‘ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ’ ਦੇ ਅਨੁਸਾਰ 2022 ’ਚ ਭਾਰਤ ’ਚ ਸੜਕ ਹਾਦਸਿਆਂ ’ਚ 1,71,100 ਵਿਅਕਤੀਆਂ ਦੀ ਮੌਤ ਹੋਈ ਸੀ ਜੋ 2023 ’ਚ ਵਧ ਕੇ 1,73,826 ਹੋ ਗਈ। ਦੁਨੀਆ ’ਚ ਸੜਕ ਹਾਦਸਿਆਂ ਨਾਲ ਮੌਤਾਂ ਦੇ ਮਾਮਲੇ ’ਚ ਭਾਰਤ ਪਹਿਲੇ ਨੰਬਰ ’ਤੇ ਹੈ, ਜਿੱਥੇ ਰੋਜ਼ 280 ਵਿਅਕਤੀਆਂ ਦੀ ਮੌਤ ਵਾਹਨਾਂ ਦੀ ਓਵਰਸਪੀਡਿੰਗ ਦੇ ਕਾਰਨ ਹੁੰਦੀ ਹੈ।
ਵਿਸ਼ਵ ਭਰ ’ਚ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਕੁੱਲ ਮੌਤਾਂ ’ਚੋਂ 11 ਫੀਸਦੀ ਮੌਤਾਂ ਭਾਰਤ ’ਚ ਹੁੰਦੀਆਂ ਹਨ ਅਤੇ ਸੜਕ ਹਾਦਸਿਆਂ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੀਆਂ ਸਿਰਫ 2 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 3 ਨਵੰਬਰ, 2025 ਨੂੰ ‘ਰੰਗਾਰੈੱਡੀ’ (ਤੇਲੰਗਾਨਾ) ’ਚ ‘ਚੈਵੇਲਾ’ ਦੇ ਨੇੜੇ ‘ਤੇਲੰਗਾਨਾ ਰੋਡ ਟਰਾਂਸਪੋਰਟ ਕਾਰਪੋਰੇਸ਼ਨ’ ਦੀ ਬੱਸ ਅਤੇ ਬੱਜਰੀ ਨਾਲ ਲੱਦੇ ਇਕ ਡੰਪਰ ਦੀ ਆਹਮੋ-ਸਾਹਮਣੇ ਟੱਕਰ ’ਚ 13 ਔਰਤਾਂ ਤੇ ਇਕ ਬੱਚੀ ਸਮੇਤ ਘੱਟੋ-ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਹੋਰ ਵਿਅਕਤੀ ਜ਼ਖਮੀ ਹੋ ਗਏ।
* 3 ਨਵੰਬਰ ਨੂੰ ਹੀ ‘ਜੈਪੁਰ’ (ਰਾਜਸਥਾਨ) ਦੇ ‘ਹਰਮਾੜਾ’ ਥਾਣੇ ਦੇ ਇਲਾਕੇ ’ਚ 100 ਕਿਲੋਮੀਟਰ ਦੀ ਸਪੀਡ ਨਾਲ ਡੰਪਰ ਨੂੰ ਦੌੜਾਈ ਲਿਜਾ ਰਹੇ ਨਸ਼ੇ ’ਚ ਧੁੱਤ ਡਰਾਈਵਰ ਨੇ ਇਕ ਤੋਂ ਬਾਅਦ ਇਕ ਕਰ ਕੇ 17 ਵਾਹਨਾਂ ਅਤੇ ਮੋਟਰਸਾਈਕਲ ਨੂੰ ਦਰੜ ਦਿੱਤਾ ਜਿਸ ਨਾਲ 14 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲਗਭਗ 22 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ।
* 3 ਨਵੰਬਰ ਨੂੰ ਹੀ ‘ਹਮੀਰਪੁਰ’ (ਹਿਮਾਚਲ ਪ੍ਰਦੇਸ਼) ’ਚ ਇਕ ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਦਾ ਵਾਹਨ ਖੱਡ ’ਚ ਡਿੱਗਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ।
* 3 ਨਵੰਬਰ ਨੂੰ ਹੀ ‘ਰੂਪਨਗਰ’ ’ਚ ਪੁਰਾਣੀ ਆਈ. ਆਈ. ਟੀ. ਦੀ ਸਲਿੱਪ ਰੋਡ ’ਤੇ ਇਕ ਸਕੂਟੀ ਅਤੇ ਬੋਲੈਰੋ ਕਾਰ ਦੀ ਟੱਕਰ ’ਚ ਸਕੂਟੀ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਢਾਈ ਸਾਲ ਅਤੇ ਪੰਜ ਸਾਲ ਉਮਰ ਦੇ ਦੋ ਬੱਚੇ ਵਾਲ-ਵਾਲ ਬਚ ਗਏ।
* 3 ਨਵੰਬਰ ਨੂੰ ਹੀ ‘ਕੁਰੂਕਸ਼ੇਤਰ-ਪਿਹੋਵਾ’ ਮਾਰਗ ’ਤੇ ਪਿੰਡ ‘ਲੌਹਾਰ ਮਾਜਰਾ’ ਦੇ ਨੇੜੇ ਤੜਕੇ ਲਗਭਗ 4 ਵਜੇ ਕੁਰੂਕਸ਼ੇਤਰ ਤੋਂ ‘ਪਟਿਆਲਾ’ ਜਾ ਰਹੀ ਇਕ ‘ਕਰੂਜ਼ਰ’ ਗੱਡੀ ਸੜਕ ਦੇ ਕੰਢੇ ਖੜ੍ਹੇ ਟਰਾਲੇ ਨਾਲ ਟਕਰਾਅ ਗਈ ਜਿਸ ਨਾਲ ਕਰੂਜ਼ਰ ’ਚ ਸਵਾਰ 3 ਵਿਅਕਤੀਆਂ ਦੀ ਘਟਨਾ ਵਾਲੀ ਥਾਂ ’ਤੇ ਮੌਤ ਅਤੇ 6 ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ।
* 3 ਨਵੰਬਰ ਨੂੰ ਹੀ ‘ਬਾਰਾਬੰਕੀ’ (ਉੱਤਰ ਪ੍ਰਦੇਸ਼) ’ਚ ‘ਦੇਵਾ-ਫਤੇਹਪੁਰ’ ਰੋਡ ’ਤੇ ‘ਕਲਿਆਣੀ’ ਨਦੀ ਦੇ ਪੁਲ ’ਤੇ ਇਕ ਕਾਰ ਅਤੇ ਟਰੱਕ ਦੀ ਆਹਮੋ-ਸਾਹਮਣੇ ਹੋਈ ਟੱਕਰ ’ਚ ਇਕ ਹੀ ਪਰਿਵਾਰ ਦੇ 4 ਵਿਅਕਤੀਆਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ।
* ਅਤੇ ਹੁਣ 4 ਨਵੰਬਰ ਨੂੰ ‘ਇੰਦੌਰ’ (ਮੱਧ ਪ੍ਰਦੇਸ਼) ’ਚ ਡਰਾਈਵਰ ਦੀ ਲਾਪਰਵਾਹੀ ਨਾਲ ਮੁਸਾਫਰਾਂ ਨਾਲ ਭਰੀ ਇਕ ਬੱਸ ਖੱਡ ’ਚ ਜਾ ਡਿੱਗੀ ਜਿਸ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 38 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ।
* 4 ਨਵੰਬਰ ਨੂੰ ਹੀ ‘ਪਣਜੀ’ (ਗੋਆ) ’ਚ ਤੇਜ਼ ਰਫਤਾਰ ਨਾਲ ਆ ਰਿਹਾ ਟੈਂਕਰ ਇਕ ਕਾਰ ਨਾ ਟਕਰਾਅ ਿਗਆ, ਜਿਸ ਨਾਲ ਕਾਰ ’ਚ ਸਵਾਰ 2 ਖੇਡ ਅਧਿਕਾਰੀਆਂ ਦੀ ਮੌਤ ਹੋ ਗਈ।
