ਭਾਰਤ ਦਾ ‘ਸੁਤੰਤਰਤਾ ਦਿਵਸ’ 15 ਅਗਸਤ, ਇਕ ‘ਕਰੂਰ ਤ੍ਰਾਸਦੀ’ ਸੀ। ਇਸ ਆਜ਼ਾਦੀ ਨੇ ‘ਮਨੁੱਖਤਾ ਦੀ ਆਤਮਾ’ ਨੂੰ ਦੋਫਾੜ ਕਰ ਦਿੱਤਾ ਸੀ। ਮਨੁੱਖਤਾ ਲਹੂ-ਲੁਹਾਨ ਹੋ ਗਈ ਸੀ। ਇਸ ਆਜ਼ਾਦੀ ਨੇ ਸਦੀਆਂ ਤੋਂ ਚਲੀ ਆ ਰਹੀ ਸਾਰੇ ਸੰਪਰਦਾਵਾਂ ਦੀ ‘ਸਾਂਝੀਵਾਲਤਾ’ ਨੂੰ ਚੂਰ-ਚੂਰ ਕਰ ਦਿੱਤਾ ਸੀ। ਆਜ਼ਾਦੀ ਨੇ ਪੰਜਾਬ ਦੀ ਬਹਾਦਰ ਕੌਮ ਅਤੇ ਹਿੰਦੂਆਂ ਨੂੰ ਖ਼ੂਨ ਦੇ ਹੰਝੂਆਂ ’ਚ ਨਹੁੰ ਤੋਂ ਸਿਖਰ ਤੱਕ ਡੁਬੋ ਦਿੱਤਾ ਸੀ। ਬੰਗਾਲ ਦੇ ਹਿੰਦੂ ਰਾਜਿਆਂ, ਮਹਾਰਾਜਿਆਂ, ਜ਼ਿਮੀਂਦਾਰਾਂ, ਸ਼ਾਹੂਕਾਰਾਂ, ਵਪਾਰੀਆਂ ਨੂੰ ਰਾਜੇ ਤੋਂ ਰੰਕ ਬਣਾ ਕੇ ਰੱਖ ਦਿੱਤਾ। ਰਬਿੰਦਰਨਾਥ ਟੈਗੋਰ, ਸੁਭਾਸ਼ ਚੰਦਰ ਬੋਸ, ਅਰਵਿੰਦ ਘੋਸ਼, ਰਾਜਾ ਰਾਮ ਮੋਹਨ ਰਾਏ ਅਤੇ ਬੰਕਿਮ ਚੰਦਰ ਦੀ ਆਤਮਾ ਨੂੰ ਛਲਣੀ-ਛਲਣੀ ਕਰ ਦਿੱਤਾ ਸੀ। ਇਕ ਸੱਭਿਆ ਵਿਰਸੇ ਵਾਲਾ ਸੂਬਾ, ਪੂਰਬੀ ਬੰਗਾਲ ਦੇ ਉੱਜੜੇ, ਭੁੱਖੇ-ਨੰਗੇ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ’ਚ ਪਸ਼ੂਆਂ ਵਾਂਗ ਰਹਿਣਾ ਪਿਆ।
ਕਿਸੇ ਵੀ ਭਾਰਤੀ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ 15 ਅਗਸਤ, 1947 ਦੀ ਆਜ਼ਾਦੀ ਉਨ੍ਹਾਂ ਨੂੰ ਘਰੋਂ ਬੇਘਰ ਕਰ ਜਾਵੇਗੀ। ਇਹ ਅੰਗਰੇਜ਼ੀ ਹਕੂਮਤ ਦੀ ਇਕ ਸੰਵੇਦਨਹੀਣ ਸਾਜ਼ਿਸ਼ ਸੀ। ਫੁੱਟ ਪਾਓ ਅਤੇ ਰਾਜ ਕਰੋ ਦੀ ਘਿਨਾਉਣੀ ਨੀਤੀ ਦਾ ਨਤੀਜਾ ਸੀ। ਵੰਡ ਦਾ ਕਾਰਨ ਸੀ ਤਤਕਾਲੀ ਵਾਇਸਰਾਏ ਲਾਰਡ ਮਾਊਂਟਬੈਟਨ ਅਤੇ ‘ਮੁਸਲਿਮ ਲੀਗ’ ਦੇ ਇਕਲੌਤੇ ਆਗੂ ਮੁਹੰਮਦ ਅਲੀ ਜਿੱਨਾਹ ਵਿਚਾਲੇ ਦੀ ਗੂੜ੍ਹੀ ਦੋਸਤੀ। ਇਹ ਸਾਜ਼ਿਸ਼ ਸੀ ਉਨ੍ਹਾਂ ਕਈ ਨੇਤਾਵਾਂ ਦੀ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨਾ ਸੀ, ਉਨ੍ਹਾਂ ਨੇਤਾਵਾਂ ਦੀਆਂ ਇੱਛਾਵਾਂ ਦੀ, ਜਿਨ੍ਹਾਂ ਨੂੰ ਆਜ਼ਾਦ ਭਾਰਤ ਦੀ ਸਰਕਾਰ ’ਚ ਮੰਤਰੀ ਅਹੁਦਾ ਚਾਹੀਦਾ ਸੀ। ਇਨ੍ਹਾਂ ਕੁਚਾਲਾਂ ਨਾਲ ਦੇਸ਼ ਵੰਿਡਆ ਗਿਆ।
ਕੱਲ ਤੱਕ ਜੋ ਹਿੰਦੂ-ਜ਼ਿਮੀਂਦਾਰਾਂ ਦੇ ਨੌਕਰ ਸਨ, ਉਹੀ ਨੌਕਰ ਤਲਵਾਰਾਂ ਨਾਲ ਆਪਣੇ ਮਾਲਕ ਦੀ ਧੌਣ ਵੱਢ ਰਹੇ ਸਨ। ਉਨ੍ਹਾਂ ਹੀ ਮਾਲਕਾਂ ਦੀਆਂ ਜਵਾਨ ਬਹੂ-ਬੇਟੀਆਂ ਨੂੰ ਖੋਹ ਕੇ ਲੈ ਗਏ। 75,000 ਜਵਾਨ ਔਰਤਾਂ ਨਾਲ ਜਬਰ-ਜ਼ਨਾਹ ਕਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਜਿਹੜੀਆਂ ਜਵਾਨ ਬਹੂ-ਬੇਟੀਆਂ ਬਚ ਗਈਆਂ, ਉਨ੍ਹਾਂ ਨੂੰ ਉਨ੍ਹਾਂ ਦੇ ਮਾਂ-ਪਿਓ ਨੇ ਜਾਂ ਤਾਂ ਖੂਹਾਂ ’ਚ ਧੱਕਾ ਦੇ ਦਿੱਤਾ ਜਾਂ ਅਗਸਤ ਦੀ ਬਰਸਾਤ ’ਚ ਦਰਿਆਵਾਂ ’ਚ ਆਏ ਹੜ੍ਹ ’ਚ ਧੱਕਾ ਦੇ ਦਿੱਤਾ। ਕਈਆਂ ਨੇ ਆਪਣੀਆਂ ਹੀ ਧੀਆਂ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਕਈ ਪਰਿਵਾਰਾਂ ਦੇ ਪਰਿਵਾਰ ਨੱਕੋ-ਨੱਕ ਵਗਦੀਆਂ ਨਦੀਆਂ ਦੇ ਪਾਣੀ ’ਚ ਡੁੱਬ ਗਏ। ਫਿਰ ਹਾਰੇ-ਥੱਕੇ ਉੱਜੜੇ ਲੋਕ ਅੰਤਹੀਣ ਰਸਤਿਆਂ ’ਤੇ ਚੱਲ ਕੇ ਭਾਰਤ ਦੀਆਂ ਸਰਹੱਦਾਂ ’ਚ ਦਾਖ਼ਲ ਹੋਏ। ਅਜਿਹੇ ਸ਼ਰਨਾਰਥੀਆਂ ਲਈ ਧਰਤੀ ਹੀ ਬਿਸਤਰਾ ਸੀ ਅਤੇ ਅਾਸਮਾਨ ਹੀ ਚਾਦਰ ਸੀ।
