ਜਲਿਆਂਵਾਲਾ ਬਾਗ ਹੱਤਿਆਕਾਂਡ 13 ਅਪ੍ਰੈਲ, 1919 ਨੂੰ ਹੋਇਆ ਸੀ। ਬ੍ਰਿਟਿਸ਼ ਭਾਰਤ ਦੇ ਪੰਜਾਬ ਰਾਜ ਦੇ ਅੰਮ੍ਰਿਤਸਰ ’ਚ ਜਲਿਆਂਵਾਲਾ ਬਾਗ ’ਚ ਸਾਲਾਨਾ ਵਿਸਾਖੀ ਮੇਲੇ ਦੌਰਾਨ ਰੌਲੇਟ ਐਕਟ ਅਤੇ ਭਾਰਤ ਪੱਖੀ ਸੁਤੰਤਰਤਾ ਸੰਗਰਾਮੀਆਂ ਡਾ. ਸੈਫੂਦੀਨ ਕਿਚਲੂ ਅਤੇ ਡਾ. ਸਤਿਆਪਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਇਕ ਵੱਡੀ ਭੀੜ ਜਮ੍ਹਾ ਹੋਈ ਸੀ। ਲੋਕਤੰਤਰਿਕ ਵਿਰੋਧ ਜਨਸਭਾ ਦੇ ਜਵਾਬ ’ਚ, ਬ੍ਰਿਗੇਡੀਅਰ ਜਨਰਲ ਡਾਇਰ ਨੇ ਆਪਣੇ ਸੈਨਿਕਾਂ ਨਾਲ ਨਿਰਦੋਸ਼ ਲੋਕਾਂ ਨੂੰ ਘੇਰ ਲਿਆ। ਜਲਿਆਂਵਾਲਾ ਬਾਗ ਤੋਂ ਬਾਹਰ ਨਿਕਲਣ ਦਾ ਸਿਰਫ ਇਕ ਹੀ ਰਸਤਾ ਸੀ, ਕਿਉਂਕਿ ਇਸ ਦੇ ਬਾਕੀ 3 ਪਾਸੇ ਇਮਾਰਤਾਂ ਸਨ। ਆਪਣੇ ਸੈਨਿਕਾਂ ਤੋਂ ਨਿਕਾਸ ਦੁਆਰ ਬੰਦ ਕਰਵਾਉਣ ਤੋਂ ਬਾਅਦ ਡਾਇਰ ਨੇ ਉਨ੍ਹਾਂ ਨੂੰ ਨਿਰਦੋਸ਼ ਭੀੜ ’ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਅਤੇ ਪ੍ਰਦਰਸ਼ਨਕਾਰੀਆਂ ਦੇ ਭੱਜਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਗੋਲੀਬਾਰੀ ਜਾਰੀ ਰੱਖੀ। ਸੈਨਿਕਾਂ ਨੇ ਉਦੋਂ ਤੱਕ ਗੋਲੀਬਾਰੀ ਕੀਤੀ ਜਦੋਂ ਤੱਕ ਉਨ੍ਹਾਂ ਦਾ ਗੋਲਾ-ਬਾਰੂਦ ਖ਼ਤਮ ਨਹੀਂ ਹੋ ਗਿਆ। ਮ੍ਰਿਤਕਾਂ ਦੀ ਗਿਣਤੀ 1,500 ਜਾਂ ਉਸ ਤੋਂ ਵੱਧ ਦੱਸੀ ਜਾਂਦੀ ਹੈ। 1,200 ਤੋਂ ਵੱਧ ਲੋਕ ਜ਼ਖਮੀ ਹੋਏ, ਜਿਨ੍ਹਾਂ ’ਚੋਂ 192 ਗੰਭੀਰ ਰੂਪ ’ਚ ਜ਼ਖਮੀ ਹੋਏ।
