ਬੀਤੇ ਹਫਤੇ ਭਾਰਤ-ਪਾਕਿਸਤਾਨ ਦਰਮਿਆਨ ਚਾਰ ਦਿਨਾਂ ਇਕਾ-ਦੁੱਕਾ ਜਿਹੀ ਲੜਾਈ ਲੱਗੀ। ਇਸ ਦੌਰਾਨ ਜਿਥੇ ਭਾਰਤ ਨੇ ਆਪਣੇ ਗੁਆਂਢੀ ਦੇ ਨਾਲ ਸਬੰਧਾਂ ਦੀ ਨਵੀਂ ਇਬਾਰਤ ਲਿਖ ਦਿੱਤੀ, ਤਾਂ ਓਧਰ ਚੀਨ ਭੜਕ ਗਿਆ ਅਤੇ ਅਮਰੀਕਾ ਦੀ ਦੋਹਰੀ ਨੀਤੀ ਫਿਰ ਬੇਨਕਾਬ ਹੋ ਗਈ। ਇਸੇ ਦਰਮਿਆਨ ਦੇਸ਼ ਦਾ ਇਕ ਹਿੱਸਾ ਇਸ ਗੱਲ ਤੋਂ ਨਾਰਾਜ਼ ਹੈ ਕਿ ਜੰਗ ’ਚ ਹਾਵੀ ਭਾਰਤ ਨੇ ਪਾਕਿਸਤਾਨ ਦੇ ਨਾਲ ਜੰਗਬੰਦੀ ਕਿਉਂ ਪ੍ਰਵਾਨ ਕੀਤੀ। ‘ਆਪ੍ਰੇਸ਼ਨ ਸਿੰਧੂਰ’ ਦੀ ਕਾਮਯਾਬੀ ਨੂੰ ਸਮਝਣ ਦਾ ਸਹੀ ਤਰੀਕਾ ਇਹ ਹੈ ਕਿ ਭਾਰਤ ਨੇ ਇਸ ਫੌਜੀ ਮੁਹਿੰਮ ’ਚ ਕੀ ਮਕਸਦ ਤੈਅ ਕੀਤੇ ਸਨ ਅਤੇ ਉਨ੍ਹਾਂ ਨੂੰ ਕਿੰਨੇ ਵਧੀਆ ਢੰਗ ਨਾਲ ਅੰਜਾਮ ਦਿੱਤਾ।
ਭਾਰਤ ਅਤੇ ਪਾਕਿਸਤਾਨ ਦੇ ਸਬੰਧ ਹੁਣ ਗਏ ਗੁਜ਼ਰੇ ਹਨ, ਹੁਣ ਨਵੀਆਂ ਸ਼ਰਤਾਂ ’ਤੇ ਤੈਅ ਹੋਣਗੇ। ਪਾਕਿਸਤਾਨ ਦੀ ਸ਼ਹਿ ’ਤੇ ਹੋਣ ਵਾਲਾ ਕੋਈ ਵੀ ਅੱਤਵਾਦੀ ਹਮਲਾ ਹੁਣ ਸਿੱਧੇ ਤੌਰ ’ਤੇ ਜੰਗ ਦਾ ਐਲਾਨ ਮੰਨਿਆ ਜਾਵੇਗਾ ਅਤੇ ਭਾਰਤ ਉਸ ਦੀ ਜਵਾਬੀ ਕਾਰਵਾਈ ਬਿਨਾਂ ਦੇਰ ਕੀਤੇ ਕਰੇਗਾ। 12 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਰਾਸ਼ਟਰ ਦੇ ਨਾਂ ਸੰਬੋਧਨ ’ਚ ਇਹ ਸਪੱਸ਼ਟ ਹੋਇਆ। 