ਯੋਗੇਂਦਰ ਯਾਦਵ
ਅੱਜ 2 ਅਕਤੂਬਰ ਨੂੰ ਗਾਂਧੀ ਜੀ ਦੀ 150ਵੀਂ ਜੈਅੰਤੀ ’ਤੇ ਕੀ ਹੋਵੇਗਾ? ਕੀ ਅਸੀਂ ਗਾਂਧੀ ਜੀ ਦੀ ਯਾਦ ਨੂੰ ਫਿਰ ਜ਼ਿੰਦਾ ਕਰਾਂਗੇ ਜਾਂ ਉਨ੍ਹਾਂ ਦੀ ਵਿਰਾਸਤ ਦੀ ਇਕ ਵਾਰ ਫਿਰ ਹੱਤਿਆ ਕਰਾਂਗੇ?
ਉਂਝ ਤਾਂ ਪਿਛਲੇ 50 ਸਾਲਾਂ ਤੋਂ ਗਾਂਧੀ ਜੈਅੰਤੀ ਇਕ ਬੇਮਾਇਨੀ ਸਰਕਾਰੀ ਰਸਮ ਬਣ ਕੇ ਰਹਿ ਗਈ ਹੈ। ਇਸ ਦਿਨ ਅਸੀਂ ਦੂਰੋਂ ਬਾਪੂ ਗਾਂਧੀ ਦੀ ਪੂਜਾ ਕਰਦੇ ਹਾਂ ਤਾਂ ਕਿ ਉਹ ਸਾਨੂੰ ਕਿਤੇ ਛੂਹ ਨਾ ਲੈਣ। ਉਨ੍ਹਾਂ ਦੀ ਫੋਟੋ ਨੂੰ ਇਕ ਫਰੇਮ ’ਚ ਕੈਦ ਕਰ ਕੇ ਉਸ ’ਤੇ ਫੁੱਲਾਂ ਦਾ ਹਾਰ ਚੜ੍ਹਾਉਂਦੇ ਹਾਂ ਤਾਂ ਕਿ ਉਨ੍ਹਾਂ ਦੇ ਵਿਚਾਰਾਂ ਦਾ ਸੇਕ ਸਾਡੇ ਤਕ ਨਾ ਪਹੁੰਚ ਸਕੇ। ਅਸੀਂ ਬਾਪੂ ਨੂੰ ‘ਮਹਾਤਮਾ’ ਦਾ ਖਿਤਾਬ ਦਿੰਦੇ ਹਾਂ, ਭਾਵਭਿੰਨੀ ਸ਼ਰਧਾਂਜਲੀ ਦਿੰਦੇ ਹਾਂ ਤਾਂ ਕਿ ਆਪਣੇ ਜੀਵਨ ’ਚ ਕੁਝ ਇਹੋ ਜਿਹਾ ਕਰਨ ਦੇ ਬੋਝ ਤੋਂ ਮੁਕਤ ਹੋ ਜਾਈਏ।
ਗਾਂਧੀ ਜੀ ਦੇ ਨਾਂ ’ਤੇ ਸੱਤਾ ਦੀਆਂ ਪੌੜੀਆਂ ਚੜ੍ਹਦੇ ਰਹੇ ਕਾਂਗਰਸੀਆਂ ਦੇ ਜ਼ਮਾਨੇ ਤੋਂ ਗਾਂਧੀ ਜੈਅੰਤੀ ਇਕ ਹਾਸੋਹੀਣੀ ਰਸਮ ਬਣ ਚੁੱਕੀ ਸੀ। ਖਾਦੀ ਤੋਂ ਨਵੀਂ ਪੀੜ੍ਹੀ ਨੂੰ ਨਫਰਤ ਹੋਣ ਲੱਗੀ ਸੀ ਤੇ ਗਾਂਧੀ ਮਜ਼ਾਕ ਦਾ ਵਿਸ਼ਾ ਬਣ ਗਏ ਸਨ। ‘ਮਜਬੂਰੀ ਦਾ ਨਾਂ ਮਹਾਤਮਾ ਗਾਂਧੀ’ ਵਰਗੇ ਮੁਹਾਵਰੇ ਚੱਲਣ ਲੱਗੇ ਪਰ ਅੱਜ ਇਹ ਮਜ਼ਾਕ ਇਕ ਤ੍ਰਾਸਦੀ ਵਿਚ ਬਦਲ ਗਿਆ ਹੈ।
ਜਿਸ ਸੰਗਠਨ ’ਤੇ ਸਰਦਾਰ ਪਟੇਲ ਨੇ ਗਾਂਧੀ ਜੀ ਦੀ ਹੱਤਿਆ ’ਚ ਮਿਲੀਭੁਗਤ ਹੋਣ ਦੇ ਸ਼ੱਕ ਹੇਠ ਪਾਬੰਦੀ ਲਾਈ ਸੀ, ਉਸੇ ਸੰਗਠਨ ਦੇ ਮੈਂਬਰ ਅੱਜ ਦੇਸ਼ ਸਾਹਮਣੇ ਗਾਂਧੀ ਜੀ ਦੇ ਆਦਰਸ਼ਾਂ ’ਤੇ ਭਾਸ਼ਣ ਦੇਣਗੇ। ਜਿਸ ਪਾਰਟੀ ਦੇ ਸੰਸਦ ਮੈਂਬਰ ਨੱਥੂਰਾਮ ਗੋਡਸੇ ਨੂੰ ‘ਪ੍ਰੇਰਨਾ-ਪੁਰਸ਼’ ਮੰਨਦੇ ਹਨ, ਉਸ ਦੇ ਨੇਤਾ ਗਾਂਧੀ ਜੀ ਨੂੰ ਫੁੱਲਾਂ ਦੇ ਹਾਰ ਚੜ੍ਹਾ ਕੇ ਸ਼ਰਧਾਂਜਲੀ ਦੇਣਗੇ। ਫਿਰ ਖੂਬ ਤਾੜੀਆਂ ਵੱਜਣਗੀਆਂ, ਫੋਟੋਆਂ ਖਿੱਚੀਆਂ ਜਾਣਗੀਆਂ, ਗਾਂਧੀ ਜੀ ਦੇ ਨਾਂ ’ਤੇ ਬੱਚਿਆਂ ਨੂੰ ਕੂੜਾ-ਕਰਕਟ ਨਾ ਖਿਲਾਰਨ ਜਾਂ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਨਸੀਹਤ ਦਿੱਤੀ ਜਾਵੇਗੀ।
ਦੇਸ਼ ਦੇ ਦਿਲ ਅਤੇ ਦਿਮਾਗ ਵਿਚ ਦਿਨ-ਰਾਤ ਜੋ ਕਚਰਾ ਫੈਲਾਇਆ ਜਾ ਰਿਹਾ ਹੈ, ਉਸ ’ਤੇ ਚੁੱਪ ਵੱਟ ਲਈ ਜਾਵੇਗੀ। ਅਹਿੰਸਾ ਦੀ ਗੱਲ ਹੋਵੇਗੀ ਪਰ ਗੁਆਂਢ ਵਿਚ ਹੋ ਰਹੀ ‘ਮੌਬ ਲਿੰਚਿੰਗ’ (ਭੀੜ ਦੀ ਹਿੰਸਾ) ਦਾ ਜ਼ਿਕਰ ਨਹੀਂ ਹੋਵੇਗਾ, ਸੱਚ ਦਾ ਗੁਣਗਾਨ ਹੋਵੇਗਾ ਅਤੇ ਵੱਡੀਆਂ-ਵੱਡੀਆਂ ਕੁਰਸੀਆਂ ’ਤੇ ਬੈਠੇ ਲੋਕਾਂ ਦੇ ਝੂਠ ਦੀ ਸ਼ਨਾਖਤ ਨਹੀਂ ਹੋਵੇਗੀ। ਇਸ ਤਰ੍ਹਾਂ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਪੂਰੀ ਹੋ ਜਾਵੇਗੀ।
ਇਸ ਨਾਲੋਂ ਕਿਤੇ ਬਿਹਤਰ ਹੋਵੇਗਾ ਕਿ ਅਸੀਂ ਬਾਪੂ ਨੂੰ ਸ਼ਰਧਾਂਜਲੀ ਦੇਣ ਦੀ ਇਹ ਰਸਮ ਨਾ ਕਰੀਏ ਤੇ ਉਸ ਦੀ ਬਜਾਏ ਕੁਝ ਅਜਿਹਾ ਕਰੀਏ ਜੋ ਗਾਂਧੀ ਜੀ ਚਾਹੁੰਦੇ ਸਨ। ਸੱਚ ਅਤੇ ਅਹਿੰਸਾ ’ਤੇ ਭਾਸ਼ਣ ਦੇਣ ਦੀ ਬਜਾਏ ਖ਼ੁਦ ਸੱਚ ਅਤੇ ਅਹਿੰਸਾ ਦੇ ਰਾਹ ’ਤੇ ਚੱਲੀਏ। ਗਾਂਧੀ ਜੀ ਦੇ ਆਦਰਸ਼ਾਂ ਦੀ ਚਰਚਾ ਕਰਨ ਦੀ ਬਜਾਏ ਅੱਜ ਦੇ ਹਾਲਾਤ ’ਚ ਦਖਲ ਦੇਈਏ, ਜਿਵੇਂ ਗਾਂਧੀ ਜੀ ਦਿੰਦੇ ਸਨ। ਉਨ੍ਹਾਂ ਦੇ ਵਿਚਾਰਾਂ ਦੀ ਪੂਜਾ ਕਰਨ ਦੀ ਬਜਾਏ ਖ਼ੁਦ ਆਪਣੇ ਨਵੇਂ ਵਿਚਾਰ ਬਣਾਈਏ, ਜਿਵੇਂ ਗਾਂਧੀ ਜੀ ਖ਼ੁਦ ਬਣਾਉਂਦੇ ਸਨ।
ਸ਼ੁਰੂਆਤ ਲਈ ਅਸੀਂ ਸਿਰਫ ਇੰਨਾ ਪੁੱਛੀਏ ਕਿ ਜੇ ਅੱਜ ਗਾਂਧੀ ਜੀ ਹੁੁੰਦੇ ਤਾਂ ਕਿੱਥੇ ਹੁੰਦੇ? 15 ਅਗਸਤ 1947 ਨੂੰ ਜਦੋਂ ਸਾਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ, ਉਸ ਦਿਨ ਰਾਸ਼ਟਰਪਿਤਾ ਕਿੱਥੇ ਸਨ? ਆਜ਼ਾਦੀ ਦਿਹਾੜੇ ਦੇ ਜਸ਼ਨ ਵਿਚ ਸ਼ਾਮਿਲ ਹੋਣ ਦੀ ਬਜਾਏ ਗਾਂਧੀ ਜੀ ਉਸ ਦਿਨ ਕੋਲਕਾਤਾ ’ਚ ਹਿੰਦੂ-ਮੁਸਲਿਮ ਦੰਗੇ ਰੋਕਣ ਦੀ ਕੋਸ਼ਿਸ਼ ਕਿਉਂ ਕਰ ਰਹੇ ਸਨ? ਕਿਉਂ ਨੋਆਖਲੀ ਵਿਚ ਘੁੰਮ ਰਹੇ ਸਨ?
ਇਹ ਯਾਦ ਕਰਨ ’ਤੇ ਸਾਡੇ ਲਈ ਇਹ ਸਮਝਣਾ ਮੁਸ਼ਕਿਲ ਨਹੀਂ ਹੋਵੇਗਾ ਕਿ ਜੇ ਅੱਜ ਗਾਂਧੀ ਜੀ ਹੁੰਦੇ ਤਾਂ ਉਹ ਕਸ਼ਮੀਰ ਵਾਦੀ ’ਚ ਘੁੰਮ ਰਹੇ ਹੁੰਦੇ ਤੇ ਉਥੋਂ ਦੇ ਲੋਕਾਂ ਦਾ ਦੁੱਖ-ਦਰਦ ਸੁਣ ਰਹੇ ਹੁੰਦੇ। ਉਹ ਵਾਦੀ ’ਚ ਅੱਜ ਵਸੇ ਕਸ਼ਮੀਰੀਆਂ ਦੇ ਨਾਲ-ਨਾਲ ਕਈ ਸਾਲ ਪਹਿਲਾਂ ਵਾਦੀ ’ਚੋਂ ਹਿਜਰਤ ਕਰ ਚੁੱਕੇ ਕਸ਼ਮੀਰੀ ਪੰਡਿਤਾਂ ਦਾ ਦਰਦ ਵੀ ਸੁਣ ਰਹੇ ਹੁੰਦੇ। ਕੌਣ ਜਾਣੇ ਗਾਂਧੀ ਜੀ ਨੇ ਅੱਜ ਕਸ਼ਮੀਰ ’ਚ ਵਰਤ ਰੱਖਿਆ ਹੁੰਦਾ। ਅੱਜ ਜੋ ਗਾਂਧੀ ਜੀ ਦੇ ਰਾਹ ’ਤੇ ਚੱਲਣਾ ਚਾਹੁੰਦਾ ਹੈ, ਉਹ ਰਾਹ ਉਸ ਨੂੰ ਸਿੱਧਾ ਸ਼੍ਰੀਨਗਰ ਲੈ ਜਾਵੇਗਾ।
