ਹਾਲ ਹੀ ਵਿਚ ਸਟਾਰਟਅੱਪ ਮਹਾਕੁੰਭ ਵਿਚ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਦੁਆਰਾ ਕੀਤੀ ਗਈ ਟਿੱਪਣੀ ਭਾਰਤ ਦੇ ਸਟਾਰਟਅੱਪ ਈਕੋ-ਸਿਸਟਮ ਦੀ ਸਮੇਂ ਸਿਰ ਅਤੇ ਜ਼ਰੂਰੀ ਆਲੋਚਨਾ ਪੇਸ਼ ਕਰਦੀ ਹੈ। ਇਸ ਖੇਤਰ ਦੇ ਤਹਿਤ ਹੋਏ ਜ਼ਿਕਰਯੋਗ ਵਿਕਾਸ ਅਤੇ ਇਨੋਵੇਸ਼ਨ ਨੂੰ ਸਵੀਕਾਰਦੇ ਹੋਏ ਅਤੇ ਉਸ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਗੋਇਲ ਨੇ ਸਟਾਰਟਅੱਪ ਨੂੰ ਤਾਕੀਦ ਕੀਤੀ ਕਿ ਉਹ ਆਪਣਾ ਧਿਆਨ ਖੁਰਾਕ ਵੰਡ ਅਤੇ ਹਾਈਪਰ-ਫਾਸਟ ਲੌਜਿਸਟਿਕਸ ਜਿਹੇ ਘੱਟ ਕੀਮਤ ਵਾਲੇ ਉਪਕ੍ਰਮਾਂ ਤੋਂ ਹਟਾ ਕੇ ਸੈਮੀਕੰਡਕਟਰ, ਰੋਬੋਟਿਕਸ ਅਤੇ ਡੀਪ-ਟੈੱਕ ਜਿਹੇ ਉੱਚ ਪ੍ਰਭਾਵ ਵਾਲੇ ਖੇਤਰਾਂ ’ਤੇ ਕੇਂਦ੍ਰਿਤ ਕਰਨ।
ਆਤਮਵਿਸ਼ਲੇਸ਼ਣ ਦਾ ਇਹ ਸੱਦਾ ਨਾ ਸਿਰਫ਼ ਜਾਇਜ਼ ਹੈ, ਸਗੋਂ ਭਾਰਤ ਦੇ ਉੱਦਮਸ਼ੀਲ ਲੈਂਡਸਕੇਪ ਦੀ ਦੀਰਘਕਾਲੀ ਸਥਿਰਤਾ ਅਤੇ ਆਲਮੀ ਮੁਕਾਬਲੇਬਾਜ਼ੀ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਵੀ ਹੈ।
ਸਫ਼ਲਤਾ ਦੀ ਗਾਥਾ : ਭਾਰਤ ਦੇ ਸਟਾਰਟਅੱਪ ਈਕੋ-ਸਿਸਟਮ ਨੇ ਬਿਨਾਂ ਸ਼ੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤੇ ਹਨ। 2025 ਵਿਚ, ਸਿਰਫ਼ ਪਹਿਲੀ ਤਿਮਾਹੀ ਵਿਚ ਹੀ ਸਟਾਰਟਅੱਪ ਨੇ 2.5 ਬਿਲੀਅਨ ਡਾਲਰ ਜੁਟਾਏ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿਚ 8.7 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ। ਸਟਾਰਟਅੱਪਸ ਦੇ ਫੰਡਿੰਗ ਦੇ ਮਾਮਲੇ ਵਿਚ ਦੇਸ਼ ਅਮਰੀਕਾ ਅਤੇ ਬ੍ਰਿਟੇਨ ਦੇ ਬਾਅਦ ਦੁਨੀਆ ਵਿਚ ਤੀਜੇ ਸਥਾਨ ’ਤੇ ਹੈ। ਇਸ ਤੋਂ ਇਲਾਵਾ, ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਗਤੀਵਿਧੀ ਵਿਚ ਵਾਧਾ ਹੋਇਆ ਹੈ, ਇਸ ਵਰ੍ਹੇ 23 ਸਟਾਰਟਅੱਪ ਪਬਲਿਕ ਲਿਸਟਿੰਗ ਦੀ ਤਿਆਰੀ ਕਰ ਰਹੇ ਹਨ, ਜੋ ਕਿ ਭਾਰਤੀ ਇਨੋਵੇਸ਼ਨ ਵਿਚ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਇਸ ਤੋਂ ਇਲਾਵਾ, ਟੀਅਰ 2 ਅਤੇ ਟੀਅਰ 3 ਸ਼ਹਿਰ ਖੇਤੀਬਾੜੀ, ਸਿਹਤ ਸੰਭਾਲ ਅਤੇ ਸਿੱਖਿਆ ਵਿਚ ਸਥਾਨਕ ਚੁਣੌਤੀਆਂ ਨਾਲ ਨਜਿੱਠਦੇ ਹੋਏ ਉੱਦਮਸ਼ੀਲਤਾ ਨਾਲ ਸਬੰਧਤ ਗਤੀਵਿਧੀ ਕੇਂਦਰਾਂ ਵਜੋਂ ਉੱਭਰ ਰਹੇ ਹਨ। ਇਹ ਵਿਕੇਂਦ੍ਰੀਕਰਨ ਇਕ
ਆਸਪੂਰਨ ਰੁਝਾਨ ਹੈ, ਜੋ ਈਕੋ-ਸਿਸਟਮ ਦੇ ਸਮਾਵੇਸ਼ ਅਤੇ ਸੰਭਾਵਨਾਵਾਂ ਨੂੰ ਰੇਖਾਂਕਿਤ ਕਰਦਾ ਹੈ।
ਗੋਇਲ ਦੁਆਰਾ ਉਜਾਗਰ ਕੀਤੀਆਂ ਚੁਣੌਤੀਆਂ : ਇਨ੍ਹਾਂ ਪ੍ਰਾਪਤੀਆਂ ਦੇ ਬਾਵਜੂਦ, ਸ਼੍ਰੀ ਗੋਇਲ ਦੀ ਅਾਲੋਚਨਾ ਉਨ੍ਹਾਂ ਮਹੱਤਵਪੂਰਨ ਕਮੀਆਂ ਵੱਲ ਇਸ਼ਾਰਾ ਕਰਦੀ ਹੈ ਜਿਨ੍ਹਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਬਹੁਤ ਸਾਰੇ ਸਟਾਰਟਅੱਪ ਡੀਪ-ਟੈੱਕ ਵਰਗੇ ਪਰਿਵਰਤਨਕਾਰੀ ਖੇਤਰਾਂ ਵਿਚ ਇਨੋਵੇਸ਼ਨ ਕਰਨ ਦੀ ਬਜਾਏ ਮੌਜੂਦਾ ਕਾਰੋਬਾਰੀ ਮਾਡਲਾਂ ਦੀ ਨਕਲ ਕਰਨ ’ਤੇ ਧਿਆਨ ਕੇਂਦ੍ਰਿਤ ਕਰਦੇ ਹਨ।
ਗੋਇਲ ਨੇ ਪ੍ਰਤਿਭਾ ਪਲਾਇਨ ਜਾਂ ਬ੍ਰੇਨ ਡ੍ਰੇਨ ਬਾਰੇ ਵੀ ਚਿੰਤਾ ਪ੍ਰਗਟ ਕੀਤੀ, ਜਿੱਥੇ ਇਨੋਵੇਟਿਵ ਵਿਚਾਰਾਂ ਨੂੰ ਘੱਟ ਕੀਮਤ ’ਤੇ ਵਿਦੇਸ਼ੀ ਕੰਪਨੀਆਂ ਨੂੰ ਵੇਚਿਆ ਜਾਂਦਾ ਹੈ। ਘਰੇਲੂ ਇਨੋਵੇਸ਼ਨ ਲਈ ਮਜ਼ਬੂਤ ਸਮਰਥਨ ਦੇ ਬਗੈਰ, ਭਾਰਤ ਦੇ ਸਾਹਮਣੇ ਆਪਣੀ ਬੌਧਿਕ ਪੂੰਜੀ ਨੂੰ ਆਪਣੇ ਆਲਮੀ ਮੁਕਾਬਲੇਬਾਜ਼ਾਂ ਲਈ ਗੁਆ ਦੇਣ ਦਾ ਖ਼ਤਰਾ ਮੌਜੂਦ ਹੈ।
