ਆਖਿਰ ਤਿੱਬਤ ਦਾ ਕੀ ਹੋਵੇਗਾ? ਚੀਨ ਪਹਿਲਾਂ ਹੀ ਤਿੱਬਤ ਨੂੰ ਭੂਗੋਲਿਕ ਤੌਰ ’ਤੇ ਨਿਗਲ ਚੁੱਕਾ ਹੈ, ਕੀ ਹੁਣ ਉਹ ਉਸ ਦੀ ਸੱਭਿਆਚਾਰਕ ਪਛਾਣ ਨੂੰ ਵੀ ਨਿਗਲ ਲਵੇਗਾ? ਇਹ ਸਵਾਲ ਸੁਭਾਵਿਕ ਹੈ ਕਿਉਂਕਿ ਹਾਲ ਹੀ ਵਿਚ 90 ਸਾਲ ਦੇ ਹੋਏ 14ਵੇਂ ਦਲਾਈ ਲਾਮਾ ਸ਼ਰਦੇਯ ਤੇਨਜ਼ਿਨ ਗਿਆਤਸੋ ਦੇ ਉੱਤਰਾਧਿਕਾਰੀ ਚੁਣਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਦਲਾਈ ਲਾਮਾ ਇਕ ਨਾਂ ਨਹੀਂ ਹੈ ਸਗੋਂ ਇਕ ਰਵਾਇਤੀ ਅਹੁਦਾ ਹੈ, ਜਿਸ ਨੂੰ ਤਿੱਬਤ ਦੀ ਆਤਮਾ, ਇਸ ਦੀਆਂ ਪਰੰਪਰਾਵਾਂ ਅਤੇ ਪਛਾਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਚੀਨ ਇਸ ਕੋਸ਼ਿਸ਼ ’ਚ ਹੈ ਕਿ ਅਗਲਾ ਦਲਾਈ ਲਾਮਾ ਉਸ ਦੀ ਗੋਦ ’ਚ ਹੋਵੇ ਤਾਂ ਜੋ ਉਹ ਤਿੱਬਤ ਨੂੰ ਉਸ ਦੀਅਾਂ ਬੋਧੀ ਜੜ੍ਹਾਂ ਤੋਂ ਹਮੇਸ਼ਾ ਲਈ ਕੱਟ ਸਕੇ। ਸਾਲ 1959 ਤੋਂ ਬੇਘਰ ਹੋਣ ਕਰਕੇ, ਜ਼ਿਆਦਾਤਰ ਤਿੱਬਤੀ ਦੁਨੀਆ ਭਰ ’ਚ ਆਪਣੀ ਸੱਭਿਆਚਾਰ ਅਤੇ ਪਰੰਪਰਾ ਨੂੰ ਜ਼ਿੰਦਾ ਰੱਖਣ ਲਈ ਸੰਘਰਸ਼ ਜਾਰੀ ਰੱਖ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ, ਯਹੂਦੀਆਂ ਨੇ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਦੀ ਰੱਖਿਆ ਲਈ ਸੈਂਕੜੇ ਸਾਲਾਂ ਤੱਕ ਸੰਘਰਸ਼ ਕੀਤਾ ਸੀ। ਇਸ ਤੋਂ ਬਾਅਦ, 1948 ’ਚ ਯਹੂਦੀ ਰਾਸ਼ਟਰ ਇਜ਼ਰਾਈਲ ਹੋਂਦ ’ਚ ਆਇਆ। ਕੀ ਤਿੱਬਤੀ ਯਹੂਦੀਆਂ ਦੇ ਇਤਿਹਾਸ ਨੂੰ ਦੁਹਰਾਅ ਸਕਣਗੇ?