ਅੱਜ ਅਸੀਂ ਗਾਂਧੀ ਜੀ ਨੂੰ ਪੂਰੀ ਦੁਨੀਆ ਸਾਹਮਣੇ ‘ਕੌਮੀ ਮਾਣ’ ਵਾਲੀ ਚੀਜ਼ ਵਾਂਗ ਪੇਸ਼ ਕਰਦੇ ਹਾਂ। ਜੋ ਲੋਕ ਦੇਸ਼ ’ਚ ਗੋਡਸੇ ਅਤੇ ਸਾਵਰਕਰ ਦਾ ਗੁਣਗਾਨ ਕਰਦੇ ਹਨ, ਉਹ ਵੀ ਕੌਮਾਂਤਰੀ ਮੰਚ ’ਤੇ ਗਾਂਧੀ ਜੀ ਦੀ ਗੱਲ ਕਰਦੇ ਹਨ ਪਰ ਅਸੀਂ ਕਦੇ ਪਲਟ ਕੇ ਸੋਚਿਆ ਕਿ ਕੀ ਗਾਂਧੀ ਜੀ ਨੂੰ ਸਾਡੇ ’ਤੇ ਮਾਣ ਹੋਵੇਗਾ? ਹਿੰਦੂ-ਮੁਸਲਿਮ ਏਕਤਾ ਲਈ ਆਪਣਾ ਪੂਰਾ ਜੀਵਨ ਲਾ ਦੇਣ ਵਾਲੇ ਬਾਪੂ ਨੂੰ ਅੱਜ ਦੇਸ਼ ’ਚ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਨਫਰਤ ਫੈਲਾਉਣ ਵਾਲੀ ਸਿਆਸਤ ਦੇਖ ਕੇ ਕਿਹੋ ਜਿਹਾ ਲੱਗਦਾ? ਆਖਰੀ ਦਮ ਤਕ ਖ਼ੁਦ ਨੂੰ ਸਨਾਤਨੀ ਹਿੰਦੂ ਦੱਸਣ ਵਾਲੇ ਮਹਾਤਮਾ ਗਾਂਧੀ ਨੂੰ ਹਿੰਦੂ ਧਰਮ ਦੇ ਨਾਂ ’ਤੇ ਚੱਲ ਰਹੀ ਫੂਹੜਤਾ ਅਤੇ ਹਮਲਾਵਰਤਾ ਦੇਖ ਕੇ ਕਿਵੇਂ ਲੱਗਦਾ? ‘ਸਵਰਾਜ’ ਦਾ ਸੁਪਨਾ ਦੇਖਣ ਵਾਲੇ ਗਾਂਧੀ ਜੀ ਨੂੰ ਦੇਸ਼ ਵਿਚ ਅਮੀਰ-ਗਰੀਬ ਵਿਚਾਲੇ ਵਧਦਾ ਪਾੜਾ ਦੇਖ ਕੇ ਕਿਵੇਂ ਲੱਗਦਾ? ਗਾਂਧੀ ਜੀ ਨੂੰ ਸੱਚੀ ਸ਼ਰਧਾਂਜਲੀ ਇਕ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਹੈ, ਜਿਸ ’ਤੇ ਉਹ ਮਾਣ ਕਰ ਸਕਦੇ।
ਗਾਂਧੀ ਜੀ ਨੂੰ ਕਰਮ ਦੀ ਸ਼ਰਧਾਂਜਲੀ ਦੇਣ ਲਈ ਅਹਿੰਸਾ ਨਾਲ ਸੰਘਰਸ਼ ਨੂੰ ਜੋੜਨਾ ਪਵੇਗਾ। ਅਸੀਂ ਭੁੱਲ ਜਾਂਦੇ ਹਾਂ ਕਿ ਗਾਂਧੀ ਜੀ ਨੇ ਵਾਰ-ਵਾਰ ਕਿਹਾ ਸੀ ਕਿ ਬੇਇਨਸਾਫੀ ਨੂੰ ਕਾਇਰਤਾ ਨਾਲ ਸਹਿਣ ਕਰਨ ਨਾਲੋਂ ਤਾਂ ਹਿੰਸਾ ਬਿਹਤਰ ਹੈ। ਇਸ ਲਈ ਉਨ੍ਹਾਂ ਦੇ ਸੱਚੇ ਪੈਰੋਕਾਰ ਉਹ ਨਹੀਂ ਹਨ, ਜੋ ਇਕ ਗੱਲ੍ਹ ’ਤੇ ਥੱਪੜ ਖਾ ਕੇ ਦੂਜੀ ਗੱਲ੍ਹ ਅੱਗੇ ਕਰ ਦਿੰਦੇ ਹਨ, ਸਗੋਂ ਉਹ ਹਨ, ਜਿਹੜੇ ਕਿਸੇ ਵੀ ਬੇਇਨਸਾਫੀ ਦਾ ਡਟ ਕੇ ਅਤੇ ਹਿੰਮਤ ਨਾਲ ਵਿਰੋਧ ਕਰਦੇ ਹਨ। ‘ਮਜਬੂਰੀ ਦਾ ਨਾਂ ਮਹਾਤਮਾ ਗਾਂਧੀ’ ਦੀ ਥਾਂ ‘ਮਜ਼ਬੂਤੀ ਦਾ ਨਾਂ ਮਹਾਤਮਾ ਗਾਂਧੀ’ ਸਾਡਾ ਨਵਾਂ ਮੁਹਾਵਰਾ ਹੋਵੇਗਾ।
ਕੌਣ ਕਰੇਗਾ ਗਾਂਧੀ ਜੀ ਦੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ? 50 ਸਾਲ ਪਹਿਲਾਂ ਰਾਮਮਨੋਹਰ ਲੋਹੀਆ ਨੇ 3 ਤਰ੍ਹਾਂ ਦੇ ਗਾਂਧੀਵਾਦੀਆਂ ਦੀ ਪਛਾਣ ਕੀਤੀ ਸੀ : ਸਰਕਾਰੀ, ਮਠੀ ਅਤੇ ਕੁਜਾਤ ਗਾਂਧੀਵਾਦੀ। ਸਰਕਾਰੀ ਗਾਂਧੀਵਾਦੀ ਉਹ ਕਾਂਗਰਸੀ ਸਨ, ਜੋ ਗਾਂਧੀ ਜੀ ਦਾ ਨਾਂ ਲੈ ਕੇ ਸੱਤਾ ਵਿਚ ਆ ਗਏ। ਮਠੀ ਉਹ ਸਨ, ਜਿਨ੍ਹਾਂ ਨੇ ਗਾਂਧੀ ਜੀ ਦਾ ਨਾਂ ਜਪ ਕੇ ਉਨ੍ਹਾਂ ਦੇ ਆਸ਼ਰਮ ਬਣਾ ਲਏ ਪਰ ਸੰਘਰਸ਼ ਕਰਨਾ ਛੱਡ ਦਿੱਤਾ ਅਤੇ ਕੁਜਾਤ ਗਾਂਧੀਵਾਦੀ ਉਹ ਲੋਕ ਹਨ, ਜਿਨ੍ਹਾਂ ਨੇ ਗਾਂਧੀ ਜੀ ਤੋਂ ਪ੍ਰੇਰਨਾ ਤਾਂ ਲਈ ਪਰ ਉਨ੍ਹਾਂ ਦੇ ਮੰਤਰਾਂ, ਵਿਚਾਰਾਂ ਨੂੰ ਨਹੀਂ ਦੁਹਰਾਇਆ।
ਲੋਹੀਆ ਨੇ ਕਿਹਾ ਸੀ ਕਿ ਗਾਂਧੀ ਜੀ ਦੇ ਸੱਚੇ ਵਾਰਿਸ ਸਰਕਾਰੀ ਜਾਂ ਮਠੀ ਨਹੀਂ, ਸਗੋਂ ਕੁਜਾਤ ਗਾਂਧੀਵਾਦੀ ਹੋਣਗੇ। ਅੱਜ ਅਜਿਹੇ ਕੁਜਾਤ ਗਾਂਧੀਵਾਦੀਆਂ ਨੂੰ ਲੱਭਣਾ ਹੀ ਗਾਂਧੀ ਜੀ ਨੂੰ ਵਿਚਾਰਾਂ ਦੀ ਸੱਚੀ ਸ਼ਰਧਾਂਜਲੀ ਹੋਵੇਗੀ।
ਇਸਲਾਮ ਦਾ ਹੀ ਅਕਸ ਖਰਾਬ ਕਰ ਰਿਹੈ ਇਮਰਾਨ ਖਾਨ
NEXT STORY