੋ ਗਿਆ ਹੈ ਕਿ ਕਾਂਗਰਸ ਜਿਨ੍ਹਾਂ ਪਾਰਟੀਆਂ ਨੂੰ ਲੋਕਤੰਤਰ ਬਚਾਉਣ ਦੇ ਨਾਂ ’ਤੇ ਇਕੱਠੇ ਕਰ ਕੇ ਇੰਡੀਆ ਗੱਠਜੋੜ ਬਣਾ ਰਹੀ ਸੀ, ਉਹ ਯੋਜਨਾ ਫਲਾਪ ਹੋ ਗਈ ਹੈ ਅਤੇ ਕਾਂਗਰਸ ’ਚ ਜਿਸ ਨੇ ਵੀ ਇਸ ਯੋਜਨਾ ਨੂੰ ਬਣਾਇਆ ਸੀ, ਉਹ ਅਸਲ ’ਚ ਚਾਹੁੰਦਾ ਹੀ ਨਹੀਂ ਸੀ ਕਿ ਕਾਂਗਰਸ ਆਪਣੇ ਪੈਰਾਂ ’ਤੇ ਆਵੇ। ਇਸ ’ਚ ਕੋਈ ਸ਼ੱਕ ਨਹੀਂ ਕਿ ਜੇ ਅੱਜ ਵੀ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਧਿਰ ਪਾਰਟੀ ਜਾਂ ਹਰ ਸੂਬੇ ’ਚ ਫੈਸਲਾਕੁੰਨ ਹਾਜ਼ਰੀ ਰੱਖਣ ਵਾਲੀ ਕੋਈ ਸਿਆਸੀ ਪਾਰਟੀ ਹੈ ਤਾਂ ਉਹ ਕਾਂਗਰਸ ਹੀ ਹੈ ਅਤੇ ਜੇ ਕਿਸੇ ਦੀ ਆਸਥਾ ਲੋਕਤੰਤਰ ’ਚ ਹੈ ਤਾਂ ਉਹ ਇਕ ਮਜ਼ਬੂਤ ਵਿਰੋਧੀ ਧਿਰ ਦੀ ਆਸ ਰੱਖੇਗਾ ਹੀ।
16ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਹੋਣ ਜਾਂ ਉਸ ਪਿੱਛੋਂ ਹੋਈਆਂ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਜਾਂ ਫਿਰ ਸੱਤਾਧਾਰੀ ਪਾਰਟੀਆਂ ਦੇ ਹਮਲੇ, ਇਸ ਗੱਲ ਦਾ ਕੋਈ ਝਗੜਾ ਨਹੀਂ ਕਿ ਸੱਤਾਧਾਰੀ ਪਾਰਟੀਆਂ ਪਿੱਛੋਂ ਸਭ ਤੋਂ ਵੱਧ ਅਤੇ ਪੂਰੇ ਦੇਸ਼ ’ਚ, ਹਰ ਸੂਬੇ ਅਤੇ ਜ਼ਿਲੇ ’ਚ ਵੋਟ ਲੈਣ ਵਾਲੀ ਇਕੋ ਇਕ ਪਾਰਟੀ ਕਾਂਗਰਸ ਹੀ ਹੈ।
ਹੁਣ ਸਪੱਸ਼ਟ ਹੋ ਚੁੱਕਾ ਹੈ ਕਿ ਕਾਂਗਰਸ ਦੇ ਅੰਦਰ ਬੈਠੇ ਸਲੀਪਰ ਸੈੱਲ ਨੇ ਇੰਡੀਆ ਗੱਠਜੋੜ ਦੇ ਨਾਂ ’ਤੇ ਸਮੁੱਚੀ ਕਾਂਗਰਸ ਦੀਆਂ ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਬਹੁਤ ਪਿੱਛੇ ਕਰ ਦਿੱਤਾ ਹੈ। ਕਾਂਗਰਸ ਅਸਲ ’ਚ ਇਕ ਸਿਆਸੀ ਪਾਰਟੀ ਤੋਂ ਵੱਧ ਸ਼ਾਸਨ ਚਲਾਉਣ ਦਾ ਤਰੀਕਾ ਹੈ ਅਤੇ ਜੋ ਵੀ ਪਾਰਟੀ ਸੱਤਾ ’ਚ ਆਉਂਦੀ ਹੈ, ਕਾਂਗਰਸ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਕਾਂਗਰਸ ਦੇ ਜ਼ਿਆਦਾਤਰ ਲੋਕ ਬਿਨਾਂ ਸੱਤਾ ਦੇ ਨਹੀਂ ਰਹਿ ਸਕਦੇ ਅਤੇ ਤਦ ਹੀ ਬੇਚੈਨੀ ’ਚ ਕਾਂਗਰਸ ਛੱਡ ਕੇ ਜਾ ਰਹੇ ਹਨ।
ਕਾਂਗਰਸ ਦਾ ਆਗੂ ਅਤੇ ਸੰਭਾਵਿਤ ਉਮੀਦਵਾਰ, ਆਮ ਵਰਕਰ ਹੁਣ ਅੱਕ ਗਿਆ ਹੈ ਕਿ ਅਗਲੇ 2 ਮਹੀਨਿਆਂ ਪਿੱਛੋਂ ਉਸ ਨੂੰ ਕਿਸ ਦਾ ਝੰਡਾ ਉਠਾਉਣਾ ਪਵੇਗਾ, ਨਿਤੀਸ਼ ਕੁਮਾਰ, ਮਮਤਾ ਬੈਨਰਜੀ ਅਤੇ ਹੁਣ ਕੇਜਰੀਵਾਲ ਦਾ ਰੁਖ ਦੱਸਿਆ ਜਾ ਚੁੱਕਾ ਹੈ ਕਿ ਉਹ ਅਜਿਹੇ ਹਾਲਾਤ ’ਚ ਸਮਝੌਤਾ ਕਰਨ ਦਾ ਮਤਾ ਦੇਣਗੇ ਜਿਸ ਨਾਲ ਗੱਲ ਵੀ ਨਾ ਬਣੇ ਅਤੇ ਨਾ ਹੀ ਉਨ੍ਹਾਂ ’ਤੇ ਗੱਠਜੋੜ ਤੋੜਨ ਦਾ ਦੋਸ਼ ਲੱਗੇ। ਬੀਤੇ 2 ਦਹਾਕਿਆਂ ’ਚ ਜਿਸ ਤਰ੍ਹਾਂ ਕਾਂਗਰਸ ਦੇ ਟੁਕੜੇ ਹੋਏ ਹਨ, ਇਹ ਲੀਡਰਸ਼ਿਪ ਪ੍ਰਤੀ ਬੇਵਿਸ਼ਵਾਸੀ ਜਾਂ ਮਜ਼ਬੂਤ ਪਕੜ ਨਾ ਹੋਣ ਨਾਲ ਹੀ ਹੋਏ ਹਨ ਅਤੇ ਜ਼ਿਆਦਾਤਰ ਸੂਬਾ ਪੱਧਰ ਦੀਆਂ ਪਾਰਟੀਆਂ ਜਾਂ ਭਾਜਪਾ ਵਲੋਂ ਬਣਾਏ ਗਏ ਮੁੱਖ ਮੰਤਰੀ ਦਾ ਮੂਲ ਗੋਤ ਕਾਂਗਰਸ ਹੈ।
ਕਾਂਗਰਸ ਨੂੰ ਸਭ ਤੋਂ ਪਹਿਲਾਂ ਇਸ ਖਲਾਰੇ ਦੇ ਕਾਰਨਾਂ ਨੂੰ ਲੱਭਣ ਅਤੇ ਆਪਣੇ ਵਿਛੜੇ ਸਾਥੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ ’ਤੇ ਕੰਮ ਕਰਨਾ ਚਾਹੀਦਾ ਹੈ। ਹੋ ਸਕਦਾ ਹੈ, ਇਸ ’ਚ ਪਾਰਟੀ ਦੇ ਕੁਝ ਪੁਰਾਣੇ ਮਹਾਰਥੀਆਂ ਦੇ ਕੁਝ ਨਿੱਜੀ ਹਿੱਤ ਟਕਰਾਉਣ ਪਰ ਸੰਗਠਨ ਨੂੰ ਅੱਧੀ ਦਰਜਨ ਸੂਬਿਆਂ ’ਚ ਮੋਰਚੇ ’ਤੇ ਵਾਪਸ ਲਿਆਉਣ ਲਈ ਕਾਂਗਰਸ ਜੇ ਕੋਈ ਵੀ ਕੀਮਤ ਚੁਕਾ ਕੇ ਇਹ ਕੰਮ ਕਰਦੀ ਹੈ ਤਾਂ ਮੰਨ ਕੇ ਚੱਲੋ ਕਿ ਖਿਲਰਿਆ, ਟੁੱਟਿਆ, ਲੋਕ ਆਧਾਰ ਗੁਆ ਚੁੱਕੀ ਕਾਂਗਰਸ ਆਉਣ ਵਾਲੀਆਂ ਚੋਣਾਂ ’ਚ ਮੁਕਾਬਲੇ ’ਚ ਦਿਸੇਗੀ।
ਨਹਿਰੂ ਜੀ ਤੋਂ ਲੈ ਕੇ ਇੰਦਰਾ ਜੀ ਤਕ ਅਤੇ ਅੱਜ ਵੀ ਕਾਂਗਰਸ ਤਾਕਤਵਰ ਆਗੂਆਂ ਦੀ ਗਣੇਸ਼ ਪਰਿਕਰਮਾ ਵਾਲੀ ਪਾਰਟੀ ਹੈ ਅਤੇ ਤਦ ਹੀ ਪਾਰਟੀ ’ਚ ਨਾ ਤਾਂ ਨਵੀਂ ਲੀਡਰਸ਼ਿਪ ਰਹੀ ਹੈ ਅਤੇ ਨਾ ਹੀ ਵਰਕਰ। ਅਜਿਹੇ ’ਚ ਖਿਲਾਰਾ ਰੋਕਣ ਲਈ ਕਾਂਗਰਸ ਨੂੰ ਸਭ ਤੋਂ ਪਹਿਲਾਂ ‘ਇੰਡੀਆ’ ਦੇ ਸੁਫ਼ਨੇ ਨੂੰ ਇੱਥੇ ਹੀ ਮਾਰ ਕੇ ਆਪਣੇ ਪੁਰਾਣੇ ‘ਯੂ. ਪੀ. ਏ.’ ਨੂੰ ਇਕਜੁੱਟ ਕਰ ਕੇ ਉਮੀਦਵਾਰਾਂ ਦੇ ਐਲਾਨ ਦੇ ਕੰਮ ’ਤੇ ਅੱਗੇ ਵਧਣਾ ਹੋਵੇਗਾ।
ਇਕ ਗੱਲ ਹੋਰ, ਭਾਜਪਾ ਅਤੇ ਆਰ. ਐੱਸ. ਐੱਸ. ਚੰਗੀ ਤਰ੍ਹਾਂ ਜਾਣਦੇ ਹਨ ਕਿ ਕਾਂਗਰਸ ਪਾਰਟੀ ਦਾ ‘ਮੈਗਨੈੱਟ ਜਾਂ ਗੂੰਦ’ ਨਹਿਰੂ-ਗਾਂਧੀ ਪਰਿਵਾਰ ਹੀ ਹੈ ਅਤੇ ਇਸ ਲਈ ਪਹਿਲਾਂ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਦੇ ਤੇ ਉਸ ਪਿੱਛੋਂ ਰਾਹੁਲ ਗਾਂਧੀ ਨੂੰ ਪੱਪੂ, ਬੇਵਕੂਫ ਜਾਂ ਅਸਰਹੀਣ ਕਰਾਰ ਦੇਣ ਦਾ ਚੰਗਾ ਪ੍ਰਚਾਰ ਕੀਤਾ ਗਿਆ। ਜ਼ਾਹਿਰ ਹੈ ਕਿ ਵਿਰੋਧੀ ਧਿਰ ਪਾਰਟੀਆਂ ਆਪਣੇ ਵਿਰੋਧੀ ਦੀ ਸਭ ਤੋਂ ਵੱਡੀ ਤਾਕਤ ਨੂੰ ਹੀ ਕਮਜ਼ੋਰ ਕਰਨਾ ਚਾਹੁੰਦੀਆਂ ਹਨ।
