ਭਾਰਤ ਨਾਲ ਵਿਵਹਾਰ ਕਰਦੇ ਸਮੇਂ ਅਣਕਿਆਸੇ ਅਤੇ ਅਲੱਗ-ਥਲੱਗ ਰਹਿਣ ਵਾਲੇ ਟਰੰਪ ਕਦੇ ਨਰਮ ਅਤੇ ਕਦੇ ਗਰਮ ਰਹੇ ਹਨ। ਰੂਸੀ ਤੇਲ ਖਰੀਦਣ ’ਤੇ ਅਣਉਚਿਤ 25 ਫੀਸਦੀ ਵਾਧੂ ਟੈਰਿਫ ਲਗਾਉਣ ਤੋਂ ਲੈ ਕੇ, ਜਿਸ ਵਿਚ ਚੀਨ ਨੂੰ ਬਾਹਰ ਰੱਖਿਆ ਗਿਆ ਸੀ, ਜੋ ਰੂਸ ਤੋਂ ਵਧੇਰੇ ਤੇਲ ਖਰੀਦਦਾ ਹੈ, ਇਹ ਦਾਅਵਾ ਕਰਨ ਤੱਕ ਕਿ ਅਮਰੀਕਾ ਦਾ ਭਾਰਤ ਨਾਲ ਖਾਸ ਰਿਸ਼ਤਾ ਹੈ ਅਤੇ ਐੱਚ-1ਬੀ ਵੀਜ਼ਾ ਦੇਣ ਲਈ 1,00,000 ਅਮਰੀਕੀ ਡਾਲਰ ਜਾਂ ਲਗਭਗ 90 ਲੱਖ ਰੁਪਏ ਦੀ ਭਾਰੀ ਫੀਸ ਲਗਾਉਣ ਤੱਕ ਟਰੰਪ ਸਾਰਿਆਂ ਨੂੰ ਚਿੰਤਤ ਕਰ ਰਿਹਾ ਹੈ।
ਐੱਚ-1ਬੀ ਵੀਜ਼ਾ ਬਾਰੇ ਉਨ੍ਹਾਂ ਦੇ ਤਾਜ਼ਾ ਫੈਸਲੇ ਨੇ ਉਸ ਯੋਜਨਾ ਨੂੰ ਲਗਭਗ ਖਤਮ ਕਰ ਦਿੱਤਾ ਹੈ ਜੋ ਉੱਚ ਹੁਨਰਮੰਦ ਕਾਮਿਆਂ, ਮੁੱਖ ਤੌਰ ’ਤੇ ਆਈ. ਟੀ. ਪੇਸ਼ੇਵਰਾਂ ਨੂੰ ਸੰਯੁਕਤ ਰਾਜ ਅਮਰੀਕਾ ਵਿਚ ਕੰਮ ਕਰਨ ਦੀ ਆਗਿਆ ਦਿੰਦੀ ਸੀ। ਇਕ ਅੰਦਾਜ਼ੇ ਅਨੁਸਾਰ ਇਨ੍ਹਾਂ ਪੇਸ਼ੇਵਰਾਂ ਵਿਚੋਂ ਜ਼ਿਆਦਾਤਰ ਲੱਗਭਗ 70 ਫੀਸਦੀ ਭਾਰਤ ਤੋਂ ਸਨ। ਇਹ ਫੀਸ ਵਾਧਾ ਐੱਚ-1ਬੀ ਵੀਜ਼ਾ ਲਈ ਅਰਜ਼ੀ ਦੇਣ ਵਾਲੀਆਂ ਕੰਪਨੀਆਂ ਜਾਂ ਵਿਅਕਤੀਆਂ ਲਈ ਕਿਫਾਇਤੀ ਹੋਣ ਦੀ ਸੰਭਾਵਨਾ ਨਹੀਂ ਹੈ।