ਬ੍ਰਿਟੇਨ ਨੇ ਇਸ ਕਤਲੇਆਮ ਲਈ ਕਦੇ ਰਸਮੀ ਤੌਰ ’ਤੇ ਮੁਆਫ਼ੀ ਨਹੀਂ ਮੰਗੀ ਪਰ 2019 ’ਚ ਡੂੰਘਾ ਦੁੱਖ ਪ੍ਰਗਟਾਇਆ। ਇਸ ਤਰ੍ਹਾਂ ਦੀ ਕਰੂਰਤਾ ਅਤੇ ਜਵਾਬਦੇਹੀ ਦੀ ਘਾਟ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਆਮ ਭਾਰਤੀ ਜਨਤਾ ਦਾ ਬ੍ਰਿਟੇਨ ਦੇ ਇਰਾਦਿਆਂ ਤੋਂ ਵਿਸ਼ਵਾਸ ਪੂਰੀ ਤਰ੍ਹਾਂ ਟੁੱਟ ਗਿਆ। ਬ੍ਰਿਟੇਨ ਦੇ ਯੁੱਧ ਮੰਤਰੀ ਵਿੰਸਟਨ ਚਰਚਿਲ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ‘ਅਤਿਅੰਤ ਭਿਆਨਕ’ ਦੱਸਿਆ। ਇਸ ਕਤਲੇਆਮ ਨੇ ਭਾਰਤੀ ਜਨਤਾ ਵਿਚਾਲੇ ਅੰਗਰੇਜ਼ਾਂ ਦੇ ਖ਼ਿਲਾਫ਼ ਵਿਆਪਕ ਗੁੱਸੇ ਨੂੰ ਹਵਾ ਦਿੱਤੀ, ਜਿਸ ਨਾਲ 1920-22 ਦਾ ਨਾਮਿਲਵਰਤਣ ਅੰਦੋਲਨ ਸ਼ੁਰੂ ਹੋਇਆ।
ਬ੍ਰਿਟਿਸ਼ ਯੁੱਧ ਯਤਨਾਂ ਅਤੇ ਭਾਰਤ ’ਚ ਵੱਖਵਾਦੀ ਅੰਦੋਲਨ ਤੋਂ ਪੈਦਾ ਹੋਏ ਖ਼ਤਰੇ ਦੇ ਸੰਦਰਭ ’ਚ, ਭਾਰਤ ਰੱਖਿਆ ਐਕਟ 1915 ਪਾਸ ਕੀਤਾ ਗਿਆ, ਜਿਸ ਨੇ ਨਾਗਰਿਕ ਅਤੇ ਰਾਜਨੀਤਿਕ ਆਜ਼ਾਦੀ ਨੂੰ ਸੀਮਤ ਕਰ ਦਿੱਤਾ। ਪੰਜਾਬ ਦੇ ਤਤਕਾਲੀ ਲੈਫਟੀਨੈਂਟ ਗਵਰਨਰ ਮਾਈਕਲ ਓ’ਡਾਇਰ ਇਸ ਐਕਟ ਦੇ ਪ੍ਰਬਲ ਸਮਰਥਕਾਂ ’ਚੋਂ ਇਕ ਸਨ, ਜਿਸ ਦਾ ਇਕ ਵੱਡਾ ਕਾਰਨ ਪ੍ਰਾਂਤ ’ਚ ਗਦਰ ਅੰਦੋਲਨ ਦਾ ਖ਼ਤਰਾ ਸੀ।
ਰੌਲੇਟ ਐਕਟ, ਜੋ ਨਾਗਰਿਕ ਆਜ਼ਾਦੀ ਨੂੰ ਸੀਮਤ ਕਰਨ ਲਈ 1915 ਦੇ ਭਾਰਤ ਰੱਖਿਆ ਐਕਟ ਦਾ ਵਿਸਥਾਰ ਸੀ, ਲਾਗੂ ਕੀਤਾ ਗਿਆ। 1919 ’ਚ ਰੌਲੇਟ ਐਕਟ ਦੇ ਪਾਸ ਹੋਣ ਨਾਲ ਪੂਰੇ ਭਾਰਤ ’ਚ ਵਿਆਪਕ ਰਾਜਨੀਤਿਕ ਅਸ਼ਾਂਤੀ ਫੈਲ ਗਈ। ਰੌਲੇਟ ਐਕਟ ਦੇ ਖ਼ਿਲਾਫ਼ ਗਾਂਧੀ ਜੀ ਦੇ ਵਿਰੋਧ ਦੇ ਸੱਦੇ ਨੂੰ ਬੇਮਿਸਾਲ ਸਫ਼ਲਤਾ ਮਿਲੀ, ਵਿਸ਼ੇਸ਼ ਕਰ ਕੇ ਪੰਜਾਬ ’ਚ, ਰੇਲ, ਟੈਲੀਗ੍ਰਾਫ਼ ਅਤੇ ਸੰਚਾਰ ਪ੍ਰਣਾਲੀਆਂ ’ਚ ਵਿਘਨ ਦੇ ਕਾਰਨ ਸਥਿਤੀ ਤੇਜ਼ੀ ਨਾਲ ਵਿਗੜ ਰਹੀ ਸੀ। ਅਪ੍ਰੈਲ ਦੇ ਪਹਿਲੇ ਹਫ਼ਤੇ ਦੇ ਅੰਤ ਤੋਂ ਪਹਿਲਾਂ ਅੰਦੋਲਨ ਆਪਣੇ ਸਿਖਰ ’ਤੇ ਸੀ। ਕੁਝ ਲੋਕਾਂ ਦਾ ਕਹਿਣਾ ਸੀ ਕਿ ‘ਲਗਭਗ ਪੂਰਾ ਲਾਹੌਰ ਸੜਕਾਂ ’ਤੇ ਉਤਰ ਆਇਆ ਸੀ, ਅਨਾਰ ਕਲੀ ਬਾਜ਼ਾਰ ’ਚੋਂ ਲੰਘਣ ਵਾਲੀ ਵਿਸ਼ਾਲ ਭੀੜ ਲਗਭਗ 20,000 ਸੀ।’ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਬ੍ਰਿਟਿਸ਼ ਲੈਫਟੀਨੈਂਟ-ਗਵਰਨਰ, ਮਾਈਕਲ ਓ’ਡਾਇਰ ਦਾ ਮੰਨਣਾ ਸੀ ਕਿ ਇਹ ਮਈ ਦੇ ਆਸ-ਪਾਸ ਯੋਜਨਾਬੱਧ ਇਕ ਵਿਦਰੋਹ ਦੀ ਸਾਜ਼ਿਸ਼ ਦੇ ਸ਼ੁਰੂਆਤੀ ਅਤੇ ਅਸਪੱਸ਼ਟ ਸੰਕੇਤ ਸਨ, ਜੋ 1857 ਦੇ ਵਿਦੋਰਹ ਦੀ ਤਰਜ਼ ’ਤੇ ਸੀ। 10 ਅਪ੍ਰੈਲ, 1919 ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਈਲਸ ਇਰਵਿੰਗ ਦੇ ਨਿਵਾਸ ’ਤੇ ਵਿਰੋਧ ਪ੍ਰਦਰਸ਼ਨ ਹੋਇਆ, ਜੋ ਭਾਰਤੀ ਆਜ਼ਾਦੀ ਅੰਦੋਲਨ ਦੇ 2 ਲੋਕਪ੍ਰਿਯ ਆਗੂਆਂ ਵਲੋਂ ਰੌਲੇਟ ਐਕਟ ਦਾ ਵਿਰੋਧ ਕਰਨ ’ਤੇ ਗ੍ਰਿਫਤਾਰ ਡਾ. ਸਤਿਆਪਾਲ ਅਤੇ ਸੈਫੂਦੀਨ ਕਿਚਲੂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੀ, ਜਿਨ੍ਹਾਂ ਨੂੰ ਸਰਕਾਰ ਨੇ ਇਕ ਗੁਪਤ ਥਾਂ ’ਤੇ ਭੇਜ ਦਿੱਤਾ ਸੀ।
