6 ਫਰਵਰੀ, 2023 ਨੂੰ ਤੁਰਕੀ ਵਿਚ ਆਏ ਤਬਾਹਕੁੰਨ ਭੂਚਾਲਾਂ ਵਿਚ 55,000 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ ਸੀ, ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਦੇ 140 ਕਰੋੜ ਲੋਕ ਤੁਰਕੀ ਦੇ ਭੂਚਾਲ ਪੀੜਤ ਵਿਅਕਤੀਆਂ ਦੇ ਨਾਲ ਹਨ ਅਤੇ ਉਨ੍ਹਾਂ ਨੇ ਤੁਰਕੀ ਦੀ ਸਹਾਇਤਾ ਲਈ ‘ਆਪ੍ਰੇਸ਼ਨ ਦੋਸਤ’ ਸ਼ੁਰੂ ਕੀਤਾ ਸੀ।
10 ਦਿਨਾਂ ਤਕ ਚਲਾਏ ‘ਆਪ੍ਰੇਸ਼ਨ ਦੋਸਤ’ ਦੇ ਅਧੀਨ ਭਾਰਤ ਸਰਕਾਰ ਨੇ ਤੁਰਕੀ ਨੂੰ 6 ਜਹਾਜ਼ਾਂ ਵਿਚ ਰਾਹਤ ਸਮੱਗਰੀ ਭੇਜਣ ਦੇ ਇਲਾਵਾ 30 ਬਿਸਤਰਿਆਂ ਵਾਲਾ ਮੋਬਾਈਲ ਹਸਪਤਾਲ, ਮੈਡੀਕਲ ਸਮੱਗਰੀ ਤੇ ਹੋਰ ਜ਼ਰੂਰੀ ਸਾਮਾਨ ਭਿਜਵਾਇਆ। ਭਾਰਤ ਸਰਕਾਰ ਵੱਲੋਂ ਉਥੇ ਭੇਜੀਆਂ ਗਈਆਂ ਬਚਾਅ ਟੀਮਾਂ ਨੇ ਮਲਬੇ ਵਿਚ ਦੱਬੇ ਲੋਕਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਵਿਚ ਵੀ ਸਹਾਇਤਾ ਕੀਤੀ ਸੀ।
ਉਦੋਂ ਭਾਰਤ ਵਿਚ ਤੁਰਕੀ ਦੇ ਰਾਜਦੂਤ ‘ਫਿਰਾਤ ਸੁਨੇਤ’ ਨੇ ਭਾਰਤ ਲਈ ਕਿਹਾ ਸੀ ਕਿ ‘‘ਤੁਰਕੀ ਤੇ ਹਿੰਦੀ ਵਿਚ ‘ਦੋਸਤ’ ਇਕ ਸਾਂਝਾ ਸ਼ਬਦ ਹੈ... ਸਾਡੇ ਇਥੇ ਤੁਰਕੀ ਵਿਚ ਕਹਾਵਤ ਹੈ ਜੋ ਲੋੜ ਦੇ ਸਮੇਂ ਮਦਦ ਕਰੇ, ਉਹੀ ਸੱਚਾ ਦੋਸਤ ਹੁੰਦਾ ਹੈ।’’
ਪਰ ਤੁਰਕੀ ਦਾ ਰਾਸ਼ਟਰਪਤੀ ‘ਏਰਦੋਗਾਨ’ ਭਾਰਤ ਦਾ ਉਹ ਅਹਿਸਾਨ ਭੁੱਲ ਕੇ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਮੌਜੂਦਾ ਲੜਾਈ ਵਿਚ ਭਾਰਤ ਦਾ ਸਾਥ ਦੇਣ ਦੀ ਬਜਾਏ ਪਾਕਿਸਤਾਨ ਦੇ ਸਮਰਥਨ ਵਿਚ ਖੜ੍ਹਾ ਹੋ ਗਿਆ।
ਤੁਰਕੀ ਦੇ ਰਾਸ਼ਟਰਪਤੀ ‘ਏਰਦੋਗਾਨ’ ਨੇ ਨਾ ਸਿਰਫ ਪਾਕਿਸਤਾਨ ਨੂੰ ਡ੍ਰੋਨਜ਼ ਅਤੇ ਮਿਜ਼ਾਈਲਾਂ ਆਦਿ ਸਪਲਾਈ ਕੀਤੇ, ਸਗੋਂ ਭਾਰਤੀ ਸੁਰੱਖਿਆ ਬਲਾਂ ਦੇ ਹੱਥੋਂ ਮਾਰੇ ਗਏ ਅੱਤਵਾਦੀਆਂ ਨੂੰ ਸ਼ਰਧਾਂਜਲੀ ਤਕ ਦੇ ਦਿੱਤੀ ਅਤੇ ਕਿਹਾ, ‘‘ਮੈਂ ਹਮਲਿਆਂ ਵਿਚ ਜਾਨ ਗੁਆਉਣ ਵਾਲੇ ਭਰਾਵਾਂ ਦੇ ਲਈ ਅੱਲ੍ਹਾ ਕੋਲ ਰਹਿਮ ਦੀ ਪ੍ਰਾਰਥਨਾ ਕਰਦਾ ਹਾਂ ਅਤੇ ਮੈਂ ਇਕ ਵਾਰ ਫਿਰ ਪਾਕਿਸਤਾਨ ਦੇ ਭਰਾ ਵਰਗੇ ਲੋਕਾਂ ਅਤੇ ਪਾਕਿਸਤਾਨ ਦੇ ਨਾਲ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ।’’
ਪਾਕਿਸਤਾਨ ਨੂੰ ਹਥਿਆਰਾਂ ਦੀ ਸਹਾਇਤਾ ਅਤੇ ਮਾਰੇ ਗਏ ਅੱਤਵਾਦੀਆਂ ਨੂੰ ਸ਼ਰਧਾਂਜਲੀ ਦੇ ਕੇ ਜਿਸ ਤਰ੍ਹਾਂ ਤੁਰਕੀ ਦੇ ਰਾਸ਼ਟਰਪਤੀ ‘ਏਰਦੋਗਾਨ’ ਨੇ ਭਾਰਤ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ, ਉਸ ਨਾਲ ਦੇਸ਼ ਦੇ 140 ਕਰੋੜ ਲੋਕਾਂ ਨੂੰ ਬੜਾ ਦੁੱਖ ਪੁੱਜਾ ਹੈ।
ਫਿਲਹਾਲ ਭਾਰਤ-ਪਾਕਿ ਜੰਗ ਵਿਚ ਤੁਰਕੀ ਵੱਲੋਂ ਪਾਕਿਸਤਾਨ ਦਾ ਸਾਥ ਦੇਣਾ ਹੁਣ ਉਸ ਨੂੰ ਮਹਿੰਗਾ ਪੈ ਰਿਹਾ ਹੈ ਅਤੇ ਭਾਰਤੀਆਂ ਨੇ ਉਸ ਨੂੰ ਸਬਕ ਸਿਖਾਉਣ ਲਈ ‘ਬਾਈਕਾਟ ਤੁਰਕੀ’ ਮੁਹਿੰਮ ਚਲਾ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਰਤ ਨੇ ਤੁਰਕੀ ਦੇ ਔਖੇ ਸਮੇਂ ਵਿਚ ਉਸ ਦਾ ਸਾਥ ਦਿੱਤਾ ਸੀ ਪਰ ਜਦੋਂ ਭਾਰਤ ਦੇ ਨਾਲ ਖਡ਼੍ਹਾ ਹੋਣ ਦੀ ਲੋੜ ਸੀ ਤਾਂ ਤੁਰਕੀ ਉਥੇ ਨਹੀਂ ਸੀ, ਇਸ ਲਈ ਅਸੀਂ ਨਾ ਤੁਰਕੀ ਦੇ ਸੇਬ ਖਾਵਾਂਗੇ ਅਤੇ ਨਾ ਉਥੇ ਘੁੰਮਣ ਜਾਵਾਂਗੇ।
ਵਰਣਨਯੋਗ ਹੈ ਕਿ ਭਾਰਤ ਵਿਚ ਇਕ ਸੀਜ਼ਨ ਵਿਚ ਆਮ ਤੌਰ ’ਤੇ ਤੁਰਕੀ ਤੋਂ 1000 ਕਰੋੜ ਰੁਪਏ ਤੋਂ 1200 ਕਰੋੜ ਰੁਪਏ ਦੇ ਸੇਬਾਂ ਦੀ ਦਰਾਮਦ ਹੁੰਦੀ ਹੈ। ਪੁਣੇ ਦੇ ਵਪਾਰੀਆਂ ਨੇ ਤੁਰਕੀ ਤੋਂ ਸੇਬ ਖਰੀਦਣਾ ਬੰਦ ਕਰ ਦਿੱਤਾ ਹੈ।
ਜਿਥੇ ਭਾਰਤੀ ਵਪਾਰੀਆਂ ਵੱਲੋਂ ਤੁਰਕੀ ਤੋਂ ਆਉਣ ਵਾਲੇ ਸੇਬਾਂ ਦਾ ਬਾਈਕਾਟ ਕਰ ਦੇਣ ਦੇ ਕਾਰਨ ਤੁਰਕੀ ਦੇ ਸੇਬ ਹੁਣ ਬਾਜ਼ਾਰ ਵਿਚੋਂ ਗਾਇਬ ਹੋ ਚੁੱਕੇ ਹਨ, ਉਥੇ ਹੀ ਹੁਣ ਭਾਰਤੀ ਸੈਲਾਨੀਆਂ ਨੇ ਤੁਰਕੀ ਯਾਤਰਾ ਦਾ ਬਾਈਕਾਟ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਦੇਸ਼ ਦੇ ਪੂਰਬੀ ਹਿੱਸੇ ਤੋਂ ਹੀ 15000 ਤੋਂ ਵੱਧ ਵਿਅਕਤੀਆਂ ਨੇ ਤੁਰਕੀ ਦੀ ਯਾਤਰਾ ਰੱਦ ਕਰ ਦਿੱਤੀ ਹੈ। ਵਰਣਨਯੋਗ ਹੈ ਕਿ 2024-25 ਵਿਚ ਲੱਗਭਗ 4 ਲੱਖ ਭਾਰਤੀ ਸੈਲਾਨੀ ਤੁਰਕੀ ਗਏ ਸਨ। ਹੁਣ ਕੁਝ ਭਾਰਤੀ ਟ੍ਰੈਵਲ ਏਜੰਸੀਆਂ ਨੇ ਤੁਰਕੀ ਦੇ ਲਈ ਉਡਾਣਾਂ ਅਤੇ ਹੋਟਲ ਬੁਕਿੰਗ ’ਤੇ ਰੋਕ ਵੀ ਲਗਾ ਦਿੱਤੀ ਹੈ।
ਤੁਰਕੀ ਦੀ ਅਰਥਵਿਵਸਥਾ ਵਿਚ ਸੈਰ-ਸਪਾਟੇ ਦਾ ਬੜਾ ਵੱਡਾ ਹੱਥ ਹੈ ਅਤੇ ਇਸ ਦੀ ਕੁੱਲ ਜੀ. ਡੀ. ਪੀ. ਦਾ 10 ਫੀਸਦੀ ਸੈਰ-ਸਪਾਟੇ ਤੋਂ ਹੀ ਆਉਂਦਾ ਹੈ। ਇਸ ਨਾਲ ਤੁਰਕੀ ਵਿਚ ਚਿੰਤਾ ਪੈਦਾ ਹੋ ਗਈ ਹੈ ਅਤੇ ਸੈਰ-ਸਪਾਟਾ ਵਿਭਾਗ ਅਤੇ ਹੋਰ ਕਾਰੋਬਾਰਾਂ ਨਾਲ ਜੁੜੇ ਲੋਕਾਂ ਨੇ ਭਾਰਤੀਆਂ ਨੂੰ ਤੁਰਕੀ ਦੀ ਯਾਤਰਾ ਰੱਦ ਨਾ ਕਰਨ ਦੀ ਬੇਨਤੀ ਵੀ ਕੀਤੀ ਹੈ।
ਤੁਰਕੀ ਦੇ ਕਾਲੀਨ ਅਤੇ ਮਾਰਬਲ ਕ੍ਰਾਕਰੀ ਆਦਿ ਵਸਤੂਆਂ ਭਾਰਤ ਵਿਚ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ ਅਤੇ ਛੁੱਟੀਆਂ ਮਨਾਉਣ ਲਈ ਉਥੇ ਜਾਣ ਵਾਲੇ ਭਾਰਤੀ ਸੈਲਾਨੀ ਉਥੇ ਵੱਡੀ ਮਾਤਰਾ ਵਿਚ ਇਨ੍ਹਾਂ ਨੂੰ ਉਥੋਂ ਖਰੀਦ ਕੇ ਲਿਆਉਂਦੇ ਸਨ।
ਇਸ ਦੇ ਇਲਾਵਾ ਰਾਜਸਥਾਨ ਦੇ ਮਾਰਬਲ ਵਪਾਰੀਆਂ ਨੇ ਵੀ ਤੁਰਕੀ ਤੋਂ ਮਾਰਬਲ ਦੀ ਦਰਾਮਦ ਰੋਕ ਦਿੱਤੀ ਹੈ। ਭਾਰਤ ਵੱਲੋਂ ਪ੍ਰਤੀ ਸਾਲ ਤੁਰਕੀ ਤੋਂ 14 ਤੋਂ 16 ਲੱਖ ਟਨ ਮਾਰਬਲ ਬਰਾਮਦ ਕੀਤਾ ਜਾਂਦਾ ਸੀ।
ਵਰਣਨਯੋਗ ਹੈ ਕਿ ਹੁਣ ਭਾਰਤੀਆਂ ਵੱਲੋਂ ਤੁਰਕੀ ਦੇ ਸਾਮਾਨ ਦਾ ਬਾਈਕਾਟ ਕਰਨ ਨਾਲ ਉਸ ਦੇ ਸੈਰ-ਸਪਾਟਾ ਅਤੇ ਉਦਯੋਗ-ਕਾਰੋਬਾਰ ਦਾ ਪ੍ਰਭਾਵਿਤ ਹੋਣਾ ਤੈਅ ਹੈ, ਜਿਸ ਨਾਲ ਉਸ ਦੇ ਮਾਲੀਏ ਨੂੰ ਧੱਕਾ ਲੱਗੇਗਾ। ਇਹ ਤਾਂ ਅਜੇ ਸ਼ੁਰੂਆਤ ਹੈ, ਅੱਗੇ-ਅੱਗੇ ਦੇਖੋ ਹੁੰਦਾ ਹੈ ਕੀ!
-ਵਿਜੇ ਕੁਮਾਰ
ਆਪ੍ਰੇਸ਼ਨ ਸਿੰਧੂਰ : ਯਕੀਨੀ ਬਣਾਉਣਾ ਹੋਵੇਗਾ ਕਿ ਅਜਿਹੇ ਸੰਕਟ ਦਾ ਮੁੜ ਦੁਹਰਾਅ ਨਾ ਹੋਵੇ
NEXT STORY