ਟਰੰਪ ਪ੍ਰਸ਼ਾਸਨ ਨੇ ਦਲੀਲ ਦਿੱਤੀ ਕਿ ਵੱਡੀਆਂ ਕੰਪਨੀਆਂ ਭਾਰਤੀਆਂ ਅਤੇ ਹੋਰਨਾਂ ਨੂੰ ਬਾਜ਼ਾਰ ਦਰਾਂ ਤੋਂ ਘੱਟ ਦਰ ’ਤੇ ਨੌਕਰੀ ਦੇ ਰਹੀਆਂ ਸਨ, ਜਦੋਂ ਕਿ ਅਮਰੀਕੀਆਂ ਨੂੰ ਰੋਜ਼ਗਾਰ ਦੇ ਮੌਕੇ ਨਹੀਂ ਮਿਲ ਰਹੇ ਹਨ। ਇਹ ਫੈਸਲਾ ਅਤੇ ਹਾਲੀਆ ਦੇ ਦਿਨਾਂ ’ਚ ਲਏ ਗਏ ਕੁਝ ਹੋਰ ਨੀਤੀਗਤ ਫੈਸਲੇ ਉਸ ਦੇਸ਼ ਲਈ ਖੁਦ ਨੂੰ ਜ਼ਖਮ ਦੇਣ ਵਾਲੇ ਸਾਬਿਤ ਹੋ ਸਕਦੇ ਹਨ, ਜਿਸ ਦਾ ਨਿਰਮਾਣ ਅਪ੍ਰਵਾਸੀਆਂ ਨੇ ਕੀਤਾ ਹੈ।
ਭਾਰਤ ਲਈ ਅਜਿਹੇ ਫੈਸਲਿਆਂ ਦੇ ਨਤੀਜੇ ਚੁਣੌਤੀਆਂ ਅਤੇ ਮੌਕੇ ਦੋਵੇਂ ਪੇਸ਼ ਕਰਦੇ ਹਨ ਜੋ ਭਾਰਤ ਲਈ ਗੇਮ-ਚੇਂਜਰ ਸਾਬਤ ਹੋ ਸਕਦੇ ਹਨ। ਦਹਾਕਿਆਂ ਤੋਂ ਕੁਝ ਸਭ ਤੋਂ ਪ੍ਰਤਿਭਾਸ਼ਾਲੀ ਪੇਸ਼ੇਵਰ ਉੱਥੇ ਉਪਲਬਧ ਬਿਹਤਰ ਮੌਕਿਆਂ ਦੀ ਭਾਲ ਵਿਚ ਸੰਯੁਕਤ ਰਾਜ ਅਮਰੀਕਾ ਚਲੇ ਗਏ ਹਨ। ਇਨ੍ਹਾਂ ਪੇਸ਼ੇਵਰਾਂ ਜਿਨ੍ਹਾਂ ਵਿਚੋਂ ਬਹੁਤਿਆਂ ਨੇ ਟੈਕਸਦਾਤਿਆਂ ਦੁਆਰਾ ਫੰਡ ਪ੍ਰਾਪਤ ਕਰਕੇ ਸਰਕਾਰੀ ਸੰਸਥਾਵਾਂ ਵਿਚ ਪੜ੍ਹਾਈ ਕੀਤੀ, ਨੇ ਮੇਜ਼ਬਾਨ ਦੇਸ਼ ਦੀ ਆਰਥਿਕਤਾ ਵਿਚ ਯੋਗਦਾਨ ਪਾਇਆ। ਭਾਰਤ ਨੂੰ ਇਨ੍ਹਾਂ ਤੋਂ ਜੋ ਇਕੋ-ਇਕ ਲਾਭ ਹੋਇਆ, ਉਹ ਉਨ੍ਹਾਂ ਵਲੋਂ ਵਿਦੇਸ਼ਾਂ ਤੋਂ ਭੇਜੇ ਗਈ ਧਨਰਾਸ਼ੀ ਸੀ।
ਲਗਾਤਾਰ ਅਨਿਸ਼ਚਿਤਤਾ ਅਤੇ ਐੱਚ-1ਬੀ ਵੀਜ਼ਾ ਯੋਜਨਾ ਦੇ ਲਗਭਗ ਖਤਮ ਹੋ ਜਾਣ ਨਾਲ ਇਸ ਪ੍ਰਤਿਭਾ ਹਿਜਰਤ ’ਤੇ ਕੁਝ ਹੱਦ ਤੱਕ ਲਗਾਮ ਲੱਗ ਸਕਦੀ ਹੈ ਹਾਲਾਂਕਿ ਵਿਦੇਸ਼ ’ਚ ਵਸਣ ਦੇ ਇੱਛੁਕ ਲੋਕਾਂ ਲਈ ਹੋਰ ਰਸਤੇ ਖੁੱਲ੍ਹੇ ਹਨ। ਇਸ ਤੋਂ ਇਲਾਵਾ ਬ੍ਰਿਟੇਨ, ਫਰਾਂਸ, ਜਰਮਨੀ ਅਤੇ ਆਸਟ੍ਰੇਲੀਆ ਵਰਗੇ 7 ਹੋਰ ਦੇਸ਼ਾਂ ’ਚ ਵੀ ਅਪ੍ਰਵਾਸੀਆਂ ਵਿਰੁੱਧ ਅਸੰਤੋਸ਼ ਵਧ ਰਿਹਾ ਹੈ।