ਨਿਰਧਾਰਿਤ ਸਮੇਂ ’ਤੇ ਰੌਲੇਟ ਐਕਟ ਦੇ ਵਿਰੋਧ ’ਚ ਬੈਠਕ ਸ਼ੁਰੂ ਹੋਣ ਦੇ 1 ਘੰਟੇ ਬਾਅਦ, ਡਾਇਰ 50 ਸੈਨਿਕਾਂ ਦੇ ਇਕ ਦਲ ਨਾਲ ਬਾਗ ਪਹੁੰਚਿਆ। ਉਹ ਆਪਣੇ ਨਾਲ ਮਸ਼ੀਨਗੰਨਾਂ ਨਾਲ ਲੈਸ 2 ਬਖ਼ਤਰਬੰਦ ਗੱਡੀਆਂ ਵੀ ਲਿਆਇਆ ਸੀ। ਹਾਲਾਂਕਿ, ਇਹ ਗੱਡੀਆਂ ਭੀੜੇ ਪ੍ਰਵੇਸ਼ ਦੁਆਰਾਂ ਕਾਰਨ ਅੰਦਰ ਨਹੀਂ ਜਾ ਸਕੀਆਂ। ਮੁੱਖ ਪ੍ਰਵੇਸ਼ ਦੁਆਰ ਮੁਕਾਬਲਤਨ ਚੌੜਾ ਸੀ, ਪਰ ਬਖਤਰਬੰਦ ਗੱਡੀਆਂ ਨਾਲ ਲੈਸ ਸੈਨਿਕਾਂ ਵੱਲੋਂ ਇਸ ਦੀ ਸਖਤ ਸੁਰੱਖਿਆ ਕੀਤੀ ਜਾਂਦੀ ਸੀ, ਤਾਂ ਕਿ ਕੋਈ ਵੀ ਬਾਹਰ ਨਾ ਨਿਕਲ ਸਕੇ।
ਗੋਲੀਬਾਰੀ ਲਗਭਗ 10 ਮਿੰਟ ਤੱਕ ਜਾਰੀ ਰਹੀ। ਨਿਹੱਥੇ ਨਾਗਰਿਕ, ਜਿਨ੍ਹਾਂ ’ਚ ਮਰਦ, ਔਰਤਾਂ, ਬਜ਼ੁਰਗ ਅਤੇ ਬੱਚੇ ਸ਼ਾਮਲ ਸਨ, ਮਾਰੇ ਗਏ। 14 ਅਕਤੂਬਰ 1919 ਨੂੰ, ਭਾਰਤ ਸਰਕਾਰ ਦੇ ਰਾਜ ਸਕੱਤਰ ਐਡਮਿਨ ਮੋਂਟੇਗਿਊ ਵਲੋਂ ਜਾਰੀ ਹੁਕਮਾਂ ਤੋਂ ਬਾਅਦ ਭਾਰਤ ਸਰਕਾਰ ਨੇ ਪੰਜਾਬ ’ਚ ਹੋਈਆਂ ਘਟਨਾਵਾਂ ਦੀ ਜਾਂਚ ਲਈ ਇਕ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਬਾਅਦ ’ਚ ਇਹ ਹੰਟਰ ਕਮਿਸ਼ਨ ਦੇ ਨਾਂ ਨਾਲ ਵਧੇਰੇ ਪ੍ਰਸਿੱਧ ਹੋਈ। ਕਮਿਸ਼ਨ ਦੀ ਰਿਪੋਰਟ ’ਚ ਇਹ ਸਿੱਟਾ ਕੱਢਿਆ ਗਿਆ ਕਿ ਡਾਇਰ ਨੇ ਆਪਣੇ ਅਧਿਕਾਰ ਖੇਤਰ ਦੀਆਂ ਹੱਦਾਂ ਦੀ ਉਲੰਘਣਾ ਕੀਤੀ ਸੀ। ਡਾਇਰ ਦਾ ਕਾਰਾ ਅਣਮਨੁੱਖੀ ਅਤੇ ਗੈਰ ਬ੍ਰਿਟਿਸ਼ ਸੀ ਅਤੇ ਉਨ੍ਹਾਂ ਨੇ ਭਾਰਤ ’ਚ ਬ੍ਰਿਟਿਸ਼ ਸ਼ਾਸਨ ਦੀ ਦਿੱਖ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਰੇਜੀਨਾਲਡ ਡਾਇਰ ਨੂੰ ਉਸ ਦੇ ਅਹੁਦੇ ਤੋਂ ਹਟਾ ਕੇ ਅਨੁਸ਼ਾਸਨੀ ਕਾਰਵਾਈ ਕੀਤੀ ਗਈ। ਉਸ ਨੂੰ ਤਰੱਕੀ ਦੇਣ ਤੋਂ ਵਾਂਝਿਆਂ ਕਰ ਦਿੱਤਾ ਿਗਆ। 