ਆਤਮਵਿਸ਼ਲੇਸ਼ਣ ਅਤੇ ਜਵਾਬਦੇਹੀ : ਮੰਤਰੀ ਮਹੋਦਯ ਦਾ ਇਹ ਸੰਬੋਧਨ ਸਟਾਰਟਅੱਪ ਈਕੋ-ਸਿਸਟਮ ਬਾਰੇ ਕਹੀਆਂ ਜਾਣ ਵਾਲੀਆਂ ਸਾਧਾਰਨ ਗੱਲਾਂ ਤੋਂ ਪਰ੍ਹੇ ਇਕ ਸੁਆਗਤਯੋਗ ਕਦਮ ਹੈ। ਉਨ੍ਹਾਂ ਨੇ ਬਿਨਾਂ ਕਿਸੇ ਲਾਗ-ਲਪੇਟ ਦੇ ਆਪਣੀ ਗੱਲ ਨੂੰ ਸਪੱਸ਼ਟ ਤੌਰ ’ਤੇ ਰੱਖਣ ਦਾ ਬਦਲ ਚੁਣਿਆ। ਉਨ੍ਹਾਂ ਦੀ ਇਸ ਸਪੱਸ਼ਟ ਅਾਲੋਚਨਾ ਨੂੰ ਨਿੰਦਾ ਦੇ ਰੂਪ ਵਿਚ ਨਹੀਂ, ਸਗੋਂ ਭਾਰਤ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਲਈ ਰਚਨਾਤਮਕ ਚੁਣੌਤੀ ਵਜੋਂ–ਉਨ੍ਹਾਂ ਨੂੰ ਨਰਮੀ ਨਾਲ ਪ੍ਰੇਰਿਤ ਕੀਤੇ ਜਾਣ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ।
ਭਾਰਤ ਦੇ ਸਟਾਰਟਅੱਪ ਭਾਈਚਾਰੇ ਨੂੰ ਇਸ ਤਰ੍ਹਾਂ ਦੀ ਅਗਵਾਈ ਦਾ ਸਵਾਗਤ ਕਰਨਾ ਚਾਹੀਦਾ ਹੈ-ਜੋ ਮੌਜੂਦਾ ਸਥਿਤੀ ਨੂੰ ਚੁਣੌਤੀ ਦੇਣ ਅਤੇ ਸਾਰਥਕ ਇਨੋਵੇਸ਼ਨ ਲਈ ਪ੍ਰੇਰਿਤ ਕਰਨ ਤੋਂ ਨਹੀਂ ਡਰਦੇ। ਇਸ ਵਿਜ਼ਨ ਨੂੰ ਅਪਣਾਉਂਦੇ ਹੋਏ ਭਾਰਤੀ ਉੱਦਮੀ ਆਪਣੀ ਪ੍ਰਤਿਭਾ ਦਾ ਲਾਭ ਲੈਂਦੇ ਹੋਏ ਇਸ ਸਥਿਤੀ ਨਾਲ ਸਫਲਤਾਪੂਰਵਕ ਨਿਪਟ ਸਕਦੇ ਹਨ।
ਡੀਪ-ਟੈੱਕ ਕਿਉਂ ਮਹੱਤਵਪੂਰਨ ਹੈ : ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਰੋਬੋਟਿਕਸ ਅਤੇ ਸੈਮੀਕੰਡਕਟਰ ਜਿਹੇ ਡੀਪ-ਟੈੱਕ ਉਦਯੋਗ ਆਰਥਿਕ ਵਿਕਾਸ ਅਤੇ ਤਕਨੀਕੀ ਅਗਵਾਈ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਹਨ। ਆਲਮੀ ਪੱਧਰ ’ਤੇ, ਇਹ ਖੇਤਰ ਸਿਹਤ ਸੇਵਾ ਤੋਂ ਲੈ ਕੇ ਮੈਨੂਫੈਕਚਰਿੰਗ ਤੱਕ ਦੇ ਉਦਯੋਗਾਂ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਨ। ਫਿਰ ਵੀ, ਭਾਰਤ ਵਿਚ ਡੀਪ-ਟੈੱਕ ਵਿਚ ਸਿਰਫ਼ ਲਗਭਗ 1,000 ਸਟਾਰਟਅੱਪਸ ਹਨ-ਇਸ ਅੰਕੜੇ ਨੂੰ ਗੋਇਲ ਨੇ ‘ਪ੍ਰੇਸ਼ਾਨ ਕਰਨ ਵਾਲਾ’ ਕਰਾਰ ਦਿੱਤਾ ਹੈ।
ਡੀਪ-ਟੈੱਕ ਵਿਚ ਨਿਵੇਸ਼ ਕਰਨ ਨਾਲ ਅਨੇਕਾਂ ਲਾਭ ਮਿਲਦੇ ਹਨ :
• ਆਰਥਿਕ ਕੀਮਤ : ਉੱਚ ਤਕਨੀਕ ਵਾਲੇ ਉਦਯੋਗ ਘੱਟ ਕੌਸ਼ਲ ਵਾਲੇ ਖੇਤਰਾਂ ਦੀ ਤੁਲਨਾ ਵਿਚ ਪ੍ਰਤੀ ਕਰਮਚਾਰੀ ਵਧੇਰੇ ਰੈਵੇਨਿਊ ਪੈਦਾ ਕਰਦੇ ਹਨ।
• ਆਲਮੀ ਮੁਕਾਬਲੇਬਾਜ਼ੀ : ਏ. ਆਈ. ਅਤੇ ਰੋਬੋਟਿਕਸ ਵਿਚ ਇਨੋਵੇਸ਼ਨ ਭਾਰਤ ਨੂੰ ਅਤਿਆਧੁਨਿਕ ਤਕਨੀਕਾਂ ਵਿਚ ਮੋਹਰੀ ਬਣਾਉਂਦਾ ਹੈ।
• ਸਥਿਰਤਾ : ਥੋੜ੍ਹੇ ਸਮੇਂ ਦੇ ਉੱਦਮਾਂ ਦੇ ਉਲਟ, ਡੀਪ-ਟੈੱਕ ਹੱਲ ਪ੍ਰਣਾਲੀਗਤ ਚੁਣੌਤੀਆਂ ਦਾ ਹੱਲ ਕਰਦੇ ਹਨ ਅਤੇ ਸਥਾਈ ਪ੍ਰਭਾਵ ਪੈਦਾ ਕਰਦੇ ਹਨ।
ਮਜ਼ਬੂਤ ਈਕੋ-ਸਿਸਟਮ ਹੀ ਸਫ਼ਲਤਾ ਦਾ ਰਾਹ ਹੈ। ਵਧੇਰੇ ਪ੍ਰਭਾਵਸ਼ਾਲੀ ਸਟਾਰਟਅੱਪ ਈਕੋ-ਸਿਸਟਮ ਲਈ ਗੋਇਲ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਕਈ ਤਰ੍ਹਾਂ ਦੇ ਕਦਮ ਚੁੱਕਣ ਦੀ ਜ਼ਰੂਰਤ ਹੈ।
ਵਿਕਾਸ ਅਤੇ ਉਦੇਸ਼ ਵਿਚ ਸੰਤੁਲਨ ਕਾਇਮ ਕਰਨਾ : ਭਾਰਤ ਦਾ ਸਟਾਰਟਅੱਪ ਈਕੋ-ਸਿਸਟਮ ਫੈਸਲਾਕੁੰਨ ਮੋੜ ’ਤੇ ਹੈ। ਹਾਲਾਂਕਿ ਇਹ ਰਿਕਾਰਡਤੋੜ ਨਿਵੇਸ਼ ਅਤੇ ਆਲਮੀ ਪੱਧਰ ’ਤੇ ਧਿਆਨ ਆਕਰਸ਼ਿਤ ਕਰਨਾ ਜਾਰੀ ਰੱਖੇ ਹੋਏ ਹੈ, ਪਰੰਤੂ ਇਸ ਦੀ ਲੰਬੇ ਸਮੇਂ ਦੀ ਸਫ਼ਲਤਾ ਉੱਦਮਸ਼ੀਲਤਾ ਦੇ ਯਤਨਾਂ ਨੂੰ ਰਾਸ਼ਟਰੀ ਤਰਜੀਹਾਂ ਨੂੰ ਨਾਲ ਜੋੜਨ ’ਤੇ ਨਿਰਭਰ ਕਰਦੀ ਹੈ। ਗੋਇਲ ਦੀਆਂ ਟਿੱਪਣੀਆਂ ਸੰਸਥਾਪਕਾਂ ਅਤੇ ਨਿਵੇਸ਼ਕਾਂ ਦੋਵਾਂ ਲਈ ਬਰਾਬਰ ਰੂਪ ਵਿਚ ਆਪਣੀਆਂ ਰਣਨੀਤੀਆਂ ’ਤੇ ਮੁੜ ਵਿਚਾਰ ਕਰਨ ਲਈ ਚਿਤਾਵਨੀ ਵਜੋਂ ਕੰਮ ਕਰਦੀਆਂ ਹਨ।