ਸਭ ਤੋਂ ਪਹਿਲਾਂ, ਇਹ ਸਮਝਣਾ ਜ਼ਰੂਰੀ ਹੈ ਕਿ ਚੀਨ ਕੀ ਹੈ। ਇਹ ਦੁਨੀਆ ਦੇ ਸਾਹਮਣੇ ਇਕ ਅਜੀਬ ਵਿਰੋਧਾਭਾਸ ਨਾਲ ਖੜ੍ਹਾ ਹੈ-ਰਾਜਨੀਤੀ ’ਚ ਮਨੁੱਖੀ ਅਧਿਕਾਰਾਂ ਰਹਿਤ ਸਾਮਵਾਦੀ, ਅਰਥਵਿਵਸਥਾ ’ਚ ਬੇਰਹਿਮ ਪੂੰਜੀਵਾਦੀ ਅਤੇ ਵਿਸਥਾਰਵਾਦ ਪ੍ਰੇਰਿਤ ਉਦੇਸ਼ਾਂ ਦੀ ਪੂਰਤੀ ਲਈ ਸਾਮਰਾਜਵਾਦੀ। ਚੀਨ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਜੀਵਤ ਸੱਭਿਅਤਾ ਮੰਨਦਾ ਹੈ। ਇਸੇ ਮਾਨਸਿਕਤਾ ਕਾਰਨ, ਚੀਨ ਨਾ ਸਿਰਫ਼ ਤਿੱਬਤ ਅਤੇ ਭਾਰਤ ਨਾਲ, ਸਗੋਂ ਇਸਦੇ ਨਾਲ ਲੱਗਦੇ ਲਗਭਗ ਸਾਰੇ ਦੇਸ਼ਾਂ ਨਾਲ ਵੀ ਉਲਝਿਆ ਹੋਇਆ ਹੈ। ਅੱਜ ਚੀਨ ਦਾ ਸਰਹੱਦੀ ਅਤੇ ਸਮੁੰਦਰ ਨੂੰ ਲੈ ਕੇ 17 ਦੇਸ਼ਾਂ ਨਾਲ ਵਿਵਾਦ ਹੈ।
ਏਸ਼ੀਆ ’ਚ ਭਾਰਤ ਅਤੇ ਜਾਪਾਨ ਅਜਿਹੇ ਦੇਸ਼ ਹਨ ਜੋ ਆਪਣੇ ਆਰਥਿਕ ਆਕਾਰ, ਰਣਨੀਤਿਕ ਸ਼ਕਤੀ ਅਤੇ ਸੱਭਿਆਚਾਰਕ ਡੂੰਘਾਈ ਦੇ ਆਧਾਰ ’ਤੇ ਚੀਨੀ ਸਾਮਰਾਜਵਾਦ ਨੂੰ ਖੁੱਲ੍ਹ ਕੇ ਚੁਣੌਤੀ ਦੇ ਰਹੇ ਹਨ। ਚੀਨ ਚਾਹੁੰਦਾ ਹੈ ਕਿ ਭਾਰਤ, ਹੋਰ ਏਸ਼ੀਆਈ ਦੇਸ਼ਾਂ (ਪਾਕਿਸਤਾਨ, ਨੇਪਾਲ, ਸ਼੍ਰੀਲੰਕਾ ਸਮੇਤ) ਵਾਂਗ, ਚੁੱਪਚਾਪ ਇਸਦੀ ਸਰਵਉੱਚਤਾ ਨੂੰ ਸਵੀਕਾਰ ਕਰ ਲਵੇ ਪਰ ਹਾਲ ਹੀ ਦੇ ਸਾਲਾਂ ’ਚ, ਭਾਰਤ ਦਾ ਤੇਜ਼ ਆਰਥਿਕ ਅਤੇ ਰਣਨੀਤਿਕ ਉਭਾਰ ਅਤੇ ਅੰਤਰਰਾਸ਼ਟਰੀ ਮੰਚ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦਾ ਮਜ਼ਬੂਤ ਅਕਸ ਚੀਨ ਨੂੰ ਸਭ ਤੋਂ ਵੱਧ ਪਰੇਸ਼ਾਨ ਕਰ ਰਿਹਾ ਹੈ।
