ਜਲੰਧਰ (ਖੁਰਾਣਾ) : ਜਲੰਧਰ ਨਗਰ ਨਿਗਮ ਦੇ ਕਈ ਵਿਭਾਗਾਂ ਵਿਚ ਲੰਮੇ ਸਮੇਂ ਤੋਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਪਰ ਤਹਿਬਾਜ਼ਾਰੀ ਬ੍ਰਾਂਚ ਦੀ ਗੱਲ ਕਰੀਏ ਤਾਂ ਇਥੇ ਪਿਛਲੇ ਕਈ ਸਾਲਾਂ ਤੋਂ ਭਾਰੀ ਗੜਬੜੀ ਚੱਲ ਰਹੀ ਸੀ। ਸ਼ਹਿਰ ਵਿਚ 20 ਹਜ਼ਾਰ ਤੋਂ ਜ਼ਿਆਦਾ ਰੇਹੜੀ-ਫੜ੍ਹੀ, ਖੋਖੇ ਆਦਿ ਲੱਗੇ ਹੋਣ ਦੇ ਬਾਵਜੂਦ ਨਿਗਮ ਦੇ ਖ਼ਜ਼ਾਨੇ ਵਿਚ ਸਾਲਾਨਾ ਦੋ ਕਰੋੜ ਰੁਪਏ ਵੀ ਨਹੀਂ ਆ ਰਹੇ ਸਨ ਜਦਕਿ ਅਨੁਮਾਨ ਸੀ ਕਿ ਇੰਨੀ ਰਾਸ਼ੀ ਹਰ ਮਹੀਨੇ ਇਕੱਠੀ ਹੋਣੀ ਚਾਹੀਦੀ ਹੈ। ਪਿਛਲੀਆਂ ਕਈ ਸਰਕਾਰਾਂ ਤੋਂ ਤਹਿਬਾਜ਼ਾਰੀ ਬ੍ਰਾਂਚ ਦਾ ਭ੍ਰਿਸ਼ਟਾਚਾਰ ਕੰਟਰੋਲ ਨਹੀਂ ਹੋਇਆ ਪਰ ਇਸ ਵਾਰ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਤਹਿਬਾਜ਼ਾਰੀ ਬ੍ਰਾਂਚ ’ਤੇ ਸਖ਼ਤੀ ਕੀਤੀ ਅਤੇ ਇਕੋ ਝਟਕੇ ਵਿਚ ਪੂਰਾ ਸਟਾਫ਼ ਹੀ ਬਦਲ ਦਿੱਤਾ।
ਇਹ ਵੀ ਪੜ੍ਹੋ : ਲੁਧਿਆਣਾ ਰੇਲਵੇ ਸਟੇਸ਼ਨ ਦੇ ਜੀਆਰਪੀ ਥਾਣੇ ਬਾਹਰ ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਅਜੇ ਵੀ ਤਹਿਬਾਜ਼ਾਰੀ ਬ੍ਰਾਂਚ ਵੱਲੋਂ ਕੀਤੇ ਗਏ ਘਪਲਿਆਂ ਦਾ ਪਰਦਾਫਾਸ਼ ਹੌਲੀ-ਹੌਲੀ ਹੋ ਰਿਹਾ ਹੈ, ਜਿਨ੍ਹਾਂ ਵਿਚੋਂ ਇਕ ਘਪਲਾ ਕੰਪਨੀ ਬਾਗ ਦੇ ਮੇਨ ਗੇਟ ਨੇੜੇ ਬਣੀ ਅੰਡਰਗਰਾਊਂਡ ਪਾਰਕਿੰਗ ਨਾਲ ਜੁੜਿਆ ਹੈ, ਜਿਸ ਦੀ ਸਮਰੱਥਾ 205 ਕਾਰਾਂ ਦੀ ਹੈ। ਇਹ ਪਾਰਕਿੰਗ ਮਹੀਨਾਵਾਰ ਰੂਪ ਵਿਚ ਜ਼ਿਆਦਾ ਵਰਤੀ ਜਾਂਦੀ ਹੈ। ਪਹਿਲਾਂ ਨਿਗਮ ਨੇ ਇਸ ਨੂੰ ਨਿਲਾਮੀ ਦੇ ਅਾਧਾਰ ’ਤੇ ਅੰਮ੍ਰਿਤਸਰ ਦੀ ਇਕ ਕੰਪਨੀ ਨੂੰ ਅਲਾਟ ਕੀਤਾ ਸੀ, ਜਿਸ ਦਾ ਇਕਰਾਰਨਾਮਾ ਫਰਵਰੀ 2022 ਵਿਚ ਖ਼ਤਮ ਹੋ ਗਿਆ। ਉਸ ਤੋਂ ਬਾਅਦ ਨਿਗਮ ਨੇ ਇਸ ਦੇ ਟੈਂਡਰ ਤਾਂ ਲਾਏ ਪਰ ਸਿਰੇ ਨਹੀਂ ਚੜ੍ਹੇ, ਜਿਸ ਕਾਰਨ ਇਸ ਦਾ ਕੰਟਰੋਲ ਤਹਿਬਾਜ਼ਾਰੀ ਬ੍ਰਾਂਚ ਕੋਲ ਹੀ ਰਿਹਾ। ਪਿਛਲੇ ਚਾਰ ਸਾਲਾਂ ਤੋਂ ਤਹਿਬਾਜ਼ਾਰੀ ਬ੍ਰਾਂਚ ਦੇ ਕਰਮਚਾਰੀ ਇਸ ਪਾਰਕਿੰਗ ਤੋਂ ਪੈਸੇ ਵਸੂਲ ਰਹੇ ਸਨ ਪਰ ਇਸ ਵਿਚ ਭਾਰੀ ਘਪਲਾ ਸਾਹਮਣੇ ਆਇਆ, ਜਿਸ ਦਾ ਖੁਲਾਸਾ ਕੁਝ ਹਫ਼ਤੇ ਪਹਿਲਾਂ ਇਕ ਅਚਨਚੇਤ ਚੈਕਿੰਗ ਦੌਰਾਨ ਹੋਇਆ।
ਉਸ ਦੌਰਾਨ ਪਾਰਕਿੰਗ ਵਿਚ 200 ਤੋਂ ਜ਼ਿਆਦਾ ਕਾਰਾਂ ਖੜ੍ਹੀਆਂ ਮਿਲੀਆਂ ਜਦਕਿ ਰਜਿਸਟਰ ਵਿਚ ਸਿਰਫ 177 ਕਾਰਾਂ ਦੀ ਐਂਟਰੀ ਸੀ। ਹੈਰਾਨੀਜਨਕ ਗੱਲ ਇਹ ਸੀ ਕਿ ਸਿਰਫ 33 ਕਾਰਾਂ ਦਾ ਪੈਸਾ ਨਿਗਮ ਦੇ ਖ਼ਜ਼ਾਨੇ ਵਿਚ ਗਿਆ ਅਤੇ ਬਾਕੀ ਪੈਸੇ ਪ੍ਰਾਈਵੇਟ ਜੇਬਾਂ ਵਿਚ ਜਾ ਰਹੇ ਸਨ। ਇਕ ਕਰਮਚਾਰੀ ਨੂੰ ਮੁਅੱਤਲ ਕਰਨ ਤੋਂ ਬਾਅਦ ਨਿਗਮ ਕਮਿਸ਼ਨਰ ਨੇ 16 ਅਪ੍ਰੈਲ ਨੂੰ ਇਸ ਘਪਲੇ ਦੀ ਜਾਂਚ ਅਸਿਸਟੈਂਟ ਕਮਿਸ਼ਨਰ ਵਿਕਰਾਂਤ ਵਰਮਾ ਨੂੰ ਸੌਂਪੀ ਸੀ ਪਰ ਹੁਣ ਤੱਕ ਉਨ੍ਹਾਂ ਨੇ ਨਾ ਤਾਂ ਜਾਂਚ ਸ਼ੁਰੂ ਕੀਤੀ ਹੈ ਅਤੇ ਨਾ ਹੀ ਸਰਕਾਰੀ ਪੈਸੇ ਦੀ ਵਸੂਲੀ ਹੋਈ ਹੈ। ਇਹ ਘਪਲਾ 30-40 ਲੱਖ ਰੁਪਏ ਦਾ ਦੱਸਿਆ ਜਾ ਰਿਹਾ ਹੈ ਕਿਉਂਕਿ ਵਸੂਲੀ ਵਿਚ ਫਰਜ਼ੀ ਰਸੀਦਾਂ ਦੀ ਵੀ ਵਰਤੋਂ ਕੀਤੀ ਗਈ ਸੀ, ਜਿਸ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਪਤਾ ਲੱਗਾ ਹੈ ਕਿ ਇਹ ਵਸੂਲੀ ਇਕ ਪ੍ਰਾਈਵੇਟ ਕਰਮਚਾਰੀ ਅਜੈ ਕੁਮਾਰ, ਸਰਕਾਰੀ ਕਰਮਚਾਰੀ ਕੁਲਦੀਪ ਅਤੇ ਸਾਵਨ ਆਦਿ ਨੇ ਕੀਤੀ ਹੈ, ਜਿਸ ਬਾਰੇ ਸਾਰੀ ਜਾਣਕਾਰੀ ਜਾਂਚ ਹੋਣ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।
ਇਹ ਵੀ ਪੜ੍ਹੋ : ਨੀਟ ਪੇਪਰ ਲੀਕ ਦੀ ਮੁਲਜ਼ਮ ਫਿਜ਼ਿਕਸ ਦੀ ਲੈਕਚਰਾਰ ਮੁਅੱਤਲ, ਮਾਮਲੇ ’ਚ ਹੁਣ ਤੱਕ 11 ਗ੍ਰਿਫ਼ਤਾਰ
ਨਿਗਮ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਉਜਾਗਰ ਕਰਨ ਵਿਚ ਦਿਲਚਸਪੀ ਨਾ ਦਿਖਾਏ ਜਾਣ ਕਾਰਨ ਹੁਣ ਲੋਕਲ ਬਾਡੀਜ਼ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਚੀਫ਼ ਵਿਜੀਲੈਂਸ ਅਫ਼ਸਰ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਇਸ ਘਪਲੇ ਵਿਚ ਸ਼ਾਮਲ ਸਾਰੇ ਕਰਮਚਾਰੀਆਂ, ਖ਼ਾਸ ਕਰ ਕੇ ਤਹਿਬਾਜ਼ਾਰੀ ਬ੍ਰਾਂਚ ਦੇ ਜ਼ਿੰਮੇਵਾਰ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜੋ ਸਰਕਾਰੀ ਪੈਸਾ ਗਾਇਬ ਹੋਇਆ ਹੈ, ਉਸ ਨੂੰ ਵਾਪਸ ਖ਼ਜ਼ਾਨੇ ਵਿਚ ਜਮ੍ਹਾ ਕਰਵਾਇਆ ਜਾਵੇ। ਹੁਣ ਦੇਖਣਾ ਇਹ ਹੈ ਕਿ ਵਿਜੀਲੈਂਸ ਇਸ ਮਾਮਲੇ ਵਿਚ ਕੀ ਕਦਮ ਚੁੱਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਸਿਵਲ ਹਸਪਤਾਲ 'ਚ ਹੰਗਾਮਾ: MLR ਬਦਲੇ 50 ਹਜ਼ਾਰ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਡਾਕਟਰ ਘਿਰਿਆ
NEXT STORY