ਬਿਹਾਰ ’ਚ ਤਾਂ ਐੱਸ. ਆਈ. ਆਰ. ਸਿਰਫ ਪਾਇਲਟ ਪ੍ਰਾਜੈਕਟ ਸੀ, ਅਸਲੀ ਪ੍ਰਯੋਗ ਤਾਂ ਬੰਗਾਲ ’ਚ ਹੋਣ ਵਾਲਾ ਹੈ। ਤਾਂ ਕੀ ਬੰਗਾਲ ’ਚ ਮਮਤਾ ਬੈਨਰਜੀ ਹਾਰ ਜਾਵੇਗੀ, ਕੀ ਮਮਤਾ ਨੂੰ ਹਰਾਉਣਾ ਇੰਨਾ ਆਸਾਨ ਹੈ। ਬੰਗਾਲ ’ਚ ਵਿਧਾਨ ਸਭਾ ਚੋਣਾਂ ਮਾਰਚ-ਅਪ੍ਰੈਲ ’ਚ ਹੋਣ ਵਾਲੀਆਂ ਹਨ ਅਤੇ ਹੁਣ ਤੋਂ ਚੋਣਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਗਲੇ ਦੋ-ਤਿੰਨ ਮਹੀਨਿਆਂ ’ਚ ਮੌਸਮ ਵਿਗੜਨਾ ਤੈਅ ਹੈ, ਲਿਹਾਜਾ ਚੋਣਾਂ ਨਾਲ ਸਬੰਧਤ ਪਾਰਟੀਆਂ ਨੂੰ ਪੇਟੀ ਬੰਨ੍ਹ ਲੈਣੀ ਚਾਹੀਦੀ ਹੈ।
ਭਾਜਪਾ ਦੀ ਐੱਨ. ਡੀ. ਏ. ਸਰਕਾਰ ਲੋਕ ਧਨਬਲ ਹੈ ਅਤੇ ਨੇਤਾਵਾਂ ਦੀ ਫੌਜ ਹੈ, ਬਿਹਤਰ ਰਣਨੀਤੀਕਾਰ ਹਨ ਪਰ ਮਮਤਾ ਬੈਨਰਜੀ ਬੰਗਾਲ ਦੀ ਮੁੱਖ ਮੰਤਰੀ ਹੈ, ਮਹਿਲਾਵਾਂ ’ਚ ਲੋਕਪ੍ਰਿਯ ਹੈ, ਜਿੱਤ ਦਾ ਜਜ਼ਬਾ ਹੈ ਅਤੇ ਮੁਸਲਿਮ-ਹਿੰਦੂਆਂ ਨੂੰ ਖੁਸ਼ ਰੱਖਿਆ ਹੈ। ਅਜਿਹੇ ’ਚ ਮੁਕਾਬਲਾ ਸਖਤ ਅਤੇ ਨਜ਼ਦੀਕੀ ਹੋ ਸਕਦਾ ਹੈ।
ਆਮ ਤੌਰ ’ਤੇ ਕਿਹਾ ਜਾ ਰਿਹਾ ਹੈ ਕਿ 30 ਲੱਖ ਤੋਂ ਲੈ ਕੇ ਇਕ ਕਰੋੜ ਤੱਕ ਵੋਟਾਂ ਸ਼ੱਕੀ ਹਨ। ਮਮਤਾ ਇਸ ਨੂੰ ਸਮਝ ਰਹੀ ਹੈ। ਭਾਜਪਾ ਦੇ ਬੰਗਾਲ ਦੇ ਨੇਤਾ ਅਜਿਹਾ ਸੰਕੇਤ ਦੇ ਰਹੇ ਹਨ।
ਪਿਛਲੇ 10 ਸਾਲਾਂ ਨੂੰ ਦੇਖਿਆ ਜਾਵੇ ਤਾਂ ਭਾਜਪਾ ਦਾ ਗ੍ਰਾਫ ਤੇਜ਼ੀ ਨਾਲ ਵਧਿਆ ਹੈ ਪਰ ਮਮਤਾ ਬੈਨਰਜੀ ਦੀ ਪਕੜ ’ਚ ਵੀ ਕੋਈ ਕਮੀ ਨਹੀਂ ਆਈ ਹੈ। ਕੁਲ ਮਿਲਾ ਕੇ ਕਾਂਗਰਸ ਅਤੇ ਖੱਬੇਪੱਖੀ ਮੋਰਚਾ ਸਿਆਸੀ ਹਾਸ਼ੀਏ ’ਤੇ ਚਲੇ ਗਏ ਹਨ। 