ਹਾਲਾਂਕਿ ਪਿਛਲੇ ਕੁਝ ਦਹਾਕਿਆਂ ’ਚ ਭਾਰਤ ’ਚ ਬਹੁਤ ਕੁਝ ਬਦਲ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੀ ਅਗਵਾਈ ’ਚ ਆਰਥਿਕ ਉਦਾਰੀਕਰਨ, ਉਸ ਦੇ ਬਾਅਦ ਵਪਾਰ ’ਚ ਆਸਾਨੀ ਅਤੇ ਹੁਣ ਆਮਦਨ ਕਰ ਸੁਧਾਰ ਅਤੇ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ’ਚ ਸੁਧਾਰ ਸਵਾਗਤਯੋਗ ਕਦਮ ਹਨ।
ਭਾਰਤ ਹੁਣ ਚੰਗੇ ਜੀਵਨ ਪੱਧਰ ਅਤੇ ਪੱਛਮੀ ਦੇਸ਼ਾਂ ਦੇ ਬਰਾਬਰ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ। ਇਸ ਦੇ ਬੁਨਿਆਦੀ ਢਾਂਚੇ ’ਚ ਖਾਸ ਕਰ ਸ਼ਹਿਰੀ ਇਲਾਕਿਆਂ ’ਚ ਵਿਆਪਕ ਸੁਧਾਰ ਹੋਇਆ ਹੈ ਅਤੇ ਕੁਨੈਕਟੀਵਿਟੀ ’ਚ ਵਰਣਨਯੋਗ ਸੁਧਾਰ ਹੋਇਆ ਹੈ। ਬੈਂਕਿੰਗ ਅਤੇ ਵਿੱਤੀ ਲੈਣ-ਦੇਣ ਜਿਵੇਂ ਏਕੀਕ੍ਰਿਤ ਭੁਗਤਾਨ ਪ੍ਰਣਾਲੀ ਵਰਗੇ ਕੁਝ ਖੇਤਰਾਂ ’ਚ ਅਸੀਂ ਹੁਣ ਵਿਕਸਿਤ ਦੇਸ਼ਾਂ ਨਾਲੋਂ ਵੀ ਬਿਹਤਰ ਸਥਿਤੀ ’ਚ ਹਾਂ।
ਹੁਣ ਇਹ ਸਰਕਾਰ ’ਤੇ ਨਿਰਭਰ ਕਰਦਾ ਹੈ ਕਿ ਉਹ ਪ੍ਰਤਿਭਾਵਾਂ ਨੂੰ ਕਿਵੇਂ ਬਣਾਈ ਰੱਖਦੀ ਹੈ ਅਤੇ ਆਕਰਸ਼ਿਤ ਕਰਦੀ ਹੈ। ਅਮਰੀਕਾ ’ਚ ਵਧਦੀ ਅਨਿਸ਼ਚਿਤਤਾ ਅਤੇ ਯੂਰਪੀ ਦੇਸ਼ਾਂ ’ਚ ਅਪ੍ਰਵਾਸੀਆਂ ਦੇ ਵਿਰੋਧ ਨਾਲ ਪੈਦਾ ਮੌਕੇ ਸਰਕਾਰ ਨੂੰ ਬਹੁਤ ਜ਼ਿਆਦਾ ਨਿਪੁੰਨ ਅਤੇ ਪ੍ਰਤਿਭਾਸ਼ਾਲੀ ਪੇਸ਼ੇਵਰਾਂ ਨੂੰ ਆਪਣੇ ਦੇਸ਼ ’ਚ ਵਧਣ-ਫੁੱਲਣ ਲਈ ਅਨੁਕੂਲ ਵਾਤਾਵਰਣ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਨਗੇ।