2008 ਦੇ ਮੁੰਬਈ ਹਮਲਿਆਂ ’ਚ ਭਾਰਤ ਸਿਰਫ ‘ਸਖਤ ਨਿੰਦਾ’ ਕਰਨ ਤੱਕ ਸੁੰਘੜਿਆ ਹੋਇਆ ਸੀ ਪਰ 2016 ਅਤੇ 2019 ਦੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਨਗਾਰੇ ਦੀ ਚੋਟ ’ਤੇ ਭਾਰਤ ਨੇ ਪਾਕਿਸਤਾਨ ਦੇ ਅੰਦਰ ਜਾ ਕੇ ਜਵਾਬ ਦਿੱਤਾ। ਮਾਰੇ ਗਏ ਅੱਤਵਾਦੀਆਂ ’ਚ ਮਸੂਦ ਅਜ਼ਹਰ ਦੇ ਰਿਸ਼ਤੇਦਾਰ ਯੁਸੂਫ ਅਜ਼ਹਰ, ਮਦੱਸਰ ਅਹਿਮਦ ਅਤੇ ਅਬਦੁਲ ਮਲਿਕ ਸਮੇਤ ਕਈ ਪੁਰਾਣੇ ਜੇਹਾਦੀ ਸ਼ਾਮਲ ਸਨ, ਜਿਨ੍ਹਾਂ ਦਾ ਨਾਂ 9/11 ਅਤੇ ਲੰਦਨ ਹਮਲੇ ਵਰਗੀਆਂ ਕੌਮਾਂਤਰੀ ਘਟਨਾਵਾਂ ਨਾਲ ਵੀ ਜੁੜਿਆ ਰਿਹਾ ਸੀ।
ਪਾਕਿਸਤਾਨ ਦਾ ਅੱਤਵਾਦੀਆਂ ਨਾਲ ਗੱਠਜੋੜ ਖੁੱਲ੍ਹ ਕੇ ਸਾਹਮਣੇ ਆ ਗਿਆ। ਮਾਰੇ ਗਏ ਜੇਹਾਦੀਆਂ ਨੂੰ ਪਾਕਿਸਤਾਨੀ ਝੰਡੇ ’ਚ ਲਪੇਟਿਆ ਗਿਆ, ਨਮਾਜੇ-ਜਨਾਜ਼ਾ ’ਚ ਪਾਕਿਸਤਾਨੀ ਫੌਜ, ਪੁਲਸ ਅਤੇ ਨੇਤਾ ਸ਼ਾਮਲ ਹੋਏ। ਅਮਰੀਕਾ ਵਲੋਂ ਐਲਾਨੇ ਅੱਤਵਾਦੀ ਹਾਫਿਜ਼ ਅਬਦੁੱਲ ਰਉਫ ਦੇ ਨਾਲ ਪਾਕਿਸਤਾਨ ਦੇ ਚੋਟੀ ਦੇ ਫੌਜੀ ਅਧਿਕਾਰੀ ਜਨਾਜ਼ੇ ਦੀ ਅਗਵਾਈ ਕਰ ਰਹੇ ਸਨ ਜੋ ਓਸਾਮਾ ਬਿਨ ਲਾਦੇਨ ਕਾਂਡ ਦੇ ਬਾਅਦ ਫਿਰ ਸਾਬਿਤ ਕਰਦਾ ਹੈ ਕਿ ਪਾਕਿਸਤਾਨ ਇਕ ਅੱਤਵਾਦ ਸਰਕਾਰੀ ਨੀਤੀ ਦਾ ਹਿੱਸਾ ਹੈ। ‘ਆਪ੍ਰੇਸ਼ਨ ਸਿੰਧੂਰ’ ਨੇ ਭਾਰਤ ਦੀ ਫੌਜੀ ਤਾਕਤ ਨੂੰ ਵਿਸ਼ਵ ਪੱਧਰੀ ਮੰਚ ’ਤੇ ਸਾਹਮਣੇ ਰੱਖ ਦਿੱਤਾ। 4 ਦਿਨ ਚੱਲੀ ਇਸ ਮੁਹਿੰਮ ’ਚ ਫਰਾਂਸੀਸੀ, ਰੂਸੀ ਅਤੇ ਇਜ਼ਰਾਈਲੀ ਹਥਿਆਰਾਂ ਦੇ ਨਾਲ ਦੇਸ਼ ’ਚ ਬਣੇ ਫੌਜੀ ਯੰਤਰਾਂ, ਰਾਡਾਰ ਅਤੇ ਹਵਾਈ ਸੁਰੱਖਿਆ ਪ੍ਰਣਾਲੀ ‘ਏ. ਡੀ.ਐੱਸ.’ ਦਾ ਅਸਰਦਾਇਕ ਪ੍ਰਦਰਸ਼ਨ ਕੀਤਾ।
ਪਾਕਿਸਤਾਨ ਦਾ ਚੀਨੀ ਏ. ਡੀ. ਐੱਸ. ਨਾ ਸਿਰਫ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਸਗੋਂ ਬਾਜ਼ਾਰ ’ਚ ਮੁਹੱਈਆ ਚੀਨੀ ਮਾਲ ਵਾਂਗ ਖੋਖਲਾ ਅਤੇ ਬੇਜ਼ਾਨ ਨਿਕਲਿਆ। ਭਾਰਤ ਨੇ ਸਿੱਧਾ ਵਾਰ ਕਰਦੇ ਹੋਏ ਇਹ ਦਿਖਾ ਦਿੱਤਾ ਕਿ ਉਹ ਬਿਨਾਂ ਆਮ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਏ, ਆਪਣੇ ਕਿਸੇ ਵੀ ਟੀਚੇ ਨੂੰ ਫੁੰਡ ਸਕਦਾ ਹੈ। ਹੁਣ ਭਾਰਤ ਸਿਰਫ ਇਕ ਇਲਾਕਾਈ ਤਾਕਤ ਨਹੀਂ ਸਗੋਂ ਵਿਸ਼ਵ ਪੱਧਰੀ ਰੱਖਿਆ ਸ਼ਕਤੀ ਬਣਦਾ ਜਾ ਰਿਹਾ ਹੈ।
ਫਿਰ ਵੀ ਦੇਸ਼ ਦਾ ਇਕ ਹਿੱਸਾ ਇਸ ਗੱਲ ਤੋਂ ਅਸੰਤੁਸ਼ਟ ਹੈ ਕਿ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਕਿਉਂ ਨਹੀਂ ਦਰੜਿਆ ਗਿਆ। ਇਸ ਨਿਰਾਸ਼ਾ ਦੇ ਪਿੱਛੇ ਦੋ ਪ੍ਰਮੁੱਖ ਕਾਰਨ ਰਹੇ। ਪਹਿਲਾ ਕਿ ਪਾਕਿਸਤਾਨ ਚਾਰ ਰਵਾਇਤੀ ਜੰਗਾਂ ਹਾਰਨ ਤੋਂ ਬਾਅਦ 1980-90 ਦੇ ਦਹਾਕੇ ਤੋਂ ਜੇਹਾਦੀਆਂ ਦੇ ਸਹਾਰੇ ਭਾਰਤ ਨੂੰ ਹਜ਼ਾਰਾਂ ਜ਼ਖਮ ਦੇਣ ਦੀ ਰਣਨੀਤੀ ’ਤੇ ਕੰਮ ਕਰ ਰਿਹਾ ਹੈ। ਇਸ ਲਈ ਦੇਸ਼ ਦਾ ਇਕ ਵਰਗ ਚਾਹੁੰਦਾ ਹੈ ਕਿ ਪਾਕਿਸਤਾਨ ਦਾ ਹਮੇਸ਼ਾ ਲਈ ਅੰਤ ਕਰ ਦਿੱਤਾ ਜਾਵੇ ਅਤੇ ਉਸ ਨੂੰ ਯਕੀਨ ਹੈ ਕਿ ਇਹ ਕੰਮ ਸਿਰਫ ਪ੍ਰਧਾਨ ਮੰਤਰੀ ਮੋਦੀ ਹੀ ਕਰ ਸਕਦੇ ਹਨ।
ਦੂਜਾ, ਕੁਝ ਟੀ. ਵੀ. ਚੈਨਲਾਂ ਦੀ ਗੈਰ-ਜ਼ਿੰਮੇਵਾਰਾਨਾ ਅਤੇ ਲੋੜ ਤੋਂ ਵੱਧ ਹਮਲਾਵਰ ਰਿਪੋਰਟਿੰਗ। ਜਦੋਂ ਕੁਝ ਨਿਊਜ਼ ਐਂਕਰਾਂ ਨੇ ਆਪਣੀਆਂ ਭਾਵਨਾਵਾਂ ਨੂੰ ਖਬਰ ਬਣਾ ਦਿੱਤਾ ਜਿਵੇਂ ਕਿ ਇਸਲਾਮਾਬਾਦ ’ਤੇ ਕਬਜ਼ਾ ਜਾਂ ਲਾਹੌਰ ਤਬਾਹ ਤਾਂ ਲੋਕਾਂ ਦੀਆਂ ਆਸਾਂ ਵੀ ਓਨੀਆਂ ਹੀ ਉੱਚੀਆਂ ਹੋ ਗਈਆਂ। ਸੰਖੇਪ ’ਚ ਕਹੀਏ ਤਾਂ ਮੀਡੀਆ ਦੇ ਇਕ ਹਿੱਸੇ ਨੇ ‘ਆਪ੍ਰੇਸ਼ਨ ਸਿੰਧੂਰ’ ਦੇ ਅਸਲ ਮਕਸਦ ਨੂੰ ਹੀ ਪਿੱਛੇ ਛੱਡ ਦਿੱਤਾ। ਇਸ ਪੂਰੇ ਘਟਨਾ ਚੱਕਰ ’ਚ ਅਮਰੀਕਾ ਦਾ ਦੋਹਰਾ ਚਿਹਰਾ ਫਿਰ ਬੇਨਕਾਬ ਹੋ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਹਾਸੋਹੀਣਾ ਦਾਅਵਾ ਕੀਤਾ ਕਿ ‘ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਸਿਰਫ ਅਮਰੀਕਾ ਨਾਲ ਵਪਾਰ ਦੇ ਕਾਰਨ ਹੋਈ। ਕੀ ਭਾਰਤ-ਪਾਕਿ ਦੇ ਰਿਸ਼ਤੇ ਕਿਸੇ ਵਪਾਰਕ ਸੌਦੇ ਨਾਲ ਤੈਅ ਹੁੰਦੇ ਹਨ? ਬਿਲਕੁਲ ਨਹੀਂ।
ਟਰੰਪ ਵੀ ਜਾਣਦੇ ਹਨ ਕਿ ਦੋੋਵਾਂ ਦੇਸ਼ਾਂ ਦਰਮਿਆਨ ਦਾ ਟਕਰਾਅ ਸੱਭਿਆਚਾਰਕ ਅਤੇ ਸੱਭਿਆਗਤ ਕਦਰਾਂ-ਕੀਮਤਾਂ ’ਤੇ ਆਧਾਰਿਤ ਹੈ। ਇਸ ਦਾ ਸਬੂਤ ਹਾਲ ਹੀ ਦੇ ਪਾਕਿਸਤਾਨ ਬਿਆਨਾਂ ਨਾਲ ਵੀ ਮਿਲਦਾ ਹੈ। 16 ਅਪ੍ਰੈਲ ਨੂੰ ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਮੁਸਲਮਾਨਾਂ ਨੂੰ ਹਰ ਪੱਖੋਂ ਹਿੰਦੂਆਂ ਤੋਂ ਉੱਤਮ ਦੱਸਿਆ ਸੀ ਤਾਂ 11 ਮਈ ਨੂੰ ਉਨ੍ਹਾਂ ਦੀ ਫੌਜ ਦੇ ਬੁਲਾਰੇ ਲੈਫ. ਜਨਰਲ ਅਹਿਮਦ ਸ਼ਰੀਫ ਨੇ ਇਸਲਾਮ ਨੂੰ ਪਾਕਿਸਤਾਨੀ ਫੌਜੀ ਸੰਸਥਾਨਾਂ ਦਾ ਅਨਿੱਖੜਵਾਂ ਹਿੱਸਾ ਦੱਸਿਆ ਹੈ।
