‘‘ਆਈ ਲਵ ਮੁਹੰਮਦ’’ ਵਿਵਾਦ ਨੇ ਇਕ ਵਾਰ ਫਿਰ ਇਹ ਦਰਸਾਇਆ ਹੈ ਕਿ ਇਸ ਦੇਸ਼ ਵਿਚ ਕੁਝ ਵਿਵਾਦ ਜਾਣਬੁੱਝ ਕੇ ਪੈਦਾ ਕੀਤੇ ਜਾਂਦੇ ਹਨ। ਇਸ ਪ੍ਰਗਤੀਸ਼ੀਲ ਯੁੱਗ ਵਿਚ ਵੀ ਅਸੀਂ ਫਿਰਕੂ ਸੋਚ ਨੂੰ ਖਤਮ ਨਹੀਂ ਕਰ ਸਕੇ ਹਾਂ। ਫਿਰਕੂਵਾਦ ਦਾ ਇਕ ਅੰਸ਼ ਅਜੇ ਵੀ ਸਾਡੀਆਂ ਰਗਾਂ ਵਿਚ ਵਗਦਾ ਹੈ। ਸਵਾਲ ਇਹ ਹੈ ਕਿ ਇਹ ਵਿਵਾਦ ਇੰਨੇ ਨਾਜ਼ੁਕ ਸਮੇਂ ’ਤੇ ਕਿਉਂ ਪੈਦਾ ਕੀਤਾ ਗਿਆ? ਉਹ ਕੌਣ ਹਨ ਜੋ ਇਸ ਵਿਵਾਦ ਤੋਂ ਲਾਭ ਉਠਾ ਸਕਦੇ ਹਨ?
ਜੇਕਰ ਅਜਿਹੇ ਵਿਵਾਦ ਇਕ ਵਧੇਰੇ ਪੜ੍ਹੇ-ਲਿਖੇ ਸਮਾਜ ਵਿਚ ਵੀ ਪੈਦਾ ਕੀਤੇ ਜਾ ਰਹੇ ਹਨ, ਤਾਂ ਸਾਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਸਾਡੇ ਪੜ੍ਹੇ-ਲਿਖੇ ਹੋਣ ਦਾ ਕੀ ਫਾਇਦਾ ਹੈ? ‘‘ਆਈ ਲਵ ਮੁਹੰਮਦ’’ ਤੋਂ ਬਾਅਦ, ਹੁਣ ‘‘ਆਈ ਲਵ ਮਹਾਦੇਵ ਦੀ’’ ਮੁਹਿੰਮ ਸ਼ੁਰੂ ਹੋ ਗਈ ਹੈ। ਆਪਣੇ ਦੇਵ ਦੀ ਮੂਰਤੀ ਨਾਲ ਪਿਆਰ ਕਰਨ ਵਿਚ ਕੁਝ ਵੀ ਗਲਤ ਨਹੀਂ ਹੈ ਪਰ ਸਵਾਲ ਇਹ ਹੈ ਕਿ ਇਸ ਪਿਆਰ ਨੂੰ ਇਕ ਪ੍ਰਦਰਸ਼ਨ ਦੀ ਚੀਜ਼ ਕਿਉਂ ਬਣਾਇਆ ਜਾ ਰਿਹਾ ਹੈ? ਇਸ ਪਿਆਰ ਰਾਹੀਂ ਸਮਾਜ ਵਿਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ?
ਜੇਕਰ ਇਕ ਧਰਮ ਦਾ ਵਿਅਕਤੀ ਆਪਣੇ ਦੇਵਤੇ ਲਈ ਪਿਆਰ ਦਾ ਪ੍ਰਗਟਾਵਾ ਕਰ ਰਿਹਾ ਹੈ ਤਾਂ ਦੂਜੇ ਧਰਮ ਦੇ ਵਿਅਕਤੀ ਨੂੰ ਇਤਰਾਜ਼ ਕਿਉਂ ਕਰਨਾ ਚਾਹੀਦਾ ਹੈ? ਸਵਾਲ ਇਹ ਹੈ ਕਿ ਕੀ ਪਿਆਰ ਨਾਅਰਿਆਂ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ? ਪਿਆਰ ਇਕ ਅੰਦਰੂਨੀ ਪ੍ਰਕਿਰਿਆ ਹੈ। ਇਸ ਅੰਦਰੂਨੀ ਪ੍ਰਕਿਰਿਆ ਨੂੰ ਪ੍ਰਦਰਸ਼ਨ ਵਿਚ ਕਿਉਂ ਬਦਲਿਆ ਜਾ ਰਿਹਾ ਹੈ? ਅਜਿਹੇ ਵਿਵਹਾਰ ਨਾਲ ਕੀ ਹਾਸਲ ਹੋਵੇਗਾ?
‘‘ਆਈ ਲਵ ਮੁਹੰਮਦ’’ ਵਿਵਾਦ ਅਸਲ ਵਿਚ ਕਾਨਪੁਰ ਵਿਚ ਬਾਰਾਵਫਾਤ ਜਲੂਸ ਦੌਰਾਨ ਸ਼ੁਰੂ ਹੋਇਆ ਸੀ। ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਇਕ ਬੈਨਰ ਲਗਾਇਆ ਸੀ ਜਿਸ ’ਤੇ ਲਿਖਿਆ ਸੀ, ‘‘ਆਈ ਲਵ ਮੁਹੰਮਦ’’। ਹਿੰਦੂ ਸੰਗਠਨਾਂ ਨੇ ਵਿਰੋਧ ਕੀਤਾ, ਦਾਅਵਾ ਕੀਤਾ ਕਿ ਇਹ ਬਾਰਾਵਫਾਤ ਜਲੂਸ ਵਿਚ ਇਕ ਨਵੀਂ ਪ੍ਰੰਪਰਾ ਸ਼ੁਰੂ ਕਰ ਰਿਹਾ ਹੈ। ਪੁਲਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਕਿਹਾ ਕਿ ਸਰਕਾਰੀ ਨਿਯਮਾਂ ਦੇ ਅਨੁਸਾਰ ਧਾਰਮਿਕ ਜਲੂਸ ’ਚ ਕਿਸੇ ਵੀ ਤਰ੍ਹਾਂ ਦੇ ਨਵੇਂ ਰੀਤੀ-ਰਿਵਾਜ਼ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕ ਦੂਜੇ ’ਤੇ ਪੋਸਟਰ ਫਾੜਨ ਦਾ ਦੋਸ਼ ਲਗਾਇਆ ਜਿਸ ਨੂੰ ਲੈ ਕੇ ਵਿਵਾਦ ਵਧ ਗਿਆ ਸੀ।
ਬਾਅਦ ’ਚ ਕਾਨਪੁਰ ਪੁਲਸ ਨੇ ਇਹ ਸਪੱਸ਼ਟ ਕੀਤਾ ਸੀ ਕਿ ‘ਆਈ ਲਵ ਮੁਹੰਮਦ’ ਦੇ ਬੈਨਰ ਲਈ ਕਿਸੇ ਤਰ੍ਹਾਂ ਦੀ ਐੱਫ.ਆਈ. ਆਰ. ਦਰਜ ਨਹੀਂ ਕੀਤੀ ਗਈ ਹੈ। ਐੱਫ. ਆਈ. ਆਰ. ਦਰਜ ਕਰਾਉਣ ਦਾ ਮਾਮਲਾ ਬਾਰਾਵਫਾਤ ਕੈਂਪ ਅਤੇ ਬੈਨਰ ਨੂੰ ਨਵੀਂ ਜਗ੍ਹਾ ’ਤੇ ਲਗਾਉਣ ਅਤੇ ਦੂਜੇ ਭਾਈਚਾਰੇ ਦੇ ਪੋਸਟਰ ਨੂੰ ਫਾੜਨ ਨੂੰ ਲੈ ਕੇ ਜੁੜਿਆ ਹੈ। ਇਸ ਮੁੱਦੇ ’ਤੇ ਰਾਜਨੀਤਿਕ ਨੇਤਾਵਾਂ ਦੇ ਬਿਆਨ ਜਾਰੀ ਕਰਨ ਤੋਂ ਬਾਅਦ ਇਹ ਮੁੱਦਾ ਗਰਮ ਹੋ ਗਿਆ।