13 ਮਾਰਚ, 1940 ਨੂੰ, ਲੰਡਨ ਦੇ ਕੈਕਸਟਨ ਹਾਲ ’ਚ, ਸੁਨਾਮ ਦੇ ਭਾਰਤੀ ਸੁਤੰਤਰਤਾ ਸੰਗਰਾਮੀ ਸਰਦਾਰ ਊਧਮ ਸਿੰਘ ਨੇ ਮਾਈਕਲ ਓ’ਡਾਇਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਿਨ੍ਹਾਂ ਨੇ ਡਾਇਰ ਦੀ ਕਾਰਵਾਈ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਮੰਨਿਆ ਜਾਂਦਾ ਸੀ ਕਿ ਉਹ ਮੁੱਖ ਯੋਜਨਾਕਾਰ ਸਨ। ਊਧਮ ਸਿੰਘ ਨੂੰ 31 ਜੁਲਾਈ, 1940 ਨੂੰ ਹੱਤਿਆ ਦੇ ਦੋਸ਼ ’ਚ ਫਾਂਸੀ ਦੇ ਦਿੱਤੀ ਗਈ ਸੀ।
1920 ’ਚ ਜਲਿਆਂਵਾਲਾ ਬਾਗ ਸਥਾਨ ’ਤੇ ਇਕ ਸਮਾਰਕ ਬਣਾਉਣ ਲਈ ਇਕ ਟਰੱਸਟ ਦੀ ਸਥਾਪਨਾ ਕੀਤੀ ਗਈ। 1923 ’ਚ, ਟਰੱਸਟ ਨੇ ਪ੍ਰਾਜੈਕਟ ਲਈ ਜ਼ਮੀਨ ਖਰੀਦੀ ਅਤੇ 13 ਅਪ੍ਰੈਲ, 1961 ਨੂੰ ਭਾਰਤ ਦੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਭਾਰਤ ’ਚ ਲੰਬੇ ਸਮੇਂ ਤੋਂ ਇਹ ਮੰਗ ਚੱਲੀ ਆ ਰਹੀ ਹੈ ਕਿ ਬ੍ਰਿਟੇਨ ਨੂੰ ਇਸ ਕਤਲੇਆਮ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਫਰਵਰੀ 2013 ’ਚ, ਡੇਵਿਡ ਕੈਮਰੂਨ ਇਸ ਸਥਾਨ ਦਾ ਦੌਰਾ ਕਰਨ ਵਾਲੇ ਪਹਿਲੇ ਸੀਟਿੰਗ ਬ੍ਰਿਟਿਸ਼ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਨੇ ਅੰਮ੍ਰਿਤਸਰ ਕਤਲੇਆਮ ਨੂੰ ਬ੍ਰਿਟਿਸ਼ ਇਤਿਹਾਸ ਦੀ ਇਕ ਬਹੁਤ ਹੀ ਸ਼ਰਮਨਾਕ ਘਟਨਾ ਦੱਸਿਆ।
ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ ਟਰੱਸਟ ਦੇ ਮੌਜੂਦਾ ਚੇਅਰਮੈਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 28 ਅਗਸਤ, 2021 ਨੂੰ ਅੰਮ੍ਰਿਤਸਰ ’ਚ ਜਲਿਆਂਵਾਲਾ ਬਾਗ ਸਮਾਰਕ ਦਾ ਮੁੜ ਬਣਾਇਆ ਗਿਆ ਕੰਪਲੈਕਸ ਰਾਸ਼ਟਰ ਨੂੰ ਸਮਰਪਿਤ ਕੀਤਾ, ਜਿਸ ਦਾ ਉਦੇਸ਼ ਇਸ ਇਤਿਹਾਸਕ ਸਥਾਨ ਦਾ ਆਧੁਨਿਕੀਕਰਨ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਸੀ। ਇਸ ਪ੍ਰਾਜੈਕਟ ਦੇ ਹੇਠ ਕੇਂਦਰ ਸਰਕਾਰ ਨੇ 20 ਕਰੋੜ ਰੁਪਏ ਦੀ ਰਾਸ਼ੀ ਨਾਲ ਇੱਥੇ ਵਿਸ਼ਵ ਪੱਧਰੀ ਅਜਾਇਬਘਰ, ਡਿਜੀਟਲ ਗੈਲਰੀ, ਲਾਈਟ ਐਂਡ ਸਾਊਂਡ ਸ਼ੋਅ ਅਤੇ ਸ਼ਹੀਦੀ ਖੂਹ ਤੇ ਬੁਲੇਟ ਮਾਰਕਸ ਦੀ ਸੁਰੱਖਿਆ ਦੇ ਨਾਲ ਆਉਣ ਵਾਲੇ ਦੇਸ਼ ਭਗਤਾਂ ਲਈ ਸਾਰੀਆਂ ਸਹੂਲਤਾਂ ਵਿਕਸਿਤ ਕੀਤੀਆਂ ਹਨ। ਇਨ੍ਹਾਂ ਬਦਲਾਵਾਂ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਭਾਰਤ ਦੇ ਸੁਨਹਿਰੀ ਇਤਿਹਾਸ ਨਾਲ ਜੋੜਨਾ ਅਤੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਦਿਵਾਉਣਾ ਹੈ। ਇਸ ਨਵੀਨੀਕਰਨ ਰਾਹੀਂ ਜਲਿਆਂਵਾਲਾ ਬਾਗ ਨੂੰ ਸਿਰਫ ਇਕ ਸਮਾਰਕ ਨਹੀਂ, ਸਗੋਂ ਇਕ ਪ੍ਰੇਰਨਾ ਸਥਾਨ ਵਜੋਂ ਵਿਕਸਿਤ ਕੀਤਾ ਗਿਆ।
—ਸ਼ਵੇਤ ਮਲਿਕ
(ਲੇਖਕ ਸਾਬਕਾ ਸੰਸਦ ਮੈਂਬਰ ਅਤੇ ਟਰੱਸਟੀ ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ ਟਰੱਸਟ)
ਬੇਯਕੀਨੀ ਦੇ ਮਾਹੌਲ ’ਚ ਵੀ ਭਾਰਤ ਦੇ ਨੌਜਵਾਨਾਂ ’ਚ ਆਤਮਵਿਸ਼ਵਾਸ ਦੀ ਲਹਿਰ
NEXT STORY