ਤਿੱਬਤ ਚੀਨ ਦੀ ਸਾਮਰਾਜਵਾਦੀ ਭੁੱਖ ਅਤੇ ਭਾਰਤ ਦੇ ਵਿਚਕਾਰ ਇਕ ਬਫਰ ਸਟੇਟ ਸੀ। ਭਾਰਤ ਅਤੇ ਤਿੱਬਤ ਨੇ ਅਨਾਦਿ ਸਮੇਂ ਤੋਂ ਸੱਭਿਆਚਾਰਕ ਵਿਰਾਸਤ ਸਾਂਝੀ ਕੀਤੀ ਹੈ। ਭਾਰਤ ਤੋਂ ਗਈ ਬੋਧੀ ਪਰੰਪਰਾ ਤਿੱਬਤ ਦੀ ਪਛਾਣ ਰਹੀ ਹੈ, ਜਦੋਂ ਕਿ ਦੂਜੇ ਪਾਸੇ ਹਿੰਦੂਆਂ ਦੇ ਪਵਿੱਤਰ ਤੀਰਥ ਸਥਾਨਾਂ ਵਿਚੋਂ ਕੈਲਾਸ਼ ਪਰਬਤ ਅਤੇ ਮਾਨਸਰੋਵਰ ਵੀ ਤਿੱਬਤ ’ਚ ਹਨ। ਅੱਜ ਵੀ, ਬਹੁਤ ਸਾਰੇ ਹਿੰਦੂ ਹਰ ਤਰ੍ਹਾਂ ਦਾ ਜੋਖਮ ਲੈ ਕੇ ਕੈਲਾਸ਼ ਮਾਨਸਰੋਵਰ ਦੀ ਤੀਰਥ ਯਾਤਰਾ ਕਰਨਾ ਚਾਹੁੰਦੇ ਹਨ। ਭਗਵਾਨ ਗੌਤਮ ਬੁੱਧ ਨੇ ਬੋਧ ਗਯਾ ’ਚ ਗਿਆਨ ਪ੍ਰਾਪਤ ਕੀਤਾ, ਸਾਰਨਾਥ ’ਚ ਪਹਿਲਾ ਉਪਦੇਸ਼ ਦਿੱਤਾ, ਜਿਸ ਨੂੰ ਧਰਮਚੱਕਰ ਪਰਿਵਰਤਨ ਕਿਹਾ ਜਾਂਦਾ ਸੀ। ਕੁਸ਼ੀਨਗਰ, ਰਾਜਗੀਰ, ਸ਼੍ਰਾਵਸਤੀ, ਨਾਲੰਦਾ, ਦੀਕਸ਼ਾਭੂਮੀ-ਇਹ ਸਾਰੇ ਸਥਾਨ ਬੋਧੀ ਪਰੰਪਰਾ ਦੇ ਤੀਰਥ ਸਥਾਨ ਹਨ। ਇਹ ਸਪੱਸ਼ਟ ਹੈ ਕਿ ਭਾਰਤ ਤੋਂ ਸ਼ਾਂਤੀਪੂਰਨ ਬੋਧੀ ਸੰਦੇਸ਼ ਪੂਰੀ ਦੁਨੀਆ ’ਚ ਪਹੁੰਚਿਆ ਅਤੇ ਤਿੱਬਤ ਨੇ ਇਸ ਨੂੰ ਆਪਣੇ ’ਚ ਸਮਾ ਲਿਆ।
ਸਵਾਲ ਇਹ ਹੈ ਕਿ-ਤਿੱਬਤ ਇੰਨਾ ਬੇਵੱਸ ਕਿਵੇਂ ਹੋ ਗਿਆ? ਭਾਰਤ ਅਤੇ ਤਿੱਬਤ ਦੀ ਸੰਸਕ੍ਰਿਤੀ ਸਾਂਝੀ ਹੈ। ਸਾਡਾ ਵਿਸ਼ਵਾਸ ਰਿਹਾ ਹੈ ਕਿ ਜੇ ਅਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਤਾਂ ਕੋਈ ਸਾਨੂੰ ਕਿਉਂ ਪਰੇਸ਼ਾਨ ਕਰੇਗਾ। ਇਸੇ ਚਿੰਤਨ ’ਚੋਂ ਪੰਚਸ਼ੀਲ ਨਿਕਲਿਅਾ, ਪਰ ਇਹ ਸਾਨੂੰ ਨਹੀਂ ਬਚਾ ਸਕਿਆ। ਜਦੋਂ ਚੀਨ ਨੇ ਤਿੱਬਤ ’ਤੇ ਹਮਲਾ ਕੀਤਾ, ਤਾਂ ਅਸੀਂ ‘ਹਿੰਦੀ-ਚੀਨੀ ਭਾਈ ਭਾਈ’ ਵਿਚ ਡੁੱਬੇ ਰਹੇ। ਉਸੇ ਚੀਨ ਨੇ 1962 ’ਚ ਭਾਰਤ ’ਤੇ ਹਮਲਾ ਕੀਤਾ ਅਤੇ ਸਾਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਕਦੇ ਵੀ ਕਿਸੇ ਦੀ ਧਰਤੀ ’ਤੇ ਬੁਰੀ ਨਜ਼ਰ ਨਹੀਂ ਰੱਖੀ, ਪਰ ਧਾਰਮਿਕ, ਸਾਮਰਾਜਵਾਦੀ ਅਤੇ ਬਸਤੀਵਾਦੀ ਕਾਰਨਾਂ ਕਰਕੇ ਸਾਡੀ ਧਰਤੀ ਨੂੰ ਵਾਰ-ਵਾਰ ਲਤਾੜਿਆ ਗਿਆ। ਕਾਸਿਮ ਤੋਂ ਲੈ ਕੇ ਗਜ਼ਨਵੀ ਤੱਕ, ਗੌਰੀ, ਖਿਲਜੀ, ਬਾਬਰ, ਔਰੰਗਜ਼ੇਬ, ਅਬਦਾਲੀ, ਟੀਪੂ ਸੁਲਤਾਨ, ਪੁਰਤਗਾਲੀ, ਫਰਾਂਸੀਸੀ ਅਤੇ ਬ੍ਰਿਟਿਸ਼ ਹਮਲੇ ਇਸ ਦੀਆਂ ਉਦਾਹਰਣਾਂ ਹਨ। ਜੇਕਰ ਤੁਹਾਡੇ ਸਾਹਮਣੇ ਵਿਸਥਾਰਵਾਦੀ ਜਾਂ ਏਕਸ਼੍ਵਰਵਾਦੀ ਹਮਲਾਵਰ ਹਨ, ਤਾਂ ਸਿਰਫ਼ ਆਦਰਸ਼ਵਾਦੀ ਹੋਣਾ ਹੀ ਕਾਫ਼ੀ ਨਹੀਂ ਹੈ। ਸੱਚਾਈ ਇਹ ਹੈ ਕਿ ਤਾਕਤ ਅਤੇ ਸ਼ਕਤੀ ਤੋਂ ਬਿਨਾਂ ਸ਼ਾਂਤੀ ਅਤੇ ਸਥਿਰਤਾ ਸੰਭਵ ਨਹੀਂ ਹੈ।
ਚੀਨ ਦਲਾਈ ਲਾਮਾ ਦੇ ਅਹੁਦੇ ’ਤੇ ਕਿਉਂ ਨਜ਼ਰ ਰੱਖ ਰਿਹਾ ਹੈ? ਤਿੱਬਤ ਦੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪ੍ਰਣਾਲੀ ’ਚ ਦਲਾਈ ਲਾਮਾ ਦਾ ਸਭ ਤੋਂ ਉੱਚਾ ਦਰਜਾ ਹੈ। ਉਹ ਤਿੱਬਤ ਦੇ ਧਾਰਮਿਕ ਨੇਤਾ ਅਤੇ ਰਾਜ ਮੁਖੀ ਵੀ ਹਨ। ਤਿੱਬਤ ’ਚ ਦਲਾਈ ਲਾਮਾ ਦਾ ਉੱਤਰਾਧਿਕਾਰੀ ਨਾ ਤਾਂ ਚੋਣ ਰਾਹੀਂ ਚੁਣਿਆ ਜਾਂਦਾ ਹੈ ਅਤੇ ਨਾ ਹੀ ਇਹ ਕਿਸੇ ਪਰਿਵਾਰਕ ਵਿਰਾਸਤ ਦਾ ਹਿੱਸਾ ਹੈ। ਤਿੱਬਤੀ ਵਿਸ਼ਵਾਸ ਹੈ ਕਿ ਜਦੋਂ ਦਲਾਈ ਲਾਮਾ ਦੀ ਮੌਤ ਹੋ ਜਾਂਦੀ ਹੈ, ਤਾਂ ਉਨ੍ਹਾਂ ਦੀ ਆਤਮਾ ਇਕ ਨਵਾਂ ਜਨਮ ਲੈਂਦੀ ਹੈ ਅਤੇ ਉਸ ਨਵੇਂ ਅਵਤਾਰ ਦੀ ਪਛਾਣ ਕਰਕੇ ਵਿਧੀਪੂਰਵਕ ਤਿੱਬਤੀ ਧਰਮ ਗੁਰੂ ਅਤੇ ਸ਼ਾਸਕ ਦੇ ਰੂਪ ’ਚ ਸਥਾਪਨਾ ਕੀਤੀ ਜਾਂਦੀ ਹੈ।
ਦਲਾਈ ਲਾਮਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਤੋਂ ਬਾਅਦ ਵੀ ਦਲਾਈ ਲਾਮਾ ਦੇ ਪੁਨਰ ਜਨਮ ਦੀ ਤਿੱਬਤੀ ਪਰੰਪਰਾ ਜਾਰੀ ਰਹੇਗੀ ਅਤੇ ਇਸ ਦਾ ਅਧਿਕਾਰ ਅਤੇ ਜ਼ਿੰਮੇਵਾਰੀ ਤਿੱਬਤ ਦੀ ਧਾਰਮਿਕ ਸੰਸਥਾ ‘ਗਾਂਡੇਨ ਫੋਡਰਾਂਗ’ ਦੇ ਹੀ ਕੋਲ ਹੈ। ਚੀਨ ਜਾਣਦਾ ਹੈ ਕਿ ਜਿੰਨਾ ਚਿਰ ਦਲਾਈ ਲਾਮਾ ਪਰੰਪਰਾ ਜ਼ਿੰਦਾ ਹੈ, ਤਿੱਬਤ ਵੀ ਜ਼ਿੰਦਾ ਰਹੇਗਾ। ਤਿੱਬਤ ਉੱਤੇ ਪੂਰਾ ਚੀਨੀ ਕੰਟਰੋਲ ਸਿਰਫ਼ ਉਦੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜਦੋਂ ਉਹ ਤਿੱਬਤੀ ਪਰੰਪਰਾ ਦੇ ਪ੍ਰਤੀਕ ਦਲਾਈ ਲਾਮਾ ਦੇ ਅਹੁਦੇ ’ਤੇ ਕਬਜ਼ਾ ਕਰ ਲਵੇ ਜਾਂ ਉਸ ਨੂੰ ਨਸ਼ਟ ਕਰ ਦੇਵੇ। ਇਸ ਡਰ ਕਾਰਨ, ਚੀਨ ਤਿੱਬਤ ’ਚ ਆਬਾਦੀ ਸੰਤੁਲਨ ਨੂੰ ਜ਼ਬਰਦਸਤੀ ਬਦਲ ਰਿਹਾ ਹੈ ਅਤੇ ਤਿੱਬਤੀ ਭਾਸ਼ਾ, ਪਹਿਰਾਵੇ, ਆਰਕੀਟੈਕਚਰ ਅਤੇ ਸਿੱਖਿਆ ਪ੍ਰਣਾਲੀ ਨੂੰ ਚੀਨੀ ਰੰਗ ਦੇ ਰਿਹਾ ਹੈ।
ਕੀ ਚੀਨ ਆਪਣੇ ਮਾੜੇ ਇਰਾਦਿਆਂ ’ਚ ਸਫਲ ਹੋ ਸਕੇਗਾ? ਇਸ ਦਾ ਜਵਾਬ ਯਹੂਦੀਆਂ ਅਤੇ ਇਜ਼ਰਾਈਲ ਦੇ ਇਤਿਹਾਸ ’ਚ ਮਿਲਦਾ ਹੈ। ਇਕ ਸਮੇਂ ਜਿਸ ਤਰ੍ਹਾਂ ਯਹੂਦੀ ਦੁਨੀਆ ਭਰ ’ਚ ਜਲਾਵਤਨਾਂ ਵਾਂਗ ਸੰਘਰਸ਼ਪੂਰਨ ਅਤੇ ਹਿੰਸਾ (ਹੋਲੋਕਾਸਟ ਸਮੇਤ) ਦੀ ਜ਼ਿੰਦਗੀ ਜੀਅ ਰਹੇ ਸਨ, ਉਸੇ ਤਰ੍ਹਾਂ ਪਿਛਲੇ 7 ਦਹਾਕਿਆਂ ਤੋਂ ਤਿੱਬਤੀਆਂ ਦੀ ਵੀ ਇਹੀ ਸਥਿਤੀ ਹੈ ਪਰ ਯਹੂਦੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਕਿਸੇ ਵੀ ਸੱਭਿਆਚਾਰ ਦੇ ਪੈਰੋਕਾਰਾਂ ’ਚ ਦ੍ਰਿੜ੍ਹਤਾ ਹੋਵੇ, ਤਾਂ ਇਕ ਸੰਘਰਸ਼ਸ਼ੀਲ ਸੱਭਿਅਤਾ ਨੂੰ ਵੀ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਸਾਰੀਆਂ ਮੁਸ਼ਕਲਾਂ (ਧਾਰਮਿਕ ਮੁਸ਼ਕਲਾਂ ਸਮੇਤ) ਦੇ ਬਾਵਜੂਦ ਇਜ਼ਰਾਈਲ ਦਾ ਜਨਮ ਅਤੇ ਦੁਸ਼ਮਣਾਂ ਨਾਲ ਘਿਰੇ ਖੇਤਰ ’ਚ ਇਸਦਾ ਮਾਣ ਨਾਲ ਬਚਾਅ ਇਸਦੀ ਇਕ ਉਦਾਹਰਣ ਹੈ।
ਚੀਨ ਨੇ ਭਾਵੇਂ ਹੀ ਤਿੱਬਤ ਦੀ ਧਰਤੀ ’ਤੇ ਕਬਜ਼ਾ ਕਰ ਲਿਆ ਹੋਵੇ, ਪਰ ਉਹ ਅਜੇ ਤੱਕ ਉਸ ਦੀ ਆਤਮਾ ਨੂੰ ਕਾਬੂ ਨਹੀਂ ਕਰ ਸਕਿਆ ਹੈ। ਚੀਨ ਤਿੱਬਤੀਆਂ ਦੀ ਇਸ ਸੱਭਿਆਚਾਰਕ ਜੀਵਨ ਸ਼ਕਤੀ ਤੋਂ ਡਰਦਾ ਹੈ ਅਤੇ ਦਲਾਈ ਲਾਮਾ ਦੇ ਅਹੁਦੇ ’ਤੇ ਕਬਜ਼ਾ ਕਰਨਾ ਜਾਂ ਖਤਮ ਕਰਨਾ ਚਾਹੁੰਦਾ ਹੈ। ਕੀ ਅਜਿਹਾ ਹੋਵੇਗਾ? ਇਸਦਾ ਜਵਾਬ ਮੁੱਖ ਤੌਰ ’ਤੇ ਤਿੱਬਤੀਆਂ ਦੇ ਜੁਝਾਰੂਪਨ ’ਚ ਲੁਕਿਆ ਹੋਇਆ ਹੈ।
ਬਲਬੀਰ ਪੁੰਜ
‘ਅਮਰੀਕਾ ਨਿਰਮਾਣ ਖੇਤਰ ’ਚ ਚੀਨ ਨੂੰ ਦੇ ਸਕਦਾ ਹੈ ਮਾਤ’
NEXT STORY