ਏ. ਆਈ. ਐੱਮ. ਆਈ. ਐੱਮ. ਮੁਖੀ ਅਸਦੂਦੀਨ ਓਵੈਸੀ ਨੇ ਕਿਹਾ ਕਿ ‘‘ਆਈ ਲਵ ਮੁਹੰਮਦ’’ ਕਹਿਣਾ ਕੋਈ ਅਪਰਾਧ ਨਹੀਂ ਹੈ। ਬਰੇਲੀ ਅਤੇ ਕੁਝ ਹੋਰਨਾਂ ਥਾਵਾਂ ’ਤੇ ਇਸ ਮੁੱਦੇ ਨੂੰ ਲੈ ਕੇ ਹੰਗਾਮਾ ਹੋਇਆ। ‘‘ਆਈ ਲਵ ਮੁਹੰਮਦ’’ ਤੋਂ ਬਾਅਦ ‘‘ਆਈ ਲਵ ਮਹਾਦੇਵ’’ ਮੁਹਿੰਮ ਸ਼ੁਰੂ ਹੋ ਗਈ ਅਤੇ ਕਈ ਥਾਵਾਂ ’ਤੇ ‘‘ਆਈ ਲਵ ਮਹਾਦੇਵ’’ ਦੇ ਪੋਸਟਰ ਲਗਾਏ ਗਏ। ਇਸ ਪੂਰੇ ਮਾਮਲੇ ਵਿਚ ਸਭ ਤੋਂ ਵੱਡਾ ਸਵਾਲ ਇਹ ਹੈ : ਕੀ ‘‘ਮੈਂ ਮੁਹੰਮਦ ਕਹਿਣਾ ਗੈਰ ਸੰਵਿਧਾਨਿਕ ਹੈ। ਇਸ ਲੋਕਤੰਤਰ ਨੇ ਸਾਰੇ ਲੋਕਾਂ ਨੂੰ ਬਰਾਬਰ ਅਧਿਕਾਰ ਦਿੱਤੇ ਹੋਏ ਹਨ ।
ਸਾਡੇ ਸੰਵਿਧਾਨ ਸਾਰੇ ਧਰਮਾਂ ਦੇ ਲੋਕਾਂ ਨੂੰ ਇਹ ਅਧਿਕਾਰ ਦਿੱਤਾ ਹੋਇਆ ਕਿ ਉਹ ਆਪਣੇ ਧਰਮ ਦੇ ਅਨੁਸਾਰ ਪੂਜਾ ਕਰ ਸਕਣ ਅਤੇ ਆਪਣੇ ਦੇਵਤਿਆ ਪ੍ਰਤੀ ਸ਼ਰਧਾ ਪ੍ਰਗਟ ਕਰ ਸਕਣ।
ਸਵਾਲ ਇਹ ਹੈ: ਇਹ ਵਿਵਾਦ ਇੰਨਾ ਕਿਵੇਂ ਵਧ ਗਿਆ? ਕੀ ਕਾਨਪੁਰ ਪੁਲਸ ਇਸ ਮੁੱਦੇ ਨੂੰ ਗੰਭੀਰਤਾ ਨਾਲ ਹੱਲ ਨਹੀਂ ਕਰ ਸਕੀ ਅਤੇ ਤਾਂ ਹੀ ਇਹ ਵਿਵਾਦ ਪੂਰੇ ਦੇਸ਼ ਭਰ ਵਿਚ ਫੈਲ ਗਿਆ? ਕੀ ਕਾਨਪੁਰ ਪੁਲਸ ਸਮੇਂ ਸਿਰ ਇਹ ਸੰਦੇਸ਼ ਨਹੀਂ ਦੇ ਸਕੀ ਕਿ ‘‘ਆਈ ਲਵ ਮੁਹੰਮਦ’’ ਲਿਖਣ ’ਤੇ ਐੱਫ.ਆਈ. ਆਰ. ਦਰਜ ਨਹੀਂ ਕੀਤੀ ਗਈ, ਸਗੋਂ ਜਲੂਸ ਦੌਰਾਨ ਇਕ ਨਵੀਂ ਜਗ੍ਹਾ ’ਤੇ ਕੈਂਪ ਲਗਾਉਣ ਨੂੰ ਲੈ ਕੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈੈ? ਇਸ ਮਾਮਲੇ ਵਿਚ ਕਿਤੇ ਨਾ ਕਿਤੇ ਕੋਈ ਕਮੀ ਤਾਂ ਹੋਈ ਹੈ ਪਰ ਸਭ ਤੋਂ ਵੱਡਾ ਸਵਾਲ ਸਮਾਜ ਦੀ ਮਾਨਸਿਕਤਾ ’ਤੇ ਹੈ।