ਹਕੀਕਤ ਇਹ ਹੈ ਕਿ ਰਾਹੁਲ ਗਾਂਧੀ ਦੀ ਸਿਆਸਤ ’ਚ ਕਿਤੇ ਕੋਈ ਗਲਤੀ ਨਹੀਂ ਹੈ ਪਰ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਜਦ ਇਕ ਪਾਸੇ ਲੱਖਾਂ ਦੀ ਭੀੜ ਨਾਲ ਯਾਤਰਾ ਅਤੇ ਸਭਾ ਦੀ ਚਰਚਾ ਹੁੰਦੀ ਹੈ ਤਾਂ ਉਸ ਨੂੰ ਵੋਟ ’ਚ ਬਦਲਣ ’ਚ ਕਾਂਗਰਸ ਵਰਕਰ ਅਸਫਲ ਕਿਉਂ ਰਹਿੰਦਾ ਹੈ? ਕਾਂਗਰਸ ਦਾ ਇਕ ਹੋਰ ਤਜਰਬਾ ਅਸਫਲ ਰਿਹਾ, ਜਿਸ ’ਚ ਸਰਕਾਰ ਤੇ ਪਾਰਟੀ ਦਾ ਚਿਹਰਾ ਵੱਖ-ਵੱਖ ਦਿਖਾਉਣਾ ਸੀ, ਜਦਕਿ ਭਾਰਤ ’ਚ ਜਨਤਾ ਇਕ ਹੀ ਲੀਡਰਸ਼ਿਪ ਦੇਖਣਾ ਚਾਹੁੰਦੀ ਹੈ।
ਆਪਣੇ ਰਵਾਇਤੀ ਵੋਟ ਨੂੰ ਪਾਉਣ ਲਈ ਹੁਣ ਪਾਰਟੀ ’ਚ ਸੂਬਾ ਪੱਧਰ ਦੇ ਖੇਤਰੀ ਗਰੁੱਪ ਤਿਆਰ ਕਰ ਕੇ ਕੇਂਦਰ ’ਤੇ ਇਕ ਹੀ ਚਿਹਰੇ ਦੇ ਪ੍ਰਯੋਗ ਵੱਲ ਪਰਤਣਾ ਹੋਵੇਗਾ। ਇਸ ਲਈ ਜ਼ਰੂਰੀ ਹੈ ਕਿ ਕਾਂਗਰਸ ਹੁਣ ਵੱਖ -ਵੱਖ ਪਾਰਟੀਆਂ ਨੂੰ ਜੋੜਨ ਦੀ ਥਾਂ ਸਿਰਫ ਆਪਣੇ ਪੁਰਾਣੇ ਸਾਥੀਆਂ ਨੂੰ ਜੋੜ ਕੇ ਟਿਕਟਾਂ ਦਾ ਐਲਾਨ ਕਰੇ।
ਹਾਲ ਹੀ ਦੀਆਂ ਰਾਜ ਸਭਾ ਚੋਣਾਂ ’ਚ ਜਿਸ ਤਰ੍ਹਾਂ ਬੀਜੂ ਜਨਤਾ ਦਲ ਨੇ ਭਾਜਪਾ ਦੀ ਹਮਾਇਤ ਕੀਤੀ, ਇਹ ਇਸ਼ਾਰਾ ਮਾਤਰ ਹੈ ਕਿ ਵੱਖ-ਵੱਖ ਸੂਬਿਆਂ ’ਚ ਸਿਰਫ ਕਾਂਗਰਸ ਦਾ ਵਿਰੋਧ ਕਰ ਕੇ ਉਭਰੀਆਂ ਪਾਰਟੀਆਂ ਕਿਸੇ ਵੀ ਹਾਲਤ ’ਚ ਕਾਂਗਰਸ ਦੀਆਂ ਸਾਥੀ ਨਹੀਂ ਹੋ ਸਕਦੀਆਂ। ਇਸ ’ਚ ਉਹ ਸਾਰੀਆਂ ਪਾਰਟੀਆਂ ਸ਼ਾਮਲ ਹਨ ਜੋ ਕਦੀ ਨਾ ਕਦੀ ਭਾਜਪਾ ਦੀ ਉਂਗਲੀ ਤੋਂ ਸ਼ਹਿਦ ਚੱਟ ਚੁੱਕੀਆਂ ਹਨ।