2016 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ 10 ਫੀਸਦੀ ਵੋਟਾਂ ਮਿਲੀਆਂ ਸਨ ਅਤੇ ਸਿਰਫ 3 ਸੀਟਾਂ ਹੀ ਜਿੱਤ ਸਕੀ ਸੀ ਪਰ 2021 ਦੀਆਂ ਵਿਧਾਨ ਸਭਾ ਚੋਣਾਂ ’ਚ 3 ਗੁਣਾ ਵਧ ਕੇ ਵੋਟ ਫੀਸਦੀ 30 ਫੀਸਦੀ ਹੋ ਜਾਂਦੀ ਹੈ। ਸੀਟਾਂ ਦੀ ਗਿਣਤੀ 3 ਤੋਂ ਵਧ ਕੇ 77 ਹੋ ਜਾਂਦੀ ਹੈ। ਉਧਰ ਮਮਤਾ ਬੈਨਰਜੀ 2016 ਦੀਆਂ ਚੋਣਾਂ 2 ਤਿਹਾਈ ਵੋਟਾਂ ਨਾਲ ਅਤੇ 2021 ’ਚ 3 ਚੌਥਾਈ ਵੋਟਾਂ ਨਾਲ ਜਿੱਤਦੀ ਹੈ।
2021 ’ਚ ਮਮਤਾ ਨੂੰ 2 ਕਰੋੜ 87 ਲੱਖ ਵੋਟਾਂ ਮਿਲਦੀਆਂ ਹਨ, ਭਾਜਪਾ ਨੂੰ 2 ਕਰੋੜ 28 ਲੱਖ ਵੋਟਾਂ ਮਿਲਦੀਆਂ ਹਨ। 2024 ਦੀਆਂ ਲੋਕ ਸਭਾ ਚੋਣਾਂ ’ਚ ਮਮਤਾ ਬੈਨਰਜੀ ਨੂੰ 2 ਕਰੋੜ 75 ਲੱਖ ਵੋਟਾਂ ਮਿਲਦੀਆਂ ਹਨ। 42 ’ਚੋਂ 29 ਲੋਕ ਸਭਾ ਸੀਟਾਂ ਕਬਜ਼ੇ ’ਚ ਆਉਂਦੀਆਂ ਹਨ। ਉਧਰ ਭਾਜਪਾ 12 ਸੀਟਾਂ ’ਤੇ ਸਿਮਟ ਜਾਂਦੀ ਹੈ। 2019 ’ਚ 18 ਸੀਟਾਂ ਸਨ ਪਰ ਭਾਜਪਾ ਦੀਆਂ ਵੋਟਾਂ 2 ਕਰੋੜ 33 ਲੱਖ ਹੋ ਜਾਂਦੀਆਂ ਹਨ। ਇਸ ਹਿਸਾਬ ਨਾਲ ਦੇਖੀਏ ਤਾਂ ਮਮਤਾ ਅਤੇ ਮੋਦੀ ’ਚ ਵੋਟਾਂ ਦਾ ਫਾਸਲਾ 2021 ਦੇ 59 ਲੱਖ ਤੋਂ ਘਟ ਕੇ 42 ਲੱਖ ਹੀ ਰਹਿ ਜਾਂਦਾ ਹੈ।
ਅਜਿਹੇ ’ਚ ਜੇਕਰ 20-22 ਲੱਖ ਵੋਟਾਂ ਇੱਧਰ-ਉਧਰ ਹੋਈਆਂ ਤਾਂ ਮਮਤਾ ਦੀ ਖੇਡ ਵਿਗੜ ਸਕਦੀ ਹੈ ਅਤੇ ਜੇਕਰ ਸੱਚ ’ਚ ਇਕ ਕਰੋੜ ਵੋਟਾਂ ਕੱਟੀਆਂ ਗਈਆਂ ਤਾਂ ਬੰਗਾਲ ’ਚ ਬਿਹਾਰ ਤੋਂ ਵੀ ਵੱਡੀ ਸੁਨਾਮੀ ਆ ਸਕਦੀ ਹੈ। ਇੱਥੇ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਭਾਜਪਾ ਦਾ ਜਨ ਆਧਾਰ ਵਧਿਆ ਤਾਂ ਹੈ ਪਰ ਉਸ ਨੂੰ ਜਾਂ ਤਾਂ ਮਮਤਾ ਵਿਰੋਧੀਆਂ ਦੀ ਵੋਟ ਮਿਲੀ, ਜੋ ਖੱਬੀਆਂ ਪਾਰਟੀਆਂ ਅਤੇ ਕਾਂਗਰਸ ਦੀ ਲਗਾਤਾਰ ਅਸਫਲਤਾ ਤੋਂ ਦੁਖੀ ਸਨ ਜਾਂ ਫਿਰ ਮਮਤਾ ਦੇ ਦਲ ਤੋਂ ਭਾਜਪਾ ’ਚ ਗਏ ਨੇਤਾ ਆਪਣੇ ਨਾਲ ਆਪਣੇ ਹਿੱਸੇ ਦਾ ਵੋਟਰ ਲੈ ਕੇ ਆਏ। ਹੁਣ ਇਸ ਆਧਾਰ ’ਤੇ ਭਾਜਪਾ 30 ਫੀਸਦੀ ਤੱਕ ਤਾਂ ਪਹੁੰਚ ਗਈ ਪਰ ਕਰੀਬ 47 ਫੀਸਦੀ ਵਾਲੀ ਮਮਤਾ ਨੂੰ ਇਸ ਗਿਣਤੀ ਨਾਲ ਹਰਾਇਆ ਨਹੀਂ ਜਾ ਸਕਦਾ। ਜਦੋਂ ਤੱਕ ਮਮਤਾ ਬੈਨਰਜੀ ਦੇ ਸੁਰੱਖਿਅਤ ਵੋਟ ਬੈਂਕ ’ਚ ਸੰਨ੍ਹਮਾਰੀ ਨਹੀਂ ਹੋਵੇਗੀ ਉਦੋਂ ਤੱਕ ਭਾਜਪਾ ਦਾ ਸੱਤਾ ’ਚ ਆਉਣਾ ਮੁਸ਼ਕਲ ਲੱਗਦਾ ਹੈ। ਖੱਬੇਪੱਖੀ ਦਲਾਂ ਅਤੇ ਕਾਂਗਰਸ ਦਾ ਵੋਟਰ ਜੋ ਭਾਜਪਾ ਦੇ ਨਾਲ ਚਲਾ ਗਿਆ ਸੀ, ਉਹ ਉਥੇ ਹੀ ਟਿਕਿਆ ਰਹੇਗਾ, ਇਹ ਕਹਿਣਾ ਵੀ ਮੁਸ਼ਕਲ ਨਜ਼ਰ ਆਉਂਦਾ ਹੈ।
ਪਰ ਮਮਤਾ ਕੀ ਅਜਿਹਾ ਹੋਣ ਦੇਵੇਗੀ? ਸਭ ਤੋਂ ਵੱਡੀ ਗੱਲ ਹੈ ਕਿ ਬਿਹਾਰ ’ਚ ਐੱਨ. ਡੀ. ਏ. ਦੀ ਸਰਕਾਰ ਸੀ ਪਰ ਬੰਗਾਲ ’ਚ ਮਮਤਾ ਦੀ ਸਰਕਾਰ ਹੈ। ਅਜਿਹੇ ’ਚ ਆਪਣੀ ਮਰਜ਼ੀ ਨਾਲ ਐੱਸ. ਆਈ. ਆਰ. ਕਰਵਾਉਣਾ ਸੰਭਵ ਨਹੀਂ ਹੋਵੇਗਾ। ਮਮਤਾ ਦੋ ਮੋਰਚਿਆਂ ’ਤੇ ਸਰਗਰਮ ਨਜ਼ਰ ਆਉਂਦੀ ਹੈ। ਇਕ, ਘੱਟੋ-ਘੱਟ ਵੋਟਾਂ ਕੱਟਣ। ਦੋ, ਪੂਰੀ ਤਰ੍ਹਾਂ ਨਾਲ ਠੋਕ ਵਜਾ ਕੇ ਹੀ ਨਵੇਂ ਵੋਟਰ ਦੇ ਨਾਂ ਜੋੜੇ ਜਾਣ। ਚੋਣ ਕਮਿਸ਼ਨ ਦਾ ਨਵਾਂ ਟੈਂਡਰ ਮਮਤਾ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਕਮਿਸ਼ਨ ਨੇ 1,000 ਡਾਟਾ ਐਂਟਰੀ ਆਪ੍ਰੇਟਰ ਅਤੇ 50 ਸਾਫਟਵੇਅਰ ਡਿਵੈਲਪਮੈਂਟ ਸਮਝੌਤੇ ਦੇ ਆਧਾਰ ’ਤੇ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੂੰ 1 ਸਾਲ ਲਈ ਰੱਖਿਆ ਜਾਵੇਗਾ। ਮਮਤਾ ਨੇ ਇਸ ਦਾ ਵਿਰੋਧ ਕੀਤਾ ਹੈ। ਹੁਣ ਵੋਟਰ ਦਾ ਫਾਰਮ ਕਿਵੇਂ ਭਰਿਆ ਜਾਂਦਾ ਹੈ, ਇਹ ਮਹੱਤਵਪੂਰਨ ਨਹੀਂ ਹੈ, ਮਹੱਤਵਪੂਰਨ ਇਹ ਹੈ ਕਿ ਡਾਟਾ ਐਂਟਰੀ ਕੀ ਕੀਤੀ ਜਾਂਦੀ ਹੈ, ਉਸੇ ਦੇ ਆਧਾਰ ’ਤੇ ਵੋਟਰ ਦਾ ਨਾਂ ਮਨਜ਼ੂਰ ਹੋਵੇਗਾ ਜਾਂ ਰੱਦ ਹੋ ਜਾਵੇਗਾ। ਇਸ ਮੁੱਦੇ ’ਤੇ ਟੀ. ਐੱਮ. ਸੀ. ਦੇ 10 ਸੰਸਦ ਮੈਂਬਰਾਂ ਨੇ ਚੋਣ ਕਮਿਸ਼ਨ ਨੂੰ ਮਿਲਣ ਦਾ ਸਮਾਂ ਮੰਗਿਆ ਹੈ।
ਉੱਧਰ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦਾ ਕਹਿਣਾ ਹੈ ਕਿ ਬੰਗਾਲ ’ਚ ਨਾਜਾਇਜ਼ ਤੌਰ ’ਤੇ ਘੁਸਪੈਠੀਆਂ ਦੀ ਭਰਮਾਰ ਹੈ ਅਤੇ ਇਕ ਕਰੋੜ ਨਾਂ ਕੱਟੇ ਜਾਣ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਭਾਜਪਾ ਜਾਣਦੀ ਹੈ ਕਿ ਉਹ ਬਿਹਾਰ ਵਾਂਗ ਮਹਿਲਾਵਾਂ ਲਈ 10 ਹਜ਼ਾਰੀ ਯੋਜਨਾ ’ਤੇ ਬੰਗਾਲ ’ਚ ਅਮਲ ਨਹੀਂ ਕਰ ਸਕਦੀ, ਕਿਉਂਕਿ ਉਥੇ ਉਸ ਦੀ ਸਰਕਾਰ ਨਹੀਂ ਹੈ। ਦੇਸ਼ ਭਰ ਲਈ ਕੋਈ ਯੋਜਨਾ ਲਾਗੂ ਕਰ ਕੇ ਹੀ ਉਹ ਬੰਗਾਲ ਦੀਆਂ ਮਹਿਲਾਵਾਂ ਤੱਕ ਪਹੁੰਚ ਸਕਦੀ ਹੈ। ਵਿੱਤੀ ਹਾਲਤ ਦੇਖਦੇ ਹੋਏ ਅਜਿਹਾ ਸੰਭਵ ਨਹੀਂ ਹੈ। ਉਂਝ ਵੀ ਈ. ਡੀ. ਦੇ ਰਾਡਾਰ ’ਤੇ ਮਮਤਾ ਦੇ ਭਤੀਜੇ ਅਭਿਸ਼ੇਕ ਬੈਨਰਜੀ ਤੋਂ ਲੈ ਕੇ ਕਰੀਬ 10 ਪ੍ਰਮੁੱਖ ਸੰਸਦ ਮੈਂਬਰ ਅਤੇ ਮਮਤਾ ਮੰਤਰੀ ਮੰਡਲ ਦੇ ਮੰਤਰੀ ਹਨ। ਕੀ ਅਗਲੇ 2 ਮਹੀਨਿਆਂ ’ਚ ਈ. ਡੀ. ਓਵਰਟਾਈਮ ਕਰਦੀ ਨਜ਼ਰ ਆਏਗੀ?