* 4 ਨਵੰਬਰ ਨੂੰ ਹੀ ‘ਰਾਜੌਰੀ’ (ਜੰਮੂ-ਕਸ਼ਮੀਰ) ’ਚ ਇਕ ਮਿੰਨੀ ਬੱਸ ਦੇ ਪਲਟ ਜਾਣ ਦੇ ਨਤੀਜੇ ਵਜੋਂ ਉਸ ’ਚ ਸਵਾਰ 28 ਵਿਅਕਤੀ ਜ਼ਖਮੀ ਹੋ ਗਏ।
ਸੜਕਾਂ ’ਚ ਟੋਏ, ਸੜਕਾਂ ਦੇ ਦਰਮਿਅਾਨ ਡਿਵਾਈਡਰਾਂ ਦੀ ਕਮੀ, ਹੈੱਡ ਲਾਈਟਾਂ ਦਾ ਅੱਧਾ ਕਾਲਾ ਨਾ ਹੋਣਾ, ਸ਼ਹਿਰੀ, ਦਿਹਾਤੀ ਸੜਕਾਂ ਜਾਂ ਪ੍ਰਾਦੇਸ਼ਿਕ ਅਤੇ ਰਾਸ਼ਟਰੀ ਰਾਜਮਾਰਗਾਂ ਲਈ ਇਕ ਸਮਾਨ ਸਪੀਡ ਹੱਦ ਨਿਰਧਾਰਿਤ ਨਾ ਹੋਣਾ, ਵਾਹਨ ਚਾਲਕਾਂ ਵਲੋਂ ਸ਼ਰਾਬ ਪੀ ਕੇ, ਮੋਬਾਈਲ ’ਤੇ ਗੱਲ ਕਰਦੇ ਹੋਏ ਅਤੇ ਬਿਨਾਂ ਆਰਾਮ ਕੀਤੇ ਲੰਬੇ ਸਮੇਂ ਤੱਕ ਵਾਹਨ ਚਲਾਉਣਾ ਆਦਿ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ।
ਇਸ ਦੇ ਇਲਾਵਾ ਕਈ ਥਾਵਾਂ ’ਤੇ ਸੜਕਾਂ ਦੇ ਕੰਢੇ ਲੱਗੀਆਂ ਲਾਈਟਾਂ ਦਾ ਖਰਾਬ ਹੋਣਾ, ਸੜਕਾਂ ਦੇ ਕਿਨਾਰੇ ਸਫੈਦ ਪੱਟੀਆਂ ਅਤੇ ਵੱਖ-ਵੱਖ ਮੋੜਾਂ ’ਤੇ ਚਿਤਾਵਨੀ ਦੇ ਬੋਰਡਾਂ ਦਾ ਨਾ ਹੋਣਾ ਵੀ ਸੜਕ ਹਾਦਸਿਆਂ ਦਾ ਕਾਰਨ ਬਣਦਾ ਹੈ। ਸੜਕ ਹਾਦਸਿਆਂ ਤੋਂ ਬਚਣ ਲਈ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।
ਇਹੀ ਨਹੀਂ, ਪੁਲਸ ਦੀ ਮਿਲੀਭੁਗਤ ਨਾਲ ਡੰਪਰ ਚਾਲਕਾਂ ਦਾ ਨਸ਼ੇ ਦੇ ਪ੍ਰਭਾਵ ਅਧੀਨ ਓਵਰਲੋਡ ਹੋ ਕੇ ਤੇਜ਼ ਰਫਤਾਰ ਨਾਲ ਵਾਹਨ ਚਲਾਉਣਾ ਵੀ ਸੜਕ ਹਾਦਸਿਆਂ ਦਾ ਕਾਰਨ ਬਣਦਾ ਹੈ ਜਿਸ ਦੇ ਲਈ ਪੁਲਸ ਅਤੇ ਡੰਪਰ ਚਾਲਕਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।
ਅਜਿਹੇ ਹਾਦਸਿਆਂ ਨੂੰ ਰੋਕਣ ਲਈ ਆਮ ਜਨਤਾ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ, ਡਰਾਈਵਿੰਗ ਲਾਇਸੰਸ ਦੇ ਨਿਯਮ ਸਖਤ ਕਰਨ ਅਤੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਲੋੜ ਹੈ। ਅਜਿਹੇ ਕਦਮਾਂ ਰਾਹੀਂ ਹੀ ਸੜਕ ਹਾਦਸਿਆਂ ’ਤੇ ਕੁਝ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ।
–ਵਿਜੇ ਕੁਮਾਰ
ਮਰਦ-ਔਰਤਾਂ ਦੀ ਤਨਖਾਹ ਸਮਾਨਤਾ ਅਤੇ ਭਾਰਤ
NEXT STORY