ਕਾਂਗਰਸ ਨੂੰ ਇਹ ਵੀ ਵਿਚਾਰ ਕਰਨਾ ਪਵੇਗਾ ਕਿ ਉਹ ਕਿਹੜੇ ਆਗੂ ਸਨ ਜਿਨ੍ਹਾਂ ਨੇ ਅੰਨਾ ਅੰਦੋਲਨ ਤੋਂ ਉਪਜੀ ਸਰਕਾਰ-ਵਿਰੋਧੀ ਬੇਚੈਨੀ ਦੀ ਪੂਰੀ ਯੋਜਨਾ ਨੂੰ ਨਜ਼ਰਅੰਦਾਜ਼ ਕੀਤਾ ਜਾਂ ਫਿਰ ਉਸ ਦੇ ਵਿਰੋਧ ਦੀ ਯੋਜਨਾ ਨਹੀਂ ਬਣਾਈ। ਅੱਜ ਮੋਦੀ ਜੀ ਦੀ ਪ੍ਰਚੰਡ ਜਿੱਤ ਦੀ ਭੂਮਿਕਾ ਅੰਨਾ ਅੰਦੋਲਨ ਨਾਲ ਹੀ ਲਿਖ ਦਿੱਤੀ ਗਈ ਸੀ ਜਿਸ ’ਚ ਰਾਸ਼ਟਰੀ ਸਵੈਮਸੇਵਕ ਸੰਘ ਦੀ ਸਿੱਧੀ ਭੂਮਿਕਾ ਸੀ, ਫਿਰ ਬਾਬਾ ਰਾਮਦੇਵ ਪ੍ਰਸੰਗ ਹੋਇਆ, ਇਸ ਦਰਮਿਆਨ ਨਿਰਭਿਆ ਵਾਲਾ ਵਿਰੋਧ ਕਾਂਡ... ਅਤੇ ਦੇਖੋ, ਅੰਦੋਲਨ ’ਚੋਂ ਨਿਕਲੇ ਵੀ. ਕੇ. ਸਿੰਘ ਹੋਣ ਜਾਂ ਫਿਰ ਰਾਮਦੇਵ ਜਾਂ ਆਮ ਆਦਮੀ ਪਾਰਟੀ ਦੇ ਕਈ ਆਗੂ, ਬਾਅਦ ’ਚ ਭਾਜਪਾ ਦੇ ਮੋਹਰੀ ਚਿਹਰੇ ਬਣ ਗਏ।
ਪਹਿਲਾਂ ਭੀੜ ਜੋੜਨਾ, ਉਸ ’ਚ ਸਰਕਾਰ ਦੀਆਂ ਨਾਕਾਮੀਆਂ ਨੂੰ ਦਿਖਾ ਕੇ ਵਿਰੋਧ ਦੀ ਭਾਵਨਾ ਪੈਦਾ ਕਰਨਾ, ਫਿਰ ਉਸੇ ਭੀੜ ਨੂੰ ਮੋਦੀ ਜੀ ਦੀ ਰੈਲੀ ’ਚ ਲਿਜਾ ਕੇ ਉਸ ਨੂੰ ਆਪਣਾ ਵੋਟ ਬੈਂਕ ਬਣਾਉਣ ਦੀ ਯੋਜਨਾ ਭਾਜਪਾ ਦੀ ਸਭ ਤੋਂ ਉੱਤਮ ਯੋਜਨਾ ਰਹੀ ਅਤੇ ਮਦਹੋਸ਼ ਜਨਤਾ ਦੇ ਸਰੋਕਾਰਾਂ ਤੋਂ ਬੇਲਾਗ ਕਾਂਗਰਸੀ ਆਪਣੇ ਸੰਗਠਨ ਲਈ ਕੋਈ ਯੋਗਦਾਨ ਨਹੀਂ ਦੇ ਸਕੇ।
ਇਹ ਤ੍ਰਾਸਦੀ ਹੈ ਕਿ ਵੱਡੇ ਤੋਂ ਵੱਡਾ ਕਾਂਗਰਸੀ ਸੋਨੀਆ, ਰਾਹੁਲ ਜਾਂ ਪ੍ਰਿਅੰਕਾ ਦੀ ਪਿੱਠ ’ਤੇ ਚੜ੍ਹ ਕੇ ਆਪਣੀ ਸਫਲਤਾ ਦੀ ਇਬਾਰਤ ਲਿਖਣਾ ਚਾਹੁੰਦਾ ਹੈ, ਜਦਕਿ ਉਹ ਆਪਣੇ ਵਰਕਰਾਂ ਤੱਕ ਨਾਲ ਨਾ ਸਿਰਫ ਬੁਰਾ ਵਤੀਰਾ ਕਰਦਾ ਹੈ, ਜਨਤਾ ਤੋਂ ਦੂਰ ਹੀ ਰਹਿੰਦਾ ਹੈ।
