ਹਿੰਦੀ ਪੱਤਰਕਾਰੀ ਦੇ ਦੋ ਸੌ ਸਾਲ ਪੂਰੇ ਹੋਏ। ਪਿਛਲੇ ਦਿਨੀਂ ਹਿੰਦੀ ਪੱਤਰਕਾਰੀ ਦੇ ਦੋ ਸੌ ਸਾਲਾਂ ਦਾ ਜਸ਼ਨ ਕਈ ਥਾਵਾਂ ’ਤੇ ਬਹੁਤ ਧੂਮਧਾਮ ਨਾਲ ਮਨਾਇਆ ਗਿਆ। 30 ਮਈ 1826 ਨੂੰ ਹਿੰਦੀ ਦੇ ਪਹਿਲੇ ਅਖ਼ਬਾਰ ‘ਉਦੰਤ ਮਾਰਤੰਡ’ ਦਾ ਪ੍ਰਕਾਸ਼ਨ ਕੋਲਕਾਤਾ ਤੋਂ ਸ਼ੁਰੂ ਹੋਇਆ ਸੀ। ਇਹ ਇਕ ਹਫ਼ਤਾਵਾਰੀ ਅਖਬਾਰ ਸੀ। ਇਸ ਦੇ ਸੰਪਾਦਕ ਜੁਗਲ ਕਿਸ਼ੋਰ ਸ਼ੁਕਲ ਜੀ ਸਨ ਪਰ ਇਹ ਸਿਰਫ਼ ਅਠਾਰ੍ਹਾਂ ਮਹੀਨੇ ਹੀ ਚੱਲ ਸਕਿਆ। ਕ੍ਰਿਸ਼ਨ ਬਿਹਾਰੀ ਮਿਸ਼ਰ ਨੇ ਆਪਣੀ ਕਿਤਾਬ ‘ਹਿੰਦੀ ਪੱਤਰਕਾਰੀ’ ’ਚ ਹਿੰਦੀ ਦੇ ਪੁਰਾਣੇ ਅਖ਼ਬਾਰਾਂ ਅਤੇ ਉਨ੍ਹਾਂ ’ਚ ਚੱਲਦੀਆਂ ਬਹਿਸਾਂ-ਵਿਚਾਰਾਂ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ।
ਇਨ੍ਹਾਂ 200 ਸਾਲਾਂ ’ਚ ਹਿੰਦੀ ਨੇ ਬੇਮਿਸਾਲ ਤਰੱਕੀ ਕੀਤੀ ਹੈ। ਅੱਜ ਹਿੰਦੀ ਦੇ ਲਗਭਗ ਇਕ ਹਜ਼ਾਰ ਅਖ਼ਬਾਰ ਪ੍ਰਕਾਸ਼ਿਤ ਹੁੰਦੇ ਹਨ। ਉਨ੍ਹਾਂ ਦੀ ਪ੍ਰਸਾਰ ਗਿਣਤੀ ਕਰੋੜਾਂ ’ਚ ਹੈ। ਸਭ ਤੋਂ ਵੱਧ ਅਖ਼ਬਾਰ ਉੱਤਰ ਪ੍ਰਦੇਸ਼ ਤੋਂ ਪ੍ਰਕਾਸ਼ਿਤ ਹੁੰਦੇ ਹਨ। ਉਸ ਤੋਂ ਬਾਅਦ ਮਹਾਰਾਸ਼ਟਰ ਅਤੇ ਦਿੱਲੀ ਦਾ ਨੰਬਰ ਆਉਂਦਾ ਹੈ। ਆਰ. ਐੱਨ. ਆਈ. ਦੇ ਅੰਕੜਿਆਂ ਅਨੁਸਾਰ ਹਿੰਦੀ ਦੀਆਂ ਕੁੱਲ ਅਖਬਾਰਾਂ-ਰਸਾਲਿਆਂ ਦੀ ਗਿਣਤੀ ਸਾਢੇ ਚਾਰ ਹਜ਼ਾਰ ਹੈ। ਹਿੰਦੀ ਨੂੰ ਹੁਲਾਰਾ ਦੇਣ ਅਤੇ ਉਸ ਨੂੰ ਦੁਨੀਆ ਦੀ ਤੀਜੇ ਨੰਬਰ ਦੀ ਭਾਸ਼ਾ ਬਣਾਉਣ ’ਚ ਇਨ੍ਹਾਂ ਅਖ਼ਬਾਰਾਂ, ਰੇਡੀਓ, ਟੀ. ਵੀ. ਅਤੇ ਫ਼ਿਲਮਾਂ ਦਾ ਵੱਡਾ ਹੱਥ ਹੈ।
