ਡਾ. ਵਰਿੰਦਰ ਭਾਟੀਆ
ਕੋਰੋਨਾ ਸੰਕਟ ਕਾਰਣ ਭਾਰਤ ਦੀ ਬੇਰੋਜ਼ਗਾਰੀ ਦਰ ’ਚ ਅਥਾਹ ਵਾਧਾ ਹੋ ਸਕਦਾ ਹੈ। ਇਸ ਨੂੰ ਲੈ ਕੇ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨੋਮੀ (ਸੀ. ਐੱਮ. ਆਈ. ਈ.) ਅਤੇ ਕੌਮਾਂਤਰੀ ਕਿਰਤ ਸੰਗਠਨ (ਆਈ. ਐੱਲ. ਓ.) ਨੇ ਆਪਣੀਆਂ ਰਿਪੋਰਟਾਂ ਰਾਹੀਂ ਚਿਤਾਵਨੀ ਜਾਰੀ ਕੀਤੀ ਹੈ। ਕੌਮਾਂਤਰੀ ਕਿਰਤ ਸੰਗਠਨ ਅਨੁਸਾਰ ਭਾਰਤ ਦੇ ਗੈਰ-ਸੰਗਠਿਤ ਖੇਤਰ ਦੇ 40 ਕਰੋੜ ਤੋਂ ਵੱਧ ਮਜ਼ਦੂਰ ਕੋਰੋਨਾ ਨਾਲ ਹੋਏ ਲਾਕਡਾਊਨ ਨਾਲ ਪ੍ਰਭਾਵਿਤ ਹੋ ਸਕਦੇ ਹਨ, ਜਿਸ ਨਾਲ ਉਨ੍ਹਾਂ ਦਾ ਰੋਜ਼ਗਾਰ ਅਤੇ ਕਮਾਈ ਪ੍ਰਭਾਵਿਤ ਹੋਵੇਗੀ। ਇਕ ਰਿਪੋਰਟ ਅਨੁਸਾਰ, ‘‘ਭਾਰਤ ਨਾਈਜੀਰੀਆ ਅਤੇ ਬ੍ਰਾਜ਼ੀਲ ਨਾਲ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੈ, ਜੋ ਇਸ ਮਹਾਮਾਰੀ ਤੋਂ ਪੈਦਾ ਹੋਣ ਵਾਲੀਆਂ ਸਥਿਤੀਆਂ ਨਾਲ ਨਜਿੱਠਣ ਲਈ ਆਸ ਅਨੁਸਾਰ ਸਭ ਤੋਂ ਘੱਟ ਤਿਆਰ ਸਨ। ਇਸੇ ਕਾਰਣ ਇਸ ਦਾ ਅਸਰ ਦੇਸ਼ ਦੇ ਗੈਰ-ਸੰਗਠਿਤ ਖੇਤਰ ’ਚ ਕੰਮ ਕਰਨ ਵਾਲੇ ਮਜ਼ਦੂਰਾਂ ’ਤੇ ਹੋਵੇਗਾ ਅਤੇ ਉਹ ਬੇਰੋਜ਼ਗਾਰੀ ਅਤੇ ਗਰੀਬੀ ਦੇ ਡੂੰਘੇ ਭੈੜੇ ਚੱਕਰ ’ਚ ਫਸਦੇ ਚਲੇ ਜਾਣਗੇ।’’ ਭਾਰਤੀ ਅਰਥਵਿਵਸਥਾ ’ਤੇ ਇਕ ਵਿਸ਼ੇਸ਼ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਮਾਰਚ, 2020 ’ਚ ਭਾਰਤ ਿਵਚ ਬੇਰੋਜ਼ਗਾਰੀ ਦਰ 8.7 ਰਹੀ, ਜੋ ਪਿਛਲੇ 43 ਮਹੀਨਿਆਂ ’ਚ ਸਭ ਤੋਂ ਵੱਧ ਹੈ। ਮੌਜੂਦਾ ਸਮੇਂ ਭਾਰਤ ’ਚ ਬੇਰੋਜ਼ਗਾਰੀ ਦਰ 23 ਫੀਸਦੀ ਤੋਂ ਉੱਪਰ ਪਹੁੰਚ ਗਈ ਹੈ। ਦੁਨੀਆ ਭਰ ’ਚ ਕੋਰੋਨਾ ਵਾਇਰਸ ਨੇ ਵਿਸ਼ਵ ਪੱਧਰੀ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਨਾਲ ਭਾਰਤ ਸਮੇਤ ਦੁਨੀਆ ਦੇ ਚੋਟੀ ਦੇ 15 ਦੇਸ਼ਾਂ ਨੂੰ ਅਰਬਾਂ ਦਾ ਚੂਨਾ ਲੱਗਿਆ ਹੈ। ਇਕ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਕਾਰਣ ਭਾਰਤ ਦੇ ਵਪਾਰ ’ਤੇ ਲੱਗਭਗ 348 ਮਿਲੀਅਨ ਡਾਲਰ ਦਾ ਅਸਰ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਕਾਰਣ ਦੁਨੀਆ ਭਰ ’ਚ ਸਭ ਤੋਂ ਵੱਧ ਨੁਕਸਾਨ ਚੀਨ ਨੂੰ ਝੱਲਣਾ ਪਵੇਗਾ। ਚੀਨ ਦੀ ਵਿਸ਼ਵ ਪੱਧਰੀ ਬਰਾਮਦ ’ਚ 50 ਬਿਲੀਅਨ ਡਾਲਰ ਦੀ ਕਮੀ ਆ ਸਕਦੀ ਹੈ। ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੈਕਟਰਾਂ ’ਚ ਮਸ਼ੀਨਰੀ, ਮੋਟਰ ਵਾਹਨ ਅਤੇ ਸੰਚਾਰ ਯੰਤਰ ਸ਼ਾਮਲ ਹਨ। ਦੁਨੀਆ ਦੀਆਂ ਜਿਹੜੀਆਂ ਅਰਥਵਿਵਸਥਾਵਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ, ਉਨ੍ਹਾਂ ’ਚ ਯੂਰਪੀ ਸੰਘ (15.6 ਬਿਲੀਅਨ ਡਾਲਰ), ਸੰਯੁਕਤ ਰਾਜ ਅਮਰੀਕਾ (5.8 ਅਰਬ ਡਾਲਰ), ਜਾਪਾਨ (5.2 ਬਿਲੀਅਨ ਡਾਲਰ), ਦੱਖਣੀ ਕੋਰੀਆ (3.8 ਬਿਲੀਅਨ ਡਾਲਰ), ਚੀਨ ਦਾ ਤਾਈਵਾਨ ਸੂਬਾ (2.6 ਅਰਬ ਡਾਲਰ) ਅਤੇ ਵੀਅਤਨਾਮ (2.3 ਅਰਬ ਡਾਲਰ) ਹਨ। ਕੋਰੋਨਾ ਦਾ ਵਿਕਾਸਸ਼ੀਲ ਏਸ਼ੀਆਈ ਅਰਥਵਿਵਸਥਾ ’ਤੇ ਵਿਆਪਕ ਅਸਰ ਹੋਵੇਗਾ। ਪ੍ਰਾਪਤ ਅੰਕੜਿਆਂ ਅਨੁਸਾਰ ਚੀਨ ਭਾਰਤ ਦੇ ਚੋਟੀ ਦੇ 20 ਸਾਮਾਨਾਂ ਦੀ 43 ਫੀਸਦੀ ਬਰਾਮਦ ਕਰਦਾ ਹੈ। ਇਸ ’ਚ ਮੋਬਾਇਲ ਹੈਂਡਸੈੱਟ 7.2 ਅਰਬ ਡਾਲਰ, ਕੰਪਿਊਟਰ ਅਤੇ ਪਾਰਟਸ 3 ਅਰਬ ਡਾਲਰ ਅਤੇ ਖਾਦਾਂ ਦੀ ਬਰਾਮਦ 1.5 ਅਰਬ ਡਾਲਰ ਦੀ ਹੁੰਦੀ ਹੈ। ਕੋਰੋਨਾ ਕਾਰਣ ਚੀਨ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਨਾਲ ਭਾਰਤ ’ਤੇ ਇਸ ਦਾ ਵਿਆਪਕ ਅਸਰ ਦੇਖਣ ਨੂੰ ਮਿਲੇਗਾ।
ਕੋਰੋਨਾ ਕਾਰਣ ਆਉਣ ਵਾਲੇ ਦੇਸ਼ਾਂ ਦੇ ਜਿਹੜੇ ਸੈਕਟਰਾਂ ’ਚ ਰੋਜ਼ਗਾਰ ਦੀ ਸਭ ਤੋਂ ਵੱਧ ਮਾਰ ਪੈਣ ਵਾਲੀ ਹੈ, ਉਨ੍ਹਾਂ ’ਚ ਹਵਾਬਾਜ਼ੀ ਖੇਤਰ ਤੋਂ ਲੈ ਕੇ ਸੈਰ-ਸਪਾਟਾ ਉਦਯੋਗ ਨਾਲ ਜੁੜੇ ਕਰਮਚਾਰੀ ਸ਼ਾਮਲ ਹਨ। ਇਨ੍ਹਾਂ ’ਚ ਵੱਡੇ ਪੱਧਰ ’ਤੇ ਨੌਕਰੀਆਂ ਜਾ ਸਕਦੀਆਂ ਹਨ। 10 ਤੋਂ 15 ਕਰੋੜ ਲੋਕ ਗੈਰ-ਸੰਗਠਿਤ ਖੇਤਰ ’ਚ ਕੰਮ ਕਰਦੇ ਹਨ। ਭਾਰਤ ’ਚ ਕੋਰੋਨਾ ਕਾਰਣ ਮਜ਼ਦੂਰ, ਨਿਰਮਾਣ, ਬੁਣਕਰ, ਘਰੇਲੂ ਮਜ਼ਦੂਰ ਆਦਿ ’ਤੇ ਵੱਡੀ ਮਾਰ 90 ਫੀਸਦੀ ਗੈਰ-ਸੰਗਠਿਤ ਖੇਤਰ ’ਚ ਕੰਮ ਕਰਨ ਵਾਲੇ ਲੋਕਾਂ ’ਤੇ ਪਵੇਗੀ, ਿਜਨ੍ਹਾਂ ਦੀਆਂ ਨੌਕਰੀਆਂ ਖਤਮ ਹੋਣ ਦਾ ਖਤਰਾ ਹੈ। ਇਸ ਸਮੇਂ ਭਾਰਤ ਦੇ ਹਵਾਬਾਜ਼ੀ ਖੇਤਰ ’ਚ 3.5 ਲੱਖ ਕਰਮਚਾਰੀ ਕੰਮ ਕਰਦੇ ਹਨ। ਮੌਜੂਦਾ ਸਮੇਂ ’ਚ 200 ਦੇ ਲੱਗਭਗ ਜਹਾਜ਼ ਉਡਾਣਾਂ ਨਹੀਂ ਭਰ ਰਹੇ। ਇਥੇ ਵੱਡੇ ਪੱਧਰ ’ਤੇ ਛਾਂਟੀ ਜਾਂ ਤਨਖਾਹ ’ਚ ਕਟੌਤੀ ਦੀ ਸੰਭਾਵਨਾ ਹੈ। ਇਸੇ ਤਰ੍ਹਾਂ 4.5 ਕਰੋੜ ਤੋਂ ਵੱਧ ਲੋਕ ਰਿਟੇਲ ਸੈਕਟਰ ’ਚ ਕੰਮ ਕਰਦੇ ਹਨ, ਕੋਰੋਨਾ ਕਾਰਣ ਮਾਲ ਤੋਂ ਲੈ ਕੇ ਸਾਰੀਆਂ ਹਾਈਪਰ ਮਾਰਕੀਟਸ ਬੰਦ ਕੀਤੀਆਂ ਗਈਆਂ ਹਨ। ਆਵਾਜਾਈ ’ਚ ਗਿਰਾਵਟ ਆਉਣ ਨਾਲ 25 ਫੀਸਦੀ ਭਾਵ ਇਕ ਕਰੋੜ ਤੋਂ ਵੱਧ ਲੋਕਾਂ ’ਤੇ ਸਿੱਧਾ ਸੰਕਟ ਹੈ। ਇਸ ਸਮੇਂ 50 ਲੱਖ ਤੋਂ ਵੱਧ ਡਰਾਈਵਰ ਕੈਬ ਸੇਵਾਵਾਂ ’ਚ ਕੰਮ ਕਰਦੇ ਹਨ। 20 ਲੱਖ ਡਰਾਈਵਰ ਨਿੱਜੀ ਸੇਵਾ ਮੁਹੱਈਆ ਕਰਵਾਉਂਦੇ ਹਨ। ਇਨ੍ਹਾਂ ਦੀਆਂ 50 ਫੀਸਦੀ ਤਕ ਨੌਕਰੀਆਂ ਘਟਣ ਦੀ ਸੰਭਾਵਨਾ ਹੈ। ਦੇਸ਼ ’ਚ ਸੈਰ-ਸਪਾਟਾ, ਹੋਟਲ ਉਦਯੋਗ ’ਚ 5.5 ਕਰੋੜ ਤੋਂ ਵੱਧ ਕਰਮਚਾਰੀ ਜੁੜੇ ਹੋਏ ਹਨ। ਹੋਟਲ ਅਤੇ ਸੈਰ-ਸਪਾਟਾ ਦੇ ਕਾਰੋਬਾਰ ’ਚ ਲੱਗਭਗ 70 ਤੋਂ 80 ਫੀਸਦੀ ਕਮੀ ਆਈ ਹੈ। ਇਸ ਖੇਤਰ ’ਚ 1.20 ਲੱਖ ਨੌਕਰੀਆਂ ’ਤੇ ਸਿੱਧੇ ਤੌਰ ’ਤੇ ਤਲਵਾਰ ਚੱਲਣ ਦਾ ਖਦਸ਼ਾ ਹੈ। ਇਨਫ੍ਰਾ ਅਤੇ ਰੀਅਲ ਅਸਟੇਟ ’ਚ 20 ਫੀਸਦੀ ਨੌਕਰੀਆਂ ਪਹਿਲਾਂ ਹੀ ਆਰਥਿਕ ਸੰਕਟ ਕਾਰਣ ਖਤਮ ਹੋਈਆਂ। ਇਸ ’ਚ 35 ਫੀਸਦੀ ਹੋਰ ਨੌਕਰੀਆਂ ’ਤੇ ਕੈਂਚੀ ਚੱਲਣ ਦੀ ਸੰਭਾਵਨਾ ਹੈ। ਉਪਰੋਕਤ ਪੜਤਾਲ ਦੱਸਦੀ ਹੈ ਕਿ ਦੇਸ਼ ’ਚ ਕੋਰੋਨਾ ਨੇ ਇਸ ਸਮੇਂ ਰੋਜ਼ਗਾਰ ਦਾ ਗੁਲਸ਼ਨ ਲੱਗਭਗ ਉਜਾੜ ਦਿੱਤਾ ਹੈ। ਇਹ ਸਰਕਾਰਾਂ ਅਤੇ ਸਮਾਜ ਲਈ ਵੱਡਾ ਚੈਲੰਜ ਹੈ। ਦੇਸ਼ ਦਾ ਸਮਾਜਿਕ ਸੰਤੁਲਨ ਬਣਾਈ ਰੱਖਣ ਲਈ ਤੇ ਬੇਰੋਜ਼ਗਾਰੀ ਤੋਂ ਪੈਦਾ ਸਥਿਤੀਆਂ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੂੰ ਇਸ ਲਈ ਇਕ ਬਹੁਤ ਹੀ ਕਾਰਗਰ ਆਰਥਿਕ ਯੋਜਨਾ ਅਤੇ ਪ੍ਰਬੰਧ ਦੀ ਲੋੜ ਪਵੇਗੀ।
ਮੋਦੀ ਦੇ ਭਾਸ਼ਣ ਦੇ ਦੋਵੇਂ ਪਹਿਲੂ
NEXT STORY