ਇਸ ਦੌਰ ਵਿਚ ਵੀ ਅਸੀਂ ਜਾਤੀ ਅਤੇ ਧਰਮ ਦੇ ਨਾਂ ’ਤੇ ਲੜ ਰਹੇ ਹਾਂ। ਮੁਸਲਮਾਨਾਂ ’ਤੇ ਸਵਾਲ ਉਠਾਉਣ ਤੋਂ ਪਹਿਲਾਂ, ਹਿੰਦੂ ਸਮਾਜ ਨੂੰ ਵੀ ਆਪਣੇ ਗਿਰੇਬਾਨ ’ਚ ਵੀ ਝਾਕਣਾ ਹੋਵੇਗਾ। ਪ੍ਰੇਮ ਦੇ ਨਾਂ ’ਤੇ ਹੁਣ ਨਫ਼ਰਤ ਦਾ ਕਾਰੋਬਾਰ ਬੰਦ ਹੋਣਾ ਚਾਹੀਦਾ ਹੈ। ‘‘ਆਈ ਲਵ ਯੂ’’ ’ਚ ਨਫਰਤ ਕਿਵੇਂ ਆ ਗਈ, ਇਹ ਸਭ ਨੂੰ ਸੋਚਣਾ ਪਵੇਗਾ। ਜੇਕਰ ਇਸ ਘਟਨਾ ਨੂੰ ਕਾਨਪੁਰ ਪ੍ਰਸ਼ਾਸਨ ਵਲੋਂ ਸਮਝਦਾਰੀ ਨਾਲ ਹੱਲ ਕਰ ਲਿਆ ਜਾਂਦਾ ਤਾਂ ਇਹ ਇੰਨੀ ਵੱਡੀ ਘਟਨਾ ਨਾ ਹੋ ਸਕਦੀ।
ਸਵਾਲ ਇਹ ਹੈ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਹਰ ਮੁਸਲਮਾਨ ਵਿਵਹਾਰ ਨੂੰ ਸ਼ੱਕ ਦੀਆਂ ਨਜ਼ਰ ਨਾਲ ਕਿਉਂ ਦੇਖਿਆ ਜਾਂਦਾ ਹੈ? ਇਕ ਪਾਸੇ ਸੜਕਾਂ ਨੂੰ ਦਿਨਾਂ ਲਈ ਕਾਂਵੜੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ, ਜਦੋਂ ਕਿ ਦੂਜੇ ਪਾਸੇ ਈਦ ਦੇ ਮੌਕੇ ’ਤੇ ਮੁਸਲਮਾਨਾਂ ਨੂੰ 10-15 ਮਿੰਟ ਲਈ ਵੀ ਸੜਕਾਂ ’ਤੇ ਨਮਾਜ਼ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸ਼ਾਸਨ ਅਤੇ ਪ੍ਰਸ਼ਾਸਨ ਦਾ ਇਹ ਵਿਵਹਾਰ ਮੁਸਲਮਾਨਾਂ ਦੇ ਦਿਲਾਂ ਵਿਚ ਕਈ ਸਵਾਲ ਖੜ੍ਹੇ ਕਰਦਾ ਹੈ। ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਵਿਚ ਹੌਲੀ-ਹੌਲੀ ਸਿੱਖਿਆ ਦਾ ਪ੍ਰਚਾਰ-ਪ੍ਰਸਾਰ ਹੋਇਆ ਹੈ। ਤਾਂ ਕੀ ਵਿਕਸਤ ਭਾਰਤ ਵਿਚ ਸਿੱਖਿਆ ਦਾ ਪ੍ਰਚਾਰ-ਪ੍ਰਸਾਰ ਵੀ ਸਾਡੀ ਬੁੱਧੀ ਨੂੰ ਵਿਕਸਤ ਨਹੀਂ ਕਰ ਸਕੇਗਾ?
