ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਅਪ੍ਰੈਲ ਨੂੰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਨਿਸ਼ਚਿਤ ਤੌਰ ’ਤੇ ਨਿਆਂ ਮਿਲੇਗਾ। ਇਸ ਘਿਨੌਣੇ ਕਾਂਡ ਦੀਆਂ ਦੁਖਦਾਇਕ ਤਸਵੀਰਾਂ ਵੇਖ ਕੇ ਉਨ੍ਹਾਂ ਨੇ ਸਹੀ ਕਿਹਾ ਕਿ ਹਰ ਭਾਰਤੀ ਦਾ ਖੂਨ ਉਬਲ ਰਿਹਾ ਹੈ ਅਤੇ 26 ਨਾਗਰਿਕਾਂ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਜਵਾਬ ਦਿੱਤਾ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਏਕਤਾ ਤੇ 140 ਕਰੋੜ ਨਾਗਰਿਕਾਂ ਦੀ ਇਕਜੁੱਟਤਾ ਅੱਤਵਾਦ ਵਿਰੁੱਧ ਲੜਾਈ ਦੀ ਸਭ ਤੋਂ ਵੱਡੀ ਤਾਕਤ ਹੈ। ਪ੍ਰਧਾਨ ਮੰਤਰੀ ਨੇ ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਕਸ਼ਮੀਰ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ’ਤੇ ਕੀਤਾ ਿਗਆ ਹਮਲਾ ਅੱਤਵਾਦ ਦੇ ਸਪਾਂਸਰਾਂ ਦੀ ਨਿਰਾਸ਼ਾ ਅਤੇ ਕਾਇਰਤਾ ਨੂੰ ਦਰਸਾਉਂਦਾ ਹੈ।
ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ‘ਦਿ ਰੈਜਿਸਟੈਂਟ ਫਰੰਟ’ ਨੇ ਲਈ ਹੈ। ਇਸ ਸਮੁੱਚੇ ਘਟਨਾਕ੍ਰਮ ਬਾਰੇ ਤਫਤੀਸ਼ ਭਾਰਤ ਦੀ ਐੱਨ. ਆਈ. ਏ. ਵਲੋਂ ਕੀਤੀ ਜਾ ਰਹੀ ਹੈ। ਇਸ ਕਾਇਰਤਾਪੂਰਨ ਹਮਲੇ ਦੀ ਆਲੋਚਨਾ ਦੁਨੀਆ ਭਰ ਦੇ ਮੁਲਕਾਂ ਵਲੋਂ ਕੀਤੀ ਜਾ ਰਹੀ ਹੈ।
ਭਾਰਤ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਨੇ ਆਪਣਾ ਪੂਰਾ ਸਮਰਥਨ ਦਿੱਤਾ ਹੈ। ਇਸ ਦੇ ਨਾਲ ਇਹ ਪਹਿਲੀ ਵਾਰ ਵਾਪਰਿਆ ਜਦੋਂ ਕਸ਼ਮੀਰ ਅੰਦਰ ਵੀ ਸਾਰੀਆਂ ਪਾਰਟੀਆ, ਸਮਾਜਿਕ ਤੇ ਧਾਰਮਿਕ ਧਿਰਾਂ ਵਲੋਂ ਵੀ ਹਮਲੇ ਦੀ ਨਿੰਦਾ ਕਰਨ ਦੇ ਨਾਲ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪਾਕਿਸਤਾਨ ’ਤੇ ਕਾਰਵਾਈ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਭਾਰਤ ਸਰਕਾਰ ਨੇ ਤੁਰੰਤ ਕਾਰਵਾਈ ਕਰਦੇ ਹੋਏ 5 ਵੱਡੇ ਫੈਸਲੇ ਲਏ ਹਨ ਜਿਨ੍ਹਾਂ ’ਚ ਸਿੰਧੂ ਜਲ ਸਮਝੌਤੇ ’ਤੇ ਰੋਕ, ਅਟਾਰੀ ਚੈੱਕ ਪੋਸਟ ਬੰਦ ਕਰ ਦਿੱਤਾ ਿਗਆ ਹੈ। ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਗਏ ਹਨ। ਪਾਕਿਸਤਾਨ ਹਾਈ ਕਮਿਸ਼ਨ ਦੇ ਰੱਖਿਆ, ਨੇਵੀ ਤੇ ਹਵਾਈ ਫੌਜ ਦੇ ਸਲਾਹਕਾਰ ਵਾਪਸ ਭੇਜੇ ਤੇ ਸਫਾਰਤਖਾਨੇ ਦੀ ਗਿਣਤੀ 50 ਤੋਂ ਘਟਾ ਕੇ 30 ਕਰ ਦਿੱਤੀ।
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ 28 ਅਪ੍ਰੈਲ ਨੂੰ ਕਿਹਾ ਕਿ ਭਾਰਤ ਵਲੋਂ ਹਮਲਾ ਯਕੀਨੀ ਹੈ ਤੇ ਕਿਸੇ ਵੇਲੇ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਹਾਈ ਅਲਰਟ ’ਤੇ ਹੈ। ਜੇ ਸਾਡੀ ਹੋਂਦ ਨੂੰ ਖਤਰਾ ਹੋਇਆ ਤਾਂ ਅਸੀਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਾਂਗੇ।
ਪਾਕਿਸਤਾਨ ਦੇ ਰੇਲ ਮੰਤਰੀ ਹਨੀਫ ਅੱਬਾਸੀ ਨੇ ਇਹ ਕਹਿ ਕੇ ਧਮਕੀ ਦਿੱਤੀ ਕਿ ਜੇਕਰ ਭਾਰਤ ਪਾਣੀ ਰੋਕਦਾ ਹੈ ਤਾਂ ਫਿਰ ਸਾਰੀਆਂ ਮਿਜ਼ਾਈਲਾਂ ਤੇ 130 ਪ੍ਰਮਾਣੂ ਬੰਬ ਭਾਰਤ ਲਈ ਰੱਖੇ ਹਨ। ਪਾਕਿਸਤਾਨ ਨੇ ਤਾਂ ਚੀਨ ਨੂੰ ਬ੍ਰਹਮਪੁੱਤਰ ਨਦੀ ਦਾ ਪਾਣੀ ਰੋਕਣ ਦੀ ਅਪੀਲ ਵੀ ਕੀਤੀ ਹੈ।
ਪਾਕਿਸਤਾਨ ਦੀ ਪ੍ਰਮਾਣੂ ਸ਼ਕਤੀ ਦਾ ਇਸਤੇਮਾਲ ਕਰਨ ਵਾਲੀ ਗਿੱਦੜਭਬਕੀ ਹੋਵੇ ਜਾਂ ਨਾ ਪਰ ਉਸ ਨੇ ਸ਼ਿਮਲਾ ਸਮਝੌਤੇ ’ਤੇ ਰੋਕ ਲਾ ਕੇ ਲਾਈਨ ਆਫ ਕੰਟਰੋਲ ਦੀ ਉਲੰਘਣਾ ਕਰਦਿਆਂ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦਾ ਮੂੰਹ-ਤੋੜ ਜਵਾਬ ਭਾਰਤੀ ਫੌਜ ਵਲੋਂ ਦਿੱਤਾ ਜਾ ਰਿਹਾ ਹੈ।
ਜੰਗ ਤਾਂ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਨੁਕਸਾਨ ਤਾਂ ਜੰਗ ’ਚ ਸ਼ਾਮਲ ਸਾਰੇ ਮੁਲਕਾਂ ਦਾ ਹੁੰਦਾ ਹੈ, ਕਿਸੇ ਦਾ ਵੱਧ ਤੇ ਦੂਜੇ ਦਾ ਘੱਟ। ਖੈਰ ਭਾਰਤ ਨੂੰ ਹਰ ਕਿਸਮ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ ਤੇ ਪਾਕਿਸਤਾਨ ਨੂੰ ਭਾਰਤ ਨਾਲ ਲੜੀਆਂ ਜੰਗਾਂ ਤੋਂ ਨੁਕਸਾਨ ਬਾਰੇ ਜਾਣਕਾਰੀ ਦੇਣਾ ਵੀ ਉਚਿਤ ਹੋਵੇਗਾ।
ਖੱਟਿਆ ਕੀ ਤੇ ਗਵਾਇਆ ਕੀ? : ਸਾਲ 1965 ਵਾਲੀ ਭਾਰਤ-ਪਾਕਿਸਤਾਨ ਦੀ ਜੰਗ ਉਪਰੰਤ 9 ਮਾਰਚ 1966 ਨੂੰ ਟ੍ਰਿਬਿਊਨਲ ਵਲੋਂ ਰਾਵਲਪਿੰਡੀ ਸੋਮੇ ਤੋਂ ਪ੍ਰਾਪਤ ਕੀਤੇ ਵੇਰਵੇ ਮੁਤਾਬਕ ਪਾਕਿਸਤਾਨੀ ਫੌਜਾਂ ਦੇ ਜੋ ਫੌਜੀ ਮਾਰੇ ਗਏ ਜਾਂ ਜ਼ਖਮੀ ਹੋ ਗਏ, ਉਨ੍ਹਾਂ ਦੀ ਗਿਣਤੀ 10 ਹਜ਼ਾਰ ਤੋਂ 14 ਹਜ਼ਾਰ ਤੱਕ ਦੱਸੀ ਗਈ।
ਪਾਕਿਸਤਾਨ ਦੇ 475 ਟੈਂਕ ਤਬਾਹ ਕਰ ਦਿੱਤੇ ਗਏ ਤੇ 197 ਟੈਂਕ ਭਾਰਤੀ ਫੌਜਾਂ ਨੇ ਕਾਬੂ ਕਰ ਲਏ ਜਿਨ੍ਹਾਂ ’ਚ 39 ਪਾਕਿਸਤਾਨੀ ਟੈਂਕ ਚਾਲੂ ਹਾਲਤ ’ਚ ਸਨ।
ਪਾਕਿਸਤਾਨ ਦੇ 73 ਹਵਾਈ ਜਹਾਜ਼ਾਂ ਨੂੰ ਗਿਰਾਇਆ ਗਿਆ।
ਤਤਕਾਲੀਨ ਰੱਖਿਆ ਮੰਤਰੀ ਵਾਈ. ਬੀ. ਚੌਹਾਨ ਨੇ 23 ਨਵੰਬਰ, 1965 ਨੰੂ ਰਾਜ ਸਭਾ ’ਚ ਲੜਾਈ ਬਾਰੇ ਵੇਰਵੇ ਦਿੰਦਿਆਂ ਸਦਨ ਨੂੰ ਦੱਸਿਆ ਕਿ ਰੱਖਿਆ ਫੌਜਾਂ ਦੇ 2224 ਫੌਜੀ ਸ਼ਹੀਦ ਹੋਏ ਜਿਨ੍ਹਾਂ ’ਚ 161 ਅਫਸਰ ਸ਼ਾਮਲ ਸਨ। ਇਸ ਤੋਂ ਇਲਾਵਾ 7870 ਫੌਜੀ ਜ਼ਖਮੀ ਹੋਏ ਜਿਨ੍ਹਾਂ ’ਚ 412 ਅਫਸਰ ਸਨ। ਕੁਲ ਮਿਲਾ ਕੇ 189 ਜੰਗੀ ਕੈਦੀ ਬਣਾ ਲਏ ਗਏ ਤੇ ਉਸ ਸਮੇਂ ਤੱਕ ਹਥਿਆਰਬੰਦ ਫੌਜਾਂ ਦੇ 1500 ਜੰਗਜ਼ੂ ਗੁੰਮਸ਼ੁਦਾ ਐਲਾਨੇ ਗਏ।
ਜੋ ਸਿਵਲੀਅਨ ਮਾਰੇ ਗਏ ਜਾਂ ਕਿਸਾਨਾਂ ਆਦਿ ਦਾ ਨੁਕਸਾਨ ਹੋਇਆ ਉਸ ਦਾ ਕੋਈ ਲੇਖਾ-ਜੋਖਾ ਨਹੀਂ।
ਪਾਕਿਸਤਾਨੀ ਖੇਤਰ ਦਾ ਜੰਮੂ-ਸਿਆਲਕੋਟ, ਲਾਹੌਰ, ਰਾਜਸਥਾਨ, ਿਸੰਧ ਸੈਕਟਰਾਂ ਦਾ 470 ਵਰਗ ਮੀਲ ਵਾਲਾ ਇਲਾਕਾ ਤੇ ਮਕਬੂਜ਼ਾ ਕਸ਼ਮੀਰ ਦਾ 270 ਵਰਗ ਮੀਲ ਵਾਲਾ ਇਲਾਕਾ ਭਾਰਤੀ ਫੌਜ ਨੇ ਵਾਪਸ ਹਾਸਲ ਕੀਤਾ।
ਪਾਕਿਸਤਾਨ ਨੇ ਭਾਰਤ ਦਾ ਛੰਬ ਸੈਕਟਰ ਤੇ ਖੇਮਕਰਨ ਦਾ 210 ਵਰਗ ਮੀਲ ਵਾਲਾ ਇਲਾਕਾ ਜਿੱਤਿਆ। ਸਾਲ 1966 ਦੇ ਤਾਸ਼ਕੰਦ ਸਮਝੌਤੇ ਅਨੁਸਾਰ ਇਕ-ਦੂਜੇ ਦੇ ਜਿੱਤੇ ਹੋਏ ਇਲਾਕੇ ਵਾਪਸ ਤਾਂ ਹੋ ਗਏ ਪਰ ਲੜਾਈ ਦੌਰਾਨ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਕੌਣ ਵਾਪਸ ਲਿਆ ਸਕਦਾ ਹੈ? ਫਿਰ ਦੋਵਾਂ ਮੁਲਕਾਂ ਨੇ ਖੱਟਿਆ ਕੀ ਤੇ ਗਵਾਇਆ ਕੀ?
ਬਾਜ ਵਾਲੀ ਨਜ਼ਰ : ਬਾਹਵਾਂ ਉਲਾਰ-ਉਲਾਰ ਕੇ ਵੋਟਾਂ ਦੀ ਭੀਖ ਮੰਗਣ ਵਾਲਿਆਂ ਤੇ ਏ. ਸੀ. ਕਮਰਿਆਂ ’ਚ ਬੈਠ ਕੇ ਘਮੰਡੀ ਅਫਸਰਸ਼ਾਹੀ ਤੇ ਟੀ. ਵੀ. ‘ਬਾਰ ਰੂਮ’ ’ਚ ਬਹਿਸ ਕਰਨ ਸਮੇਂ ਅੱਤਵਾਦ ਦੇ ਖਾਤਮੇ ਲਈ ਜੰਗੀ ਰੁਖ ਅਖਤਿਆਰ ਕਰਨ ਵਾਲਿਆਂ ਨੇ ਕਦੀ ਸੋਚਿਆ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨਾਲ ਕਿਵੇਂ ਬੀਤ ਰਹੀ ਹੈ? ਉਨ੍ਹਾਂ ਦੀ ਭਲਾਈ ਲਈ ਨਾ ਤਾਂ ਕੋਈ ਕੌਮੀ ਨੀਤੀ ਤੇ ਨਾ ਹੀ ਕੋਈ ਕਮਿਸ਼ਨ ਕਾਇਮ ਕੀਤਾ ਿਗਆ। ਓ. ਆਰ. ਓ. ਪੀ. ਲਾਗੂ ਤਾਂ ਹੋਈ ਪਰ ਅਗਨੀਵੀਰ ਫੌਜੀਆਂ ਨੂੰ ਪੈਨਸ਼ਨ ਵੀ ਨਸੀਬ ਨਹੀਂ ਹੋਈ?
ਮਿੱਤਰ ਦੇਸ਼ਾਂ ਨੂੰ ਨਾਲ ਜੋੜ ਕੇ ਫੈਸਲਾ ਲੈਣ ਦੀ ਲੋੜ ਹੋਵੇਗੀ? ਜੇਕਰ ਪਾਕਿਸਤਾਨ ਜੰਗ ਵਾਲਾ ਰੁਖ ਅਖਤਿਆਰ ਕਰਦਾ ਹੈ ਤਾਂ ਚੀਨ ਹਰ ਹਾਲਤ ’ਚ ਪਾਕਿਸਤਾਨ ਦਾ ਸਮਰਥਨ ਕਰੇਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਘੜੀ ’ਚ ਤੋਲਾ ਤੇ ਘੜੀ ’ਚ ਮਾਸਾ ਹੋ ਜਾਂਦੇ ਹਨ, ਉਹ ਤਾਂ ਵਿਚੋਲਗੀ ਹੀ ਕਰਨਗੇ। ਰੂਸ ਕਿਸੇ ਹੱਦ ਤੱਕ ਸਾਡਾ ਸਾਥ ਦੇਵੇਗਾ ਪਰ ਇਜ਼ਰਾਈਲ ਪੂਰਨ ਤੌਰ ’ਤੇ ਭਾਰਤ ਦਾ ਸਾਥ ਦੇਵੇਗਾ। ਨੇਪਾਲ ਅਗਨੀਵੀਰ ਮੁੱਦੇ ’ਤੇ ਗੁੱਸੇ ’ਚ ਹੈ। ਮਿਆਂਮਾਰ ’ਤੇ ਚੀਨ ਦਾ ਪ੍ਰਭਾਵ ਹੈ। ਬੰਗਲਾਦੇਸ਼ ਵੀ ਖਿਸਕਦਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਮੁੱਖ ਰੱਖਦਿਆਂ ਇਰਜ਼ਰਾੀਲ ਦੇ ਸਹਿਯੋਗ ਨਾਲ ਅੱਤਵਾਦੀਆਂ ਦਾ ਖਾਤਮਾ ਕਰਨਾ ਉਚਿਤ ਹੋਵੇਗਾ। ਦੇਸ਼ ਨੂੰ ਹਰ ਕਿਸਮ ਦੀ ਸਥਿਤੀ ਦਾ ਸਾਹਮਣਾ ਕਰਨ ਦੀ ਲੋੜ ਹੋਵੇਗੀ। ਜੇ ਜੰਗ ਹੁੰਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਵੇਗਾ।
ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ (ਰਿਟਾ.)
ਦੁਨੀਆ ਨੂੰ ਟਰੰਪ ਨਾਲ ਜਿਊਣਾ ਸਿੱਖਣਾ ਪਵੇਗਾ
NEXT STORY