ਸਰਕਾਰ ਨੂੰ ਸਟਾਰਟਅਪਸ ਲਈ ਅਤਿਆਧੁਨਿਕ ਸਹੂਲਤਾਂ ਵਾਲੇ ਵਿਸ਼ੇਸ਼ ਖੇਤਰ ਸਥਾਪਿਤ ਕਰਨ, ਆਸਾਨ ਕਰਜ਼ਾ ਅਤੇ ਵਿੱਤ, ਨੌਕਰਸ਼ਾਹੀ ਅੜਿੱਕਿਆਂ ਨੂੰ ਦੂਰ ਕਰ ਕੇ ਭ੍ਰਿਸ਼ਟਾਚਾਰ ਮੁਕਤ ਪ੍ਰਣਾਲੀ ਅਤੇ ਅਜਿਹੇ ਪ੍ਰਾਜੈਕਟਾਂ ਨੂੰ ਸਾਰੀ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਵਰਗੇ ਉਤਸ਼ਾਹ ਦੇਣੇ ਚਾਹੀਦੇ ਹਨ। ਤਰੱਕੀ ਦੀ ਨਿਗਰਾਨੀ ਅਤੇ ਜ਼ਰੂਰੀ ਪ੍ਰਵਾਨਗੀਆਂ ਨੂੰ ਤੇਜ਼ ਕਰਨ ਜਾਂ ਪਾਲਣਾ ਦੇ ਮੁੱਦਿਆਂ ਨਾਲ ਨਜਿੱਠਣ ਲਈ ਸਮਰਪਿਤ ਅਧਿਕਾਰੀ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ।
ਸਰਕਾਰ ਨੂੰ ਖੋਜ ਅਤੇ ਵਿਕਾਸ ’ਤੇ ਜ਼ੋਰ ਦਿੰਦੇ ਹੋਏ ਇਕ ਜ਼ਿਆਦਾ ਸੰਜਮ ਵਾਲਾ ਆਰਥਿਕ ਅਤੇ ਕਾਰੋਬਾਰੀ ਵਾਤਾਵਰਣ ਯਕੀਨੀ ਕਰਨਾ ਚਾਹੀਦਾ ਹੈ। ਇਸ ਨੂੰ ਸਰਵਉੱਚ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਅਸੀਂ ਚੀਨ ਅਤੇ ਹੋਰਨਾਂ ਦੇਸ਼ਾਂ ਤੋਂ ਬਹੁਤ ਪਿੱਛੇ ਹਾਂ। ਉਦਾਹਰਣ ਵਜੋਂ ਚੀਨ ਨੇ ਗਲੋਬਲ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਪੇਟੈਂਟ ਦਾ ਲਾਭ ਲਗਭਗ 70 ਫੀਸਦੀ ਕਰ ਲਿਆ ਹੈ। ਸਾਨੂੰ ਇਸ ਟੀਚੇ ਨੂੰ ਹਾਸਲ ਕਰਨ ਲਈ ਬਹੁਤ ਕੁਝ ਕਰਨਾ ਹੋਵੇਗਾ ਪਰ ਏ. ਆਈ. ਦੇ ਸ਼ਾਨਦਾਰ ਉਦੈ ਨੂੰ ਦੇਖਦੇ ਹੋਏ ਸਾਨੂੰ ਉਭਰਦੀਆਂ ਤਕਨੀਕਾਂ ’ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ।
ਪਿਛਲੇ ਕੁਝ ਸਾਲਾਂ ’ਚ ਰਿਵਰਸ ਬ੍ਰੇਨ ਡ੍ਰੇਨ ਦੀਆਂ ਖਬਰਾਂ ਆਈਆਂ ਹਨ, ਜਦੋਂ ਅਪ੍ਰਵਾਸੀਆਂ ਨੂੰ ਇਹ ਅਹਿਸਾਸ ਹੋਇਆ ਹੈ ਕਿ ਭਾਰਤ ਦੇ ਕੁਝ ਹਿੱਸਿਆਂ ’ਚ ਹੁਣ ਬਰਾਬਰ ਜਾਂ ਬਿਹਤਰ ਜੀਵਨ ਪੱਧਰ ਉਪਲਬਧ ਹੈ ਅਤੇ ਉਹ ਵੀ ਵਿਦੇਸ਼ਾਂ ’ਚ ਰਹਿਣ ਦੀ ਲਾਗਤ ਦੇ ਇਕ ਅੰਸ਼ ’ਤੇ। ਕੁਝ ਸਾਕਾਰਾਤਮਕ ਸੰਕੇਤ ਪਹਿਲਾਂ ਤੋਂ ਹੀ ਦਿਖਾਈ ਦੇ ਰਹੇ ਹਨ। ਦੇਸ਼ ਦੀ ਵੈਂਚਰ ਕੈਪੀਟਲ ਫੰਡਿੰਗ ’ਚ ਪਿਛਲੇ ਸਾਲ 40 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ ਦੇਸ਼ ਦੀ ਅਰਥਵਿਵਸਥਾ ਸਥਿਰ ਗਤੀ ਰਫਤਾਰ ਨਾਲ ਵਧ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਵਦੇਸ਼ੀ ਜਾਂ ‘ਵੋਕਲ ਫਾਰ ਲੋਕਲ’ ’ਤੇ ਜ਼ੋਰ ਦਿੱਤੇ ਜਾਣ ਦੇ ਨਾਲ, ਟਰੰਪ ਦੇ ਕੰਮਾਂ ਤੋਂ ਪੈਦਾ ਅਨਿਸ਼ਚਿਤਤਾ ਅਤੇ ਦੁਨੀਆ ਦੇ ਹੋਰਨਾਂ ਹਿੱਸਿਆਂ ਤੋਂ ਆਉਣ ਵਾਲੇ ਅਪ੍ਰਵਾਸੀਆਂ ਦੇ ਵਿਰੁੱਧ ਮਾਹੌਲ ਤੋਂ ਪੈਦਾ ਹੋਈ ਚੁਣੌਤੀ ਸਾਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕਰੇਗੀ।
ਵਿਪਿਨ ਪੱਬੀ
ਸਿਰਫ ਜੰਗ ਦਾ ਹੀ ਸਹਾਰਾ ਲੈਂਦੇ ਹਨ ਕਮਜ਼ੋਰ ਦੇਸ਼
NEXT STORY