ਅੱਗੇ ਦਾ ਰਸਤਾ ਉਪਭੋਗਤਾ-ਕੇਂਦ੍ਰਿਤ ਉੱਦਮਾਂ ਨੂੰ ਛੱਡਣ ਵਿਚ ਨਹੀਂ, ਸਗੋਂ ਉਨ੍ਹਾਂ ਖੇਤਰਾਂ ਵਿਚ ਸਾਰਥਕ ਬਦਲਾਅ ਲਿਆਉਣ ਵਾਲੀਆਂ ਵਿਭਿੰਨਤਾਵਾਂ ਨੂੰ ਲਿਆਉਣ ਵਿਚ ਹੈ- ਭਾਵੇਂ ਹੀ ਉਹ ਏ. ਆਈ. ਸੰਚਾਲਿਤ ਹੈਲਥਕੇਅਰ ਡਾਇਗਨੌਸਟਿਕ ਜ਼ਰੀਏ ਹੋਵੇ ਜਾਂ ਟਿਕਾਊ ਈ. ਵੀ. ਟੈਕਨਾਲੋਜੀਆਂ ਦੇ ਮਾਧਿਅਮ ਨਾਲ। ਇਸ ਤਰ੍ਹਾਂ ਕਰ ਕੇ, ਭਾਰਤੀ ਸਟਾਰਟਅੱਪਸ ਨਾ ਸਿਰਫ਼ ਆਲਮੀ ਬਾਜ਼ਾਰਾਂ ’ਤੇ ਪਕੜ ਬਣਾ ਸਕਦੇ ਹਨ, ਸਗੋਂ ਘਰੇਲੂ ਆਰਥਿਕ ਵਿਕਾਸ ਵਿਚ ਵੀ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ।
ਅੰਤ ਵਿਚ ਪੀਯੂਸ਼ ਗੋਇਲ ਦੀ ਆਲੋਚਨਾ ਕਿਸੇ ਤਰ੍ਹਾਂ ਦਾ ਦੋਸ਼ ਲਗਾਉਣਾ ਨਹੀਂ, ਸਗੋਂ ਇਕ ਤਰ੍ਹਾਂ ਦਾ ਸੱਦਾ ਹੈ-ਘੱਟ ਸਮੇਂ ਦੇ ਲਾਭ ਤੋਂ ਅੱਗੇ ਵਧ ਕੇ ਇਕ ਅਜਿਹਾ ਈਕੋ-ਸਿਸਟਮ ਬਣਾਉਣ ਦਾ ਸੱਦਾ ਜੋ ਦੇਸ਼ ਦੀ ਅਰਥਵਿਵਸਥਾ ਅਤੇ ਸਮਾਜ ਨੂੰ ਹਕੀਕਤ ਵਿਚ ਬਿਹਤਰ ਬਣਾਉਂਦਾ ਹੈ। ਜਿਵੇਂ-ਜਿਵੇਂ ਭਾਰਤ ਆਸਵੰਦ ਅਤੇ ਦ੍ਰਿੜ੍ਹਤਾ ਨਾਲ 2025 ਵਿਚ ਅੱਗੇ ਵਧ ਰਿਹਾ ਹੈ, ਇਹ ਆਤਮਵਿਸ਼ਲੇਸ਼ਣ ਨਵੀਨਤਾ-ਸੰਚਾਲਿਤ ਵਿਕਾਸ ਦੀ ਅਗਲੀ ਲਹਿਰ ਲਈ ਉੱਤਪ੍ਰੇਰਕ ਹੋ ਸਕਦਾ ਹੈ।
(ਲੇਖਕ ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਦੇ ਮੈਂਬਰ ਅਤੇ ਭਾਰਤ ਸਰਕਾਰ ਦੇ ਸਾਬਕਾ ਸਕੱਤਰ ਹਨ) ਰੋਹਿਤ ਕੁਮਾਰ ਸਿੰਘ
ਪ੍ਰਸ਼ਨ ਕਾਲ ਅਤੇ ਸੰਸਦ ਮੈਂਬਰਾਂ ਦੇ ਸਵਾਲ
NEXT STORY