ਪ੍ਰਗਤੀਸ਼ੀਲ ਸਮਾਜ ਵਿਚ ਵੀ ਜੇਕਰ ਤਿਉਹਾਰਾਂ ’ਤੇ ਹਿੰਦੂ ਅਤੇ ਮੁਸਲਮਾਨਾਂ ਵਿਚ ਟਕਰਾਅ ਦਾ ਖ਼ਤਰਾ ਬਣਿਆ ਹੋਇਆ ਹੈ, ਤਾਂ ਅਸੀਂ ਸੱਚਮੁੱਚ ਕਿੱਥੇ ਤਰੱਕੀ ਕੀਤੀ ਹੈ? ਕਿੱਥੇ ਚੱਲੀ ਗਈ ਸਾਡੀ ਪ੍ਰਗਤੀਸ਼ੀਲਤਾ? ਕੀ ਪੜ੍ਹ-ਲਿਖ ਕੇ ਵੱਡੀਆਂ-ਵੱਡੀਆਂ ਨੌਕਰੀਆਂ ਜਾਂ ਵੱਡੇ-ਵੱਡੇ ਵਪਾਰ ਕਰਨ ਨੂੰ ਹੀ ਤਰੱਕੀ ਕਹਿੰਦੇ ਹਨ, ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਪੜ੍ਹ-ਲਿਖ ਲੈਣ ਦੇ ਬਾਵਜੂਦ ਸਾਡੀ ਸੋਚ ਕਿਉਂ ਨਹੀਂ ਬਦਲ ਸਕੀ ਹੈ। ਇਹ ਮੰਦਭਾਗਾਂ ਹੀ ਹੈ ਕਿ ਇਸ ਦੌਰ ’ਚ ਹਿੰਦੂ ਅਤੇ ਮੁਸਲਮਾਨਾਂ ’ਚ ਆਪਸੀ ਵਿਸ਼ਵਾਸ ਘਟਦਾ ਜਾ ਰਿਹਾ ਹੈ, ਧਾਰਮਿਕ ਅਸਹਿਣਸ਼ੀਲਤਾ ਨੇ ਸਾਡੀ ਪਛਾਣ ’ਚ ਵੀ ਖ਼ਤਰਾ ਪੈਦਾ ਕਰ ਦਿੱਤਾ ਹੈ। ਇਹ ਸੰਕਟ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਨਵੇਂ ਖ਼ਤਰੇ ਪੈਦਾ ਕਰ ਰਿਹਾ ਹੈ।
- ਰੋਹਿਤ ਕੌਸ਼ਿਕ
ਸ਼ਾਂਤੀ ਦੂਤ ਬਣਨ ਵਾਲੇ ਟਰੰਪ ਦੇ ਨੋਬਲ ਪੁਰਸਕਾਰ ਜਿੱਤਣ ਦੀ ਸੰਭਾਵਨਾ ਨਹੀਂ
NEXT STORY