ਭਾਵੇਂ ਹੀ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਤੇਜ਼ੀ ਨਾਲ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ, ਫਿਰ ਵੀ ਭਾਰਤ ਵਿਚ ਮਿਆਰੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਅਜੇ ਵੀ ਲੋੜੀਂਦੇ ਬਦਲ ਅਤੇ ਮੌਕੇ ਉਪਲੱਬਧ ਨਹੀਂ ਹਨ। ਇਹੀ ਕਾਰਨ ਹੈ ਕਿ ਇੱਥੋਂ ਦੇ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਾਈ ਲਈ ਜਾਂਦੇ ਹਨ। ਹਾਲਾਂਕਿ, ਇਹ ਵਿਦਿਆਰਥੀ ਆਪਣੀ ਪੜ੍ਹਾਈ ਵਿਚ ਆਉਣ ਵਾਲੀਆਂ ਮੁਸ਼ਕਲਾਂ ਨਾਲੋਂ ਆਪਣੀ ਜਾਨ ਬਾਰੇ ਜ਼ਿਆਦਾ ਚਿੰਤਤ ਹਨ। ਦਰਅਸਲ, ਕਈ ਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ’ਤੇ ਜਾਨਲੇਵਾ ਹਮਲਿਆਂ ਦੀ ਗਿਣਤੀ ਵਧੀ ਹੈ।
ਹਾਲਾਂਕਿ, ਅੱਜ ਦੇਸ਼ ਭਰ ਵਿਚ 1000 ਤੋਂ ਵੱਧ ਯੂਨੀਵਰਸਿਟੀਆਂ ਅਤੇ 42,000 ਤੋਂ ਵੱਧ ਕਾਲਜ ਉੱਚ ਸਿੱਖਿਆ ਪ੍ਰਦਾਨ ਕਰ ਰਹੇ ਹਨ, ਪਰ ਉਨ੍ਹਾਂ ਕੋਲ ਅਜੇ ਵੀ ਲੋੜੀਂਦੀ ਪੂੰਜੀ, ਹੁਨਰਮੰਦ ਅਧਿਆਪਕਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ ਹੈ। ਅੱਜ ਵੀ, ਭਾਰਤ ਦਾ ਕੋਈ ਵੀ ਕਾਲਜ ਜਾਂ ਯੂਨੀਵਰਸਿਟੀ ਵਿਸ਼ਵ ਵਿਚ ਚੋਟੀ ਦੇ 10 ਸਥਾਨਾਂ ’ਤੇ ਨਹੀਂ ਹੈ।
ਭਾਰਤ ਵਿਚ ਉੱਚ ਸਿੱਖਿਆ ਦੇ ਖੇਤਰ ਵਿਚ ਲਗਾਤਾਰ ਸੁਧਾਰ ਹੋਣ ਦੇ ਬਾਵਜੂਦ ਸਭ ਤੋਂ ਵੱਡੀ ਚੁਣੌਤੀ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ, ਜਿਸ ਨੂੰ ਬੁਨਿਆਦੀ ਢਾਂਚਾ ਸਹੂਲਤਾਂ, ਹੁਨਰਮੰਦ ਅਧਿਆਪਕ ਅਤੇ ਪੂੰਜੀ ਪ੍ਰਦਾਨ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਵਿਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਕਾਰਨ ਭਾਰਤ ਤੋਂ ਵਿਦੇਸ਼ਾਂ ਵਿਚ ਪੂੰਜੀ ਦਾ ਪ੍ਰਵਾਹ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਪ੍ਰਤਿਭਾ ਦਾ ਪ੍ਰਵਾਸ ਵੀ ਹੁੰਦਾ ਹੈ।
ਵਿਦੇਸ਼ ਮੰਤਰਾਲੇ ਦੇ ਅਨੁਸਾਰ, ਜਨਵਰੀ 2023 ਤੱਕ 15 ਲੱਖ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹ ਰਹੇ ਸਨ, ਜਦੋਂ ਕਿ 2022 ਵਿਚ ਇਹ ਗਿਣਤੀ 13 ਲੱਖ ਸੀ ਅਤੇ 2024 ਵਿਚ ਇਹ ਗਿਣਤੀ 24 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਹੈ।
2020 ਤੋਂ 2021 ਦੇ ਦੌਰਾਨ, ਵਿਦੇਸ਼ਾਂ ਵਿਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ 50 ਫੀਸਦੀ ਦਾ ਵਾਧਾ ਹੋਇਆ ਹੈ। ਭਾਰਤ ਦੇ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਦੇ ਜ਼ਿਆਦਾ ਬੱਚੇ ਸੋਸ਼ਲ ਸਟੇਟਸ ਸਿੰਬਲ ਅਤੇ ਵਿਦੇਸ਼ ਵਿਚ ਰਹਿਣ ਦੀ ਇੱਛਾ ਦੇ ਕਾਰਨ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾ ਰਹੇ ਹਨ। ਵਿਦੇਸ਼ਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਵਿਚੋਂ ਸਿਰਫ਼ 20 ਫ਼ੀਸਦੀ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਕੇ ਭਾਰਤ ਪਰਤਣਾ ਚਾਹੁੰਦੇ ਹਨ, ਜਦਕਿ 80 ਫ਼ੀਸਦੀ ਵਿਦਿਆਰਥੀ ਉੱਥੇ ਸੈਟਲ ਹੋਣਾ ਚਾਹੁੰਦੇ ਹਨ।
ਵਿਦੇਸ਼ਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਵਿਚੋਂ 35 ਫੀਸਦੀ ਵਿਦਿਆਰਥੀ ਅਮਰੀਕਾ ਵਿਚ ਪੜ੍ਹਾਈ ਕਰ ਰਹੇ ਹਨ। ਅੱਜ ਅਮਰੀਕਾ ਦੇ ਵਿੱਦਿਅਕ ਅਦਾਰਿਆਂ ਵਿਚ ਹਰ 4 ਵਿਚੋਂ 1 ਵਿਦਿਆਰਥੀ ਭਾਰਤੀ ਮੂਲ ਦਾ ਹੈ। 2024 ਵਿਚ ਇਹ ਵਿਦਿਆਰਥੀ 75 ਤੋਂ 85 ਬਿਲੀਅਨ ਡਾਲਰ ਵਿਦੇਸ਼ਾਂ ਵਿਚ ਖਰਚ ਕਰ ਸਕਦੇ ਹਨ। ਭਾਰਤੀ ਰਿਜ਼ਰਵ ਬੈਂਕ ਦੇ ਅਨੁਸਾਰ, ਵਿੱਤੀ ਸਾਲ 2021-22 ਵਿਚ ਵਿਦੇਸ਼ੀ ਮੁਦਰਾ ਵਿਚ 5 ਅਰਬ ਰੁਪਏ ਖਰਚ ਕੀਤੇ ਗਏ ਸਨ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ, ਵਿਦੇਸ਼ਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੇ ਵਿਦੇਸ਼ੀ ਅਰਥਵਿਵਸਥਾਵਾਂ ਵਿਚ 24 ਬਿਲੀਅਨ ਡਾਲਰ ਖਰਚ ਕੀਤੇ ਸਨ, ਜੋ ਕਿ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 1 ਫੀਸਦੀ ਸੀ। ਇਹ ਰਕਮ 2024 ਤੱਕ 80 ਬਿਲੀਅਨ ਡਾਲਰ ਤੱਕ ਵਧਣ ਦੀ ਉਮੀਦ ਹੈ।
ਜੇਕਰ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਨ ਲਈ ਨਾ ਗਏ ਹੁੰਦੇ ਤਾਂ ਵਿਦੇਸ਼ੀ ਮੁਦਰਾ ਦਰਾਮਦ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਰਤੀ ਜਾਂਦੀ, ਦੇਸ਼ ਵਿਚ ਆਰਥਿਕ ਸਰਗਰਮੀਅਾਂ ਤੇਜ਼ ਹੁੰਦੀਆਂ, ਆਰਥਿਕਤਾ ਮਜ਼ਬੂਤ ਹੁੰਦੀ, ਦੇਸ਼ ਦੀ ਸਿੱਖਿਆ ਪ੍ਰਣਾਲੀ ਮਜ਼ਬੂਤ ਹੁੰਦੀ ਅਤੇ ਦੇਸ਼ ਦੀ ਪ੍ਰਤਿਭਾ ਦੀ ਵਰਤੋਂ ਦੇਸ਼ ਵਿਚ ਕੀਤੀ ਜਾਂਦੀ।
ਅੰਕੜਿਆਂ ਮੁਤਾਬਕ ਚੀਨ ਤੋਂ ਬਾਅਦ ਸਭ ਤੋਂ ਵੱਧ ਵਿਦਿਆਰਥੀ ਭਾਰਤ ਤੋਂ ਵਿਦੇਸ਼ ਪੜ੍ਹਨ ਜਾਂਦੇ ਹਨ। ਭਾਰਤੀ ਵਿਦਿਆਰਥੀ ਮੈਡੀਕਲ, ਇੰਜੀਨੀਅਰਿੰਗ, ਵਪਾਰ ਪ੍ਰਬੰਧਨ ਆਦਿ ਵਿਚ ਡਿਗਰੀ ਅਤੇ ਡਿਪਲੋਮਾ ਵਰਗੀ ਉੱਚ ਸਿੱਖਿਆ ਹਾਸਲ ਕਰਨ ਲਈ ਚੀਨ, ਜਾਪਾਨ, ਦੱਖਣੀ ਕੋਰੀਆ, ਯੂਕ੍ਰੇਨ, ਰੂਸ, ਆਸਟ੍ਰੇਲੀਆ, ਇੰਗਲੈਂਡ, ਫਰਾਂਸ, ਜਰਮਨੀ, ਅਮਰੀਕਾ ਆਦਿ ਦੇਸ਼ਾਂ ਵਿਚ ਜਾ ਰਹੇ ਹਨ।
ਭਾਰਤੀ ਵਿਦਿਆਰਥੀ ਮੈਡੀਕਲ ਦੀ ਡਿਗਰੀ ਪ੍ਰਾਪਤ ਕਰਨ ਲਈ ਲਗਭਗ 3 ਦਹਾਕਿਆਂ ਤੋਂ ਰੂਸ, ਚੀਨ, ਯੂਕ੍ਰੇਨ, ਕਿਰਗਿਸਤਾਨ, ਕਜ਼ਾਕਿਸਤਾਨ, ਫਿਲੀਪੀਨਜ਼ ਆਦਿ ਦੇਸ਼ਾਂ ਵਿਚ ਜਾ ਰਹੇ ਹਨ ਕਿਉਂਕਿ ਭਾਰਤ ਵਿਚ ਮੈਡੀਕਲ ਸੀਟਾਂ ਘੱਟ ਹੋਣ ਕਾਰਨ ਇੱਥੇ ਡਾਕਟਰੀ ਸਿੱਖਿਆ ਬਹੁਤ ਮਹਿੰਗੀ ਹੈ। ਨੈਸ਼ਨਲ ਮੈਡੀਕਲ ਕਮਿਸ਼ਨ ਅਨੁਸਾਰ, ਵਿੱਤੀ ਸਾਲ 2021-22 ਵਿਚ ਦੇਸ਼ ਵਿਚ ਸਿਰਫ 596 ਮੈਡੀਕਲ ਕਾਲਜ ਸਨ, ਜਿੱਥੇ ਮੈਡੀਕਲ ਸੀਟਾਂ ਦੀ ਕੁੱਲ ਗਿਣਤੀ ਸਿਰਫ 88,120 ਸੀ।
