ਮੀਂਹ ਸ਼ੁਰੂ ਹੁੰਦਿਆਂ ਹੀ ਸ਼ਹਿਰਾਂ ਦੀਆਂ ਗਲੀਆਂ ਅਤੇ ਮੁਹੱਲਿਆਂ ’ਚ ਪਾਣੀ ਜਮ੍ਹਾ ਹੋਣਾ ਸ਼ੁਰੂ ਹੋ ਜਾਂਦਾ ਹੈ। ਮੌਸਮ ਵਿਭਾਗ ਜੇਕਰ ਸਹੀ ਅੰਦਾਜ਼ਾ ਲਗਾਉਂਦਾ ਹੈ ਤਾਂ ਮੋਹਲੇਧਾਰ ਮੀਂਹ ਦੇ ਅੰਦਾਜ਼ੇ ਦੇ ਬਾਵਜੂਦ ਦੇਸ਼ ਦਾ ਹਰ ਸ਼ਹਿਰੀ ਮੀਂਹ ਦੇ ਗੰਦੇ ਪਾਣੀ ਦੇ ਤਲਾਬਾਂ ਵਿਚਾਲੇ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਕਿਉਂ ਹੋ ਜਾਂਦਾ ਹੈ?
ਹਰ ਸਾਲ ਇਹੀ ਕਹਾਣੀ ਦੁਹਰਾਈ ਜਾਂਦੀ ਹੈ ਪਰ ਇਸ ਦੀ ਜ਼ਿੰਮੇਵਾਰੀ ਕੀ ਸਿਰਫ਼ ਸਰਕਾਰ ਦੀ ਹੈ? ਕੀ ਨਾਗਰਿਕਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ? ਕਿਹੜੇ ਕਾਰਨ ਹਨ ਕਿ ਹਰ ਸਾਲ ਮਾਨਸੂਨ ’ਚ ਦੇਸ਼ ਦੇ ਕਈ ਸ਼ਹਿਰ ਨਦੀ-ਨਾਲਿਆਂ ’ਚ ਤਬਦੀਲ ਹੋ ਜਾਂਦੇ ਹਨ?
ਸਰਕਾਰ ਦੀ ਗੱਲ ਕਰੀਏ ਤਾਂ ਇਸ ਦੇ ਤਿੰਨ ਵੱਡੇ ਕਾਰਨ ਹਨ। ਪਹਿਲਾ, ਬਿਨਾਂ ਯੋਜਨਾ ਦੇ ਵਸੀਆਂ ਕਾਲੋਨੀਆਂ ਅਤੇ ਪ੍ਰਸ਼ਾਸਨ ਵੱਲੋਂ ਅੱਖਾਂ ਮੀਟ ਕੇ ਦਿੱਤੀ ਗਈ ਮਨਜ਼ੂਰੀ। ਸੜਕ, ਨਾਲੀ, ਸੀਵਰ... ਕੁਝ ਵੀ ਠੀਕ ਨਾ ਹੋਵੇ ਤਾਂ ਵੀ ਕਾਲੋਨੀ ਪਾਸ। ਦੂਜਾ, ਨਾਲੀਆਂ ਅਤੇ ਸੀਵਰ ’ਚ ਠੋਸ ਕਚਰਾ ਜਮ੍ਹਾ ਹੋਣਾ, ਕਿਉਂਕਿ ਸਥਾਨਕ ਨਿਗਮ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਹੀਂ ਨਿਭਾਉਂਦੇ। ਤੀਜਾ ਅਤੇ ਸਭ ਤੋਂ ਖ਼ਤਰਨਾਕ, ਹਰ ਦੋ-ਤਿੰਨ ਸਾਲ ’ਚ ਸੜਕਾਂ ਦੀ ਉਚਾਈ ਵਧਾ ਦੇਣਾ, ਜਿਸ ਨਾਲ ਆਸ-ਪਾਸ ਦੇ ਘਰਾਂ ਦਾ ਤਲ ਹਮੇਸ਼ਾ ਹੇਠਾਂ ਹੁੰਦਾ ਜਾਂਦਾ ਹੈ ਅਤੇ ਪਾਣੀ ਭਰਨ ਦੀ ਮੁੱਖ ਵਜ੍ਹਾ ਬਣ ਜਾਂਦਾ ਹੈ।
ਪਹਿਲੇ ਦੋ ਕਾਰਨਾਂ ’ਤੇ ਤਾਂ ਹਰ ਸਾਲ ਮੀਡੀਆ ’ਚ ਰੌਲਾ ਪੈਂਦਾ ਰਹਿੰਦਾ ਹੈ ਪਰ ਸੜਕ ਦਾ ਵਾਰ-ਵਾਰ ਉੱਚਾ ਹੋਣਾ ਕੋਈ ਨਹੀਂ ਪੁੱਛਦਾ। ਕਿਉਂ? ਕਿਉਂਕਿ ਜਿੰਨੀ ਮੋਟੀ ਸੜਕ ਪਾਈ ਜਾਵੇਗੀ, ਠੇਕੇਦਾਰ ਅਤੇ ਇੰਜੀਨੀਅਰਾਂ ਦਾ ਮੁਨਾਫ਼ਾ ਓਨਾ ਹੀ ਵਧੇਗਾ। ਪਹਿਲੀ ਵਾਰ ਚੰਗੀ ਗੁਣਵੱਤਾ ਦੀ ਸੜਕ ਬਣਾ ਦਿੱਤੀ ਜਾਵੇ ਤਾਂ ਵਾਰ-ਵਾਰ ਬਣਾਉਣ ਦੀ ਲੋੜ ਹੀ ਨਾ ਪਵੇ। ਥੋੜ੍ਹਾ-ਬਹੁਤ ਪੈਚਵਰਕ ਨਾਲ ਕੰਮ ਚੱਲ ਸਕਦਾ ਹੈ, ਉੱਥੇ ਵੀ ਪੂਰੀ ਨਵੀਂ ਸੜਕ ਪਾ ਦਿੱਤੀ ਜਾਂਦੀ ਹੈ। ਬਿਨਾਂ ਇਸ ਗੱਲ ਦਾ ਲਿਹਾਜ਼ ਕੀਤਿਆਂ ਕਿ ਸੜਕ ਦੇ ਦੋਵਾਂ ਪਾਸੇ ਰਹਿਣ ਵਾਲੇ ਆਮ ਲੋਕਾਂ ਦੀ ਇੰਨੀ ਹੈਸੀਅਤ ਨਹੀਂ ਹੁੰਦੀ ਕਿ ਉਹ ਹਰ ਦੋ ਸਾਲ ’ਚ ਆਪਣੇ ਘਰ ਦਾ ਫਰਸ਼ ਉੱਚਾ ਕਰਵਾ ਲੈਣ।
ਜੇਕਰ ਵਿਦੇਸ਼ਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਇਕ ਵਾਰ ਵੀ ਅਜਿਹਾ ਨਹੀਂ ਦੇਖਿਆ ਕਿ ਵਿਦੇਸ਼ਾਂ ਦੀ ਕਿਸੇ ਕਾਲੋਨੀ ਦੀ ਸੜਕ ਅਚਾਨਕ ਉੱਚੀ ਹੋ ਗਈ ਹੋਵੇ ਜਾਂ ਕਿਸੇ ਘਰ ਦਾ ਫਰਸ਼ ਸੜਕ ਤੋਂ ਹੇਠਾਂ ਹੋ ਗਿਆ ਹੋਵੇ। ਸੌ ਸਾਲ ਪੁਰਾਣੇ ਘਰਾਂ ’ਚ ਵੀ ਇਹ ਸਮੱਸਿਆ ਨਹੀਂ ਹੈ। ਨਾ ਸੜਕ ਦਾ ਪੱਧਰ ਵਧਿਆ, ਨਾ ਘਰ ਦਾ ਫਰਸ਼ ਨੀਵਾਂ ਹੋਇਆ। ਤਾਂ ਸਾਡੇ ਇੰਜੀਨੀਅਰਾਂ ਦੀ ਅਕਲ ਨੂੰ ਕੀ ਪੱਥਰ ਪੈ ਗਏ ਹਨ? ਜਾਂ ਸਮਝਦੇ ਤਾਂ ਹਨ, ਪਰ ਰਿਸ਼ਵਤ ਦੀ ਹਵਸ ’ਚ ਕਰੋੜਾਂ ਲੋਕਾਂ ਦੀ ਜ਼ਿੰਦਗੀ ’ਚ ਹਰ ਦੋ-ਚਾਰ ਸਾਲ ਮੁਸੀਬਤ ਖੜ੍ਹੀ ਕਰ ਦਿੰਦੇ ਹਨ।
ਪਰ ਸਿਰਫ਼ ਸਰਕਾਰ ਨੂੰ ਕੋਸਣਾ ਕਾਫ਼ੀ ਨਹੀਂ। ਸਾਨੂੰ ਆਪਣੇ ਆਪ ਨੂੰ ਵੀ ਸ਼ੀਸ਼ਾ ਦਿਖਾਉਣਾ ਹੋਵੇਗਾ। ਗ਼ੈਰ-ਕਾਨੂੰਨੀ ਉਸਾਰੀ, ਮਾਪਦੰਡਾਂ ਤੋਂ ਵੱਧ ਮੰਜ਼ਿਲਾਂ, ਨਾਲੀਆਂ ’ਚ ਕਚਰਾ ਸੁੱਟਣਾ, ਇਹ ਸਭ ਅਸੀਂ ਖ਼ੁਦ ਕਰਦੇ ਹਾਂ। ਪੇਂਡੂ ਜੀਵਨ ’ਚ ਜੋ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਸੀ, ਸ਼ਹਿਰ ਆ ਕੇ ਅਸੀਂ ਭੁੱਲ ਗਏ। ਕਹਿਣ ਨੂੰ ਸ਼ਹਿਰੀ ਹਾਂ, ਪਰ ਵਿਵਹਾਰ ਜੰਗਲੀ ਵਰਗਾ।
ਅੱਜਕੱਲ ਸੋਸ਼ਲ ਮੀਡੀਆ ’ਤੇ ਕੁਝ ਰੀਲਾਂ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ’ਚ ਆਮ ਨਾਗਰਿਕ ਦਿਸਦੇ ਹਨ ਜੋ ਹੱਥ ’ਚ ਝਾੜੂ ਲੈ ਕੇ ਸੜਕ ’ਤੇ ਖੜ੍ਹੇ ਹਨ। ਇਹ ਲੋਕ ਪਾਣੀ ਭਰੀਆਂ ਸੜਕਾਂ ’ਤੇ ਨਾਲੀਆਂ ’ਚੋਂ ਪਲਾਸਟਿਕ, ਪਾਲੀਥੀਨ, ਗੰਦਗੀ ਕੱਢਦੇ ਹੋਏ ਦੇਖੇ ਜਾਂਦੇ ਹਨ। ਕੋਈ ਸਰਕਾਰੀ ਵਿਭਾਗ ਦਾ ਇੰਤਜ਼ਾਰ ਨਹੀਂ ਕਰ ਰਿਹਾ। ਖ਼ੁਦ ਆਪਣਾ ਇਲਾਕਾ ਸਾਫ਼ ਕਰ ਰਹੇ ਹਨ ਤਾਂ ਜੋ ਮੀਂਹ ਦਾ ਪਾਣੀ ਰੁਕ ਨਾ ਜਾਵੇ। ਇਹ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਹੀ ਅਸਲ ਬਦਲਾਅ ਲਿਆ ਸਕਦੀਆਂ ਹਨ।
ਲੋੜ ਹੈ ਤਾਂ ਸੰਗਠਿਤ ਹੋਣ ਦੀ। ਅਸੀਂ ਸਬੰਧਤ ਅਧਿਕਾਰੀਆਂ ਨੂੰ ਸਵਾਲ ਪੁੱਛੀਏ। ਉਨ੍ਹਾਂ ਨੂੰ ਪੁੱਛੀਏ ਕਿ ਸੜਕ ਦਾ ਪੱਧਰ ਹਰ ਦੋ ਸਾਲ ’ਚ ਕਿਉਂ ਵਧਾਇਆ ਜਾਂਦਾ ਹੈ ਅਤੇ ਜੇਕਰ ਉਹ ਜਵਾਬ ਨਾ ਦੇ ਸਕਣ ਤਾਂ ਦਬਾਅ ਬਣਾਈੲੇ ਕਿ ਸੜਕ ਨੂੰ ਉਸਦੇ ਮੂਲ ਪੱਧਰ ’ਤੇ ਲਿਆਂਦਾ ਜਾਵੇ।
ਅੱਜ ਲੋੜ ਹੈ ਕਿ ਅਸੀਂ ਉਨ੍ਹਾਂ ਵਾਇਰਲ ਰੀਲਾਂ ਵਾਲੇ ਨਾਗਰਿਕਾਂ ਤੋਂ ਸਿੱਖੀਏ। ਲੋੜ ਪੈਣ ’ਤੇ ਖ਼ੁਦ ਨਿਕਲ ਕੇ ਨਾਲੀਆਂ ਸਾਫ਼ ਕਰੀਏ, ਕਚਰਾ ਨਾ ਸੁੱਟੀਏ ਅਤੇ ਨਾਲ ਮਿਲ ਕੇ ਪ੍ਰਸ਼ਾਸਨ ’ਤੇ ਦਬਾਅ ਬਣਾਈਏ। ਸਮੱਸਿਆ ਉਦੋਂ ਹੀ ਘਟੇਗੀ, ਜਦੋਂ ਅਸੀਂ ਆਪਣੀ ਉਦਾਸੀਨਤਾ ਛੱਡ ਕੇ ਖ਼ੁਦ ਅੱਗੇ ਵਧਾਂਗੇ।
ਸੋਚੋ, ਜੇਕਰ ਹਰ ਮੁਹੱਲੇ ’ਚ ਸਿਰਫ਼ 10-12 ਲੋਕ ਨਿਯਮਿਤ ਤੌਰ ’ਤੇ ਨਾਲੀਆਂ ਦੀ ਸਫ਼ਾਈ ਕਰਨ ਜਾਂ ਸਰਕਾਰੀ ਵਿਭਾਗ ’ਤੇ ਸਾਫ਼-ਸਫ਼ਾਈ ਦਾ ਦਬਾਅ ਬਣਾਉਣ ਤਾਂ ਕੀ ਹੋਵੇਗਾ? ਪਾਣੀ ਦਾ ਵਹਾਅ ਖੁੱਲ੍ਹਾ ਰਹੇਗਾ, ਮੱਛਰ ਘੱਟ ਪੈਦਾ ਹੋਣਗੇ, ਬਿਮਾਰੀਆਂ ਘਟਣਗੀਆਂ ਅਤੇ ਸਭ ਤੋਂ ਵੱਡਾ ਫ਼ਾਇਦਾ, ਘਰਾਂ ’ਚ ਪਾਣੀ ਵੜਨ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਵੇਗਾ। ਵਾਇਰਲ ਰੀਲਾਂ ’ਚ ਜੋ ਲੋਕ ਦਿਸ ਰਹੇ ਹਨ, ਉਹ ਕੋਈ ਸੁਪਰ ਹੀਰੋ ਨਹੀਂ ਹਨ। ਉਹ ਆਮ ਨੌਕਰੀਪੇਸ਼ਾ, ਦੁਕਾਨਦਾਰ, ਵਿਦਿਆਰਥੀ ਹਨ। ਉਨ੍ਹਾਂ ਨੇ ਸਿਰਫ਼ ਇਹ ਤੈਅ ਕੀਤਾ ਕਿ ਇੰਤਜ਼ਾਰ ਕਰਨ ਨਾਲੋਂ ਬਿਹਤਰ ਹੈ ਖ਼ੁਦ ਕੰਮ ਕਰਨਾ। ਇਹੀ ਰਵੱਈਆ ਸਾਨੂੰ ਅਪਣਾਉਣਾ ਹੋਵੇਗਾ।
ਇਕ ਹੋਰ ਮਹੱਤਵਪੂਰਨ ਗੱਲ। ਸੜਕ ਦੀ ਉਚਾਈ ਵਧਾਉਣ ਦੀ ਸਮੱਸਿਆ ਸਿਰਫ਼ ਪਾਣੀ ਭਰਨ ਤੱਕ ਸੀਮਤ ਨਹੀਂ ਹੈ। ਜਦੋਂ ਸੜਕ ਉੱਚੀ ਹੋ ਜਾਂਦੀ ਹੈ ਤਾਂ ਘਰ ਦੇ ਦਰਵਾਜ਼ੇ-ਖਿੜਕੀਆਂ ਸੜਕ ਦੇ ਪੱਧਰ ਤੋਂ ਹੇਠਾਂ ਆ ਜਾਂਦੇ ਹਨ। ਇਸ ਨਾਲ ਘਰ ’ਚ ਨਮੀ ਵਧਦੀ ਹੈ, ਦੀਵਾਰਾਂ ਗਿੱਲੀਆਂ ਰਹਿੰਦੀਆਂ ਹਨ, ਬਿਜਲੀ ਦੀਆਂ ਤਾਰਾਂ ਖ਼ਤਰੇ ’ਚ ਪੈ ਜਾਂਦੀਆਂ ਹਨ ਅਤੇ ਬੱਚਿਆਂ-ਬਜ਼ੁਰਗਾਂ ਲਈ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ। ਕਈ ਪਰਿਵਾਰਾਂ ਨੂੰ ਮਜਬੂਰਨ ਘਰ ਦਾ ਫਰਸ਼ ਉੱਚਾ ਕਰਵਾਉਣਾ ਪੈਂਦਾ ਹੈ, ਜਿਸ ’ਚ ਲੱਖਾਂ ਰੁਪਏ ਖ਼ਰਚ ਹੋ ਜਾਂਦੇ ਹਨ। ਇਹ ਖ਼ਰਚ ਆਮ ਆਦਮੀ ਦੀ ਜੇਬ ’ਤੇ ਭਾਰੀ ਪੈਂਦਾ ਹੈ, ਜਦੋਂ ਕਿ ਜ਼ਿੰਮੇਵਾਰ ਠੇਕੇਦਾਰ ਅਤੇ ਅਧਿਕਾਰੀ ਮੌਜ ਨਾਲ ਮੁਨਾਫ਼ਾ ਕਮਾਉਂਦੇ ਰਹਿੰਦੇ ਹਨ।
ਸੋਸ਼ਲ ਮੀਡੀਆ ਅੱਜ ਸਭ ਤੋਂ ਤਾਕਤਵਰ ਹਥਿਆਰ ਹੈ। ਆਪਣੇ ਇਲਾਕੇ ਦੀ ਸੜਕ ਦੀ ਉਚਾਈ ਦਾ ਫੋਟੋ-ਵੀਡੀਓ ਲਓ, ਪੁਰਾਣੇ ਅਤੇ ਨਵੇਂ ਪੱਧਰ ਦੀ ਤੁਲਨਾ ਦਿਖਾਓ ਅਤੇ ਪੋਸਟ ਕਰੋ। ਸਥਾਨਕ ਵਿਧਾਇਕ, ਕੌਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਟੈਗ ਕਰੋ। ਜਦੋਂ ਸੈਂਕੜੇ ਲੋਕ ਇਕੱਠੇ ਆਵਾਜ਼ ਉਠਾਉਣਗੇ ਤਾਂ ਪ੍ਰਸ਼ਾਸਨ ਨੂੰ ਜਵਾਬ ਦੇਣਾ ਹੀ ਪਵੇਗਾ। ਨਾਲ ਹੀ, ਮੁਹੱਲਾ ਪੱਧਰ ’ਤੇ ਸਫ਼ਾਈ ਮੁਹਿੰਮ ਸ਼ੁਰੂ ਕਰੋ। ਐਤਵਾਰ ਦੀ ਸਵੇਰ ਦੋ ਘੰਟੇ ਕੱਢ ਕੇ ਨਾਲੀਆਂ ਸਾਫ਼ ਕਰਨਾ ਕੋਈ ਵੱਡੀ ਗੱਲ ਨਹੀਂ। ਇਹ ਛੋਟੀ ਜਿਹੀ ਮਿਹਨਤ ਸਾਲ ਭਰ ਦੀ ਪ੍ਰੇਸ਼ਾਨੀ ਬਚਾ ਸਕਦੀ ਹੈ।
ਯਾਦ ਰੱਖੋ, ਸਰਕਾਰ ਅਤੇ ਪ੍ਰਸ਼ਾਸਨ ਉਦੋਂ ਹੀ ਜਾਗਦੇ ਹਨ ਜਦੋਂ ਨਾਗਰਿਕ ਜਾਗ ਜਾਂਦੇ ਹਨ। ਜੇਕਰ ਅਸੀਂ ਸਿਰਫ਼ ਕੋਸਦੇ ਰਹੇ ਅਤੇ ਖ਼ੁਦ ਕੁਝ ਨਾ ਕੀਤਾ, ਤਾਂ ਅਗਲੇ ਸਾਲ ਫਿਰ ਉਹੀ ਪਾਣੀ, ਉਹੀ ਗੰਦਗੀ ਅਤੇ ਉਹੀ ਸ਼ਿਕਾਇਤਾਂ ਹੋਣਗੀਆਂ ਪਰ ਜੇਕਰ ਅਸੀਂ ਉਨ੍ਹਾਂ ਵਾਇਰਲ ਰੀਲਾਂ ਵਾਲੇ ਨਾਗਰਿਕਾਂ ਵਾਂਗ ਜ਼ਿੰਮੇਵਾਰੀ ਸੰਭਾਲੀ, ਤਾਂ ਬਦਲਾਅ ਜ਼ਰੂਰ ਆਵੇਗਾ। ਨਾਲੀ ਸਾਫ਼ ਕਰਨਾ ਸ਼ਰਮ ਦੀ ਗੱਲ ਨਹੀਂ, ਸਗੋਂ ਮਾਣ ਦੀ ਗੱਲ ਹੈ। ਕਿਉਂਕਿ ਇਹੀ ਅਸਲ ਦੇਸ਼ਭਗਤੀ ਹੈ, ਆਪਣੇ ਆਸ-ਪਾਸ ਨੂੰ ਸਾਫ਼ ਅਤੇ ਸੁਰੱਖਿਅਤ ਰੱਖਣਾ। ਸਮਾਂ ਆ ਗਿਆ ਹੈ ਕਿ ਅਸੀਂ ਸਿਰਫ਼ ਸ਼ਿਕਾਇਤ ਨਾ ਕਰੀਏ, ਸਗੋਂ ਹੱਲ ਦਾ ਹਿੱਸਾ ਬਣੀਏ।
—ਵਿਨੀਤ ਨਾਰਾਇਣ
ਜੈੱਨ-ਜ਼ੀ ਅਤੇ ਵਿਰੋਧ ਪ੍ਰਦਰਸ਼ਨ ਦੀ ਰਾਜਨੀਤੀ : ਵਿਰੋਧੀ ਧਿਰ ਕਿੱਥੇ ਪਹੁੰਚੀ ?
NEXT STORY