ਮਨੁੱਖਤਾ ਆਜ਼ਾਦੀ ’ਤੇ ਹੰਝੂ ਵਹਾਅ ਰਹੀ ਸੀ। ਮਨੁੱਖ ਹੀ ਮਨੁੱਖ ਦਾ ਦੁਸ਼ਮਣ ਬਣ ਗਿਆ ਸੀ। ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਚਾਰੋਂ ਪਾਸੇ ਅਰਾਜਕਤਾ, ਚਾਰੋਂ ਪਾਸੇ ਲੋਕਾਂ ਨੂੰ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਸੀ। ਮੁਸਲਿਮ ਫੌਜ ਨੇ ਹਿੰਦੂਆਂ ਦੇ ਕਾਫ਼ਲਿਆਂ ’ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕੋਈ ਕਿਸੇ ਦੀ ਆਵਾਜ਼ ਸੁਣਨ ਵਾਲਾ ਨਹੀਂ ਸੀ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸ਼ਾਇਦ 1947 ’ਚ ਲਕਵਾ ਮਾਰ ਗਿਆ ਸੀ। ਦੇਸ਼ ਦੇ ਦੁਸ਼ਮਣ ਆਜ਼ਾਦੀ ’ਤੇ ਮੁਸਕਰਾ ਰਹੇ ਸਨ, ਜਦੋਂ ਕਿ ਦੇਸ਼ ਭਗਤ ਜਨਤਾ ਖ਼ੂਨ ਦੇ ਹੰਝੂ ਰੋ ਰਹੀ ਸੀ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤਾਂ ‘ਵੰਡ ਦੀ ਭਿਆਨਕਤਾ’ ਦਾ ਪਤਾ ਹੀ ਨਹੀਂ।
ਇਨ੍ਹਾਂ ਸਭ ਹਾਲਾਤ ’ਚ ਵੀ ਮਨੁੱਖ ਨੇ ਜਿਊਣ ਦੀ ਚਾਹ ਨਹੀਂ ਛੱਡੀ। ਹੌਲੀ-ਹੌਲੀ ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਨੇ ਸ਼ਰਮ ਛੱਡ ਜਿਊਣ ਦੇ ਸਾਧਨ ਜੁਟਾਏ, ਥੱਕੇ-ਮੰਦੇ ਸ਼ਰਨਾਰਥੀ ਲੋਕਾਂ ਨੇ ਫਿਰ ਹਿੰਮਤ ਜੁਟਾ ਕੇ ਆਪਣੇ ਆਪ ਨੂੰ ਸਮਾਜ ’ਚ ਖੜ੍ਹਾ ਕੀਤਾ। ਇਨ੍ਹਾਂ ਆਜ਼ਾਦ-ਭਾਰਤ ’ਚ ਉੱਜੜ ਕੇ ਆਏ ਲੋਕਾਂ ਦੇ ਹੌਸਲਿਆਂ ਨੂੰ ‘ਸੈਲਿਊਟ’। ਅੱਜ ਦੀ ਪੀੜ੍ਹੀ ਨੂੰ ਆਜ਼ਾਦੀ ਦੇ ਪਿੱਛੇ ਦਾ ਇਤਿਹਾਸ ਤਾਂ ਪੜ੍ਹਨਾ ਹੀ ਚਾਹੀਦਾ ਹੈ।
ਇਹ ਆਜ਼ਾਦੀ ਲਾਰਡ ਮਾਊਂਟਬੈਟਨ ਦੀ ਸਾਜ਼ਿਸ਼, ਮਹਾਤਮਾ ਗਾਂਧੀ ਨੂੰ ਛੱਡ ਕਾਂਗਰਸੀ ਨੇਤਾਵਾਂ ਦੀ ਮੁਸਲਿਮ ਲੀਗ ਦੀ ਸੋਚ ਦਾ ਨਤੀਜਾ ਸੀ। ਮਹਾਤਮਾ ਗਾਂਧੀ ਨੇ ਮੁਹੰਮਦ ਅਲੀ ਜਿੱਨਾਹ ਨੂੰ ਕਾਂਗਰਸੀ ਨੇਤਾਵਾਂ ਦੀ ਇੱਛਾ ਵਿਰੁੱਧ ਜਾ ਕੇ ਪਾਕਿਸਤਾਨ ਦੀ ਮੰਗ ਛੱਡਣ ਦੀ ਅਪੀਲ ਵੀ ਕੀਤੀ। ਜਿੱਨਾਹ ਨੂੰ ਸਾਰੇ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਦਾ ਲਾਲਚ ਵੀ ਦਿੱਤਾ, ਪਰ ਉਹ ‘ਟੂ-ਨੇਸ਼ਨ ਥਿਊਰੀ’ ਤੋਂ ਟੱਸ ਤੋਂ ਮੱਸ ਨਾ ਹੋਏ। ਉਹ ਪਾਕਿਸਤਾਨ ਲੈ ਕੇ ਹੀ ਰਹੇ।
ਆਜ਼ਾਦੀ ਪ੍ਰਾਪਤੀ ਨੇ 1.5 ਕਰੋੜ ਲੋਕਾਂ ਨੂੰ ਉਜਾੜ ਦਿੱਤਾ। 10 ਤੋਂ 20 ਲੱਖ ਲੋਕਾਂ ਦੀ ਮੌਤ ਹੋ ਗਈ। ਅਰਬਾਂ ਰੁਪਏ ਦੀ ਜਾਇਦਾਦ ਨਸ਼ਟ ਹੋ ਗਈ। ਲੱਖਾਂ ਕਰੋੜਾਂ ਦੀ ਗਿਣਤੀ ’ਚ ਪਸ਼ੂਧਨ ਬਰਬਾਦ ਹੋ ਗਿਆ। ਪੱਛਮੀ ਬੰਗਾਲ ’ਚ 83 ਲੱਖ ਹਿਜਰਤਕਾਰੀ ਪੂਰਬੀ ਬੰਗਾਲ ਤੋਂ ਉੱਜੜ ਕੇ ਆ ਗਏ। 96 ਲੱਖ ਲੋਕ ਸ਼ਰਨਾਰਥੀ ਬਣ ਕੇ ਪੰਜਾਬ ’ਚ ਆ ਗਏ। ਸਰਕਾਰ ਇੰਨੇ ਹਿਜਰਤਕਾਰੀ ਲੋਕਾਂ ਲਈ ਟੈਂਟਾਂ ਤੱਕ ਦਾ ਪ੍ਰਬੰਧ ਨਾ ਕਰ ਸਕੀ। ਦਿੱਲੀ ਦਾ ਹਰ ਚੌਕ, ਹਰ ਸੜਕ ਉੱਜੜ ਕੇ ਆਏ ਲੋਕਾਂ ਦੀ ਭੀੜ ਨਾਲ ਖਚਾਖਚ ਭਰੇ ਹੋਏ ਸਨ।
ਇੰਨਾ ਜ਼ਰਖੇਜ਼, ਸੁੰਦਰ ਹਿੰਦੂ-ਸਿੱਖਾਂ ਦੇ ਮੰਦਿਰਾਂ-ਗੁਰਦੁਆਰਿਆਂ ਵਾਲਾ ਇਲਾਕਾ ਪਾਕਿਸਤਾਨ ਲੈ ਗਿਆ। ਅਜਿਹੇ ਹਾਲਾਤ ਦੇ ਮੱਦੇਨਜ਼ਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚਿਤਾਵਨੀ ਅਤੇ ਸੱਦਾ ਵੀ ਹੈ ਕਿ ਉਹ ਭਾਰਤ ਦੇ ਭਵਿੱਖ ਨੂੰ ਸੰਵਾਰਨ ਦੀ ਜ਼ਿੰਮੇਵਾਰੀ ਸਮਝਣ। ਇਹ ਦੇਸ਼ ਸਭ ਦਾ ਹੈ, ਸਾਰਿਆਂ ਨੇ ਇਸ ਨੂੰ ਅੱਗੇ ਵੱਲ ਲੈ ਕੇ ਜਾਣਾ ਹੈ।
—ਮਾ. ਮੋਹਨ ਲਾਲ
ਬਿਨਾਂ ਵਾਰੰਟ ਗ੍ਰਿਫ਼ਤਾਰ ਵਿਅਕਤੀ ਨੂੰ ਕਦੋਂ ਤੱਕ ਪੁਲਸ ਹਿਰਾਸਤ ’ਚ ਰੱਖਿਆ ਜਾ ਸਕਦਾ ਹੈ?
NEXT STORY