ਇਕ ਸਮਾਂ ਸੀ ਜਦੋਂ ਹਿੰਦੀ ਅਖ਼ਬਾਰਾਂ ਅਤੇ ਰਸਾਲਿਆਂ ’ਚ ਔਰਤਾਂ ਦੀ ਗਿਣਤੀ ਉਂਗਲਾਂ ’ਤੇ ਗਿਣਨ ਯੋਗ ਸੀ ਪਰ ਅੱਜ ਹਰ ਪਾਸੇ ਉਹੀ ਦਿਖਾਈ ਦਿੰਦੀਆਂ ਹਨ। ਹਿੰਦੀ ਦੀ ਪਹਿਲੀ ਪੱਤਰਕਾਰ ਹੇਮੰਤਕੁਮਾਰੀ ਦੇਵੀ ਨੂੰ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ 1888 ’ਚ ਲਖਨਊ ਤੋਂ ‘ਸੁਗ੍ਰਹਿਣੀ’ ਨਾਂ ਦੀ ਰਸਾਲਾ ਕੱਢਿਆ ਸੀ। ਹੇਮੰਤਕੁਮਾਰੀ ਹਿੰਦੀ ਭਾਸ਼ੀ ਨਾ ਹੋ ਕੇ ਬੰਗਾਲਾ ਭਾਸ਼ੀ ਸਨ ਪਰ ਫਿਰ ਵੀ ਉਨ੍ਹਾਂ ਨੇ ਹਿੰਦੀ ਨੂੰ ਮਹੱਤਵ ਦਿੱਤਾ। ਉਦੋਂ ਤੋਂ ਲੈ ਕੇ ਹੁਣ ਤੱਕ, ਜੇਕਰ ਮੁਹਾਵਰੇ ’ਚ ਕਹੀਏ, ਤਾਂ ਗੰਗਾ ’ਚ ਬੜਾ ਪਾਣੀ ਵਗ ਚੁੱਕਾ ਹੈ।
ਕਰੀਬ 49 ਸਾਲ ਪਹਿਲਾਂ ਜਦੋਂ ਮੈਂ ਇਸ ਖੇਤਰ ’ਚ ਆਈ, ਤਾਂ ਇਸ ਵੱਡੇ ਅਤੇ ਸਥਾਪਿਤ ਸੰਸਥਾਨ ’ਚ ਸਿਰਫ਼ ਪੰਜ ਔਰਤਾਂ ਪੱਤਰਕਾਰ ਸਨ। ਜਿਨ੍ਹਾਂ ’ਚੋਂ ਦੋ ਰੋਜ਼ਾਨਾ ਅਖ਼ਬਾਰ ’ਚ ਅਤੇ ਬਾਕੀ ਤਿੰਨ ਦੋ ਰਸਾਲਿਆਂ ’ਚ ਸਨ। ਦੂਰਦਰਸ਼ਨ ’ਤੇ ਜ਼ਰੂਰ ਪ੍ਰਤਿਮਾ ਪੁਰੀ, ਮੁਕਤਾ ਸ਼੍ਰੀਵਾਸਤਵ, ਜਯੋਤਸਨਾ ਆਦਿ ਦਿਖਾਈ ਦਿੰਦੀਆਂ ਸਨ।
ਪਰ 90 ਦੇ ਦਹਾਕੇ ’ਚ ਗਲੋਬਲਾਈਜ਼ੇਸ਼ਨ ਦੇ ਕਾਰਨ ਜਦੋਂ ਮੀਡੀਆ ਦਾ ਪਸਾਰ ਹੋਇਆ, ਅਖ਼ਬਾਰਾਂ ਦੇ ਕਈ ਐਡੀਸ਼ਨ ਸ਼ੁਰੂ ਹੋਏ ਅਤੇ ਚੈਨਲਾਂ ਦਾ ਤਾਂ ਜਿਵੇਂ ਹੜ੍ਹ ਹੀ ਆ ਗਿਆ, ਤਾਂ ਮਹਿਲਾ ਪੱਤਰਕਾਰਾਂ ਦੀ ਗਿਣਤੀ ਵੀ ਵਧਣ ਲੱਗੀ। ਇਸ ਦਾ ਵੱਡਾ ਕਾਰਨ ਔਰਤਾਂ ’ਚ ਵਧਦੀ ਸਿੱਖਿਆ, ਆਤਮ-ਨਿਰਭਰਤਾ ਦੀ ਭਾਵਨਾ, ਕੁਝ ਵੱਖਰਾ ਕਰ ਵਿਖਾਉਣ ਦੀ ਰੀਝ ਅਤੇ ਨਾਲ ਹੀ ਮੀਡੀਆ ਦਾ ਗਲੈਮਰ ਵੀ ਸੀ। ਇਹ ਉਹੀ ਦੌਰ ਸੀ ਜਦੋਂ ਸ਼ੀਲਾ ਝੁਨਝੁਨਵਾਲਾ ਇਕ ਹਫ਼ਤਾਵਾਰੀ ਅਖਬਾਰ ਦੀ ਸੰਪਾਦਕ ਬਣੀ। ਬਾਅਦ ’ਚ ਮ੍ਰਿਣਾਲ ਪਾਂਡੇ ਵੀ ਇਸ ਦੀ ਸੰਪਾਦਕ ਬਣੀ। ਕੁਝ ਸਾਲਾਂ ਬਾਅਦ ਉਹ ਇਸੇ ਸੰਸਥਾਨ ਦੇ ਰੋਜ਼ਾਨਾ ਅਖ਼ਬਾਰ ਦੇ ਸਾਰੇ ਐਡੀਸ਼ਨਾਂ ਦੀ ਸੰਪਾਦਕ ਬਣੀ। ਉਹ ਪਹਿਲੀ ਮਹਿਲਾ ਪੱਤਰਕਾਰ ਸੀ, ਜੋ ਕਿਸੇ ਰੋਜ਼ਾਨਾ ਅਖ਼ਬਾਰ ਦੀ ਸੰਪਾਦਕ ਬਣੀ ਸੀ। ਦਿੱਲੀ ਐੱਨ. ਸੀ. ਆਰ. ਦੀਆਂ ਹਿੰਦੀ ਔਰਤ ਪੱਤਰਕਾਰਾਂ ਦੇ ਯੋਗਦਾਨ ’ਤੇ ਪੱਤਰਕਾਰ ਵੰਦਨਾ ਅਗਰਵਾਲ ਨੇ ਖੋਜ ਵੀ ਕੀਤੀ ਹੈ।
90 ਦੇ ਦਹਾਕੇ ’ਚ ਮਹਿਲਾ ਪੱਤਰਕਾਰਾਂ ਦੀ ਗਿਣਤੀ ਇਸ ਤਰ੍ਹਾਂ ਵਧ ਰਹੀ ਸੀ ਕਿ ਉਨ੍ਹਾਂ ਨੂੰ ਲੱਗਿਆ ਕਿ ਆਪਣੇ ਲਈ ਇਕ ਵੱਖਰਾ ਕਲੱਬ ਹੋਣਾ ਚਾਹੀਦਾ ਹੈ। ਇਸ ਲਈ ‘ਵੂਮੈਨ ਪ੍ਰੈੱਸ ਕੋਰ’ ਦੀ ਸਥਾਪਨਾ ਕੀਤੀ ਗਈ। ਅੱਜ ਇਸ ਕਲੱਬ ’ਚ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਦੀਆਂ ਮਿਲਾ ਕੇ ਇਕ ਹਜ਼ਾਰ ਤੋਂ ਵੱਧ ਮਹਿਲਾ ਪੱਤਰਕਾਰ ਮੈਂਬਰ ਹਨ।
ਅੱਜ ਤਾਂ ਹਾਲਤ ਇਹ ਹੈ ਕਿ ਚੈਨਲਾਂ ਦੇ ਪ੍ਰਾਈਮ ਟਾਈਮ ’ਤੇ ਔਰਤਾਂ ਹੀ ਛਾਈਆਂ ਹੋਈਆਂ ਹਨ। ਉਹ ਵੱਡੇ-ਵੱਡਿਆਂ ਦੇ ਛੱਕੇ ਛੁਡਾ ਦਿੰਦੀਆਂ ਹਨ। ਉਨ੍ਹਾਂ ਦੀ ਵਿਜੀਬਿਲਟੀ ਚਾਰੇ ਪਾਸੇ ਵਧੀ ਹੈ, ਤਾਂ ਉਨ੍ਹਾਂ ਦਾ ਮਹੱਤਵ ਵੀ ਵਧਿਆ ਹੈ।