ਭਾਜਪਾ ਬੰਗਾਲ ’ਚ ਹਿੰਦੂਤਵ ਅਤੇ ਵਿਕਾਸ ਦਾ ਘੋਲ ਪਰੋਸਦੀ ਰਹੀ ਹੈ। ਬੰਗਾਲ ’ਚ ਕਰੀਬ 30 ਫੀਸਦੀ ਮੁਸਲਿਮ ਹਨ ਅਤੇ ਭਾਜਪਾ ਲਈ ਹਿੰਦੂ-ਮੁਸਲਿਮ ਕਰਨਾ ਆਸਾਨ ਹੋਣਾ ਚਾਹੀਦਾ ਹੈ ਪਰ ਅਜਿਹਾ ਹੋਣਾ ਨਹੀਂ ਹੈ। ਬੰਗਾਲ ’ਚ ਆਮ ਤੌਰ ’ਤੇ ਹਿੰਦੂ ਧਰਮਨਿਰਪੱਖ ਰਹੇ ਹਨ। ਅਜਿਹੇ ’ਚ ਵਿਰੋਧੀ ਵੋਟ ’ਤੇ ਐੱਸ.ਆਈ.ਆਰ. ਦੀ ਕੁਲਹਾੜੀ ਚਲਾਉਣਾ ਆਸਾਨ ਉਪਾਅ ਹੈ ਪਰ ਭਾਜਪਾ ਇਸ ਦੇ ਨਾਲ ਮਮਤਾ ਦੀ ਬੰਗਾਲੀ ਪਛਾਣ ਦੇ ਹਥਿਆਰ ਦਾ ਤੋੜ ਕੱਢਣ ’ਚ ਲੱਗੀ ਹੋਈ ਹੈ। ਬੰਗਾਲ ’ਚ ਬਾਹਰੀ ਬਨਾਮ ਬੰਗਾਲ ਦੀ ਬੇਟੀ ਦੇ ਵਿਚਾਲੇ ਚੋਣ ਦਾ ਨੈਰੇਟਿਵ ਮਮਤਾ ਸਥਾਪਿਤ ਕਰਦੀ ਰਹੀ ਹੈ, ਇਸ ਵਾਰ ਭਾਜਪਾ ਭਾਰਤੀ ਜਨਸੰਘ ਦੇ ਬਾਨੀ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜ਼ਰੀਏ ਸੰਨ੍ਹ ਲਗਾਉਣ ਦੀ ਕੋਸ਼ਿਸ਼ ’ਚ ਹੈ।
ਉਸ ਦਾ ਕਹਿਣਾ ਹੈ ਕਿ ਬੰਗਾਲ ਦੀ ਜਨਤਾ ਨੂੰ ਹਲਮਾਵਰੀ ਅੰਦਾਜ਼ ’ਚ ਇਹ ਸਮਝਾਉਣ ਦੀ ਕੋਸ਼ਿਸ਼ ਹੋਵੇਗੀ ਕਿ ਉਨ੍ਹਾਂ ਦੇ ਮੁਖਰਜੀ ਬੰਗਾਲ ਦੀ ਮਿੱਟੀ ਦੇ ਹੀ ‘ਮਾਨੁਸ਼’ ਸਨ। ਅਜਿਹੇ ’ਚ ਉਨ੍ਹਾਂ ’ਤੇ ਬਾਹਰੀ ਹੋਣ ਦਾ ਦੋਸ਼ ਨਹੀਂ ਲਗਾਇਆ ਜਾ ਸਕਦਾ। ਮਮਤਾ ਬੈਨਰਜੀ ਭਾਜਪਾ ਦੀ ਇਸ ਚਾਲ ਨੂੰ ਪਹਿਲਾਂ ਹੀ ਸਮਝ ਗਈ ਸੀ। ਉਸ ਨੇ ਦੁਰਗਾ ਪੂਜਾ ਮੌਕੇ ’ਤੇ ਲੱਗਣ ਵਾਲੇ ਪੰਡਾਲਾਂ ਲਈ ਜੰਮ ਕੇ ਪੈਸਾ ਦੇਣਾ ਸ਼ੁਰੂ ਕੀਤਾ। ਜੇਕਰ ਮੌਲਵੀਆਂ ਦਾ ਮਾਣਭੱਤਾ ਵਧਾਇਆ ਤਾਂ ਪੁਜਾਰੀਆਂ ਦੇ ਮਾਣਭੱਤੇ ’ਚ ਵੀ ਓਨਾ ਹੀ ਇਜ਼ਾਫਾ ਕੀਤਾ। ਪਿਛਲੀਆਂ ਲੋਕ ਸਭਾ ਚੋਣਾਂ ’ਚ ਤਾਂ ਮਮਤਾ ਚੋਣ ਸਭਾਵਾਂ ’ਚ ਚੰਡੀ ਦਾ ਪਾਠ ਕਰਦੀ ਨਜ਼ਰ ਆਈ ਸੀ। ਭਾਜਪਾ ਦਾ ਹਿੰਦੂ ਕਾਰਡ ਤਾਂ ਲੋਕ ਸਭਾ ਚੋਣਾਂ ’ਚ ਹੀ ਠੁੱਸ ਹੋ ਗਿਆ ਸੀ। ਇੰਝ ਕਿਹਾ ਜਾਵੇ ਕਿ ਉਮੀਦ ਦੇ ਮੁਤਾਬਕ ਚੱਲਿਆ ਨਹੀਂ ਪਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਸੰਘ ਦੇ ਨਾਲ ਮਿਲ ਕੇ ਇਸ ਕਾਰਡ ਨੂੰ ਫਿਰ ਤੋਂ ਭਨਾਉਣ ਦੇ ਫੇਰ ’ਚ ਹੈ।
ਪਰ ਟੀ. ਐੱਮ. ਸੀ ’ਚ ਹੇਠਲੇ ਪੱਧਰ ’ਤੇ ਭ੍ਰਿਸ਼ਟਾਚਾਰ ਬਹੁਤ ਹੈ। ਮਮਤਾ ਇਸ ’ਤੇ ਰੋਕ ਲਗਾਉਣ ’ਚ ਕਾਮਯਾਬ ਨਹੀਂ ਹੋਈ ਹੈ। ਪਿਛਲੀਆਂ ਲੋਕ ਸਭਾ ਚੋਣਾਂ ’ਚ ਮੋਦੀ ਨੇ ਇਸ ਚੋਰੀ ਚਕਾਰੀ ਨੂੰ ਵੱਡਾ ਮੁੱਦਾ ਬਣਾਇਆ ਸੀ। ਮਮਤਾ ਨੇ ਉਦੋਂ ਕੁਝ ਜਗ੍ਹਾ ਵਰਕਰਾਂ ਨੂੰ ਰਿਸ਼ਵਤ ਦੀ ਰਕਮ ਵਾਪਸ ਵੀ ਕੀਤੀ ਸੀ ਪਰ ਇਹ ਕੰਮ ਹੱਦ ਤੋਂ ਜ਼ਿਆਦਾ ਪੂਰਾ ਨਹੀਂ ਹੋਇਆ। ਮਮਤਾ ਬੈਨਰਜੀ ਦੇ ਖਿਲਾਫ ਇਹ ਮਾਮਲਾ ਤੂਲ ਫੜ ਸਕਦਾ ਹੈ। ਮਮਤਾ ਬੈਨਰਜੀ ਨੇ ਸਮਾਜ ਦੇ ਵੱਖ-ਵੱਖ ਵਰਗਾਂ ਲਈ ਢੇਰਾਂ ਯੋਜਨਾਵਾਂ ਚਲਾਈਆਂ ਹੋਈਆਂ ਹਨ। ਭਾਜਪਾ ਇਨ੍ਹਾਂ ਯੋਜਨਾਵਾਂ ’ਚ ਭ੍ਰਿਸ਼ਟਾਚਾਰ ਅਤੇ ਯੋਜਨਾ ਤੋਂ ਵਾਂਝੇ ਵੋਟਰਾਂ ਨੂੰ ਵੀ ਟਾਰਗੈੱਟ ’ਤੇ ਲੈ ਰਹੀ ਹੈ। ਕੁਲ ਮਿਲਾ ਕੇ ਮੁਕਾਬਲਾ ਤਕੜਾ ਹੋਣ ਵਾਲਾ ਹੈ। ਮਮਤਾ ਜੇਕਰ ਮੋਦੀ ਨੂੰ ਚੁਣੌਤੀ ਦੇ ਰਹੀ ਹੈ ਤਾਂ ਮਮਤਾ ਨੂੰ ਮੋਦੀ ਤੋਂ ਚੁਣੌਤੀ ਵੀ ਮਿਲ ਰਹੀ ਹੈ।
–ਵਿਜੇ ਵਿਦਰੋਹੀ
ਵੱਖ-ਵੱਖ ਕਾਰਨਾਂ ਕਰਕੇ ਵਧ ਰਿਹਾ ਆਤਮਹੱਤਿਆ ਦਾ ਰੁਝਾਨ!
NEXT STORY