ਦਰਅਸਲ, ਪਾਕਿਸਤਾਨ ਫੌਜੀ ਤਾਨਾਸ਼ਾਹ ਜਨਰਲ ਜਿਆ-ਉਲ-ਹਕ ਨੇ ਆਪਣੀ ਫੌਜ ਦਾ ਆਦਰਸ਼ ਵਾਕ ਬਦਲ ਕੇ ‘ਈਮਾਨ-ਟਕਵਾ-ਜਿਹਾਦ ਫੀ ਸਬਲੀਲਿੱਲਾਹ’ ਕਰ ਦਿੱਤਾ ਸੀ ਜੋ ਪਾਕਿਸਤਾਨ ਦੀ ਕੱਟੜ ਇਸਲਾਮੀ ਵਿਚਾਰਧਾਰਾ ਨੂੰ ਦਰਸਾਉਂਦਾ ਹੈ, ਜਿਸ ਨੂੰ ਇਸਲਾਮੀ ਹਮਲਾਵਰਾਂ ਵਾਂਗ ‘ਕਾਫਿਰ-ਕੁਫਰ ਧਾਰਨਾ ਤੋਂ ਪ੍ਰੇਰਣਾ ਮਿਲਦੀ ਹੈ। ਅਮਰੀਕਾ ਅਤੇ ਉਸ ਦੇ ਸਮਰਥਕ ਸੰਸਥਾਵਾਂ (ਸੰਯੁਕਤ ਰਾਸ਼ਟਰ ਅਤੇ ਆਈ. ਐੱਮ. ਐੱਫ.) ਸਮੇਤ ਨੇ ਆਪਣੇ ਸਵਾਰਥ ’ਚ ਹਮੇਸ਼ਾ ਦੋਹਰਾ ਮਾਪਦੰਡ ਅਪਣਾਇਆ। 1971 ’ਚ ਪਾਕਿਸਾਤਨ ਵਲੋਂ ਹਿੰਦੂ, ਬੋਧੀ ਕਤਲੇਆਮ ਦੇ ਬਾਵਜੂਦ ਅਮਰੀਕਾ ਨੇ ਉਸ ਦਾ ਸਾਥ ਦਿੱਤਾ ਪਰ ਭਾਰਤ ਦੀ ਜਿੱਤ ਨੂੰ ਨਾ ਰੋਕ ਸਕਿਆ। 1979-89 ’ਚ ਅਫਗਾਨਿਸਤਾਨ ’ਚ ਸੋਵੀਅਤ ਵਿਰੋਧ ਦੇ ਨਾਂ ’ਤੇ ਜੇਹਾਦ ਨੂੰ ਸ਼ਹਿ ਦੇ ਕੇ ਤਾਲਿਬਾਨ ਨੂੰ ਜਨਮ ਦਿੱਤਾ।
2001 ’ਚ 9/11 ਕਾਂਡ ਤੋਂ ਬਾਅਦ ਉਸ ਨੇ ਤਾਲਿਬਾਨ ’ਤੇ ਹਮਲਾ ਕੀਤਾ ਅਤੇ 2021 ’ਚ ਉਸ ਨਾਲ ਸਮਝੌਤੇ ਤੋਂ ਪਿੱਛੇ ਹਟ ਗਿਆ। ਅਮਰੀਕਾ ਨੇ ਪਾਕਿਸਤਾਨ ਦੇ ਹਰ ਫੌਜੀ ਤਾਨਾਸ਼ਾਹ ਦਾ ਸਮਰਥਨ ਕੀਤਾ। ਅਸਲ ’ਚ ਅਮਰੀਕਾ ਦੇ ‘ਗੁੱਡ ਤਾਲਿਬਾਨ ਬੈਡ ਤਾਲਿਬਾਨ’ ਵਰਗੇ ਮਾਪਦੰਡਾਂ ਨੇ ਦੁਨੀਆ ਨੂੰ ਇਸਲਾਮੀ ਅੱਤਵਾਦ ਅਤੇ ਮਜ਼੍ਹਬੀ ਕੱਟੜਤਾ ਦੇ ਡੂੰਘੇ ਸੰਕਟ ’ਚ ਝੋਕ ਦਿੱਤਾ ਹੈ।
-ਬਲਬੀਰ ਪੁੰਜ
ਪਾਕਿਸਤਾਨੀ ਸਮਰਥਨ ਪਿਆ ਮਹਿੰਗਾ ‘ਨਾ ਤੁਰਕੀ ਦੇ ਸੇਬ ਖਾਣਗੇ’ ‘ਨਾ ਭਾਰਤੀ ਉਥੇ ਘੁੰਮਣ ਜਾਣਗੇ’
NEXT STORY