ਇੰਨਾ ਹੀ ਨਹੀਂ, ਔਰਤਾਂ ਦੇ ਮੁੱਦਿਆਂ ’ਤੇ ਵੀ ਉਨ੍ਹਾਂ ਦੀ ਸਰਗਰਮੀ ਦੇਖਣਯੋਗ ਹੁੰਦੀ ਹੈ। ਭਾਵੇਂ ਉਹ ਮਥੁਰਾ ਰੇਪ ਕਾਂਡ ਹੋਵੇ, ਜਿਸ ਵਿਚ ਮਥੁਰਾ ਨਾਂ ਦੀ ਕੁੜੀ ਨਾਲ ਪੁਲਸ ਵਾਲਿਆਂ ਨੇ ਹੀ ਜਬਰ-ਜ਼ਨਾਹ ਕੀਤਾ ਸੀ। ਦਿਵਰਾਲਾ ’ਚ 1987 ’ਚ ਹੋਈ ਸਤੀ ਅਤੇ ਸ਼ਾਹਬਨੋ ਦਾ ਮੁੱਦਾ, ਨਿਰਭਇਆ ਦਾ ਮੁੱਦਾ ਹੋਵੇ ਜਾਂ ਕੋਈ ਹੋਰ।
ਸਿਆਸੀ ਵਿਸ਼ਿਆਂ ਤੋਂ ਲੈ ਕੇ ਫ਼ਿਲਮ, ਮਨੋਰੰਜਨ, ਅਪਰਾਧ ਹਰ ਮਾਮਲੇ ’ਚ ਉਹ ਰਿਪੋਰਟਿੰਗ ਕਰਦੀਆਂ ਅਤੇ ਲਿਖਦੀਆਂ ਨਜ਼ਰ ਆਉਂਦੀਆਂ ਹਨ। ਔਰਤਾਂ ਵਿਰੁੱਧ ਹੁੰਦੇ ਅਪਰਾਧਾਂ ਦੇ ਵਿਰੁੱਧ ਅਕਸਰ ਇਸਤਰੀਆਂ ਇਕ ਸੁਰ ’ਚ ਬੋਲਦੀਆਂ ਨਜ਼ਰ ਆਉਂਦੀਆਂ ਹਨ, ਤਾਂ ਉਨ੍ਹਾਂ ਦੀ ਤਾਕਤ ਵੀ ਪਛਾਣੀ ਜਾਂਦੀ ਹੈ। ਔਰਤਾਂ ਦੀ ਮਜ਼ਬੂਤੀ ਦੇ ਕਾਰਨ ਹੀ ਔਰਤ ਪੱਤਰਕਾਰ ਵੀ ਵਧ ਰਹੀਆਂ ਹਨ। ਇਸ ਮਜ਼ਬੂਤੀ ’ਚ ਸਾਡੇ ਦੇਸ਼ ’ਚ ਔਰਤਾਂ ਲਈ ਬਣਾਏ ਗਏ ਕਾਨੂੰਨਾਂ ਅਤੇ ਲੋਕਤੰਤਰ ਦਾ ਵੀ ਹੱਥ ਹੈ।
ਆਪਣੇ ਦੇਸ਼ ’ਚ ਇਨ੍ਹਾਂ ਦਿਨਾਂ ’ਚ ਸਿਰਫ਼ ਪੱਤਰਕਾਰੀ ਹੀ ਨਹੀਂ, ਸਗੋਂ ਹਰ ਖੇਤਰ ’ਚ ਔਰਤਾਂ ਸਫ਼ਲ ਹੁੰਦੀਆਂ ਅਤੇ ਅੱਗੇ ਵਧਦੀਆਂ ਦਿਖਾਈ ਦਿੰਦੀਆਂ ਹਨ। ਚੰਗੀ ਗੱਲ ਇਹ ਹੈ ਕਿ ਸਾਡੇ ਇੱਥੇ ਔਰਤਾਂ ਨੂੰ ਅਮਰੀਕਾ ਵਾਂਗ ਮੀਡੀਆ ਦਾ ਭਾਰੀ ਵਿਰੋਧ ਨਹੀਂ ਝੱਲਣਾ ਪਿਆ। ਉੱਥੇ ਤਾਂ ਔਰਤਾਂ ਨੂੰ ਸਿਰਫ਼ ਵੋਟ ਦਾ ਅਧਿਕਾਰ ਪਾਉਣ ਲਈ ਸੱਤਰ ਸਾਲ ਤੱਕ ਸੰਘਰਸ਼ ਕਰਨਾ ਪਿਆ ਸੀ। ਮੀਡੀਆ ’ਚ ਉਨ੍ਹਾਂ ਦਾ ਕਾਫ਼ੀ ਮਜ਼ਾਕ ਉਡਾਇਆ ਜਾਂਦਾ ਸੀ ਕਿ ਇਹ ਘਰ ਦਾ ਚੁੱਲ੍ਹਾ-ਚੌਕਾ ਛੱਡ ਕੇ ਘਰੋਂ ਬਾਹਰ ਨਿਕਲ ਕੇ ਵੋਟ ਪਾ ਕੇ ਕੀ ਕਰਨਗੀਆਂ। ਤਰ੍ਹਾਂ-ਤਰ੍ਹਾਂ ਦੇ ਕਾਰਟੂਨ ਬਣਾ ਕੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਸੀ। ਜਦੋਂ ਕਿ ਸਾਡੇ ਦੇਸ਼ ’ਚ ਔਰਤਾਂ ਨੂੰ ਵੋਟ ਲਈ ਅਜਿਹਾ ਕੋਈ ਅਪਮਾਨ ਨਹੀਂ ਝੱਲਣਾ ਪੈਂਦਾ।
ਸਗੋਂ ਉਹ ਸਿੱਖਿਅਤ ਅਤੇ ਆਤਮ-ਨਿਰਭਰ ਹੋਣ, ਉਨ੍ਹਾਂ ਦੀ ਸੁਰੱਖਿਆ ਵਧੇ—ਇਸ ਨੂੰ ਆਮ ਤੌਰ ’ਤੇ ਹਿੰਦੀ ਮੀਡੀਆ ’ਚ ਰਹਿਣ ਵਾਲੇ ਮਰਦਾਂ ਦੇ ਇਕ ਵੱਡੇ ਵਰਗ ਦਾ ਸਮਰਥਨ ਵੀ ਮਿਲਿਆ। ਇਹੀ ਕਾਰਨ ਹੈ ਕਿ ਅੱਜ ਜਦੋਂ ਅਸੀਂ ਹਿੰਦੀ ਪੱਤਰਕਾਰੀ ਦੇ ਦੋ ਸੌ ਸਾਲ ਮਨਾ ਰਹੇ ਹਾਂ, ਤਾਂ ਔਰਤ ਪੱਤਰਕਾਰਾਂ ਦੀ ਧਮਕ ਹਰ ਪਾਸੇ ਸੁਣਾਈ ਦੇ ਰਹੀ ਹੈ। ਇਹ ਲਗਾਤਾਰ ਵਧਦੀ ਹੀ ਜਾ ਰਹੀ ਹੈ।
ਜਿਵੇਂ ਉੱਪਰ ਦੱਸਿਆ ਕਿ ਜਦੋਂ ਮੈਂ ਇਸ ਖੇਤਰ ’ਚ ਆਈ, ਉਦੋਂ ਇਸ ਖੇਤਰ ’ਚ ਬਹੁਤ ਘੱਟ ਔਰਤਾਂ ਸਨ ਪਰ ਸੈਂਤੀ ਸਾਲ ਬਾਅਦ ਜਦੋਂ ਇੱਥੋਂ ਬਾਹਰ ਨਿਕਲੀ ਤਾਂ ਸਿਰਫ਼ ਪੱਤਰਕਾਰੀ ’ਚ ਹੀ ਨਹੀਂ, ਸਗੋਂ ਹੋਰ ਵਿਭਾਗਾਂ ’ਚ ਵੀ ਔਰਤਾਂ ਹੀ ਔਰਤਾਂ ਦਿਖਾਈ ਦਿੰਦੀਆਂ ਸਨ। ਸਗੋਂ ਇਹ ਮਜ਼ਾਕ ਚੱਲਦਾ ਸੀ ਕਿ ਬਸ ਕੁਝ ਹੀ ਸਾਲਾਂ ਦੀ ਗੱਲ ਹੈ, ਹਰ ਪਾਸੇ ਸੌ ਫ਼ੀਸਦੀ ਔਰਤਾਂ ਹੀ ਦਿਖਾਈ ਦੇਣਗੀਆਂ।
-ਕਸ਼ਮਾ ਸ਼ਰਮਾ
ਅੰਨਾਮਲਾਈ ਆਪਣੀ ਸਿਆਸੀ ਸਥਿਤੀ ਮਜ਼ਬੂਤ ਕਰਨ ਦੇ ਯਤਨਾਂ ’ਚ!
NEXT STORY