ਇਕ ਗੱਲ ਸਮਝ ਲਓ। ਰਾਮ ਮੰਦਰ ਮੁੱਦਾ ਹੁਣ ਹੌਲੀ-ਹੌਲੀ ਖਲਾਅ ਵੱਲ ਹੈ ਅਤੇ ਇਸ ਨੂੰ ਭਾਜਪਾ ਵੀ ਚੋਣ ਵਿਸ਼ਾ ਬਣਾਉਣ ਤੋਂ ਬਚੇਗੀ। ਅਜਿਹੇ ’ਚ ਕਾਂਗਰਸ ਨੂੰ ਇਸ ਵਿਸ਼ੇ ’ਤੇ ਚੁੱਪ ਹੀ ਰਹਿਣਾ ਪਵੇਗਾ। ਜੇ ਹੁਣ ਕਾਂਗਰਸ ਚਾਹੁੰਦੀ ਹੈ ਕਿ ਉਸ ਦੀ ਹੋਂਦ ਬਚੀ ਰਹੇ ਤਾਂ ਉਸ ਨੂੰ ਇਸ ਮਹੀਨੇ ਦੇ ਅੰਤਿਮ ਦਿਨਾਂ ਤੱਕ ਪੁਰਾਣੇ ਯੂ. ਪੀ. ਏ. ਦੇ ਸਾਥੀਆਂ ਨਾਲ ਸੀਟਾਂ ਵੰਡ ਲੈਣੀਆਂ ਚਾਹੀਦੀਆਂ ਹਨ।
ਕਾਂਗਰਸ ਨੂੰ ਆਪਣੇ ਬੂਥ ਵਰਕਰ ਨੂੰ ਪਾਰਟੀ ਨਾਲ ਜੋੜ ਕੇ ਰੱਖਣ ਲਈ ਕੁਝ ਕਰਨਾ ਪਵੇਗਾ। ਜਾਣ ਲਓ ਕਿ ਵਰਕਰ ਸਿਰਫ ਵਫਾਦਾਰੀ ਜਾਂ ਵਿਚਾਰਧਾਰਾ ਕਾਰਨ ਪਾਰਟੀ ਨਾਲ ਜੁੜਦਾ ਹੈ। ਜੇ ਉਸ ਨੂੰ ਸਨਮਾਨ ਨਹੀਂ ਮਿਲੇਗਾ ਤਾਂ ਉਹ ਆਪਣੇ ਕਾਰੋਬਾਰ ਜਾਂ ਪਰਿਵਾਰ ਦਾ ਸਮਾਂ ਪਾਰਟੀ ਨੂੰ ਦੇਣ ਬਾਰੇ ਸੋਚੇਗਾ ਵੀ ਨਹੀਂ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਬੀਤੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਆਖਰੀ ਹਫਤੇ ’ਚ ਬੂਥ ਪ੍ਰਬੰਧਨ ’ਚ ਹਾਰ ਗਈ ਸੀ।
ਕਾਂਗਰਸ ਜੇ ਅਸਲ ’ਚ ਆਪਣੀ ਮਲੀਆਮੇਟ ਹੋ ਗਈ ਸ਼ਾਨ ਨੂੰ ਫਿਰ ਤੋਂ ਸਿਖਰ ’ਤੇ ਲਿਜਾਣਾ ਚਾਹੁੰਦੀ ਹੈ ਤਾਂ ਉਸ ਨੂੰ ਨਵੇਂ ਗੱਠਜੋੜ ਦੇ ਨਾਂ ’ਤੇ ਭੀੜ ਇਕੱਠੀ ਕਰਨ ਦੀ ਥਾਂ ਵਰਕਰਾਂ ਨੂੰ ਸਨਮਾਨ ਦੇਣ ਦੇ ਕਾਰਜ ਤਤਕਾਲ ਕਰਨੇ ਪੈਣਗੇ। ਹਾਲਾਂਕਿ ਅੱਜ ਪਾਰਟੀ ਜਿਸ ਹਾਲ ’ਚ ਹੈ, ਉਸ ਨੂੰ ਦੇਖਦੇ ਹੋਏ ਤਾਂ ਮੋਦੀ ਜੀ ਨੂੰ ਸੰਨ 2024 ਦੀਆਂ ਚੋਣਾਂ ’ਚ ਵੀ ਕੋਈ ਚੁਣੌਤੀ ਨਹੀਂ ਦਿਸ ਰਹੀ ਹੈ।
ਪੰਕਜ ਚਤੁਰਵੇਦੀ
‘ਇਤਿਹਾਸ ਨੂੰ ਇਤਿਹਾਸ’ ਵਾਂਗ ਹੀ ਦੇਖਿਆ ਜਾਵੇ
NEXT STORY