ਹਾਲਾਂਕਿ, ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਵਿਦੇਸ਼ ਜਾਣ ਦੀਆਂ ਬਹੁਤ ਘੱਟ ਉਦਾਹਰਣਾਂ ਹਨ। ਪਿਛਲੇ ਕਈ ਸਾਲਾਂ ਤੋਂ ਵਿਦੇਸ਼ਾਂ ’ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਹੱਤਿਆ ਅਤੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਪਰ ਕੋਰੋਨਾ ਮਹਾਮਾਰੀ ਅਤੇ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਵਿਦੇਸ਼ਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਧ ਚਿੰਤਾ ਮਹਿਸੂਸ ਕੀਤੀ ਗਈ ਕਿਉਂਕਿ ਇਸ ਦੌਰਾਨ ਕਈ ਦੇਸ਼ਾਂ ਵਿਚ ਹਜ਼ਾਰਾਂ ਵਿਦਿਆਰਥੀ ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋ ਗਏ। ਇੱਥੇ ਹੀ ਮਹਾਮਾਰੀ ਦੇ ਦੌਰਾਨ ਆਸਟ੍ਰੇਲੀਆ ਦੀਅਾਂ ਵਿੱਦਿਅਕ ਸੰਸਥਾਵਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਦੇਸ਼ ਦੀਆਂ ਸਰਹੱਦਾਂ ਵੀ ਬੰਦ ਕਰ ਦਿੱਤੀਆਂ ਸਨ।
ਇਸ ਤੋਂ ਇਲਾਵਾ, ਰੂਸ ਅਤੇ ਯੂਕ੍ਰੇਨ ਵਿਚਕਾਰ ਚੱਲ ਰਹੇ ਯੁੱਧ ਕਾਰਨ, ਯੁੱਧ ਦੇ ਸ਼ੁਰੂਆਤੀ ਦੌਰ ਦੌਰਾਨ 20,000 ਤੋਂ ਵੱਧ ਵਿਦਿਆਰਥੀ ਯੂਕ੍ਰੇਨ ਵਿਚ ਫਸ ਗਏ ਸਨ। ਕੁਝ ਮਹੀਨੇ ਪਹਿਲਾਂ ਵੀ ਕੈਨੇਡਾ ਦੇ ਕੁਝ ਕਾਲਜਾਂ ਦੇ ਬੰਦ ਹੋਣ ਕਾਰਨ ਸੈਂਕੜੇ ਭਾਰਤੀ ਵਿਦਿਆਰਥੀ ਪ੍ਰਭਾਵਿਤ ਹੋਏ।
ਫਰਵਰੀ 2024 ਵਿਚ ਅਮਰੀਕਾ ਦੇ ਸੇਂਟ ਲੁਈਸ ਵਿਚ ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿਦਿਆਰਥੀ ਅਮਰਨਾਥ ਘੋਸ਼ ਦੀ ਹੱਤਿਆ ਕਰ ਦਿੱਤੀ ਗਈ। ਵਿਦੇਸ਼ ਮੰਤਰਾਲਾ ਅਨੁਸਾਰ, 2018 ਤੋਂ ਹੁਣ ਤੱਕ ਵਿਦੇਸ਼ਾਂ ਵਿਚ ਪੜ੍ਹ ਰਹੇ 400 ਤੋਂ ਵੱਧ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ ਕੁਝ ਕੁਦਰਤੀ ਮੌਤਾਂ ਸਨ ਅਤੇ ਕੁਝ ਕਤਲ ਸਨ। ਸਭ ਤੋਂ ਵੱਧ ਵਿਦਿਆਰਥੀਆਂ ਦੀ ਮੌਤ ਕੈਨੇਡਾ ਵਿਚ ਹੋਈ ਹੈ।
ਸਤੀਸ਼ ਸਿੰਘ
ਭਾਰਤ ’ਚ ਆਤਮਹੱਤਿਆਵਾਂ ਦੀ ਚੱਲ ਰਹੀ ਹਨੇਰੀ ’ਚ ਜਾ ਰਹੇ ਅਨਮੋਲ ਪ੍ਰਾਣ
NEXT STORY